Share on Facebook

Main News Page

ਸ਼੍ਰੋਮਣੀ ਕਮੇਟੀ ਨੇ ਇਤਿਹਾਸ ਸੁਧਾਰਨ ਦੀ ਥਾਂ ਵਿਗਾੜਿਆ: ਗਿਆਨੀ ਜਗਤਾਰ ਸਿੰਘ ਜਾਚਕ

ਨਿਊਯਾਰਕ, 25 ਅਕਤੂਬਰ (ਤਰਲੋਚਨ ਸਿੰਘ ਦੀਪਾਲਪੁਰ) : ਪੰਥ ਦਾ ਬੁੱਧੀਜੀਵੀ ਤੇ ਜਾਗਰੂਕ ਵਰਗ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਕੂਕ-ਕੂਕ ਕੇ ਕਹਿੰਦਾ ਆ ਰਿਹਾ ਕਿ ਉਹ ਗੁਰਸਿੱਖ ਵਿਦਵਾਨਾਂ ਦੀਆਂ ਗੋਸ਼ਟੀਆਂ ਕਰਵਾ ਕੇ ਗੁਰਮਤਿ ਸਿਧਾਂਤਾਂ ਦੇ ਨਿਰਣੇ ਕਰਵਾਏ ਅਤੇ ਗੁਰਇਤਿਹਾਸ ਦੇ ਮੁਢਲੇ ਸੋਮਿਆਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਦਿਆਂ ਇਕ ਪ੍ਰਮਾਣੀਕ ਗੁਰਇਤਿਹਾਸ ਲਿਖਵਾਏ, ਤਾਂ ਜੋ ਗੁਰਮਤਿ ਵਿਚਾਰਧਾਰਾ ਦੀ ਨਿਰਮਲਤਾ ਤੇ ਨਿਆਰਾਪਣ ਕਾਇਮ ਰਹੇ, ਅਤੇ ਪੰਥਕ ਏਕਤਾ ਵੀ ਮਜ਼ਬੂਤ ਹੋਵੇ ਪਰ ਦੁੱਖ ਦੀ ਗੱਲ ਹੈ, ਕਿ ਵਾੜ ਦੇ ਖੇਤ ਨੂੰ ਖਾਣ ਵਾਂਗ ਸ਼੍ਰੋਮਣੀ ਕਮੇਟੀ ਇਤਿਹਾਸ ਨੂੰ ਸੁਧਾਰਨ ਤੇ ਨਿਖਾਰਨ ਦੀ ਥਾਂ ਵਿਗਾੜ ਕੇ ਹੋਰ ਭੰਬਲਭੂਸੇ ਪੈਦਾ ਕਰੀ ਜਾ ਰਹੀ ਹੈ।

ਇਹ ਵਿਚਾਰ ਕੌਮਾਂਤਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਗੁਰਦਵਾਰਾ ਗਲੈਨਕੋਵ (ਨਿਊਯਾਰਕ) ਦੀ ਸਟੇਜ ਤੋਂ ਉਦੋਂ ਕਹੇ, ਜਦੋਂ ਅੱਜ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਪੁਰਬ ਸਬੰਧੀ ਵਿਸ਼ੇਸ਼ ਦੀਵਾਨ ਸਜੇ। ਉਨ੍ਹਾਂ ਨੇ ‘ਸਿੱਖ ਫ਼ੋਰਮ ਗਲੈਨਕੋਵ’ ਮੂਲ-ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਮਨਾਉਣ ਦੀ ਵਧਾਈ ਦਿੰਦਿਆਂ ਅਪਣੇ ਉਪਰੋਕਤ ਵਿਚਾਰਾਂ ਦੀ ਸਪਸ਼ਟਤਾ ਲਈ ਦੱਸਿਆ ਕਿ ਹੈਰਾਨੀ ਦੀ ਗੱਲ ਹੈ, ਕਿ ਸ਼੍ਰੋਮਣੀ ਕਮੇਟੀ ਦੀ ਅਪਣੀ ਵੈਬਸਾਈਟ ’ਤੇ ਦਸਮ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਦੀ ਮਿਤੀ ਕਤਕ ਸੁਦੀ 5 ਮੁਤਾਬਕ 7 ਅਕਤੂਬਰ ਦਰਜ ਹੈ ਅਤੇ ਉਨ੍ਹਾਂ ਵਲੋਂ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਦੀ ਮਿਤੀ ਕਤਕ ਸੁਦੀ 4 (ਚੌਥ) ਮੁਤਾਬਕ 6 ਅਕਤੂਬਰ ਦਰਜ ਹੈ, ਜੋ ਪ੍ਰਮਾਣੀਕ ਪ੍ਰਾਚੀਨ ਇਤਿਹਾਸਕ ਸਰੋਤ ਭੱਟ ਵਹੀਆਂ, ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ‘ਸਿੱਖ ਇਤਿਹਾਸ ਭਾਗ ਪਹਿਲਾ’ (ਲਿਖਤ ਪ੍ਰੋ. ਕਰਤਾਰ ਸਿੰਘ ਐਮ.ਏ.) ਅਨਸਾਰ ਬਿਲਕੁਲ ਸਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 400 ਸਾਲਾ ਗੁਰਗੱਦੀ ਪੁਰਬ ’ਤੇ ਧਰਮ ਪ੍ਰਚਾਰ ਕਮੇਟੀ ਵਲੋਂ ਕੱਢੇ ‘ਗੁਰਮਤਿ ਪ੍ਰਕਾਸ਼’ ਦੇ ਵਿਸ਼ੇਸ਼ ਅੰਕ 2008 ਵਿਚ ਪ੍ਰਕਾਸ਼ਤ ਕੀਤੇ ਦਰਜਨ ਦੇ ਲਗਭਗ ਵਿਦਵਾਨਾਂ ਦੇ ਲੇਖਾਂ ਵਿਚ ਵੀ ਇਹੀ ਤਰੀਖਾਂ ਹਨ।

2009 ਤਕ ਛਾਪੇ ਜਾਂਦੇ ਰਹੇ ਨਾਨਕਸ਼ਾਹੀ ਕੈਲੰਡਰ ਵਿਚ ਵੀ ਗੁਰਪੁਰਬਾਂ ਦੇ ਇਹੀ ਦਿਹਾੜੇ ਅੰਕਤ ਹਨ। ਸਿਤਮ ਤੇ ਹਨੇਰਗਰਦੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਨੇ ਡੇਰੇਦਾਰਾਂ ਦੀਆਂ ਵੋਟਾਂ ਬਟੋਰਨ ਦੀ ਨੀਤੀ ਤਹਿਤ ਉਪਰੋਕਤ ਪਰਤੱਖ ਸਚਾਈ ਦੇ ਹੁੰਦਿਆਂ ਵੀ ਵਿਗਾੜ ਕੇ ਛਾਪੇ ਨਵੇਂ ਨਾਨਕਸ਼ਾਹੀ ਕੈਲੰਡਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਤਰੀਖ਼ ਕੱਤਕ ਸੁਦੀ 4 (ਚੌਥ) ਬਦਲ ਕੇ ਕਤਕ ਸੁਦੀ 2 (ਦੂਜ) ਕਰ ਦਿਤਾ ਗਿਆ ਹੈ, ਭਾਵ 6 ਕੱਤਕ ਤੋਂ 4 ਕੱਤਕ। ਜਾਚਕ ਜੀ ਨੇ ਅਖ਼ੀਰ ਵਿਚ ਖ਼ਾਲਸਾ ਪੰਥ ਨੂੰ ਝੰਜੋੜਦਿਆਂ ਕਿਹਾ ਕਿ ਖ਼ਾਲਸਾ ਜੀ ਕੀ ਅਸੀਂ ਇੰਜ ਹੀ ਹਵਾ ਵਿਚ ਤੀਰ ਛੱਡ ਕੇ ਰੋਣਾ ਰੋਂਦੇ ਰਹਾਂਗੇ ਜਾਂ ਅਜਿਹੇ ਰਾਜਨੀਤਕ ਜਰਵਾਣਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਾਰਉਣ ਦਾ ਕੋਈ ਹੋਰ ਕਾਰਗਰ ਢੰਗ ਵੀ ਅਪਣਾਵਾਂਗੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top