Share on Facebook

Main News Page

ਸ਼੍ਰੋਮਣੀ ਕਮੇਟੀ ਚੋਣਾਂ ਤੋਂ ਬਾਅਦ ਸੰਤ ਸਮਾਜ ਦੀ ਅੱਖ ਪੰਜਾਬ ਵਿਧਾਨ ਸਭਾ ਚੋਣਾਂ ਵੱਲ

* ਸੰਤ ਸਮਾਜ ਮੰਗ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਤੋ ਆਪਣੀ ਉਮੀਦਵਾਰਾਂ ਲਈ ਸੀਟਾਂ
* ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸੰਤ ਸਮਾਜ ਗਠਜੋੜ ਵਿਚ ਭਾਜਪਾ ਹੈ ਅੜਿੱਕਾ

ਚੰਡੀਗੜ੍ਹ, 29 ਅਕਤੂਬਰ (ਗੁਰਪ੍ਰੀਤ ਮਹਿਕ) : ਹਾਲ ਹੀ ਵਿਚ ਹੋਈਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸੰਤ ਸਮਾਜ ਗਠਜੌੜ ਨੇ ਪੰਥਕ ਮੋਰਚਾ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੂੰ ਕਰਾਰੀ ਹਾਰ ਦੇ ਕੇ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਹੈ। ਇਹ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਸੰਤ ਸਮਾਜ ਗਠਜੋੜ ਨੇ ਸਾਂਝੇ ਤੌਰ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜ੍ਹਈਆਂ ਅਤੇ ਜਿੱਤ ਪ੍ਰਾਪਤ ਕੀਤੀ।

ਸਿਆਸੀ ਹਲਕਿਆਂ ਵਿੱਚ ਇਹ ਆਮ ਚਰਚਾ ਹੈ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜੋਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਸੰਤ ਸਮਾਜ ਨੂੰ ਖੁਸ਼ ਕਰਨ ਲਈ ਹਾਲ ਹੀ ਵਿਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸੰਤ ਸਮਾਜ ਨੂੰ ਟਿਕਟਾਂ ਦਿੱਤੀਆਂ। ਸੂਤਰਾਂ ਅਨੁਸਾਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋ ਨਾਨਕਸ਼ਾਹੀ ਕੈਲੰਡਰ ਦੇ ਸੋਧ ਦੇ ਮਾਮਲੇ ਵਿਚ ਨਾਰਾਜ ਸੀ।

ਸ਼੍ਰੋਮਣੀ ਅਕਾਲੀ ਦਲ ਨੂੰ ਸੰਤ ਸਮਾਜ ਦੇ ਦਬਾਓ ਹੇਠ ਆ ਕੇ ਸੰਤ ਸਮਾਜ ਅਨੁਸਾਰ ਕੈਲੰਡਰ ਵਿਚ ਸੋਧ ਕਰਨੀ ਪਈ। ਭਾਵੇਂ ਕਿ ਕੈਲੰਡਰ ਵਿਚ ਸੋਧ ਦਾ ਬਹੁਤ ਜਿਆਦਾ ਵਿਰੋਧ ਹੋਇਆ ਪ੍ਰੰਤੂ ਸੰਤ ਸਮਾਜ ਦਾ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੇ ਦਬਾਓ ਕੰਮ ਆਇਆ। ਸੌਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋ ਬਾਅਦ ਵਿਚ ਸੰਤ ਸਮਾਜ ਪੂਰੀ ਤਰ੍ਹਾਂ ਖੁਸ਼ ਨਹੀਂ ਹੋਇਆ।

ਸੂਤਰਾਂ ਮੁਤਾਬਿਕ ਸੰਤ ਸਮਾਜ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰਾਂ ਦਾ ਵਿਰੋਧ ਨਾ ਕਰੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਸਮਾਜ ਦੇ ਉਮੀਦਵਾਰਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲੜ੍ਹਾਈਆਂ। ਸੰਤ ਸਮਾਜ ਵੱਲੋ ਖੁਲੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਇਹ ਸਾਬਤ ਕਰ ਦਿੱਤਾ ਕਿ ਸੰਤ ਸਮਾਜ ਇਸ ਪਾਰਟੀ ਨਾਲ ਖੜ੍ਹਾ ਹੈ। ਇਹ ਸੰਤ ਸਮਾਜ ਦਾ ਦਬਾਓ ਹੀ ਸੀ ਕਿ ਫ਼ਤਹਿਗੜ੍ਹ ਸਾਹਿਬ ਤੋ ਸ਼੍ਰੋਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ ਦੇ ਮੈਂਬਰ ਸ: ਕਰਨੈਲ ਸਿੰਘ ਪੰਜੋਲੀ ਦੀ ਟਿਕਟ ਕੱਟ ਕੇ ਸੰਤ ਸਮਾਜ ਦੇ ਉਮੀਦਵਾਰ ਨੂੰ ਦੇ ਦਿੱਤੀ ਗਈ। ਸ: ਪੰਜੋਲੀ ਦੀ ਟਿਕਟ ਕੱਟੇ ਜਾਣ ਤੋ ਬਾਅਦ ਕੋਈ ਵਿਰੋਧ ਪੈਦਾ ਹੁੰਦਾ ਇਸ ਤੋ ਪਹਿਲਾਂ ਹੀ ਸ: ਪਰਕਾਸ਼ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਸ: ਪੰਜੋਲੀ ਨੂੰ ਸ਼੍ਰੋਮਣੀ ਕਮੇਟੀ ਵਿਚ ਕੁਆਪਟ ਕੀਤਾ ਜਾਵੇਗਾ। ਸ: ਪੰਜੋਲੀ ਨੇ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਦਾ ਵਿਰੋਧ ਕੀਤਾ ਸੀ।ਸੰਤ ਸਮਾਜ ਦੀ ਮੌਜੂਦਾ ਸਮੇਂ ਵਿਚ ਅਗਵਾਈ ਹਰਨਾਮ ਸਿੰਘ ਧੁੰਮਾਂ ਕਰ ਰਹੇ ਹਨ। ਉਹ ਕਿਸ ਸੁਭਾਅ ਦੇ ਮਾਲਕ ਹਨ, ਪੰਜਾਬ ਦੇ ਲੋਕ ਇਸ ਗੱਲ ਤੋ ਭਲੀਭਾਂਤ ਜਾਣੂ ਹਨ।

ਹਾਲ ਹੀ ਵਿਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਤੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਧੁੰਮਾਂ ਦੀ ਤਾਜਪੋਸ਼ੀ ਸਮਾਗਮ ਵਿਚ ਸ਼ਮੂਲੀਅਤ ਕਰਨਾ ਉਨ੍ਹਾਂ ਦੀ ਜਿੰਦਗੀ ਦੀ ਵੱਡੀ ਗਲਤੀ ਸੀ। ਭਾਵੇਂ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਗਠਜੋੜ ਦੋਵੇ ਧਿਰਾਂ ਦਾ ਸਵਾਰਥ ਸੀ , ਇਸ ਲਈ ਇਹ ਗਠਜੋੜ ਸਿਰੇ ਜੜਿਆ। ਜੇ ਦੋਵਾਂ ਧਿਰਾਂ ਅਲੱਗ ਅਲੱਗ ਤੌਰ ਤੇ ਚੌਣ ਲੜ੍ਹਦੀਆਂ ਤਾਂ ਦੋਵਾਂ ਧਿਰਾਂ ਦਾ ਨੁਕਸਾਨ ਹੋ ਸਕਦਾ ਸੀ।ਸੂਤਰਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੰਤ ਸਮਾਜ ਵੱਲੋ ਆਪਣੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਰੱਲ ਕੇ ਉਤਾਰੇ ਜਾਣ ਸਮੇਂ ਹੀ ਸੰਤ ਸਮਾਜ ਨੇ ਇਹ ਸੋਚ ਲਿਆ ਸੀ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੰਤ ਸਮਾਜ, ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਵਿੱਚ ਵੀ ਆਪਣੀ ਸਾਂਝ ਬਰਕਰਾਰ ਰੱਖੇ। ਇਸ ਸਾਂਝ ਵਿਚ ਵੱਡੀ ਰੁਕਾਵਟ ਭਾਜਪਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਵਿਧਾਨ ਸਭਾ ਚੋਣਾਂ ਇੱਕਠੇ ਲੜ੍ਹਣ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ। ਸੰਤ ਸਮਾਜ ਦਾ ਭਾਜਪਾ ਨਾਲ ਤਾਲਮੇਲ ਸਥਾਪਿਤ ਹੋਣਾ ਮੁਸ਼ਕਲ ਹੈ, ਕਿਉਂਕਿ ਸੰਤ ਸਮਾਜ ਦੀ ਸਿੱਖ ਕੌਮ ਦੇ ਸ਼ਹੀਦ ਜਿਵੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਸਤਿਕਾਰਤਿ ਰੱਵਈਆਂ ਹੈ, ਪ੍ਰੰਤੂ ਭਾਜਪਾ ਸੰਤ ਭਿੰਡਰਾਂਵਾਲੇ ਅਤੇ ਹੋਰਨਾਂ ਸਿੱਖ ਸ਼ਹੀਦਾਂ ਦਾ ਵਿਰੋਧ ਕਰਦੀ ਆ ਰਹੀ ਹੈ। ਸੰਤ ਸਮਾਜ ਦਾ ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾਬ ਵਿਧਾਨ ਸਭਾ ਲਈ ਟਿਕਟਾਂ ਮੰਗਣਾਂ ਬਾਦਲ ਦਲ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਸੂਤਰਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਵਿੱਚ ਆਪਣਾ ਦਬਦਬਾ ਬਣਾਉਣ ਤੋ ਬਾਅਦ ਸੰਤ ਸਮਾਜ ਪੰਜਾਬ ਵਿਧਾਨ ਸਭਾ ਵਿਚ ਦਾਖਲੇ ਬਾਰੇ ਸੋਚ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top