Share on Facebook

Main News Page

ਰਾਮ ਰਾਏ ਵਲੋਂ ਇਕ ਸ਼ਬਦ ਬਦਲਣ ’ਤੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਮੱਥੇ ਨਾ ਲੱਗਣ ਦਾ ਆਦੇਸ਼ ਦੇ ਦਿੱਤਾ ਪਰ ਅੱਜ ਗੁਰਬਾਣੀ ਦੇ ਅਰਥ ਬਦਲ ਕੇ ਸੁਨਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ: ਗਿਆਨੀ ਅਲਵਰ 

* ਪੰਜ ਮੁੱਖ ਸੇਵਾਦਾਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਆਪਣੇ ਤੌਰ ’ਤੇ ਕੋਈ ਕਾਰਵਾਈ ਨਾ ਕਰਨ ਦੇ ਦਿੱਤੇ ਆਦੇਸ਼ ਦੀ ਵੀ ਕੀਤੀ ਅਲੋਚਨਾ
* ਇੱਕ ਸੰਪਾਦਕ ਵਲੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਾੜੇ ਜਾਣ ਦਾ ਪ੍ਰਚਾਰ ਗੁੰਮਰਾਹਕੁੰਨ ਹੈ ਜਿਸ ਤੋਂ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ

ਬਠਿੰਡਾ, 1 ਅਕਤੂਬਰ (ਕਿਰਪਾਲ ਸਿੰਘ): ਰਾਮ ਰਾਏ ਵਲੋਂ ਇਕ ਸ਼ਬਦ ਬਦਲਣ ’ਤੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਮੱਥੇ ਨਾ ਲੱਗਣ ਦਾ ਆਦੇਸ਼ ਦੇ ਦਿੱਤਾ ਪਰ ਅੱਜ ਗੁਰਬਾਣੀ ਦੇ ਅਰਥ ਬਦਲ ਕੇ ਸੁਨਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਇਹ ਸ਼ਬਦ ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਹੇ। ਉਨ੍ਹਾਂ ਇਤਿਹਾਸਕ ਹਵਾਲੇ ਦਿੰਦੇ ਹੋਏ ਦੱਸਿਆ ਕਿ ਜਿਸ ਸਮੇਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ॥’ ਲਿਖ ਕੇ ਸਾਡੇ ਧਰਮ ਦਾ ਨਿਰਾਦਰ ਕੀਤਾ ਹੈ ਤਾਂ ਰਾਮ ਰਾਏ ਇਕਦਮ ਅੰਦਰੋਂ ਡਰ ਗਿਆ ਕਿ ਜੇ ਇਸ ਪੰਕਤੀ ਦੇ ਅਸਲੀ ਅਰਥ ਕਰਕੇ ਗੁਰੂ ਨਾਨਕ ਸਾਹਿਬ ਵਲੋਂ ਇਸ ਪੰਕਤੀ ਵਿੱਚ ਦਿੱਤਾ ਗਿਆ ਸਿਧਾਂਤ ਸਪਸ਼ਟ ਕਰ ਦਿੱਤਾ ਤਾਂ ਔਰੰਗਜ਼ੇਬ ਨਾਰਾਜ਼ ਹੋ ਸਕਦਾ ਹੈ ਤੇ ਉਸ ਕੋਲੋਂ ਮਿਲ ਰਿਹਾ ਮਾਨ ਸਨਮਾਨ ਖਤਰੇ ਵਿੱਚ ਪੈ ਜਾਵੇਗਾ। ਇਸ ਲਈ ਉਸ ਨੇ ਗੁਰਬਾਣੀ ਦੇ ਅਰਥ ਭਾਵ ਸਮਝਾਉਣ ਦੀ ਥਾਂ ਗੁਰਬਾਣੀ ਦਾ ਸ਼ਬਦ ਹੀ ਬਦਲ ਦਿੱਤਾ ਕਿ ਇੱਥੇ ਮਿੱਟੀ ‘ਮੁਸਲਮਾਨ’ ਕੀ ਨਹੀਂ ‘ਬੇਈਮਾਨ’ ਕੀ ਲਿਖਿਆ ਹੈ। ਉਸ ਸਮੇਂ ਉਥੇ ਹਾਜ਼ਰ ਸਿੱਖ ਭਾਈ ਦਰਗਹ ਮੱਲ ਨੇ ਜਦ ਗੁਰੂ ਹਰਿ ਰਾਏ ਸਾਹਿਬ ਕੋਲ ਜਾ ਕੇ ਦੱਸਿਆ ਕਿ ਤੁਹਾਡੇ ਸਾਹਿਬਜ਼ਾਦੇ ਨੇ ਗੁਰਬਾਣੀ ਦਾ ਸ਼ਬਦ ਬਦਲ ਕੇ ਗੁਰਬਾਣੀ ਦੇ ਸਿਧਾਂਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਉਸ ਸਮੇਂ ਗੁਰੂ ਹਰਿ ਰਾਏ ਸਾਹਿਬ ਜੀ ਨੇ ਭਾਈ ਦਰਗਹ ਮੱਲ ਨੂੰ ਇਹ ਕਹਿ ਕੇ ਝਾੜਾਂ ਨਹੀਂ ਪਾਈਆਂ ਕਿ ਉਹ ਗੱਲ ਸਿਰਫ 5-10 ਬੰਦਿਆਂ ਵਿੱਚ ਸੀ, ਤੇਰੇ ਰੌਲਾ ਪਾਉਣ ਨਾਲ ਗੁਰੂ ਪ੍ਰਵਾਰ ਦੀ ਬਦਨਾਮੀ ਹੋਵੇਗੀ ਇਸ ਲਈ ਆਪਣਾ ਮੂੰਹ ਬੰਦ ਕਰਕੇ ਰੱਖ।

ਸਗੋਂ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਹੁਕਮ ਕਰ ਦਿੱਤਾ ਕਿ ਜਾਉ ਰਾਮ ਰਾਏ ਨੂੰ ਕਹਿ ਦੇਵੋ ਕਿ ਉਸਦਾ ਜਿਸ ਪਾਸੇ ਮੂੰਹ ਹੈ ਉਸੇ ਪਾਸੇ ਚਲਾ ਜਾਵੇ, ਉਹ ਸਾਡੇ ਮੱਥੇ ਨਾ ਲੱਗੇ। ਗੁਰੂ ਸਾਹਿਬ ਜੀ ਦੇ ਇਸ ਫੈਸਲੇ ਨੇ ਸਿੱਖ ਸੰਗਤਾਂ ਨੂੰ ਇਹ ਸੰਦੇਸ਼ ਦਿੱਤਾ ਕਿ ਕਿਸੇ ਮਨੁੱਖ ਨੂੰ ਖੁਸ਼ ਕਰਨ ਲਈ ਗੁਰਬਾਣੀ ਦਾ ਸਿਧਾਂਤ ਬਦਲਨਾ, ਗੁਰੂ ਨੂੰ ਬਿਲਕੁਲ ਪ੍ਰਵਾਨ ਨਹੀਂ ਹੈ। ਪਰ ਅੱਜ ਬੇਸ਼ੱਕ ਇਹ ਸਾਖੀ ਸੁਣਾਈ ਤਾਂ ਸਾਰੇ ਹੀ ਜਾਂਦੇ ਹਨ ਪਰ ਵੱਡੇ ਵੱਡੇ ਸਨਮਾਨਤ ਕਥਾ ਵਾਚਕ ਸ਼ਬਦ ਦੀ ਵਿਆਖਿਆ ਕਰਨ ਸਮੇਂ ਪ੍ਰਬੰਧਕਾਂ, ਮੌਕੇ ਦੇ ਹਾਕਮਾਂ ਅਤੇ ਗੁਰੂ ਸਿਧਾਂਤ ਤੋਂ ਅਣਜਾਣ ਸੰਗਤਾਂ ਦੀ ਨਰਾਜ਼ਗੀ ਤੋਂ ਡਰਦੇ ਸਹੀ ਅਰਥ ਕਰਨ ਤੋਂ ਝਿਜਕ ਜਾਂਦੇ ਹਨ ਤੇ ਉਨ੍ਹਾਂ ਦੀ ਖੁਸ਼ੀ ਹਾਸਲ ਕਰਨ ਲਈ ਗੁਰਬਾਣੀ ਦੀ ਭਾਵਨਾ ਦੇ ਉਲਟ ਗਲਤ ਅਰਥ ਕਰਦੇ ਹਨ। ਹੈਰਾਨੀ ਇਹ ਹੈ ਕਿ ਇਨ੍ਹਾਂ ਗਲਤ ਅਰਥ ਕਰਨ ਵਾਲਿਆਂ ਨਾਲ ਰਾਮ ਰਾਏ ਵਾਲਾ ਸਲੂਕ ਕਰਨ ਦੀ ਥਾਂ ਉਨ੍ਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਗਿਆਨੀ ਅਲਵਰ ਨੇ ਕਿਹਾ ਗੁਰਬਾਣੀ ਦੇ ਅਰਥਾਂ ਨੂੰ ਜਾਣ ਬੁੱਝ ਕੇ ਵਿਗਾੜਨਾ ਉਸੇ ਤਰ੍ਹਾਂ ਦੀ ਗਲਤੀ ਹੈ ਜਿਸ ਤਰ੍ਹਾਂ ਦੀ ਰਾਮ ਰਾਏ ਨੇ ਗਲਤੀ ਕਰਕੇ ਔਰੰਗਜ਼ੇਬ ਨੂੰ ਖੁਸ਼ ਕੀਤਾ ਸੀ ਅਤੇ ਉਸ ਦੇ ਬਦਲੇ ਵਿੱਚ ਉਸ ਤੋਂ ਦੇਹਰਾਦੂਨ ਵਿਖੇ ਜਾਗੀਰ ਹਾਸਲ ਕੀਤੀ ਸੀ।

ਗਿਆਨੀ ਅਲਵਰ ਨੇ ਕਿਹਾ ਕਿ ਉਹ ਅਕਾਲ ਤਖ਼ਤ ਦੀ ਸੰਸਥਾ ਅਤੇ ਇਸ ਦੇ ਜਥੇਦਾਰ ਦੇ ਅਹੁੱਦੇ ਦਾ ਸਨਮਾਨ ਕਰਦੇ ਹਨ ਅਤੇ ਇਨ੍ਹਾਂ ਦੀ ਹੋਂਦ ਨੂੰ ਰੱਦ ਕਰਨਾ ਬਿਲਕੁਲ ਨਹੀਂ ਚਾਹੁੰਦੇ ਪਰ ਗੁਰੂ ਦੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਤੋਂ ਸਤਿਕਾਰ ਸਹਿਤ ਇਹ ਪੁੱਛ ਤਾਂ ਸਕਦੇ ਹਨ ਕਿ ਉਹ ਗੁਰੂ ਹਰਿ ਰਾਏ ਸਾਹਿਬ ਜੀ ਵਲੋਂ ਬਖ਼ਸ਼ੇ ਸਿਧਾਂਤ ’ਤੇ ਪਹਿਰਾ ਦੇਣ ਦੀ ਥਾਂ ਗੁਰਬਾਣੀ ਦੇ ਸਿਧਾਂਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਨਮਾਨਤ ਕਿਉਂ ਕਰ ਰਹੇ ਹਨ? 

ਗਿਆਨੀ ਅਲਵਰ ਜੀ ਨੇ ਪੰਜ ਮੁੱਖ ਸੇਵਾਦਾਰਾਂ ਵਲੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਦਿੱਤੇ ਇਸ ਆਦੇਸ਼, ‘ਕਿ ਜੇ ਕਿਧਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਤਾਂ ਉਹ ਆਪਣੇ ਤੌਰ ’ਤੇ ਕੋਈ ਕਾਰਵਾਈ ਨਾ ਕਰਨ ਬਲਕਿ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਸੂਚਿਤ ਕਰਨ। ਸ਼੍ਰੋਮਣੀ ਕਮੇਟੀ ਮੈਂਬਰ ਧਰਮ ਪ੍ਰਚਾਰ ਕਮੇਟੀ ਕੋਲ ਪਹੁੰਚ ਕਰੇਗਾ ਤੇ ਧਰਮ ਪ੍ਰਚਾਰ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਕਰਨ ਦੀ ਬੇਨਤੀ ਕਰੇਗੀ ਤਾਂ ਅਸੀਂ ਕੋਈ ਕਾਰਵਾਈ ਕਰਾਂਗੇ’  ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਹ ਭਾਰਤ ਦੇ ਉਸ ਕਾਨੂੰਨ ਵਰਗਾ ਹੀ ਹੈ ਕਿ ਜੇ ਕੋਈ ਬਲਾਤਕਾਰ ਕਰ ਰਿਹਾ ਹੈ, ਕੋਈ ਚੋਰੀ ਕਰ ਰਿਹਾ ਹੈ ਜਾਂ ਕੋਈ ਹੋਰ ਗੰਭੀਰ ਅਪਰਾਧ ਕਰ ਰਿਹਾ ਹੈ ਤਾਂ ਉਸ ਦਾ ਅਪਰਾਧ ਅੱਖੀਂ ਵੇਖਣ ਵਾਲੇ ਉਸ ਨੂੰ ਕੁਝ ਕਹਿ ਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਬਲਕਿ ਉਹ ਜੋ ਕੁਝ ਕਰਦਾ ਹੈ ਉਸ ਨੂੰ ਕਰਨ ਦਿਓ, ਤੁਸੀਂ ਸਬੂਤ ਇਕੱਠੇ ਕਰਕੇ ਪੁਲਿਸ ਨੂੰ ਦਿਓ। ਫਿਰ ਪੁਲਿਸ ਤਫ਼ਤੀਸ਼ ਕਰਕੇ ਕੇਸ ਦਰਜ਼ ਕਰੇਗੀ ਤੇ ਅਦਾਲਤ ਵਿੱਚ ਚਲਾਨ ਪੇਸ਼ ਕਰੇਗੀ। ਉਸ ਨੂੰ ਸਜਾ ਦੇਣਾ ਜਾਂ ਬਰੀ ਕਰਨਾ ਅਦਾਲਤ ਦਾ ਕੰਮ ਹੈ, ਕਿਉਂਕਿ ਇਹ ਫੈਸਲਾ ਤਾਂ ਅਦਾਲਤ ਨੇ ਕਰਨਾ ਹੈ ਕਿ ਪੇਸ਼ ਕੀਤੇ ਗਏ ਸਬੂਤ ਉਸ ਨੇ ਠੀਕ ਮੰਨਣੇ ਹਨ ਜਾਂ ਗਲਤ?

 

ਇੱਕ ਸੰਪਾਦਕ ਵਲੋਂ ਇਹ ਲਿਖੇ ਜਾਣ ਦੇ ਦਾਅਵੇ ’ਤੇ ਸਖ਼ਤ ਇਤਰਾਜ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਬਾਣੀ ਸ਼੍ਰੀ ਚੰਦੀਆਂ ਨੇ ਸਾੜ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 791 ’ਤੇ ਦਰਜ਼ ਵਾਰ-ਸੂਹੀ ਮਃ 1 ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ, ‘ਮਃ 1॥ ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥1॥’ ਅਤੇ ਇਸ ਦੇ ਨਾਲ ਹੀ ਗੁਰੂ ਅੰਗਦ ਸਾਹਿਬ ਜੀ ਦਾ ਸਲੋਕ ਹੈ, ‘ਮਃ 2॥ ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥2॥’ ਇਨ੍ਹਾਂ ਦੋਵਾਂ ਸਲੋਕਾਂ ਵਿਚ ਵਰਤੀ ਗਈ ਸ਼ਬਦਾਵਲੀ ਅਤੇ ਅਰਥ ਭਾਵ ਬਿਲਕੁਲ ਮਿਲਦੇ ਜੁਲਦੇ ਹਨ ਜਿਸ ਦਾ ਭਾਵ ਹੈ ਕਿ ਗੁਰੂ ਅੰਗਦ ਸਾਹਿਬ ਜੀ ਪਾਸ ਗੁਰੂ ਨਾਨਕ ਸਾਹਿਬ ਦਾ ਇਹ ਸਲੋਕ ਮੌਜੂਦ ਸੀ। ਜੇ ਸੰਪਾਦਕ ਦੇ ਦਾਅਵੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਬਾਣੀ ਸ਼੍ਰੀ ਚੰਦੀਆਂ ਨੇ ਸਾੜ ਦਿੱਤੀ ਸੀ ਤਾਂ ਇਸ ਸਲੋਕ ਦੇ ਨਾਲ ਹੀ ਦਰਜ਼ ਗੁਰੂ ਅੰਗਦ ਸਾਹਿਬ ਜੀ ਦਾ ਇਹ ਸਲੋਕ ਕਿਉਂ ਨਹੀਂ ਸੜਿਆ? ਇਸੇ ਤਰ੍ਹਾਂ ਸਲੋਕ ਵਾਰਾਂ ’ਤੇ ਵਧੀਕ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ, ‘ਲਾਹੌਰ ਸਹਰੁ, ਜਹਰੁ ਕਹਰੁ, ਸਵਾ ਪਹਰੁ ॥27॥’ ਅਤੇ ਇਸ ਨਾਲ ਹੀ ਗੁਰੂ ਅਮਰਦਾਸ ਜੀ ਦਾ ਸਲੋਕ ਹੈ, ‘ਮਹਲਾ 3॥ ਲਾਹੌਰ ਸਹਰੁ, ਅੰਮ੍ਰਤਿ ਸਰੁ, ਸਿਫਤੀ ਦਾ ਘਰੁ ॥28॥ {ਪੰਨਾ 1412}

ਇਨ੍ਹਾਂ ਦੋਵਾਂ ਸਲੋਕਾਂ ਦੀ ਸ਼ਬਦਾਵਲੀ ਵੀ ਇਕੋ ਜਿਹੀ ਹੈ ਤੇ ਗੁਰੂ ਅਮਰਦਾਸ ਜੀ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਦੀ ਅੱਗੇ ਵਿਆਖਿਆ ਹੀ ਕੀਤੀ ਹੈ ਜਿਸ ਦਾ ਭਾਵ ਹੈ ਕਿ ਇਹ ਸਲੋਕ ਉਚਾਰਣ ਕਰਦੇ ਸਮੇਂ ਉਨ੍ਹਾਂ ਪਾਸ ਗੁਰੂ ਨਾਨਕ ਸਾਹਿਬ  ਜੀ ਦਾ ਇਹ ਸਲੋਕ ਮੌਜੂਦ ਸੀ। ਜੇ ਸੰਪਾਦਕ ਦੇ ਦਾਅਵੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਬਾਣੀ ਸ਼੍ਰੀ ਚੰਦੀਆਂ ਨੇ ਸਾੜ ਦਿੱਤੀ ਸੀ ਤਾਂ ਇਸ ਸਲੋਕ ਦੇ ਨਾਲ ਹੀ ਦਰਜ਼ ਗੁਰੂ ਅਮਰਦਾਸ ਜੀ ਦਾ ਇਹ ਸਲੋਕ ਕਿਉਂ ਨਹੀਂ ਸੜਿਆ? ਇਸ ਤੋਂ ਇਲਾਵਾ ਅਨੇਕਾਂ ਹੋਰ ਉਦਾਹਰਣਾਂ ਹਨ, ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਮਗਰਲੇ ਗੁਰੂ ਸਾਹਿਬਾਨ ਪਾਸ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮੌਜੂਦ ਸੀ। ਇਸ ਲਈ ਇਸ ਸੰਪਾਦਕ ਵਲੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਾੜੇ ਜਾਣ ਦਾ ਪ੍ਰਚਾਰ ਗੁੰਮਰਾਹਕੁੰਨ ਹੈ ਜਿਸ ਤੋਂ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top