* ਰਾਗਮਾਲਾ
ਤੋਂ ਬਿਨਾਂ ਅੰਗਰੇਜ਼ੀ ਤੇ ਪੰਜਾਬੀ ’ਚ ਤਿਆਰ ਹੋਣਗੇ ਦੋ ਸਰੂਪ
ਕੋਟਕਪੂਰਾ,
14 ਨਵੰਬਰ (ਗੁਰਿੰਦਰ ਸਿੰਘ) : ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸ਼ਰਧਾ ਰਖਣ ਵਾਲੀ
ਸੁਖਵਿੰਦਰ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਕੋਟਕਪੂਰਾ ਨੇ ਪ੍ਰਣ ਕੀਤਾ ਹੈ ਕਿ ਉਹ ਗੁਰੂ ਗ੍ਰੰਥ
ਸਾਹਿਬ ਦਾ ਅਪਣੇ ਹੱਥੀ ਇਕ ਪਾਵਨ ਸਰੂਪ ਰਾਗਮਾਲਾ ਤੋਂ ਬਿਨਾਂ ਤਿਆਰ ਕਰੇਗੀ ਤੇ ਉਸ ਤੋਂ ਬਾਅਦ ਜੋ
ਅੰਗਰੇਜ਼ੀ ਭਾਸ਼ਾ ’ਚ ਇਕ ਹੱਥ ਲਿਖਤ ਸਰੂਪ ਤਿਆਰ ਕੀਤਾ ਜਾਵੇਗਾ ਉਹ ਵੀ ਰਾਗਮਾਲਾ ਤੋਂ ਬਿਨਾਂ
ਹੋਵੇਗਾ।
ਇਸ ਜਾਗਰੂਕਤਾ ਸਬੰਧੀ ਉਹ ਰੋਜ਼ਾਨਾ ਸਪੋਕਸਮੈਨ ਅਤੇ ਪ੍ਰਵਾਸੀ ਭਾਰਤੀ
ਗੁਰਚਰਨ ਸਿੰਘ ਜਿਉਣਵਾਲਾ ਦੀ ਧਨਵਾਦੀ ਹੈ ਕਿਉਂਕਿ ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਉਸ ਨੇ
ਰਾਗਮਾਲਾ ਤੋਂ ਬਿਨਾਂ ਸਰੂਪ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ। ਲਗਭਗ 13 ਮਹੀਨਿਆਂ ’ਚ ਅਪਣੇ ਹੱਥੀ
ਲਿਖ ਕੇ 1430 ਪੰਨਿਆਂ ਵਾਲਾ ਸਰੂਪ ਤਿਆਰ ਕਰਨ ਤੋਂ ਬਾਅਦ ਉਸ ਨੇ ਅਪਣੇ ਘਰ ’ਚ ਹੀ ਸਧਾਰਨ ਪਾਠ
ਅਰੰਭ ਕਰ ਦਿਤਾ ਹੈ ਜਿਸ ਨੂੰ ਉਹ ਖ਼ੁਦ ਹੀ ਸੰਪੂਰਨ ਕਰ ਕੇ ਭੋਗ ਪਾਵੇਗੀ। ਸਪੋਕਸਮੈਨ ਨਾਲ ਗੱਲਬਾਤ
ਕਰਦਿਆਂ ਸੁਖਵਿੰਦਰ ਕੌਰ ਨੇ ਦਸਿਆ ਕਿ ਉਹ ਖ਼ੁਦ ਰੋਜ਼ਾਨਾ ਸਵੇਰੇ-ਸ਼ਾਮ ਦੋ-ਦੋ ਘੰਟੇ ਹੱਥ-ਲਿਖਤ ਬੀੜ
’ਤੇ ਪਾਠ ਕਰਦੀ ਹੈ ਤੇ ਅਗਲੇ ਹਫ਼ਤੇ ਨਵਾਂ ਸਰੂਪ ਲਿਖਣਾ ਸ਼ੁਰੂ ਕਰੇਗੀ।
ਪਹਿਲਾਂ ਤਿਆਰ ਕੀਤੇ ਹੱਥ-ਲਿਖਤ ਸਰੂਪ ਵਿਚ ਰਾਗਮਾਲਾ ਲਿਖਣ ਬਾਰੇ ਪੁਛਣ
’ਤੇ ਉਨ੍ਹਾਂ ਦਸਿਆ ਕਿ ਇਹ ਸੱਭ ਅਣਜਾਨਤਾ ਵਸ ਹੀ ਵਾਪਰਿਆ ਕਿਉਂਕਿ ਕਵੀ ਆਲਮ ਦੀ ਰਚਨਾ ਰਾਗਮਾਲਾ
ਬਾਰੇ ਉਹ ਬਹੁਤੀ ਜਾਣਕਾਰੀ ਨਹੀਂ ਸੀ ਰਖਦੀ ਪਰ ਰੋਜ਼ਾਨਾ ਸਪੋਕਸਮੈਨ ’ਚ ਛਪਦੇ ‘ਗੁਰਬਾਣੀ ਦੇ ਅਰਥ’
ਅਤੇ ‘ਇਤਿਹਾਸ ਵਿਚ ਅੱਜ ਦਾ ਦਿਨ’ ਪੜ੍ਹਨ ਤੋਂ ਬਾਅਦ ਉਸ ਨੂੰ ਬਹੁਮੁਲੀ ਜਾਣਕਾਰੀ ਪ੍ਰਾਪਤ ਹੋਈ
ਤੇ ਪ੍ਰਵਾਸੀ ਭਾਰਤੀ ਗੁਰਚਰਨ ਸਿੰਘ ਜਿਉਣਵਾਲਾ ਵਲੋਂ ਭੇਜੇ ਧਾਰਮਕ ਸਾਹਿਤ ਨੇ ਵੀ ਉਸ ਦੇ ਸਾਰੇ
ਭੁਲੇਖੇ ਦੂਰ ਕਰ ਦਿਤੇ। ਹੁਣ ਉਸ ਦਾ ਇਕੋ-ਇਕ ਮੁੱਖ ਮਕਸਦ ਹੈ ਕਿ ਉਹ ਸਮੂਹ ਸੰਗਤਾਂ ਨੂੰ ਰਾਗਮਾਲਾ
ਦੀ ਅਸਲੀਅਤ ਤੋਂ ਜਾਣੂ ਕਰਵਾ ਸਕੇ ਜਿਸ ਕਰ ਕੇ ਉਸ ਨੇ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ’ਚ ਦੋ
ਹੱਥ-ਲਿਖਤ ਬੀੜਾਂ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਦਸਿਆ ਕਿ ਪਹਿਲਾਂ ਪੰਜਾਬੀ ਭਾਸ਼ਾ ’ਚ ਤੇ ਫਿਰ ਬਾਅਦ ’ਚ ਅੰਗਰੇਜ਼ੀ
ਭਾਸ਼ਾ ’ਚ ਹੱਥ-ਲਿਖਤ ਬੀੜ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ 9 ਅਕਤੂਬਰ 2010 ਤੋਂ ਸ਼ੁਰੂ
ਕੀਤੀ ਹੱਥ-ਲਿਖਤ ਬੀੜ 13 ਮਹੀਨਿਆਂ ਬਾਅਦ ਅਰਥਾਤ 10 ਨਵੰਬਰ 2011 ਨੂੰ ਸੰਪੂਰਨ ਹੋਈ। ਉਸ ਦਿਨ
ਇਤਫ਼ਾਕ ਵਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਹੋਣ ਕਰ ਕੇ ਉਸ ਦੀਆਂ ਖ਼ੁਸ਼ੀਆਂ ’ਚ ਹੋਰ
ਵਾਧਾ ਹੋਇਆ। ਨਵੀਆਂ ਬੀੜਾਂ ’ਚ ਰਾਗਮਾਲਾ ਨਾ ਲਿਖਣ ਉਪਰੰਤ ਪੰਥ ਦੇ ਅਖੌਤੀ ਠੇਕੇਦਾਰਾਂ ਵਲੋਂ
ਹੋਣ ਵਾਲੀਆਂ ਪ੍ਰੇਸ਼ਾਨੀਆਂ ਤੇ ਮੁਸ਼ਕਲਾਂ ਬਾਰੇ ਪੁਛਣ ’ਤੇ ਉਨ੍ਹਾਂ ਦਸਿਆ ਕਿ ਉਹ ਅਪਣੇ ਫ਼ੈਸਲੇ
’ਤੇ ਅਟੱਲ ਹੈ ਤੇ ਉਹ ਅਪਣੇ ਇਸ ਦ੍ਰਿੜ ਫ਼ੈਸਲੇ ’ਤੇ ਅਖੀਰ ਤਕ ਪਹਿਰਾ ਦੇਵੇਗੀ।