ਪਟਿਆਲਾ, (23 ਅਗਸਤ, ਪੀ.ਐਸ.ਐਨ): ਅੱਜ
ਜਦ ਹਲਕਾ ਸਨੌਰ ਤੋਂ ਗੁਰਦਵਾਰਾ ਚੋਣਾਂ ਵਿਚ ਪੰਥਕ ਮੋਰਚੇ ਦੇ ਉਮੀਦਵਾਰ ਸ. ਸੁਖਦੇਵ ਸਿੰਘ ਖ਼ਾਲਸਾ
ਅਪਣੇ ਵਿਰੁਧ ਦਰਜ ਹੋਏ ਕਥਿਤ ਝੂਠੇ ਮੁਕੱਦਮੇ ਸਬੰਧੀ ਪ੍ਰੈਸ ਕਾਨਫ਼ਰੰਸ ਕਰਨ ਤੋਂ ਬਾਅਦ ਡੀ.ਸੀ.
ਦਫ਼ਤਰ ਪੁੱਜੇ ਤਾਂ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਇਹ ਕਹਿ ਕੇ ਰੱਦ ਕਰ ਦਿਤੇ ਕਿ ਉਹ ਅਨਪੜ੍ਹ ਹਨ।
ਸ. ਸੁਖਦੇਵ ਸਿੰਘ ਖ਼ਾਲਸਾ ਨੇ ਦਸਿਆ ਕਿ ਉਹ ਲਗਭਗ ਤਿੰਨ ਦਹਾਕਿਆਂ ਤੋਂ ਗੁਰਬਾਣੀ, ਕੀਰਤਨ ਅਤੇ
ਪਾਠ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਜ਼ੁਬਾਨੀ ਹੀ ਗੁਰਬਾਨੀ ਦਾ ਕੰਠ ਹੈ ਪਰ ਅੱਜ ਡਿਪਟੀ
ਕਮਿਸ਼ਨਰ ਪਟਿਆਲਾ ਨੇ ਉਨ੍ਹਾਂ ਦੇ ਕਾਗ਼ਜ਼ ਰੱਦ ਕਰ ਦਿਤੇ ਹਨ।
ਖ਼ਾਲਸਾ ਨੇ ਦਸਿਆ ਕਿ ਅਕਾਲੀ ਸਰਕਾਰ ਦੇ ਦਬਾਅ ਹੇਠ ਹੀ ਇਹ ਸੱਭ ਕੁੱਝ ਹੋਇਆ
ਹੈ ਕਿਉਂਕਿ ਅੱਜ ਜਦ ਡਿਪਟੀ ਕਮਿਸ਼ਨਰ ਪਟਿਆਲਾ ਨੇ ਉਨ੍ਹਾਂ ਨੂੰ ਇਸ ਸਬੰਧੀ ਬੁਲਾਇਆ ਸੀ ਤਾਂ ਉਥੇ
ਪਹਿਲਾਂ ਤੋਂ ਹੀ ਮੌਜੂਦ ਅਕਾਲੀ ਦਲ ਦੇ ਸਨੌਰ ਤੋਂ ਉਮੀਦਵਾਰ ਜਸਮੇਰ ਸਿੰਘ ਲਾਛੜੂ ਅਤੇ ਸਾਬਕਾ
ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਇਹ ਕਹਿ ਰਹੇ ਸਨ ਕਿ ਜੇ ਤੂੰ ਖ਼ੁਦ ਪਿੱਛੇ ਹਟ ਜਾਂਦਾ ਤਾਂ ਚੰਗਾ
ਸੀ, ਅੱਜ ਵੀ ਤਾਂ ਅਸੀਂ ਤੇਰੇ ਕਾਗ਼ਜ਼ ਰੱਦ ਹੀ ਕਰਵਾਉਣੇ ਹਨ। ਸੁਖਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ
ਉਹ ਪੂਰੇ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਐਸ.ਜੀ.ਪੀ.ਸੀ ਦੀ ਚੋਣ ਲੜ ਰਹੇ ਅਕਾਲੀ ਦਲ ਦੇ
ਉਮੀਦਵਾਰਾਂ ਦੀ ਯੋਗਤਾ ਪਤਾ ਕਰਵਾਉਣਗੇ। ਅਕਾਲੀ ਦਲ ਦੇ ਕਈ ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੂੰ
ਪੜ੍ਹਨਾ ਜਾਂ ਲਿਖਣਾ ਨਹੀਂ ਆਉਂਦਾ।
ਉਨ੍ਹਾਂ ਕਿਹਾ ਕਿ ਉਹ ਅਪਣੇ ਨਾਲ ਹੋਏ ਧੱਕੇ ਵਿਰੁਧ ਅਪਣੀ ਅਵਾਜ਼ ਬੁਲੰਦ
ਕਰਨਗੇ ਅਤੇ ਸਮੁੱਚੇ ਪੰਜਾਬ ਵਿਚ ਚੋਣਾਂ ਲੜ ਰਹੇ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿਚ ਜਾ
ਕੇ ਪ੍ਰਚਾਰ ਕਰਨਗੇ ਅਤੇ ਅਕਾਲੀ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਧੱਕੇਸ਼ਾਹੀ ਤੋਂ ਪੰਜਾਬ
ਦੇ ਲੋਕਾਂ ਨੂੰ ਜਾਣੂ ਕਰਵਾਉਣਗੇ ਤਾਕਿ ਅਕਾਲੀ-ਭਾਜਪਾ ਸਰਕਾਰ ਦਾ ਅਸਲ ਚਿਹਰਾ ਨੰਗਾ ਹੋ ਸਕੇ। ਜਦ
ਇਸ ਸਬੰਧੀ ਸਾਬਕਾ ਮੰਤਰੀ ਸ. ਅਜਾਇਬ ਸਿੰਘ ਮੁਖਮੈਲਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ
ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ, ‘‘ਮੈਂ ਉਪਰੋਕਤ ਵਿਅਕਤੀ ਦੀ ਸ਼ਕਲ ਤਕ ਨਹੀਂ ਵੇਖੀ। ਏਨਾ
ਜ਼ਰੂਰ ਹੈ ਕਿ ਉਨ੍ਹਾਂ ਨੇ ਇਸ ਵਿਅਕਤੀ ਦੇ ਅਨਪੜ੍ਹ ਹੋਣ ਸਬੰਧੀ ਡੀ.ਸੀ. ਦਫ਼ਤਰ ਵਿਖੇ ਇਤਰਾਜ਼ ਲਾਇਆ
ਸੀ। ਜਦ ਅੱਜ ਡਿਪਟੀ ਕਮਿਸ਼ਨਰ ਨੇ ਉਸ ਨੂੰ ਪੰਜਾਬੀ ਪੜ੍ਹ ਕੇ ਸੁਣਾਉਣ ਲਈ ਕਿਹਾ ਕਿ ਤਾਂ ਉਹ ਕੋਈ
ਲਫ਼ਜ਼ ਨਾ ਪੜ੍ਹ ਸਕੇ ਜਿਸ ਤਹਿਤ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਭਾਗ ਲੈਣ ਵਾਲੇ ਉਮੀਦਵਾਰ ਵਲੋਂ ਸ਼ਰਤਾਂ
ਪੂਰੀਆਂ ਨਾ ਹੋਣ ਕਾਰਨ ਉਸ ਦੇ ਕਾਗ਼ਜ਼ ਰੱਦ ਕੀਤੇ ਗਏ ਹਨ।