Share on Facebook

Main News Page

ਸ਼੍ਰੋਮਣੀ ਕਮੇਟੀ ਨੇ ਫ਼ਿਲਮੀ ਗਾਣਿਆਂ ਦੀਆਂ ਧੁਨਾਂ ’ਤੇ ਕੀਰਤਨ ਦਾ ਗੰਭੀਰ ਨੋਟਿਸ ਲਿਆ
ਗੁਰਮਤਿ ਸੰਗੀਤ ਉਤਸਵ

ਸਰਬਜੀਤ ਸਿੰਘ ਭੰਗੂ, ਪਟਿਆਲਾ, 12 ਅਕਤੂਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮੀ ਗਾਣਿਆਂ ਦੀਆਂ ਧੁਨਾਂ ’ਤੇ ਹੁੰਦੇ ਕੀਰਤਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਸਬੰਧੀ ਰਾਗੀ ਜਥਿਆਂ ਅਤੇ ਹੋਰਨਾਂ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ 15 ਅਕਤੂਬਰ ਨੂੰ ਹੋਵੇਗੀ।

ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਗੁਰਮਤਿ ਸੰਗੀਤ ਉਤਸਵ ਦੇ ਉਦਘਾਟਨੀ ਸਮਾਗਮ ਵਿੱਚ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਵਿਖੇ ਹੋਣ ਵਾਲੀ ਇਸ ਮੀਟਿੰਗ ਦੌਰਾਨ ਰਾਗੀ ਜਥਿਆਂ ਨੂੰ ਫ਼ਿਲਮੀ ਸੰਗੀਤ ਦੀਆਂ ਧੁਨਾਂ ’ਤੇ ਸ਼ਬਦ ਪੜ੍ਹਨ ਤੋਂ ਰੋਕਣ ਸਬੰਧੀ ਸਖ਼ਤ ਤਾੜਨਾ ਕੀਤੀ ਜਾਵੇਗੀ। ਸ੍ਰੀ ਮੱਕੜ ਨੇ ਦੱਸਿਆ ਕਿ ਬਹੁਤੇ ਰਾਗੀਆਂ ਵੱਲੋਂ ਵਾਰ-ਵਾਰ ਪੁਰਾਣੇ ਸ਼ਬਦਾਂ ’ਤੇ ਆਧਾਰਤ ਹੀ ਕੀਰਤਨ ਕੀਤਾ ਜਾਂਦਾ ਹੈ। ਇਸ ਕਰਕੇ ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਜਾਵੇਗੀ ਉਹ ਨਵੇਂ ਸ਼ਬਦਾਂ ਦੀ ਤਿਆਰੀ ਕਰਨ।

ਉਧਰ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਰਮਤਿ ਸੰਗੀਤ ਉਤਸਵ ਦੌਰਾਨ ਉਨ੍ਹਾਂ ਕਿਹਾ ਕਿ ਇਸ ਗੁਰਮਤਿ ਸੰਗੀਤ ਵਿਭਾਗ ਨੇ ਨਾ ਕੇਵਲ ਭਾਰਤ, ਸਗੋਂ ਵਿਸ਼ਵ ਭਰ ਵਿੱਚ ਗੁਰਮਤਿ ਸੰਗੀਤ ਦੀ ਸਥਾਪਤੀ ਅਤੇ ਵਿਕਾਸ ਲਈ ਇਤਿਹਾਸਕ ਯੋਗਦਾਨ ਪਾਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਗੁਰਮਤਿ ਸੰਗੀਤ ਵਿਭਾਗ ਵੱਲੋਂ ਪ੍ਰਮਾਣਿਤ ਕੀਰਤਨਕਾਰਾਂ ਅਤੇ ਵਿਦਵਾਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਚੰਗੇ ਗਰੇਡਾਂ ਵਿੱਚ ਉੱਚ-ਪੱਧਰੀਆਂ ਨੌਕਰੀਆਂ ’ਤੇ ਰੱਖਿਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ਵਿੱਚ ਗੁਰਮਤਿ ਸੰਗੀਤ ਦਾ ਵਿਸ਼ਾ ਪੜ੍ਹਾਏ ਜਾਣ ਦੀ ਗੱਲ ਵੀ ਆਖੀ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਮੇਜ਼ਬਾਨ ਵਿਭਾਗ ਵੱਲੋਂ ਵਿਲੁਪਤ ਹੋਈਆਂ ਵੰਨਗੀਆਂ/ਪ੍ਰੰਪਰਾਵਾਂ ਦੇ ਪੁਨਰ ਸੁਰਜੀਤੀ ਹਿੱਤ ਕੀਤੇ ਜਾ ਰਹੇ ਯਤਨਾਂ ਸਬੰਧੀ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਪੰਜਾਬੀ ਲੋਕ ਨਾਚਾਂ ਦੀ ਤਰਜ਼ ’ਤੇ ਹੀ ਵੱਖ-ਵੱਖ ਸੰਗੀਤ ਘਰਾਣਿਆਂ ਦੀ ਕਾਰਜਸ਼ੈਲੀ ਨੂੰ ਵੀ ਸੰਭਾਲਣ ਦਾ ਤਹੱਈਆ ਕੀਤਾ ਜਾਵੇਗਾ।

ਇਸ ਮੌਕੇ ਗੁਰਮਤਿ ਸੰਗੀਤ ਵਿੱਚ ਤੰਤੀ ਸਾਜ਼ਾਂ ਦੀ ਰਵਾਇਤ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਗੁਰਨਾਮ ਸਿੰਘ ਨੇ ਨਵੀਂ ਪ੍ਰਿਤ ਪਾਉਂਦਿਆਂ ਗੁਰਮਤਿ ਸੰਗੀਤ ਦੇ ਘਰਾਣਿਆਂ ਦੀ ਪੁਨਰ-ਸੁਰਜੀਤੀ ਲਈ ਸ਼੍ਰੋਮਣੀ ਕੀਰਤਨੀਏ ਭਾਈ ਅਮਰੀਕ ਸਿੰਘ ਜ਼ਖਮੀ ਨੂੰ ‘ਗਿਆਨੀ ਭਗਤ ਸਿੰਘ ਮੈਮੋਰੀਅਲ ਐਵਾਰਡ’ ਨਾਲ ਨਿਵਾਜਿਆ। ਇਸ ਤਹਿਤ ਉਨ੍ਹਾਂ ਨੂੰ ਸਨਮਾਨ ਪੱਤਰ ਤੇ 31 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ।

ਇਸ ਮੌਕੇ ਸੰਗੀਤਕਾਰ ਸੁਰਿੰਦਰ ਸਿੰਘ ‘ਸਿੰਘ ਬੰਧੂ’, ਅਸ਼ੋਕ ਸਿੰਘ ਬਾਗੜੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਗੜ੍ਹੀ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਵਿੰਦਰ ਸਿੰਘ ਸੱਭਰਵਾਲ, ਬੀਬੀ ਕੁਲਦੀਪ ਕੌਰ ਟੌਹੜਾ ਤੇ ਜਰਨੈਲ ਸਿੰਘ ਕਰਤਾਰਪੁਰ ਹਾਜ਼ਰ ਸਨ।

Source: Punjabi Tribune

ਟਿੱਪਣੀ: ਮੱਕੜ ਸਾਬ, ਸ਼ਬਦ ਪੁਰਾਣੇ ਨਹੀਂ ਹੁੰਦੇ, ਗੁਰਬਾਣੀ ਸਦਾ ਹੀ ਨਵੀਂ ਹੈ, ਜਿਨਾਂ ਪੜੋਗੇ, ਵਿਚਾਰੋਗੇ, ਉਨ੍ਹਾਂ ਸਵਾਦ ਅਵੇਗਾ। ਹਦਾਇਤ ਇਹ ਕਰੋ ਕਿ ਉਹੀ 5-10 ਸ਼ਬਦ ਹੀ ਨਾ ਪੜੀ ਜਾਵੋ, ਹੋਰ ਮਿਹਨਤ ਕਰਕੇ ਸ਼ਬਦ ਯਾਦ ਕਰੋ, ਰਾਗਬੱਧ ਤਿਆਰੀ ਕਰੋ। ਪਰ ਇਹ ਹੋਵੇਗਾ ਕਿਵੇਂ, ਜੱਦ ਕਿ ਸਿਫਾਰਸ਼ਾਂ ਨਾਲ ਰੱਖੇ ਰਾਗੀ, ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਲੱਭਦਾ, ਮਾੜਾ ਮੋਟਾ ਵਾਜਾ ਸਿੱਖਕੇ, ਤਿੰਨ ਜਣੇ ਇਕੱਠੇ ਹੋ ਕੇ, ਕਹਿਰਵਾ, ਦਾਦਰਾ ਸਿੱਖ ਲਿਆ, ਬਿਨਾਂ ਪਾਹੁਲ ਲਏ ਕ੍ਰਿਪਾਨਾਂ ਪਾਈਆਂ, ਬਣ ਗਏ ਰਾਗੀ। ਨਾ ਕਿਸੇ ਨੂੰ ਗੁਰਬਾਣੀ ਦੀ ਸੋਝੀ, ਨਾ ਸੁਰ ਦਾ ਗਿਆਨ, ਨਾ ਤਾਲ ਦੀ ਸਮਝ।

ਜਿਸ ਕਮੇਟੀ ਦੇ ਪ੍ਰਧਾਨ ਸਿਫਾਰਸ਼ਾਂ ਨਾਲ ਬਣੇ ਹੋਣ, ਉਸ ਕਮੇਟੀ ਦੇ ਰਾਗੀਆਂ ਤੋਂ ਆਸ ਕੀ ਕੀਤੀ ਜਾ ਸਕਦੀ ਹੈ?

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top