Share on Facebook

Main News Page

ਬਾਦਲ ਖ਼ੁਦ ਤਾਂ ਕਦੇ ਅਕਾਲ ਤਖ਼ਤ ਉਤੇ ਪੇਸ਼ ਨਹੀਂ ਹੋਇਆ ਦੂਜਿਆਂ ਨੂੰ ਪੇਸ਼ ਹੋਣ ਲਈ ਹੁਕਮ ਸੁਣਾਉਂਦਾ ਰਹਿੰਦਾ ਹੈ: ਬਰਨਾਲਾ

ਬਰਨਾਲਾ, 4 ਸਤੰਬਰ (ਨਿਰਮਲ ਸਿੰਘ ਢਿੱਲੋਂ): ਸੱਭ ਤੋਂ ਵੱਡਾ ਗ਼ੱਦਾਰ ਬਾਦਲ ਹੈ, ਜੋ ਅੱਜ ਤਕ ਕਦੇ ਅਕਾਲ ਤਖ਼ਤ ਉਪਰ ਪੇਸ਼ ਨਹੀਂ ਹੋਇਆ ਸਗੋਂ ਧਾੜਵੀਆਂ ਵਾਂਗ ਅਕਾਲ ਤਖ਼ਤ ’ਤੇ ਅਪਣਾ ਹੀ ਹੁਕਮ ਸੁਣਾਉਂਦਾ ਰਿਹਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਰਾਜਪਾਲ ਸ. ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਪਹਿਲੀ ਗ਼ੱਦਾਰੀ ਪੰਜਾਬ ਵਿਚ ਰਾਜੀਵ-ਲੌਂਗੋਵਾਲ ਸਮਝੌਤਾ ਰੱਦ ਕਰਵਾ ਕੇ ਕੀਤੀ ਗਈ। ਜਦ ਸ. ਬਰਨਾਲਾ ਨੂੰ ਪੁਛਿਆ ਕਿ ਤੁਹਾਡੇ ਉਪਰ ਬਾਦਲ ਦਲ ਵਲੋਂ ਕਾਂਗਰਸੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ ਤਾਂ ਸ. ਬਰਨਾਲਾ ਨੇ ਕਿਹਾ, ‘‘ਮੈਂ ਭਾਜਪਾ ਦੀ ਸਰਕਾਰ ਵੇਲੇ ਰਾਜਪਾਲ ਬਣਿਆ ਸੀ। ਮੈਨੂੰ ਮੈਰਿਟ ਦੇ ਆਧਾਰ ’ਤੇ ਕਾਂਗਰਸ ਦੇ ਰਾਜ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਕਾਂਗਰਸ ਦਾ ਏਜੰਟ ਤਾਂ ਖ਼ੁਦ ਬਾਦਲ ਹੈ ਜੋ ਥੋੜੇ ਚਿਰ ਬਾਅਦ ਦਿੱਲੀ ਜਾ ਪੋਚੇ ਮਾਰ ਆਉਂਦਾ ਹੈ ਤੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਭਰਮਾ ਕੇ ਸੱਤਾ ਹੰਡਾ ਰਿਹਾ ਹੈ।’’

ਉਨ੍ਹਾਂ ਕਿਹਾ, ‘‘ਜਦ ਮੈਂ ਬਾਦਲ ਨੂੰ ਤਕੜੀ ਚੋਣ ਨਿਸ਼ਾਨ ਦੇ ਕੇ ਗਿਆ ਸੀ ਤਾਂ ਉਸ ਵੇਲੇ ਪੰਜਾਬ ਇਕ ਨੰਬਰ ’ਤੇ ਸੀ ਪਰ ਹੁਣ ਉਸ ਨੇ ਤਕੜੀ ਦੀ ਦੁਰਵਰਤੋਂ ਕਰ ਕੇ ਪੰਜਾਬ ਦਾ ਭੱਠਾ ਬਿਠਾ ਛਡਿਆ ਹੈ। ਜਦ ਸਾਡੇ ਕੋਲ ਤਕੜੀ ਸੀ ਤਾਂ ਇਕੱਲੇ ਸ਼੍ਰੋਮਣ੍ਯੀ ਅਕਾਲੀ ਦਲ ਨੇ ਪੰਜਾਬ ਵਿਚ 74 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭੱਠਾ ਬੈਠ ਚੁੱਕਾ ਹੈ। ਕੋਈ ਅਪੀਲ-ਦਲੀਲ ਨਹੀਂ, ਜਿਸ ਨੂੰ ਦਿਲ ਕੀਤਾ ਪਾਰਟੀ ਵਿਚੋਂ ਬਾਹਰ ਕਰ ਦਿਤਾ ਤੇ ਜਦ ਦਿਲ ਕੀਤਾ ਪਾਰਟੀ ਵਿਚ ਸ਼ਾਮਲ ਕਰ ਲਿਆ। ਅਕਾਲੀ ਦਲ ਬਾਦਲ ਹੁਣ ਰਿਸ਼ਤੇਦਾਰਾਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ।’’ ਸਹਿਜਧਾਰੀਆਂ ਦੇ ਹੱਕ ਵਿਚ ਬੋਲਦਿਆਂ ਸ. ਬਰਨਾਲਾ ਨੇ ਕਿਹਾ ਕਿ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤਾਕਿ ਪਤਿੱਤ ਹੋ ਚੁੱਕੇ ਸਿੱਖ, ਸਿੱਖੀ ਸਰੂਪ ਵਿਚ ਆ ਸਕਣ। ਕਲ ਦੇਰ ਰਾਤ ਬਰਨਾਲਾ ਇਲਾਕੇ ਦੀ ਸੰਗਤ ਵਲੋਂ ਸ. ਬਰਨਾਲਾ ਦਾ ਏਨੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਕਿ 2 ਗੱਡੀਆਂ ਹਾਰਾਂ ਤੇ ਸਿਰੋਪਾਉ ਨਾਲ ਭਰ ਗਈਆਂ। ਇਸ ਮੌਕੇ ਬੀਬੀ ਸੁਰਜੀਤ ਕੌਰ ਬਰਨਾਲਾ, ਰੁਪਿੰਦਰ ਸਿੰਘ ਸੰਧੂ ਐਡਵੋਕੇਟ, ਬਾਬਾ ਟੇਕ ਸਿੰਘ ਧਨੌਲਾ, ਉਂਕਾਰ ਸਿੰਘ ਬਰਾੜ, ਅਮਰ ਸਿੰਘ, ਜਰਨੈਲ ਸਿੰਘ ਗੁੰਮਟੀ, ਤਰਲੋਕ ਸਿੰਘ, ਗੁਰਤੇਜ ਸਿੰਘ ਅਤੇ ਧੰਨਾ ਸਿੰਘ ਬਾਜਵਾ ਆਦਿ ਆਗੂ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top