ਚੰਡੀਗੜ੍ਹ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਦੀਵਾਲੀ ਮੌਕੇ
ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਕੀਤੀ ਜਾਣ ਵਾਲੀ ਰਵਾਇਤੀ ਆਤਿਸ਼ਬਾਜ਼ੀ ਦਾ ਬਦਲ ਲੱਭਣ ਲਈ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖਿਆ ਹੈ। ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ
ਐਸ.ਜੀ.ਪੀ.ਸੀ. ਦੇ ਸਕੱਤਰ ਦਲਮੇਘ ਸਿੰਘ ਨੂੰ ਲਿਖੇ ਪੱਤਰ ਰਾਹੀਂ ਕਿਹਾ ਹੈ ਕਿ ਹਰਿਮੰਦਰ ਸਾਹਿਬ
ਅੰਮ੍ਰਿਤਸਰ ਤੇ ਆਸ-ਪਾਸ ਦੇ ਇਲਾਕੇ ਨੂੰ ਵਾਤਾਵਰਨ ਪੱਖ ਤੋਂ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
ਇਹ ਸੰਵੇਦਨਸ਼ੀਲਤਾ ਇਸ ਥਾਂ ਦੀ ਪਵਿੱਤਰਤਾ, ਇਤਿਹਾਸਕ ਮਹੱਤਤਾ
ਤੇ ਕੰਪਲੈਕਸ ਵਿੱਚ ਬਣੀਆਂ ਇਮਾਰਤਾਂ ਦੀ ਪੁਰਾਤਨਤਾ ਕਾਰਨ ਹੈ। ਦਰਬਾਰ ਸਾਹਿਬ ਦੀ ਸੰਵੇਦਨਸ਼ੀਲਤਾ
ਦੇ ਮੱਦੇਨਜ਼ਰ ਪ੍ਰਦੂਸ਼ਣ ਨਿਯਮਾਂ ਮੁਤਾਬਕ ਕੰਪਲੈਕਸ ਦੇ ਇਰਦ-ਗਿਰਦ ਹਵਾ ਵਿੱਚ ਸਾਹ ਵਿੱਚ ਜਾਣ ਵਾਲੇ
ਮਹੀਨ ਧੂੜ ਕਣਾਂ (ਆਰ.ਐਸ.ਪੀ.ਐਮ.) ਦੀ ਗਿਣਤੀ 100 ਮਾਈਕਰੋਗਰਾਮ ਪ੍ਰਤੀ ਘਣ ਮੀਟਰ ਮੰਨੀ ਗਈ ਹੈ।
ਬੋਰਡ ਵੱਲੋਂ ਲਗਾਏ ਯੰਤਰਾਂ ਦੀ ਰੀਡਿੰਗ ਮੁਤਾਬਕ ਦੀਵਾਲੀ ਅਤੇ ਖਾਸ ਪੁਰਬਾਂ ਸਮੇਂ ਜਦੋਂ
ਕੰਪਲੈਕਸ ਵਿੱਚ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਉਦੋਂ ਆਰ.ਐਸ.ਪੀ.ਐਮ. ਦੀ ਦਰ 500 ਮਾਈਕਰੋਗਰਾਮ ਤੱਕ
ਪਹੁੰਚ ਜਾਂਦੀ ਹੈ। ਆਰ.ਐਸ.ਪੀ.ਐਮ. ਦੀ ਦਰ ਅਹਿਮ ਦਿਨਾਂ ਦੇ ਮੌਕੇ ਇਸ ਕਾਰਨ ਵਧ ਜਾਂਦੀ ਹੈ
ਕਿਉਂਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਖਾਸ ਦਿਨਾਂ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਵੱਲੋਂ ਆਤਿਸ਼ਬਾਜ਼ੀ ਕਰਵਾਈ ਜਾਂਦੀ ਹੈ।
ਆਤਿਸ਼ਬਾਜ਼ੀ ਕਾਰਨ ਪੈਦਾ ਹੁੰਦੇ ਪ੍ਰਦੂਸ਼ਣ ਦਾ ਮਾੜਾ ਪ੍ਰਭਾਵ ਆਮ
ਲੋਕਾਂ ਅਤੇ ਇਤਿਹਾਸਕ ਇਮਾਰਤਾਂ ’ਤੇ ਵੀ ਪੈਂਦਾ ਹੈ। ਬੋਰਡ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਉਕਤ
ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਆਤਿਸ਼ਬਾਜ਼ੀ ਦਾ ਕੋਈ ਹੋਰ ਬਦਲ ਲੱਭਣਾ
ਚਾਹੀਦਾ ਹੈ।