Share on Facebook

Main News Page

ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ਆਧਾਰ ਬਣਾ ਕੇ ਲੜ ਰਿਹਾ ਹੈ

ਅੰਮ੍ਰਿਤਸਰ 29 ਅਗਸਤ (ਰਾਜਿੰਦਰ ਬਾਠ): ਭਾਵੇਂ ਕਿ ਮਾਝੇ ਵਿੱਚ ਪੰਥਕ ਜਥੇਬੰਦੀਆਂ ਤੇ ਮਾਨ ਦਲ ਨੇ ਅਕਾਲੀ ਦਲ ਬਾਦਲ ਵਲੋਂ 6 ਸੀਟਾਂ ਖੁੰਝ ਜਾਣ ਨਾਲ ਕਾਫੀ ਧੱਕਾ ਲੱਗਾ ਹੈ। ਪਰ ਇਸਦੇ ਬਾਵਜੂਦ ਵੀ ਪੰਥਕ ਜਥੇਬੰਦੀ ਦੇ ਨੂਮਾਇੰਦਿਆਂ ਨੇ ਅੱਜ ਤੱਕ ਚੋਣਾਂ ਦੀ ਤਾਰੀਖ ਨਜ਼ਦੀਕ ਹੋਣ ਕਾਰਨ, ਕੋਈ ਚੋਣ ਸਰਗਰਮੀ ਨਹੀਂ ਫੜ੍ਹੀ। ਅਕਾਲੀ ਦਲ ਬਾਦਲ ਦੇ ਜਿਹੜੇ 6 ਉਮੀਦਵਾਰ ਬਿਨਾ ਮੁਕਾਬਲਾ ਸ਼੍ਰੋਮਣੀ ਕਮੇਟੀ ਦੀ ਚੋਣ ਜਿਤ ਗਏ, ਉਹ ਤੇ ਉਨ੍ਹਾਂ ਦੇ ਵਰਕਰ ਵੀ ਦੂਸਰੇ ਹਲਕਿਆਂ ਵਿੱਚ ਮੁਕਾਬਲਾ ਕਰ ਰਹੇ, ਵਰਕਰਾਂ ਨਾਲ ਤੁਰ ਪਏ ਹਨ। ਅਕਾਲੀ ਦਲ ਦੇ ਜੰਡਿਆਲਾ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਕੋਟਲਾ ਜੋ ਕਿ ਉਥੋ ਦੇ ਵਿਧਾਇਕ ਡਾਕਟਰ ਦਲਬੀਰ ਸਿੰਘ ਦੇ ਭਰਾ ਹਨ, ਆਪਣੇ ਹਲਕੇ ਵਿੱਚ ਰਾਤ ਦਿਨ ਡੇਰੇ ਲਾ ਕੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਆਪਣੀ ਉਮੀਦਵਾਰੀ ਨੂੰ ਮੁੱਖ ਰੱਖ ਕੇ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਆਪਣੇ ਭਰਾ ਲਈ ਰਾਤ-ਦਿਨ ਪ੍ਰਚਾਰ ਕਰ ਰਹੇ ਹਨ।

ਉਧਰ ਵੇਰਕਾ ਹਲਕੇ ਤੋਂ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਾਣੀਕੇ ਦੇ ਪੁੱਤਰ ਗੁਰਿੰਦਰ ਸਿੰਘ ਲਾਲੀ ਨੂੰ ਉਮੀਦਵਾਰ ਵਿੱਚ ਉਤਾਰਿਆ ਗਿਆ ਹੈ। ਜਿਸਦੇ ਮੁਕਾਬਲੇ ਵਿੱਚ ਪੰਥਕ ਜਥੇਬੰਦੀਆਂ ਵੱਲੋ ਬਲਵਿੰਦਰ ਸਿੰਘ ਫੌਜੀ ਉਮੀਦਵਾਰ ਉਤਾਰਿਆ ਗਿਆ ਹੈ। ਕੈਬਨਿਟ ਮੰਤਰੀ ਦੇ ਆਪਣੇ ਹਲਕੇ ਇਸ ਹਲਕੇ ਦੇ ਅਕਾਲੀ ਵਰਕਰ ਦਿਨ ਰਾਤ ਲਾ ਕੇ, ਆਪਣੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਅੰਮ੍ਰਿਤਸਰ ਪੱਛਮੀ ਤੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਸਕੱਤਰ ਬੀਬੀ ਕਿਰਨਜੋਤ ਕੌਰ ਜੋ ਕਿ ਅਕਾਲੀ ਦਲ ਦੇ ਥੰਮ ਸਮਝੇ ਜਾਂਦੇ ਮਾਸਟਰ ਤਾਰਾ ਸਿੰਘ ਜੀ ਦੀ ਪੋਤਰੀ ਹੈ, ਦਾ ਮੁਕਾਬਲਾ ਅਕਾਲੀ ਦਲ ਦੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਤਿੰਨ ਬਾਰ ਵਿਧਾਨਕਾਰ ਤੌਰ ਤੇ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਜਿੱਤਣ ਵਾਲੇ ਪ੍ਰੇਮ ਸਿੰਘ ਲਾਲਪੁਰਾ ਦੀ ਪੋਤਰੀ ਬੀਬੀ ਸਤਵਿੰਦਰ ਕੌਰ ਰੰਧਾਵਾ ਨਾਲ ਹੈ। ਬੀਬੀ ਸਤਵਿੰਦਰ ਕੌਰ ਰੰਧਾਵਾ ਦੇ ਪਤੀ ਨਿਰਮਲ ਸਿੰਘ ਰੰਧਾਵਾ ਪਿਛਲੀਆਂ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਦੇ ਜਸਵਿੰਦਰ ਸਿੰਘ ਐਡਵੋਕੇਟ ਤੋਂ ਬਹੁਤ ਬੁਰੀ ਤਰ੍ਹਾਂ ਹਰ ਚੁੱਕੇ ਹਨ। ਪਰ ਬੀਬੀ ਸਤਵਿੰਦਰ ਕੌਰ ਰੰਧਾਵਾ ਵਲੋਂ ਅਜੇ ਆਪਣੇ ਹਲਕੇ ਵਿੱਚ ਕੋਈ ਚੋਣ ਸਰਗਰਮੀ ਨਹੀਂ ਦਿਖਾਈ ਗਈ।

ਬੀਬੀ ਕਿਰਨਜੋਤ ਕੌਰ ਦੇ ਨਾਲ ਅਕਾਲੀ ਵਰਕਰ ਤੇ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਬਾਵਾ ਸਿੰਘ ਗੁਮਾਨਪੁਰਾ ਜੋ ਕਿ ਇਸੇ ਹਲਕੇ ਵਿੱਚ ਮਰਦ ਉਮੀਦਵਾਰ ਦੇ ਤੌਰ ਤੇ ਖੜੇ ਹਨ ਜਿਹਨਾਂ ਦਾ ਮੁਕਾਬਲਾ ਅਕਾਲੀ ਦਲ ਬਾਦਲ ਪ੍ਰਦੀਪ ਸਿੰਘ ਵਾਲੀਆਂ ਨਾਲ ਹੈ, ਆਪਣੇ ਵਰਕਰਾਂ ਦੇ ਬਰੀਗੇਡ ਨਾਲ, ਆਪਣੀ ਅਤੇ ਬੀਬੀ ਕਿਰਨਜੋਤ ਕੌਰ ਦੀ ਮੁਹਿੰਮ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਪ੍ਰਦੀਪ ਸਿੰਘ ਵਾਲੀਆ ਨੂੰ ਭਾਵੇਂ ਕਿ ਅਕਾਲੀ ਦਲ ਦੇ ਸਾਰੇ ਦਾਅ ਪੇਚਾਂ ਦਾ ਪਤਾ ਹੈ। ਪਰ ਅਕਾਲੀ ਦਲ ਦੀ ਆਪਣੀ ਪੱਕੀ ਵੋਟ ਨੂੰ ਖੋਰਾ ਲਾਉਣ ਵਿੱਚ ਅਸਮਰੱਥ ਰਹਿ ਸਕਦੇ ਹਨ। ਦੂਸਰਾ ਬਾਵਾ ਸਿੰਘ ਗੁਮਾਨਪੁਰਾ ਕਾਫੀ ਚਿਰ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਪਛੜੀਆਂ ਜਾਤੀਆਂ ਦੇ ਚੇਅਰਮੈਨ ਹੋਣ ਕਰਕੇ, ਇਸ ਇਲਾਕੇ ਵਿੱਚ ਆਪਣੀ ਸ਼ਾਖ ਰਖਦੇ ਹਨ। ਉਨ੍ਹਾਂ ਦੇ ਨਾਲ ਹੀ ਇਸੇ ਹਲਕੇ ਵਿੱਚ ਔਰਤਾਂ ਦੀ ਸੀਟ ਵਲੋਂ ਬੀਬੀ ਕਿਰਨਜੋਤ ਕੌਰ ਖੜੇ ਹਨ। ਬੀਬੀ ਕਿਰਨਜੋਤ ਕੌਰ ਨੇ ਮਜਾਕੀਆ ਲਹਿਜੇ ਵਿੱਚ ਕਿਹਾ ਕਿ ਉਸਦਾ ਮਕਸਦ ਚੋਣਾਂ ਜਿਤਣਾ ਨਹੀਂ, ਬਲਕਿ ਵੱਧ ਤੋਂ ਵੱਧ ਵੋਟਾ ਜਿੱਤਣ ਦਾ ਰਿਕਾਰਡ ਬਣਾਉਣਾ ਹੈ।

ਰਾਜਾਸਾਂਸੀ ਹਲਕੇ ਤੋਂ ਅਕਾਲੀ ਦਲ ਦੇ ਪੁਰਾਣੇ ਤੇ ਤਜਰਬੇਕਾਰ ਵਰਕਰ ਸੁਰਜੀਤ ਸਿੰਘ ਭਿੱਟੇਵੱਡ ਦਾ ਮੁਕਾਬਲਾ, ਅਕਾਲੀ ਦਲ ਪੰਥਕ ਮੋਰਚੇ ਦੇ ਫਾਇਰ ਬਰਾਂਡ ਮੰਨੇ ਜਾਂਦੇ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਦੇ ਲੜਕੇ ਮਨਜੀਤ ਸਿੰਘ ਨਾਲ ਹੈ। ਸੁਰਜੀਤ ਸਿੰਘ ਭਿੱਟੇਵੱਡ ਨੂੰ ਇਸ ਹਲਕੇ ਵਿਚੋਂ ਸਾਬਕਾ ਵਿਧਾਇਕ ਤੇ ਮੌਜੂਦਾ ਚੇਅਰਮੈਨ ਜਿਲ੍ਹਾ ਡਿਵੈਲਪਮੈਂਟ ਬੋਰਡ ਵੀਰ ਸਿੰਘ ਲੋਪੋਕੇ ਦੀ ਹਮਾਇਤ ਪ੍ਰਾਪਤ ਹੈ। ਵੀਰ ਸਿੰਘ ਲੋਪੋਕੇ ਦੀ ਪਤਨੀ ਜੋ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਉਮੀਦਵਾਰ ਸੀ, ਦੇ ਆਪਣੇ ਹਲਕੇ ਵਿਚੋਂ ਬਿਨਾਂ ਮੁਕਾਬਲਾ ਜਿੱਤਣ ਨਾਲ, ਵੀਰ ਸਿੰਘ ਲੋਪੋਕੇ ਤੇ ਦੂਸਰੇ ਅਕਾਲੀ ਵਰਕਰ ਰਾਜਾਸਾਂਸੀ ਹਲਕੇ ਦੇ ਪਿੰਡ ਪਿੰਡ ਵਿੱਚ ਆਪਣੇ ਉਮੀਦਵਾਰ ਸੁਰਜੀਤ ਸਿੰਘ ਭਿੱਟੇਵੱਡ ਦੇ ਪ੍ਰਚਾਰ ਵਿੱਚ ਜੁੱਟੇ ਹਨ, ਜਦੋਂ ਕਿ ਰਘਬੀਰ ਸਿੰਘ ਰਾਜਾਸਾਂਸੀ ਜੋ ਕਿ ਅਕਾਲੀ ਦਲ 1920 ਦੇ ਮੁੱਖ ਆਹੁੱਦੇਦਾਰ ਹਨ ਤੇ ਪੰਥਕ ਜਥੇਬੰਦੀਆਂ ਦੇ ਮੋਹਰੀ ਵੀ ਹਨ, ਪੰਜਾਬ ਦੇ ਦੂਜੇ ਜਿਲ੍ਹਿਆਂ ਵਿੱਚ ਚੋਣ ਮੁਹਿੰਮ ਚਲਾਣ ਕਾਰਨ ਆਪਣੇ ਲੜਕੇ ਦੀ ਚੋਣ ਮੁਹਿੰਮ ਨੂੰ ਅਜੇ ਗਰਮ ਨਹੀਂ ਕਰ ਸਕੇ।

ਰਘਬੀਰ ਸਿੰਘ ਰਾਜਾਸਾਂਸੀ ਨੂੰ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਥਕ ਉਮੀਦਵਾਰ ਦੇ ਤੌਰ ਤੇ ਕਾਫੀ ਵੱਡੀ ਹਾਰ ਪ੍ਰਾਪਤ ਹੋਈ ਸੀ, ਭਾਵੇ ਕਿ ਉਹ ਇਨ੍ਹਾਂ ਚੋਣਾਂ ਵਿੱਚ ਕੋਈ ਕ੍ਰਿਸ਼ਮਾ ਕਰਨ ਦੇ ਰੌਅ ਵਿੱਚ ਹਨ, ਪਰ ਅਕਾਲੀ ਦਲ ਬਾਦਲ ਦੀ ਪਾਰਟੀ ਤੇ ਪੰਥਕ ਵੋਟਾਂ ਦੇ ਅੱਗੇ, ਰਘਬੀਰ ਸਿੰਘ ਰਾਜਾਸਾਂਸੀ ਨੂੰ ਇਸ ਵਾਰ ਆਪਣੇ ਲੜਕੇ ਦੀ ਜਿੱਤ ਵਿੱਚ ਮੁਸ਼ਕਿਲ ਜ਼ਰੂਰ ਨਜ਼ਰ ਆਵੇਗੀ। ਅਕਾਲੀ ਦਲ ਬਾਦਲ ਦੇ ਆਹੁੱਦੇਦਾਰ ਮੰਤਰੀ, ਵਿਧਾਇਕ ਤੇ ਵਰਕਰ ਇਹਨਾ ਸ਼੍ਰੋਮਣੀ ਕਮੇਟੀ ਚੋਣਾਂ ਨੂੰ, ਆਉਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਆਧਾਰ ਮੰਨ ਕੇ ਚਲ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆਉਣ ਵਾਲੀ ਵਿਧਾਨ ਸਭਾ ਦੀਆਂ ਕੁਲ ਚੋਣਾਂ ਦਾ 30 ਫੀਸਦੀ ਬੋਨਸ ਹੈ, ਜੋ ਕਿ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਵਿੱਚ ਆਪਣੇ ਆਪ ਮਿਲ ਜਾਵੇਗਾ ਤੇ ਹੁਣ ਦਾ ਉਹਨਾ ਦਾ ਲਾਇਆ ਜ਼ੋਰ ਆਉਣ ਵਾਲੀਆਂ ਚੋਣਾਂ ਲਈ ਵਰਦਾਨ ਸਾਬਤ ਹੋਵੇਗਾ।

ਇਸ ਕਰਕੇ ਉਹ ਕੇਵਲ ਚੋਣਾਂ ਜਿੱਤਣ ਵਿੱਚ ਹੀ ਦਿਲਚਸਪੀ ਨਹੀਂ ਰੱਖ ਰਹੇ, ਬਲਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਇਕ ਪਲੇਟ-ਫਾਰਮ ਖੜੇ ਕਰਨ ਦੀ ਰਣਨੀਤੀ ਤੇ ਚੱਲ ਰਹੇ ਹਨ। ਜੇਕਰ ਬਾਦਲ ਅਕਾਲੀ ਦਲ ਇਨ੍ਹਾਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ, ਇਕ ਰੀਹਰਸਲ ਸਮਝ ਕੇ ਚਲ ਰਿਹਾ ਹੈ ਤਾਂ ਇਹ ਉਨ੍ਹਾਂ ਦੀ ਅਗਲੀ ਰਣਨੀਤੀ ਦਾ ਹੀ ਇਕ ਪੜ੍ਹਾਅ ਹੈ। ਅਕਾਲੀ ਦਲ ਨੂੰ ਪਤਾ ਹੈ ਕਿ ਜੇਕਰ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜਾ ਗਵਾ ਲਿਆ ਤਾਂ ਉਨ੍ਹਾਂ ਨੂੰ ਆਉਣ ਵਾਲੀ ਵਿਧਾਨ ਸਭਾ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਇਨ੍ਹਾਂ ਦੋਹਾਂ ਥਾਵਾਂ ਤੇ ਵਿਰੋਧੀ ਪਾਰਟੀ ਦੇ ਉਮੀਦਵਾਰ ਸਤਾ ਵਿੱਚ ਆਉਣ ਨਾਲ, ਭਵਿੱਖ ਵਿੱਚ ਅਕਾਲੀ ਦਲ ਬਾਦਲ ਨੂੰ ਕਈ ਦੋਸ਼ਾਂ, ਮੁਕੱਦਮਿਆਂ ਤੇ ਬਦਨਾਮੀ ਦਾ ਸਾਹਮਣਾ ਕਰਨਾ ਪਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top