Share on Facebook

Main News Page

ਭਾਈ ਹਵਾਰਾ ਤੋਂ “ਚਪੇੜ” ਖਾਣ ਵਾਲੇ ਹਿੰਦੂ ਕੱਟੜਵਾਦੀ ਗੁੰਡੇ ਨਿਸ਼ਾਂਤ ਸ਼ਰਮੇ ਦਾ ਇੱਕ ਦਿਨਾ ਰਿਮਾਂਡ

ਚੰਡੀਗੜ੍ਹ, (12 ਨਵੰਬਰ, ਪੀ.ਐਸ.ਐਨ): ਇੱਥੇ ਜ਼ਿਲ੍ਹਾ ਅਦਾਲਤ ਦੇ ਕੈਂਪਸ ਵਿੱਚ ਬੇਅੰਤ ਸਿੰਹੁੰ ਹੱਤਿਆ ਕਾਂਡ ਦੇ ਮੁਲਜ਼ਮਾਂ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪ੍ਰਮੁੱਖ ਆਗੂਆਂ ਭਾਈ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਓਰਾ ਉੱਪਰ ਹੋਏ ਹਮਲੇ ਦੀ ਯੋਜਨਾ ਬਣਾਉਣ ਵਾਲੀਆਂ ਜਥੇਬੰਦੀਆਂ ਦੀ ਪੁਲੀਸ ਵੱਲੋਂ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।

ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਤਲਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਦੇਸ਼ ਦੀਆਂ ਪ੍ਰਮੁੱਖ ਖੁਫੀਆ ਏਜੰਸੀਆਂ ਦੀ ਨਾਕਸ ਕਾਰਗੁਜ਼ਾਰੀ ਦੀ ਪੋਲ ਖੁੱਲ੍ਹਣ ਕਾਰਨ ਪੰਜਾਬ ਸਮੇਤ ਚੰਡੀਗੜ੍ਹ ਦੀ ਪੁਲੀਸ ਵੱਲੋਂ ਹਮਲਾਵਰਾਂ ਦੇ ਪਿਛੋਕੜ ਦੀ ਘੋਖ ਕਰਨ ਲਈ ਆਧੁਨਿਕ ਤਕਨੀਕ ਵਰਤੀ ਜਾ ਰਹੀ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਕੱਲ੍ਹ ਦੀ ਘਟਨਾ ਦੌਰਾਨ ਖੁਫੀਆ ਏਜੰਸੀਆਂ ਦੀ ਕਾਰਗੁਜ਼ਾਰੀ ਦਾ ਉੱਚ ਪੱਧਰ 'ਤੇ ਗੰਭੀਰ ਨੋਟਿਸ ਲਿਆ ਗਿਆ ਹੈ। ਹੁਣ ਇਹ ਵੀ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਹਵਾਰਾ ਤੇ ਭਿਓਰਾ 'ਤੇ ਹਮਲਾ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕਿਸ ਜਥੇਬੰਦੀ ਨੇ ਉਕਸਾਇਆ ਸੀ, ਕਿਉਂਕਿ ਇਸ ਘਟਨਾ ਦੌਰਾਨ ਇਕ ਵਾਰ ਇਨ੍ਹਾਂ ਮੁਲਜ਼ਮਾਂ ਦਾ ਸੁਰੱਖਿਆ ਘੇਰਾ ਖਿੰਡ ਗਿਆ ਸੀ, ਅਤੇ ਹਵਾਰਾ ਤੇ ਭਿਓਰਾ ਦੇ ਫਰਾਰ ਹੋਣ ਦੇ ਹਾਲਾਤ ਵੀ ਬਣ ਸਕਦੇ ਸਨ। ਚੰਡੀਗੜ੍ਹ ਪੁਲੀਸ ਨੇ ਅੱਜ ਇਸ ਘਟਨਾ ਦੇ ਚਾਰ ਮੁਲਜ਼ਮਾਂ ਸਰਬ ਭਾਰਤ ਹਿੰਦੂ ਸੁਰੱਖਿਆ ਸਮਿਤੀ ਦੇ ਆਗੂਆਂ ਅਤੇ ਮੁਹਾਲੀ ਦੇ ਵਸਨੀਕ ਰਮੇਸ਼ ਕੁਮਾਰ ਦੱਤ, ਗੋਬਿੰਦਗੜ੍ਹ ਦੇ ਮਨੀਸ਼ ਸੂਦ, ਪਟਿਆਲਾ ਦੇ ਆਸ਼ੂਤੋਸ਼ ਗੌਤਮ ਅਤੇ ਖਰੜ ਦੇ ਨਿਸ਼ਾਂਤ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ।

ਦੱਸਣਯੋਗ ਹੈ ਕਿ ਹਿੰਦੂ ਸੁਰੱਖਿਆ ਸਮਿਤੀ ਦੇ ਯੂਥ ਵਿੰਗ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਅਦਾਲਤੀ ਕੰਪਲੈਕਸ ਵਿੱਚ ਕੱਲ੍ਹ ਪੇਸ਼ੀ ਭੁਗਤਣ ਆਏ ਹਵਾਰਾ ਤੇ ਭਿਓਰਾ ਉੱਪਰ ਹਮਲਾ ਕੀਤਾ ਸੀ ਅਤੇ ਪਹਿਲਾਂ ਹੀ ਪੂਰੀ ਤਰ੍ਹਾਂ ਸੁਚੇਤ ਹਵਾਰੇ ਨੇ ਆਪਣੇ ਉਪਰ ਵਾਰ ਕਰਨ ਵਾਲੇ ਨਿਸ਼ਾਂਤ ਨੂੰ ਧੱਫਾ ਮਾਰ ਕੇ ਪਛਾੜ ਦਿੱਤਾ ਸੀ।

ਸੂਤਰਾਂ ਅਨੁਸਾਰ ਪੁਲੀਸ ਨੇ ਹਮਲਾਵਰਾਂ ਦੇ ਮੋਬਾਈਲ ਆਪਣੇ ਕਬਜ਼ੇ ਹੇਠ ਲੈ ਲਏ ਹਨ ਅਤੇ ਉਨ੍ਹਾਂ ਵੱਲੋਂ ਪਿਛਲੇ 24 ਘੰਟਿਆਂ ਦੌਰਾਨ ਕੀਤੀਆਂ ਕਾਲਾਂ ਦਾ ਵਿਸਥਾਰ ਸਬੰਧਤ ਟੈਲੀਫੋਨ ਕੰਪਨੀਆਂ ਤੋਂ ਹਾਸਲ ਕੀਤਾ ਹੈ। ਪੁਲੀਸ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਚਾਰੇ ਹਮਲਾਵਰ ਘਟਨਾ ਦੌਰਾਨ ਕਿਹੜੀਆਂ ਜਥੇਬੰਦੀਆਂ ਦੇ ਸੰਪਰਕ ਵਿੱਚ ਸਨ। ਭਾਵੇਂ ਹਮਲਾਵਰ ਪੁਲੀਸ ਨੂੰ ਕਹਿ ਰਹੇ ਹਨ ਕਿ ਉਹ ਇਕੱਲੇ-ਇਕੱਲੇ ਇੱਥੇ ਰੋਸ ਪ੍ਰਗਟ ਕਰਨ ਆਏ ਸਨ ਪਰ ਪੁਲੀਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ, ਕਿਉਂਕਿ ਕਈ ਦਿਨ ਪਹਿਲਾਂ ਹੀ ਸਮਿਤੀ ਵੱਲੋਂ ਹਵਾਰੇ ਉੱਪਰ ਪੇਸ਼ੀ ਦੌਰਾਨ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਸੀ। ਪੁਲੀਸ ਅਨੁਸਾਰ ਹਮਲਾਵਰ ਇਹ ਵੀ ਦੱਸਣ ਤੋਂ ਇਨਕਾਰੀ ਹਨ ਕਿ ਉਹ ਅਦਾਲਤ ਤੱਕ ਕਿਵੇਂ ਪੁੱਜੇ ਸਨ। ਪੁਲੀਸ ਉਨ੍ਹਾਂ ਨੂੰ ਇੱਥੇ ਪਹੁੰਚਾਉਣ ਵਾਲੇ ਵਿਅਕਤੀਆਂ ਅਤੇ ਵਾਹਨਾਂ ਦੀ ਵੀ ਨਿਸ਼ਾਨਦੇਹੀ ਕਰ ਰਹੀ ਹੈ।

ਪੁਲੀਸ ਅਧਿਕਾਰੀ ਅਨੁਸਾਰ ਹਵਾਰੇ 'ਤੇ ਹਮਲਾ ਕਰਨ ਵਾਲੇ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਉਸ ਦੀ ਹਮਲਾ ਕਰਨ ਦੀ ਕੋਈ ਮਨਸ਼ਾ ਨਹੀਂ ਸੀ, ਅਤੇ ਉਹ ਕੇਵਲ ਨਾਅਰੇ ਲਾ ਕੇ ਹੀ ਆਪਣਾ ਰੋਸ ਪ੍ਰਗਟ ਕਰਨਾ ਚਾਹੁੰਦੇ ਸਨ, ਜਦਕਿ ਇਸੇ ਦੌਰਾਨ ਇੱਕ ਪੁਲੀਸ ਮੁਲਾਜ਼ਮ ਵੱਲੋਂ ਉਸ ਦੇ ਮੂੰਹ ਉੱਪਰ ਹੱਥ ਰੱਖਣ ਕਾਰਨ ਉਹ ਉਸ ਕੋਲੋਂ ਆਪਣੇ-ਆਪ ਨੂੰ ਛੁਡਾਅ ਕੇ ਭੱਜਣ ਵੇਲੇ ਦੂਜੇ ਪਾਸੇ ਜਾਣ ਦੀ ਥਾਂ ਹਵਾਰੇ ਵੱਲ ਵਧ ਗਿਆ ਸੀ।

ਸੂਤਰਾਂ ਅਨੁਸਾਰ ਇਸ ਘਟਨਾ ਦਾ ਸਿੱਧੇ ਤੌਰ 'ਤੇ ਪੰਜਾਬ 'ਤੇ ਪ੍ਰਭਾਵ ਪੈਣ ਦੀ ਸੰਭਾਵਨਾ ਕਾਰਨ ਕੱਲ੍ਹ ਹੀ ਪੰਜਾਬ ਪੁਲੀਸ ਅਤੇ ਖੁਫੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਦਰਅਸਲ ਇਸ ਘਟਨਾ ਵਿੱਚ ਅਣਗਹਿਲੀ ਲਈ ਦੋਵੇਂ ਪੰਜਾਬ ਅਤੇ ਚੰਡੀਗੜ੍ਹ ਦੀ ਪੁਲੀਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਘਟਨਾ ਵੇਲੇ ਸੁਰੱਖਿਆ ਪ੍ਰਬੰਧਾਂ ਵਿਚਲੀਆਂ ਗੰਭੀਰ ਖਾਮੀਆਂ ਦੀ ਵੀ ਚੰਡੀਗੜ੍ਹ ਪੁਲੀਸ ਨੇ ਅੰਦਰੂਨੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਅੱਜ ਸ਼ਾਮ ਵੇਲੇ ਪੁਲੀਸ ਨੂੰ ਹਮਲਾਵਰਾਂ ਦੇ ਮੋਬਾਈਲ ਫੋਨਾਂ ਦੇ ਸੰਪਰਕ 'ਤੇ ਰਹੇ ਵਿਅਕਤੀਆਂ ਦੀ ਸੂਚੀ ਮਿਲ ਗਈ ਹੈ ਅਤੇ ਪੁਲੀਸ ਅਧਿਕਾਰੀ ਇਨ੍ਹਾਂ ਵਿੱਚੋਂ ਚੋਣਵੇਂ ਵਿਅਕਤੀਆਂ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਤਲਬ ਕਰ ਰਹੇ ਹਨ। ਇਸ ਸੂਚੀ ਵਿੱਚ ਕੁਝ ਜਥੇਬੰਦੀਆਂ ਦੇ ਆਗੂ ਦੱਸੇ ਜਾਂਦੇ ਹਨ।

ਸੰਪਰਕ ਕਰਨ 'ਤੇ ਚੰਡੀਗੜ੍ਹ ਦੇ ਐਸ.ਐਸ.ਪੀ. ਨੌਨਿਹਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹਮਲਾਵਰਾਂ ਨੂੰ ਇਸ ਘਟਨਾ ਲਈ ਤਿਆਰ ਕਰਨ ਵਾਲੀਆਂ ਜਥੇਬੰਦੀਆਂ ਦੀ ਨਿਸ਼ਾਨਦੇਹੀ ਕਰਨ ਲਈ ਵੱਖ-ਵੱਖ ਕਦਮ ਚੁੱਕੇ ਹਨ ਅਤੇ ਜਲਦ ਹੀ ਇਸ ਸਮੁੱਚੀ ਸਾਜਿਸ਼ ਨੂੰ ਬੇਨਕਾਬ ਕੀਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top