Share on Facebook

Main News Page

ਸਿੱਖ ਮਿਸ਼ਨਰੀ ਕਾਲਜ ਨੇ ਸਕੂਲੀ ਬੱਚਿਆਂ ਦੀ ਧਾਰਮਕ ਪ੍ਰੀਖਿਆ ਲਈ

ਬਠਿੰਡਾ, 7 ਨਵੰਬਰ(ਕਿਰਪਾਲ ਸਿੰਘ): ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵਲੋਂ 5 ਅਤੇ 6 ਨਵੰਬਰ ਨੂੰ ਸਕੂਲੀ ਬੱਚਿਆਂ ਦੀ ਲਿਖਤੀ ਧਾਰਮਕ ਪ੍ਰੀਖਿਆ ਲਈ ਗਈ। ਧਾਰਮਕ ਪ੍ਰੀਖਿਆ ਪ੍ਰੋਜੈਕਟ ਬਠਿੰਡਾ ਸਰਕਲ ਦੇ ਇੰਨਚਾਰਜ ਭਾਈ ਕਿੱਕਰ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਲਜ ਵਲੋਂ ਹਰ ਸਾਲ ਸਮੁੱਚੇ ਪੰਜਾਬ ਅਤੇ ਸਿੱਖ ਅਬਾਦੀ ਵਾਲੇ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿਚ ਨਵੰਬਰ ਮਹੀਨੇ ਵਿੱਚ ਧਾਰਮਕ ਪ੍ਰੀਖਿਆ ਲਈ ਜਾਂਦੀ ਹੈ। ਅਕਾਦਮਕ ਪੱਧਰ ਅਨੁਸਰ ਬੱਚਿਆਂ ਦੀ ਤਿੰਨ ਦਰਜਿਆਂ ਵਿੱਚ ਵੰਡ ਕੀਤੀ ਜਾਂਦੀ ਹੈ। ਤੀਜੀ ਤੋਂ ਪੰਜਵੀਂ ਜਮਾਤ ਤੱਕ ਪਹਿਲਾ ਦਰਜਾ, ਛੇਵੀਂ ਤੋਂ ਅੱਠਵੀ ਤੱਕ ਦੂਸਰਾ ਦਰਜਾ ਅਤੇ ਨੌਵੀਂ ਤੋਂ +2 ਤੱਕ ਨੂੰ ਤੀਜਾ ਦਰਜਾ ਦਾ ਨਾਮ ਦਿੱਤਾ ਜਾਂਦਾ ਹੈ। ਬੱਚਿਆਂ ਦੇ ਅਕਾਦਮਕ ਪੱਧਰ ਅਨੁਸਾਰ ਤਿੰਨੇ ਦਰਜਿਆਂ ਦਾ ਵੱਖ ਵੱਖ ਸਿਲੇਬਸ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਗੁਰਬਾਣੀ, ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਸ਼ਾਮਲ ਹੁੰਦੇ ਹਨ। ਕਾਲਜ ਵਲੋਂ ਸਿਲੇਬਸ ਅਨੁਸਾਰ ਔਬਜੈਕਟਿਵ ਟਾਈਪ (ਸੰਖੇਪ ਪ੍ਰਸ਼ਨ ਉਤਰ) ਪ੍ਰਸ਼ਨ ਪੱਤਰ ਸੈੱਟ ਕੀਤਾ ਜਾਂਦਾ ਹੈ ਜਿਹੜਾ ਕਿ ਪ੍ਰੀਖਿਆਰਥੀ ਨੇ ਦੋ ਘੰਟੇ ਦੇ ਸਮੇਂ ਵਿੱਚ ਹੱਲ ਕਰਨਾ ਹੁੰਦਾ ਹੈ।

ਇਸ ਤੋਂ ਪਹਿਲਾਂ ਇਹ ਪੇਪਰ ਐਤਵਾਰ ਵਾਲੇ ਦਿਨ ਹੁੰਦੇ ਸਨ ਪਰ ਕੁਝ ਸਕੂਲਾਂ ਵਲੋਂ ਇਹ ਸੁਝਾਉ ਦਿੱਤਾ ਗਿਆ ਕਿ ਛੁੱਟੀ ਵਾਲੇ ਦਿਨ ਜਿਆਦਾਤਰ ਬੱਚੇ ਪ੍ਰੀਖਿਆ ਦੇਣ ਨਹੀਂ ਆਉਂਦੇ ਇਸ ਲਈ ਇਹ ਪ੍ਰੀਖਿਆ ਕਿਸੇ ਵਰਕਿੰਗ ਡੇ ਵਾਲੇ ਦਿਨ ਰੱਖੀ ਜਾਵੇ। ਸਕੂਲਾਂ ਦੇ ਇਸ ਜਾਇਜ ਸੁਝਾਉ ਦਾ ਸਨਮਾਨ ਰੱਖਦਿਆਂ ਇਸ ਵਾਰ ਇਹ ਪ੍ਰੀਖਿਆ ਸਨਿਚਰਵਾਰ ਅਤੇ ਐਤਵਾਰ ਦੋ ਦਿਨ ਰੱਖੀ ਗਈ। ਜਿਹੜੇ ਸਕੂਲ ਸਨਿਚਰਵਾਰ ਨੂੰ ਸਹਿਮਤ ਹੋਏ ਉਨ੍ਹਾਂ ਦੇ ਬੱਚਿਆਂ ਦੀ ਪ੍ਰੀਖਿਆ ਸਨਿਚਰਵਾਰ ਨੂੰ ਅਤੇ ਜਿਹੜੇ ਐਤਵਾਰ ਨੂੰ ਸਹਿਮਤ ਹੋਏ ਉਨ੍ਹਾਂ ਦੀ ਐਤਵਾਰ ਨੂੰ ਰੱਖੀ ਗਈ।

ਭਾਈ ਕਿੱਕਰ ਸਿੰਘ ਨੇ ਦੱਸਿਆ ਕਿ ਬਠਿੰਡਾ ਸਰਕਲ ਦੇ ਸਥਨਕ ਬਠਿੰਡਾ ਸ਼ਹਿਰ, ਤਲਵੰਡੀ ਸਾਬੋ, ਜੰਗੀਰਾਣਾ, ਨਾਂਗਲਾ, ਗੋਨਿਆਣਾ ਮੰਡੀ, ਨੇਹੀਆਂਵਾਲਾ, ਕਰਾੜਵਾਲਾ, ਮਹਿਮਾ ਸਰਜਾ ਅਤੇ ਭੋਖੜਾ ਦੇ 15 ਸਕੂਲਾਂ ਦੇ 507 ਬੱਚਿਆਂ ਨੇ ਦਾਖ਼ਲੇ ਭਰੇ ਸਨ ਜਿਨਾਂ ਲਈ 8 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਅਤੇ ਇਨ੍ਹਾਂ ਕੇਂਦਰਾਂ ਵਿੱਚ 5 ਅਤੇ 6 ਨਵੰਬਰ ਨੂੰ ਧਾਰਮਕ ਪ੍ਰੀਖਿਆ ਲਈ ਗਈ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਇਸ ਪ੍ਰੀਖਿਆ ਦਾ ਨਤੀਜਾ ਦਸੰਬਰ/ਜਨਵਰੀ ਮਹੀਨੇ ਵਿੱਚ ਐਲਾਨੇ ਜਾਣ ਦੀ ਸੰਭਾਵਨਾ ਹੈ। ਹਰ ਗਰੁੱਪ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚੇ ਨੂੰ ਕਰਮ ਅਨੁਸਾਰ 3000, 2000 ਅਤੇ 1000 ਰੁਪਏ ਨਕਦ ਇਨਾਮ ਤੋਂ ਇਲਾਵਾ ਵਿਸ਼ੇਸ਼ ਸ਼ੀਲਡਾਂ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਮੈਰਿਟ ਵਿੱਚ ਆੳਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਅਤੇ ਸਰਟੀਫਿਕੇਟ ਅਤੇ ਸਾਰੇ ਪਾਸ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦਿੱਤੇ ਜਾਣਗੇ। ਭਾਈ ਕਿੱਕਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਧਾਰਮਕ ਪ੍ਰ੍ਰੀਖਿਆਵਾਂ ਰਾਹੀਂ ਜਿੱਥੇ ਬੱਚਿਆਂ ਵਿੱਚ ਸਿੱਖ ਧਰਮ ਸਬੰਧੀ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹ ਪੈਦਾ ਹੁੰਦਾ ਹੈ ਉਥੇ ਨਿਸ਼ਕਾਮ ਤੌਰ ’ਤੇ ਬਚਿਆਂ ਦੀਆਂ ਕਲਾਸਾਂ ਲਾਉਣ, ਪ੍ਰੀਖਿਆ ਵਾਲੇ ਦਿਨ ਨਿਗਰਾਨ ਅਮਲੇ ਦੇ ਤੌਰ ’ਤੇ ਅਤੇ ਬਾਅਦ ਵਿੱਚ ਪੇਪਰ ਚੈਕਿੰਗ ਤੇ ਨਤੀਜਾ ਤਿਆਰ ਕਰਨ ਲਈ ਸੇਵਾ ਨਿਭਾਉਣ ਵਾਲੇ ਮਿਸ਼ਨਰੀ ਵੀਰਾਂ ਅਤੇ ਸਕੂਲ ਅਧਿਆਪਕਾਂ/ਅਧਿਆਪਕਾਵਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਭਾਈ ਕਿੱਕਰ ਸਿੰਘ ਨੇ ਇਹ ਸੇਵਾ ਨਿਭਾਉਣ ਵਾਲੇ ਸਮੁੱਚੇ ਮਿਸ਼ਨਰੀ ਵੀਰਾਂ, ਅਤੇ ਸਹਿਯੋਗ ਦੇਣ ਵਾਲੇ ਸਕੂਲ ਪਿੰਸੀਪਲਾਂ ਅਤੇ ਅਧਿਆਪਕਾਂ/ਅਧਿਆਪਕਾਵਾਂ ਦਾ ਦੰਨਵਾਦ ਕੀਤਾ ਅਤੇ ਬੇਨਤੀ ਕੀਤੀ ਕਿ ਅਗਲੇ ਸਾਲ ਦੀ ਪ੍ਰੀਖਿਆ ਲਈ ਹੁਣੇ ਤੋਂ ਤਿਆਰੀ ਅਰੰਭੀ ਜਾਵੇ ਤਾ ਕਿ ਚੰਗੇ ਨਤੀਜੇ ਸਾਹਮਣੇ ਆ ਸਕਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top