Share on Facebook

Main News Page

ਸੁਖਬੀਰ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਦੀ ਲੋੜ ਨਹੀਂ ਸਗੋਂ ਉਹ ਤਾਂ ਸੰਤ ਸਮਾਜ ਦੇ ਰਹਿਮੋ ਕਰਮਾਂ ’ਤੇ ਪਲ ਕੇ ਨੋਟ ਤੇ ਵੋਟ ਕਮਾਉਣਾ ਚਾਹੁੰਦੇ ਹਨ

(13 ਸਤੰਬਰ 2011, ਸਤਨਾਮ ਕੌਰ ਫ਼ਰੀਦਾਬਾਦ)
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਏਥੇ ਹਰ ਮਹੀਨੇ 13 ਤਰੀਕ ਨੂੰ ਕਾਲਾ ਦਿਵਸ ਮਨਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਜਥੇਬੰਦੀ ਦਸ਼ਮ ਗ੍ਰੰਥ (ਬਚਿਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ੍ਰ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕੇ 13 ਨਵੰਬਰ 2006 ਨੂੰ ਪਿੰਡ ਭਾਈਕਾ ਦਿਆਲਪੁਰਾ, ਬਠਿੰਡਾ ਵਿਖੇ ਧੁੰਮਾ ਟੋਲੇ ਨਾਲ ਰਲ ਕੇ ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜੱਥੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸ਼ਮ ਗ੍ਰੰਥ ਦਾ ਮੰਜਾ ਲਾਕੇ ਕੂੜ ਦਾ ਪਾਠ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ ਅਤੇ ਅੱਜ ਤਕ ਇਸ ਗੁਨਾਹ ਲਈ ਗੁਰੂ ਪੰਥ ਅੱਗੇ ਮਾਫੀ ਤਕ ਨਹੀਂ ਮੰਗੀ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰ ਕੇ ਗੁਰੂ ਅਸਥਾਨਾਂ ’ਤੇ ਨਸ਼ਿਆਂ ਅਤੇ ਅਸ਼ਲੀਲ ਰਚਨਾਵਾਂ ਭਰਪੂਰ ਪੁਸਤਕ ਦਾ ਪ੍ਰਕਾਸ਼ ਕਰਣਾ ਲੋਚਦੇ ਹਨ ਸੋਚਣ ਵਾਲੀ ਗੱਲ ਹੈ ਕਿ ਕੀ ਉਨ੍ਹਾਂ ਲੋਕਾਂ ਦੇ ਹੱਥ ਵਿਚ ਸਾਡੇ ਗੁਰੁਧਾਮ ਸੁਰਖਿੱਅਤ ਹਨ?

ਸ. ਸੁਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸੰਤ ਸਮਾਜ ਦੇ ਅਸ਼ੀਰਵਾਦ ਨਾਲ ਹਾਲੇ 25 ਸਾਲ ਤਕ ਅਕਾਲੀ ਦਲ ਨੇ ਰਾਜ ਕਰਨਾ ਹੈ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਦੀ ਲੋੜ ਨਹੀਂ ਸਗੋਂ ਉਹ ਤਾਂ ਸੰਤ ਸਮਾਜ ਦੇ ਰਹਿਮੋ ਕਰਮਾਂ’ਤੇ ਪਲ ਕੇ ਨੋਟ ਤੇ ਵੋਟ ਕਮਾਉਣਾ ਚਾਹੁੰਦੇ ਹਨ। ਸਮੁੱਚਾ ਸਿੱਖ ਜਗਤ ਜਾਣਦਾ ਹੈ ਕਿ ਸੰਤ ਸਮਾਜ ਜੋ ਪੰਥ ਵਿਰੋਧੀ ਸੰਸਥਾ ਆਰ.ਆਰ.ਐਸ.ਦੀ ਹੀ ਜਮਾਤ ਹੈ ਅਤੇ ਇਹ ਲੋਕ ਅਕਾਲ ਤਖ਼ਤ ਵੱਲੋਂ ਪ੍ਰਵਾਣਤ ਮਰਿਆਦਾ ਤੋਂ ਵੀ ਮੁਨਕਰ ਹਨ ਅਤੇ ਜਿਸ ਤਰ੍ਹਾਂ ਪਿਛਲੇ ਦਿਨੀਂ ਇਸੇ ਸੰਤ ਸਮਾਜ ਦੇ ਆਖੇ ਲੱਗ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਬਿਕਰਮੀ ਕੈਲੰਡਰ ਨੂੰ ਲਾਗੂ ਕੀਤਾ ਗਿਆ ਉਹ ਸਭ ਦੇ ਸਾਹਮਣੇ ਹੈ । ਉਨ੍ਹਾਂ ਕਿਹਾ ਕਿ ਛੋਟੇ ਬਾਦਲ ਵੱਲੋਂ ਸੰਤ ਸਮਾਜ ਦੇ ਆਸ਼ੀਰਵਾਦ ਦੀ ਗੱਲ ਸਪਸ਼ਟ ਕਰਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਡੇਰਾਵਾਦ ਪੂਰੀ ਤਰ੍ਹਾਂ ਪਸਰ ਜਾਵੇਗਾ ਅਤੇ ਇੰਨ੍ਹਾਂ ਅਖੌਤੀ ਸੰਤਾਂ ਦੇ ਪੈਰਾਂ ਹੇਠ ਡਿੱਗ ਕੇ ਲੋਕੀਂ ਆਪਣਾ ਜੀਵਨ ਤਬਾਹ ਕਰ ਬੈਠਣਗੇ।

ਉਨ੍ਹਾਂ ਕਿਹਾ ਕਿ ਜਿਵੇਂ ਬਾਦਲ ਪਾਰਟੀ ਦੀ ਰਹਿਨੁਮਾਈ ਹੇਠ ਸਿੱਖੀ ਦੇ ਦੁਸ਼ਮਣਾ ਸਾਧਾਂ, ਸੰਤਾਂ ਨੂੰ ਪਲਿਆ ਜਾ ਰਿਹਾ ਹੈ ਉਸ ਤੋਂ ਸਪਸ਼ਟ ਹੈ ਕਿ ਇਸ ਸੱਪ (ਸੰਤ) ਸਮਾਜ ਨਾਲ ਰਲ ਕੇ ਇੰਨ੍ਹਾਂ ਲੋਕਾਂ ਨੇ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਰਹਿਨ ਦੇਣਾ। ਉਨ੍ਹਾਂ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ 18 ਸਤੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਚੌਣਾਂ ਵਿਚ ਉਨ੍ਹਾਂ ਉਮੀਦਵਾਰਾਂ ਨੂੰ ਹੀ ਵੋਟ ਪਾਇਆ ਜਾਵੇ ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹੀ ਸਮਰਪੱਤ ਹੋਵੇ ਅਜਿਹੇ ਉਮੀਦਵਾਰਾਂ ਦੇ ਹੱਥ ਵਿਚ ਹੀ ਗੁਰੂਧਾਮਾਂ ਦੀ ਸੰਭਾਲ ਸੌਂਪਣਾ ਸਾਡਾ ਅਪਣੇ ਗੁਰੁ ਪ੍ਰਤੀ ਸਚਾ ਫਰਜ਼ ਹੋਵੇਗਾ। ਇਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਤੋਂ ਜਾਣੂ ਕਰਾਉਂਦਾ ਇਸ਼ਤਿਹਾਰ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼ੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਦੁਰਮਤਿ ਸੋਧਕ ਗੁਰਮਤਿ ਲਹਿਰ ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top