Share on Facebook

Main News Page

ਬਾਦਲ ਵਲੋਂ ਇਜ਼ਹਾਰ ਆਲਮ ਨੂੰ ਸਿਰੋਪਾਉ ਦੇ ਕੇ ਸਨਮਾਨਤ ਕਰਨ ਪਿੱਛੋਂ ਸਿੱਖਾਂ ਵਿਚ ਰੋਸ ਦੀ ਲਹਿਰ

ਸੰਗਰੂਰ, 8 ਨਵੰਬਰ (ਅਜੈਬ ਸਿੰਘ ਮੋਰਾਂਵਾਲੀ) : ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਹਲਕਾ ਮਲੇਰਕੋਟਲਾ ਤੋਂ ਸਾਬਕਾ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰ ਬਣਾਏ ਜਾਣ ਦਾ ਇਸ਼ਾਰਾ ਕਰ ਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਅਤੇ ਸੰਤ ਸਮਾਜ ਵਿਚਾਲੇ ਕੁੱਝ ਦਿਨ ਪਹਿਲਾਂ ਸੁਲਝੇ ਵਿਵਾਦ ਨੂੰ ਫਿਰ ਹਵਾ ਦੇ ਦਿਤੀ ਹੈ। ਇਹੀ ਨਹੀਂ, ਇਸ ਵਾਰ ਮੁੱਖ ਮੰਤਰੀ ਨੇ ਪੰਜਾਬ ਵਕਫ਼ ਬੋਰਡ ਵਲੋਂ ਹਜ਼ਰਤ ਹਲੀਮਾ ਹਸਪਤਾਲ ਦਾ ਪ੍ਰਜੈਕਟ ਮੁਕੰਮਲ ਕਰ ਲੈਣ ਬਦਲੇ ਇਜ਼ਹਾਰ ਆਲਮ ਨੂੰ ਸਿਰੋਪਾਉ ਅਤੇ ਯਾਦ-ਚਿੰਨ੍ਹ ਦੇ ਕੇ ਸੰਤ ਸਮਾਜ ਅਤੇ ਸਿੱਖ ਜਥੇਬੰਦੀਆਂ ਨੂੰ ਸਖ਼ਤ ਚੁਨੌਤੀ ਦੇ ਦਿਤੀ ਹੈ। ਯਾਦ ਰਹੇ ਕਿ ਇਹ ਦੂਜਾ ਮੌਕਾ ਹੈ ਜਦਕਿ ਸ. ਬਾਦਲ ਨੇ ਮਲੇਰਕੋਟਲਾ ਦੇ ਅਕਾਲੀਆਂ ਨੂੰ ਆਲਮ ਦੇ ਹੱਥ ਮਜ਼ਬੂਤ ਕਰਨ ਦੇ ਹੁਕਮ ਦੇ ਕੇ ਆਲਮ ਦਾ ਸਮਰਥਨ ਕੀਤਾ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਕਪੂਰਥਲਾ ਵਿਖੇ ਸੰਗਤ ਦਰਸ਼ਨ ਦੌਰਾਨ ਕਿਹਾ ਸੀ ਕਿ ਆਲਮ ਦਾ ਸਿੱਖ ਨੌਜਵਾਨਾਂ ਨੂੰ ਮਾਰਨ ਵਿਚ ਕੋਈ ਹੱਥ ਨਹੀਂ ਹੈ ਅਤੇ ਉਹ ਬੇਦਾਗ਼ ਪੁਲਿਸ ਅਫ਼ਸਰ ਰਹੇ ਹਨ। ਸਿੱਖ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਵਿਰੋਧ ਅੱਗੇ ਝੁਕਦਿਆਂ ਫਿਰ ਸ. ਬਾਦਲ ਨੂੰ ਕਹਿਣਾ ਪਿਆ ਕਿ ਅਕਾਲੀ ਦਲ ਨੇ ਹਾਲੇ ਆਲਮ ਨੂੰ ਅਪਣਾ ਉਮੀਦਵਾਰ ਨਹੀਂ ਐਲਾਨਿਆ। ਸੰਤ ਸਮਾਜ ਨਾਲ ਗੱਲਬਾਤ ਕਰਨ ਪਿੱਛੋਂ ਹੀ ਆਲਮ ਦੀ ਟਿਕਟ ਉਤੇ ਸਹੀ ਪਾਈ ਜਾਵੇਗੀ। ਕਲ ਬਕਰੀਦ ਮੌਕੇ ਮਲੇਰਕੋਟਲਾ ਵਿਖੇ ਸ. ਬਾਦਲ ਨੇ ਨਾ ਸਿਰਫ਼ ਇਜ਼ਹਾਰ ਆਲਮ ਨਾਲ ਸਟੇਜ ਹੀ ਸਾਂਝੀ ਕੀਤੀ ਬਲਕਿ ਅੱਧੇ ਘੰਟੇ ਤੋਂ ਵੱਧ ਸਮਾਂ ਆਲਮ ਦੀ ਰਿਹਾਇਸ਼ ਵਿਖੇ ਬੰਦ ਕਮਰਾ ਮੀਟਿੰਗ ਵੀ ਕੀਤੀ। ਬਾਅਦ ਵਿਚ ਆਲਮ ਨੂੰ ਸਿਰੋਪਾਉ ਪਾ ਕੇ ਸਨਮਾਨਤ ਕੀਤਾ ਗਿਆ। ਜਦ ਤੋਂ ਆਲਮ ਨੂੰ ਸਿਰੋਪਾਉਣ ਪਾ ਕੇ ਸਨਮਾਨਤ ਕਰਨ ਦੀ ਗੱਲ ਮੀਡੀਆ ਵਿਚ ਆਈ ਹੈ, ਪੰਥਕ ਜਥੇਬੰਦੀਆਂ ਅਤੇ ਸਿੱਖ ਆਰਗੇਨਾਈਜ਼ੇਸ਼ਨਾਂ ਦੀਆਂ ਸਖ਼ਤ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।

ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਇਜ਼ਹਾਰ ਆਲਮ ਨੂੰ ਪਾਰਟੀ ਦਾ ਉਮਦੀਵਾਰ ਬਣਾ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ ਅਤੇ ਸਿੱਖ ਨੌਜਵਾਨਾਂ ਨੂੰ ਖੁਰਦ-ਬੁਰਦ ਕਰਨ ਵਾਲਿਆਂ ਨੂੰ ਸਰਦਾਰੀਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਪੁਲਿਸ ਅਫ਼ਸਰ ਸੁਮੇਧ ਸੈਣੀ ਦੇ ਪੱਖ ਵਿਚ ਹਲਫ਼ਨਾਮਾ ਦੇ ਕੇ ਅਤੇ ਹੁਣ ਇਜ਼ਹਾਰ ਆਲਮ ਨੂੰ ਸਿਰੋਪਾਉ ਦੇ ਕੇ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ ਅਤੇ ਪੰਥ ਨਾਲ ਗ਼ੱਦਾਰੀ ਕੀਤੀ ਹੈ। ਖਾਲੜਾ ਮਿਸ਼ਨ ਦਾ ਕਹਿਣਾ ਹੈ ਕਿ ਆਲਮ ਨੂੰ ਉਮੀਦਵਾਰ ਬਣਾਉਣ ਕਾਰਨ ਪੰਜਾਬ ਭਰ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਵਿਰੁਧ ਪ੍ਰਚਾਰ ਕੀਤਾ ਜਾਵੇਗਾ। ਹੁਣ ਅਕਾਲੀ ਦਲ ਅਤੇ ਸਾਧ ਯੂਨੀਅਨ ਫਿਰ ਆਹਮੋ-ਸਾਹਮਣੇ ਆ ਗਏ ਹਨ। ਵੇਖਣਾ ਇਹ ਹੈ ਕਿ ਕੀ ਅਕਾਲੀ ਦਲ ਆਲਮ ਨੂੰ ਉਮੀਦਵਾਰ ਬਣਾਉਂਦਾ ਹੈ ਜਾਂ ਫਿਰ ਸਿੱਖ ਹੱਕਾਂ ਲਈ ਲੜਦੀਆਂ ਜਥੇਬੰਦੀਆਂ ਅਕਾਲੀ ਦਲ ਨੂੰ ਆਲਮ ਦੀ ਟਿਕਟ ਰੋਕਣ ਲਈ ਮਜਬੂਰ ਕਰ ਦੇਣਗੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top