Share on Facebook

Main News Page

‘ਪਤਿਤ ਮੈਂਬਰਾਂ ਨੂੰ ਸਿਰਪਾਉ ਨਾ ਦੇ ਕੇ ਨੰਦਗੜ੍ਹ ਨੇ ਚੰਗਾ ਕੰਮ ਕੀਤਾ’

ਵੇਰਕਾ, 23 ਸਤੰਬਰ (ਸਤਿਨਾਮ ਸਿੰਘ ਖ਼ਾਲਸਾ): ਸ਼੍ਰੋਮਣੀ ਕਮੇਟੀ ਦੇ ਹਾਲ ਵਿਚ ਹੀ ਚੁਣੇ ਗਏ ਪਤਿਤ ਮੈਬਰਾਂ ਨੂੰ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਸਿਰੋਪਾਉ ਨਾ ਦੇਣ ਅਤੇ ਖਰੀਆਂ ਖਰੀਆਂ ਸੁਣਾਉਣ ਦਾ ਸਿੱਖ ਮਿਸ਼ਨਰੀ ਕਾਲਜ ਦੇ ਮੈਬਰਾਂ ਨੇ ਸਵਾਗਤ ਕੀਤਾ ਹੈ। ਸਰਕਲ ਅਜਨਾਲਾ ਦੇ ਮੁਖ ਬੁਲਾਰੇ ਡਾ. ਪ੍ਰਤਾਪ ਸਿੰਘ ਭੰਗਾਲੀ ਨੇ ਫ਼ੋਨ ਰਾਹੀਂ ਪੱਤਰਕਾਰ ਨੂੰ ਦਸਿਆ ਕਿ ਜਿਹੜੇ ਮੈਂਬਰ ਸਿੱਖ ਕੌਮ ਦੇ ਸੁਪਰੀਮ ਪਾਵਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ ਉਨ੍ਹਾਂ ਦਾ ਹਾਲ ਸਮੁੱਚੇ ਮਿਸ਼ਨਰੀਆਂ,ਪੰਥ ਦਰਦੀਆਂ ਅਤੇ ਸਿੱਖ ਸੰਗਤਾਂ ਵਲੋਂ ਇਹੋ ਜਿਹਾ ਹੀ ਹੋਵੇਗਾ। ਯਾਦ ਰਹੇ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਵਲੋਂ ਚੋਣਾਂ ਲੜ ਰਹੇ ਸਮੁੱਚੇ ਮੈਂਬਰਾਂ ਨੂੰ ਕੁੱਝ ਸਮਾਂ ਪਹਿਲਾਂ ਹੀ ਪਰਵਾਰਾਂ ਸਮੇਤ ਅੰਮ੍ਰਿਤ ਛਕਣ ਦੀ ਅਪੀਲ ਕੀਤੀ ਸੀ।

ਜਥੇਦਾਰ ਦੇ ਹੁਕਮਾਂ ਨੂੰ ਫੁੱਲ ਚੜ੍ਹਾਉਦਿਆਂ ਜਾਂ ਅਪਣਾ ਸਵਾਰਥ ਹੱਲ ਕਰਨ ਲਈ ਕੁੱਝ ਮੈਂਬਰਾਂ ਨੇ ਅੰਮ੍ਰਿਤ ਵੀ ਛਕਿਆ ਸੀ ਤੇ ਕੁੱਝ ਨੇ ਇਸ ਫ਼ੁਰਮਾਨ ਦੀ ਪ੍ਰਵਾਹ ਨਹੀ ਕੀਤੀ। ਇਨ੍ਹਾਂ ਆਕੀ ਮੈਬਰਾਂ ਦੇ ਪਤਿਤ ਫ਼ਰਜੰਦਾਂ ਨੇ ਬਿਨਾਂ ਅੰਮ੍ਰਿਤ ਛਕਿਆਂ ਹਰ ਹੀਲੇ ਅਪਣੇ ਪਿਤਾ ਸ੍ਰੀ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੀ ਐਂਟਰੀ ਪੱਕੀ ਕਰਨ ਦੀ ਕੋਈ ਕਸਰ ਨਹੀਂ ਛੱਡੀ। ਇਸ ਸਬੰਧ ਵਿਚ ਜ਼ੋਨ ਅੰਮ੍ਰਿਤਸਰ ਦੇ ਸਰਕਲ ਇੰਚਾਰਜ ਡਾ. ਦਿਲਬਾਗ਼ ਸਿੰਘ ਨੇ ਕਿਹਾ ਕਿ ਪੁਰਾਤਨ ਸਮੇਂ ਵਿਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਕੀਤੇ ਗਏ ਬਾਕੀਆਂ ਨਾਲੋਂ ਵਖਰੇ ਕੰਮ ਕਾਰਜ ਵਾਲੇ ਨੂੰ ਗੁਰੂ ਜਾਂ ਗੁਰੂ ਰੂਪੀ ਸਾਧ ਸੰਗਤ ਵਲੋਂ ਖ਼ਾਸ ਸਿੱਖ ਨੂੰ ਦਿਤੀ ਜਾ ਰਹੀ ਬਖ਼ਸ਼ਿਸ਼ ਸਿਰੋਪਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਿਤਾ ਜਾਂਦਾ ਸੀ ਪਰ ਅੱਜ ਦੇ ਸਮੇਂ ਵਿਚ ਸਿਰੋਪਾਉ ਦੀ ਬੇਲੋੜੀ ਵਰਤੋਂ ਹੋਣ ਕਰ ਕੇ ਇਸ ਦੀ ਮਹਾਨਤਾ ਅਤੇ ਕੀਮਤ ਵੀ ਦਿਨੋ ਦਿਨ ਘਟਦੀ ਜਾ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top