Share on Facebook

Main News Page

ਹੱਤਿਆ ਕਾਂਡ ਦੇ ਚਸ਼ਮਦੀਦ ਗਵਾਹ ਕੁਲਦੀਪ ਸਿੰਘ ਦੀ ਮੌਤ

* ਪ੍ਰਸ਼ਾਸਨ ਨੇ ਇਹਤਿਆਤ ਵਜੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ

ਗੁਰਬਖ਼ਸ਼ਪੁਰੀ, ਤਰਨ ਤਾਰਨ, 27 ਅਕਤੂਬਰ: ਮਨੁੱਖੀ ਅਧਿਕਾਰਾਂ ਦੇ ਅੰਤਰ ਰਾਸ਼ਟਰੀ ਪੱਧਰ ਦੇ ਆਗੂ ਜਸਵੰਤ ਸਿੰਘ ਖਾਲੜਾ ਨੂੰ ਜ਼ਿਲ੍ਹਾ ਪੁਲੀਸ ਵਲੋਂ ਅਗਵਾ ਕਰਨ ਉਪਰੰਤ ਮਾਰ ਮੁਕਾਉਣ ਦੇ ਮਾਮਲੇ ਦੇ ਚਸ਼ਮਦੀਦ ਗਵਾਹ 42 ਸਾਲਾ ਕੁਲਦੀਪ ਸਿੰਘ ਬਚੜੇ ਦੀ ਬੀਤੀ ਰਾਤ ਇਥੋਂ ਚਾਰ ਕਿਲੋਮੀਟਰ ਦੂਰ ਉਸ ਦੇ ਜੱਦੀ ਪਿੰਡ ਬਚੜੇ ਵਿਖੇ ਮੌਤ ਹੋ ਗਈ। ਕੁਲਦੀਪ ਸਿੰਘ ਜੋ ਪਹਿਲਾਂ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਦਾ ਜਵਾਨ ਸੀ, ਨੂੰ ਇਸ ਅਤਿ ਕਿਸਮ ਦੇ ਸੰਵੇਦਨਸ਼ੀਲ ਮਾਮਲੇ ਦਾ ਚਸ਼ਮਦੀਦ ਗਵਾਹ ਹੋਣ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੀ.ਆਰ.ਪੀ. ਐਫ. ਦੀ ਸੁਰੱਖਿਆ ਮਿਲੀ ਹੋਈ ਸੀ।

ਐਸ.ਐਸ.ਪੀ. ਮਨਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਵਿਖੇ ਦਫਾ 174 ਅਧੀਨ ਰਿਪੋਰਟ ਦਰਜ ਕੀਤੀ ਗਈ ਹੈ। ਪ੍ਰਸ਼ਾਸਨ ਨੇ ਕਿਸੇ ਕਿਸਮ ਦੀ ਵਿਵਾਦਮਈ ਸਥਿਤੀ ਤੋਂ ਬਚਣ ਲਈ ਲਾਸ਼ ਦਾ ਪੋਸਟਮਾਰਟਮ ਤਿੰਨ ਮੈਂਬਰੀ ਬੋਰਡ ਤੋਂ ਕਰਾਇਆ ਹੈ। ਬਚੜੇ ਦਾ ਸਸਕਾਰ ਅੱਜ ਹੀ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਬੀਤੀ ਰਾਤ ਦੀਵਾਲੀ ਹੋਣ ਕਰਕੇ ਜਦੋਂ ਚਾਰ ਚੁਫੇਰੇ ਆਤਿਸ਼ਬਾਜੀ ਚਲਾਏ ਜਾਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਕੁਲਦੀਪ ਦੀ ਪਤਨੀ ਕੰਵਲਜੀਤ ਨੇ 9 ਵਜੇ ਦੇ ਕਰੀਬ ਸੁਰੱਖਿਆ ਡਿਊਟੀ ਦੇ ਰਹੇ ਸੀ.ਆਰ.ਪੀ.ਐਫ. ਦੇ ਕਰਮਚਾਰੀਆਂ ਨੂੰ ਕੁਲਦੀਪ ਦੀ ਅਚਾਨਕ ਵਿਗੜ ਗਈ ਸਿਹਤ ਬਾਰੇ ਦੱਸਿਆ। ਕੁਲਦੀਪ ਦੇ ਮੂੰਹ ਵਿਚੋਂ ਝੱਗ ਵਹਿ ਰਹੀ ਸੀ।

ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਵਾਹਨ ਦਾ ਪ੍ਰਬੰਧ ਕਰਕੇ ਕੁਲਦੀਪ ਨੂੰ ਇਥੋਂ ਦੇ ਸਿਵਲ ਹਸਪਤਾਲ ਲਿਆਂਦਾ। ਜਿੱਥੇ ਡਾਕਟਰ ਨੇ ਉਸ ਦੀ ਰਸਤੇ ’ਚ ਆਉਂਦਿਆਂ ਮੌਤ ਹੋਣਾ ਕਰਾਰ ਦਿੱਤਾ। ਰਾਤ ਨੂੰ ਹੀ ਸੀ.ਆਰ.ਪੀ.ਐਫ. ਵਾਲਿਆਂ ਕੁਲਦੀਪ ਦੀ ਮੌਤ ਸਬੰਧੀ ਜਾਣਕਾਰੀ ਥਾਣਾ ਸਿਟੀ ਦੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ।

ਕੁਲਦੀਪ ਸਿੰਘ ਬਚੜਾ ਕੋਈ ਪੰਜ ਕੁ ਮਹੀਨੇ ਪਹਿਲਾਂ ਅਚਾਨਕ ਘਰੋਂ ਗਾਇਬ ਹੋ ਗਿਆ ਸੀ ਅਤੇ ਅਗਲੇ ਹੀ ਦਿਨ ਉਸ ਨੂੰ ਬਟਾਲਾ ਦੀ ਪੁਲੀਸ ਨੇ ਇਕ ਗੁਰਦੁਆਰੇ ’ਚੋਂ ਲੱਭ ਲਿਆ ਸੀ। ਕੁਲਦੀਪ ਸਿੰਘ 1985 ਵਿਚ ਮੌਕੇ ਦੇ ਐਸ.ਐਚ.ਓ. (ਝਬਾਲ) ਸਤਨਾਮ ਸਿੰਘ ਦਾ ਗੰਨਮੈਨ ਸੀ ਜਦੋਂ ਜ਼ਿਲ੍ਹਾ ਪੁਲੀਸ ਨੇ ਜਸਵੰਤ ਸਿੰਘ ਖਾਲੜਾ ਨੂੰ ਉਸ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਕਬੀਰ ਪਾਰਕ ਤੋਂ ਅਗਵਾ ਕਰਨ ਉਪਰੰਤ ਤਸ਼ੱਦਦ ਕਰਕੇ ਮਾਰ ਮੁਕਾਇਆ ਸੀ। ਕੁਲਦੀਪ ਇਨ੍ਹਾਂ ਘਟਨਾਵਾਂ ਦਾ ਸੀ.ਬੀ.ਆਈ. ਵੱਲੋਂ ਚਸ਼ਮਦੀਦ ਗਵਾਹ ਸੀ। ਇਸੇ ਕਰਕੇ ਹੀ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਸਨ।

ਕੁਲਦੀਪ ਨੂੰ ਸੁਰੱਖਿਆ ਲੈਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਛੋਟੀ ਕਿਸਾਨੀ ਨਾਲ ਸਬੰਧਤ ਕੁਲਦੀਪ ਦੇ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ। ਉਸ ਦੀਆਂ ਦੋ ਲੜਕੀਆਂ ਤੇ ਅੱਠ ਸਾਲ ਦਾ ਇਕ ਲੜਕਾ ਹੈ। ਜਸਵੰਤ ਸਿੰਘ ਖਾਲੜਾ ਪੰਜਾਬ ਵਿੱਚ ਦਹਿਸ਼ਤ- ਗਰਦੀ ਨਾਲ ਸਿੱਝਣ ਦੇ ਨਾਂ ਹੇਠ ਕੋਈ 25000 ਨੌਜਵਾਨਾਂ ਨੂੰ ਮਾਰ ਦੇਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਅਣਪਛਾਤੀਆਂ ਕਹਿ ਕੇ ਜਲਾ ਦੇਣ ਦੇ ਮਾਮਲੇ ਦੀ ਸੀ.ਬੀ.ਆਈ. ਵਲੋਂ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ।

ਖਾਲੜਾ ਕੇਸ ਨਾਲ ਸਬੰਧਤ ਐਸ.ਐਸ.ਪੀ. (ਤਰਨ ਤਾਰਨ) ਅਜੀਤ ਸਿੰਘ ਸੰਧੂ ਨੇ 2006 ਵਿਚ ਗੱਡੀ ਅੱਗੇ ਛਲਾਂਗ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਜਦੋਂਕਿ ਡੀ.ਐਸ.ਪੀ. ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ। ਇਸ ਕੇਸ ਵਿਚ ਡੀ.ਐਸ.ਪੀ. ਜਸਪਾਲ ਸਿੰਘ ਸਮੇਤ ਪੁਲੀਸ ਅਧਿਕਾਰੀ ਸੁਰਿੰਦਰਪਾਲ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ ਅਤੇ ਪ੍ਰਿਥੀਪਾਲ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ, ਜੋ ਹਾਈ ਕੋਰਟ ਵਲੋਂ ਵੀ ਬਹਾਲ ਕੀਤੀ ਗਈ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ, ਜਿਸ ਸਬੰਧੀ ਬਚਾਓ ਪੱਖ ਅਤੇ ਦੋਸ਼ੀ ਧਿਰ ਦੋਹਾਂ ਨੇ ਅਪੀਲ ਦਾਇਰ ਕੀਤੀ ਹੋਈ ਹੈ। ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ (ਸਰਪ੍ਰਸਤ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਅੱਜ ਪਿੰਡ ਬਚੜੇ ਆ ਕੇ ਕੁਲਦੀਪ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕੁਲਦੀਪ ਸਿੰਘ ਵਲੋਂ ਦਿਖਾਈ ਭਾਵਨਾ ਦੀ ਤਾਰੀਫ ਕਰਦਿਆਂ ਕਿਹਾ ਕਿ ਉਸ ਨੇ ਸੱਚ ਦੀ ਖਾਤਰ ਆਪਣੀ ਜਾਨ ਤਕ ਖ਼ਤਰੇ ਵਿਚ ਪਾਈ ਅਤੇ ਇਥੋਂ ਤਕ ਕਿ ਨੌਕਰੀ ਵੀ ਗੁਆ ਲਈ। ਸਸਕਾਰ ਮੌਕੇ ਇਲਾਕੇ ਦੇ ਵੱਡੀ ਗਿਣਤੀ ਲੋਕ ਮੌਜੂਦ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top