Share on Facebook

Main News Page

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁਲਾਜਮਾਂ ਦੀ ਪੋਲ ਖੋਲਦੀ ਗੁਪਤ ਚਿੱਠੀ ਦੀ ਚਰਚਾ ਜੋਰਾਂ 'ਤੇ

ਅਨੰਦਪੁਰ ਸਾਹਿਬ, 23 ਅਕਤੂਬਰ, (ਸੁਰਿੰਦਰ ਸਿੰਘ ਸੋਨੀ): ਅਜ ਕਲ ਅਨੰਦਪੁਰ ਸਾਹਿਬ ਵਿਚ ਇਕ ਗੁਪਤ ਚਿੱਠੀ ਦੀ ਚਰਚਾ ਜੋਰਾਂ ਤੇ ਹੈ, ਜਿੱਥੇ ਵੀ ਚਾਰ ਜਣੇ ਇਕੱਠੇ ਹੁੰਦੇ ਹਨ ਉੱਥੇ ਹੀ ਇਸ ਗੁਪਤ ਚਿੱਠੀ ਦੀ ਚਰਚਾ ਛਿੜ ਜਾਂਦੀ ਹੈ। ਇਸ ਪੱਤਰਕਾਰ ਨੂੰ ਵੀ ਮਿਲੀ ਇਸ ਚਿੱਠੀ ਵਿਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਈ ਛੋਟੇ-ਵੱਡੇ ਮੁਲਾਜਮਾਂ ਦੇ ਨਾਮ ਲਿਖ ਕੇ ਉਨਾਂ ਤੇ ਕਥਿਤ ਤੋਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ।ਇਕ ਮੁਲਾਜਮ ਬਾਰੇ ਲਿਖਿਆ ਹੈ ਕਿ ਉਹ ਸ਼੍ਰੋਮਣੀ ਕਮੇਟੀ ਵਿਚ 1997 ਨੂੰ 1200 ਰੁਪਏ ਪ੍ਰਤੀ ਮਹੀਨਾ ਤੇ ਆਰਜੀ ਭਰਤੀ ਹੋਇਆ ਸੀ ਤੇ ਪਿਛਲੇ 5-6 ਸਾਲਾਂ ਤੋ ਤਖਤ ਸਾਹਿਬ ਵਿਖੇ ਨਿਯੁਕਤ ਹੈ ਤੇ ਅੱਜ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਹੈ।

ਚਿੱਠੀ ਵਿਚ ਲਿਖਿਆ ਹੈ ਕਿ ਇਸ ਸਖਸ਼ ਦੀ ਤਨਖਾਹ ਭਾਵੇ 8 ਤੋ 10 ਹਜਾਰ ਰੁਪਏ ਦੇ ਕਰੀਬ ਹੈ ਪਰ ਇਹ ਸਾਲ ਵਿਚ ਦੋ-ਦੋ ਮਹਿੰਗੀਆਂ ਗੱਡੀਆਂ ਵੀ ਬਦਲ ਲੈਂਦਾ ਹੈ। ਲੰਗਰ ਬਾਰੇ ਚਿੱਠੀ ਵਿਚ ਲਿਖਿਆ ਹੈ ਕਿ ਲੰਗਰ ਵਿਚ ਚਾਹ ਆਦਿ ਲਈ ਲੱਕੜ ਦਾ ਇਸਤੇਮਾਲ ਹੁੰਦਾ ਹੈ ਤੇ ਇਕ ਦਿਨ ਵਿਚ 8-10 ਸਿਲੰਡਰ ਹੀ ਲਗਦੇ ਹਨ ਪਰ ਬਿਲ ਰੋਜਾਨਾ 30 ਦੇ ਕਰੀਬ ਸਿਲੰਡਰਾਂ ਦੇ ਬਣਾਏ ਜਾਂਦੇ ਹਨ।ਅੱਗੇ ਲਿਖਿਆ ਹੈ ਕਿ ਲੰਗਰ ਵਿਚ ਇਕ ਕੁਇੰਟਲ ਦੇ ਕਰੀਬ ਦੁੱਧ ਪਹੁੰਚਦਾ ਹੈ ਪਰ ਕਾਗਜਾਂ ਵਿਚ 4 ਕੁਇੰਟਲ ਦੇ ਕਰੀਬ ਦਿਖਾਇਆ ਜਾਦਾਂ ਹੈ।ਇਸ ਤੋ ਇਲਾਵਾ ਦਹੀ ਦਾ ਵੀ ਮੋਟਾ ਬਿਲ ਬਣਦਾ ਹੈ ਜਦੋ ਕਿ ਲੰਗਰ ਵਿਚ ਦਹੀ ਵਰਤਾਇਆ ਹੀ ਨਹੀਂ ਜਾਂਦਾ। ਕੀਰਤਪੁਰ ਸਾਹਿਬ ਦੇ ਗੁ:ਬਾਬਾ ਗੁਰਦਿਤਾ ਜੀ ਵਿਖੇ ਚੜਤ ਵਿਚ ਆਈਆਂ ਦਾਲਾਂ ਤੇ ਹੋਰ ਰਸਦਾਂ ਵੇਚਣ ਦੇ ਵੀ ਕਥਿਤ ਦੋਸ਼ ਲਾਏ ਗਏ ਹਨ। ਨੰਗਲ ਤੋ ਲਿਆਈ ਜਾਂਦੀ ਸਬਜੀ ਜੋ 5 ਤੋ 10 ਹਜਾਰ ਰੁਪਏ ਦੇ ਕਰੀਬ ਬਣਦੀ ਹੈ ਪਰ ਬਿਲ 50 ਹਜਾਰ ਦੇ ਕਰੀਬ ਬਨਾਉਣ ਦੇ ਕਥਿਤ ਗੰਭੀਰ ਦੋਸ਼ ਲਗਾਏ ਗਏ ਹਨ।

ਚਿੱਠੀ ਵਿਚ ਅੱਗੇ ਲਿਖਿਆ ਹੈ ਕਿ ਇਹ ਗੱਲਾਂ ਤਾਂ ਸਿਰਫ ਨਾਮ ਮਾਤਰ ਹਨ ਜੇਕਰ ਸੁਚੱਜੇ ਢੰਗ ਨਾਲ ਜਾਂਚ ਕਰਵਾਈ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਹਨ। ਇਸ ਚਿੱਠੀ ਦੀ ਪੁਸ਼ਟੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿ:ਤਰਲੋਚਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਮੈਨੇਜਰ ਜਵਾਹਰ ਸਿੰਘ ਆਦਿ ਨੇ ਵੀ ਕੀਤੀ। ਪਰ ਉਨਾਂ ਕਿਹਾ ਕਿ ਮੁਲਾਜਮਾਂ ਦੀ ਆਪਸੀ ਰੰਜਸ਼ਬਾਜੀ ਕਰਕੇ ਅਜਿਹੀ ਗੁਪਤ ਚਿੱਠੀ ਚਰਚਾ ਵਿਚ ਆਈ ਹੈ। ਜੇਕਰ ਕੋਈ ਗੱਲ ਸਾਹਮਣੇ ਆਵੇ ਤਾਂ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top