Share on Facebook

Main News Page

ਜਥੇਦਾਰੋ ਮਰ ਚੁੱਕੀ ਜਮੀਰ ਨੂੰ ਆਖਰੀ ਹਲੂਣਾ ਦੇ ਕੇ ਦੇਖ ਲਉ ਸ਼ਾਇਦ...

ਸਿੱਖ ਇਤਿਹਾਸ ਤੇ ਰਵਾਇਤਾਂ ਨੂੰ ਬਚਾਉਣ ਲਈ ਕਿਸੇ ਸਮੇ ਸਿੱਖਾਂ ਦੀ ਰਾਜਨੀਤਿਕ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਬਣਾਉਣ ਵਾਲੇ ਉਨ੍ਹਾਂ ਸੁਹਿਰਦ ਵਿਦਵਾਨਾਂ ਦੀ ਰੂਹ ਅੱਜ ਦੇ ਕਾਬਜ ਹੋਏ ਡੋਗਰੇ ਅਕਾਲੀਆਂ ਦੇ ਕਾਰਨਾਮਿਆਂ ਨੂੰ ਦੇਖ ਕੇ ਕੁਰਲਾ ਉਠੀ ਹੋਵੇਗੀ। ਜਿਸ ਕੌਮ ਦਾ ਕੋਈ ਵੀ ਮੋਰਚਾ ਸ਼ਬਦ ਗੁਰੂ ਦੇ ਕੀਰਤਨ, ਜੋਸ਼ੀਲੀਆਂ ਢਾਡੀ ਵਾਰਾਂ ਅਤੇ ਕਵੀਸ਼ਰੀਆਂ ਤੋ ਬਿਨਾਂ ਅਧੂਰਾ ਸਮਝਿਆਂ ਜਾਂਦਾ ਸੀ। ਅੱਜ ਉਸੇ ਕੌਮ ਦੀ ਅਗਵਾਈ ਕਰ ਰਹੀ ਡੋਗਰਿਆਂ ਦੀ ਰੂਹ ਕੋਈ ਵੀ ਕੌਮੀ ਕਾਰਜ RSS ਦੇ ਕਰਿੰਦਿਆਂ ਤੋ ਬਿਨਾਂ ਅਧੂਰਾ ਸਮਝਦੀ ਹੈ।ਸ਼ਾਇਦ ਇਨ੍ਹਾਂ ਨੇ ਗੌਰਵਮਈ ਖਾਲਸਾਈ ਰਵਾਇਤਾਂ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੋਵੇ। ਇਸੇ ਲਈ ਹੀ ਇਹ ਕੋਈ ਵੀ ਅਜਿਹਾ ਮੌਕਾ ਹੱਥੋ ਗਵਾਉਣਾ ਨਹੀ ਚਾਹੁੰਦੇ ਜੋ ਕੱਲ ਨੂੰ ਸਿੱਖ ਇਤਿਹਾਸ ਦਾ ਕੋਈ ਚੰਗਾ ਅਧਿਆਏ ਬਣ ਸਕੇ। ਖਾਲਸੇ ਦੀ ਜਨਮ ਭੋਇੰ ਵਿਖੇ ਬਣਨ ਵਾਲੀ ਯਾਦਗਾਰ ਵੀ ਵਿਰਾਸਤ ਦਾ ਇੱਕ ਅੰਗ ਬਣਨ ਜਾ ਰਹੀ ਹੈ। ਇਸੇ ਕਰਕੇ ਇਸ ਨੂੰ ਵੀ ਗੰਦੀ ਰਾਜਨੀਤੀ ਦਾ ਸ਼ਿਕਾਰ ਬਣਾ ਕੇ ਆਪਣੀ ਮਰ ਚੁੱਕੀ ਜ਼ਮੀਰ ਦੇ ਕਫਨ ਵਿੱਚ ਆਖਰੀ ਕਿਲ ਠੋਕ ਰਹੇ ਹਨ।

ਕ੍ਹੁਝ ਦਿਨਾਂ ਤੋ ‘ਵਿਰਾਸਤ ਏ ਖਾਲਸਾ’ ਦੇ ਉਦਘਾਟਨੀ ਸਮਾਗਮਾਂ ਦੀ ਚਲ ਰਹੀ ਰਾਜਨੀਤੀ ਨੇ ਪੂਰੇ ਸਿੱਖ ਜਗਤ ਨੂੰ ਆਪਣੇ ਵੱਲ ਖਿੱਚਿਆ ਹੋਇਆ ਹੈ। ਥੋੜੀ ਬਹੁਤੀ ਵੀ ਸਿਧਾਂਤਕ ਸੂਝ ਰੱਖਣ ਵਾਲੇ ਸਿੱਖਾਂ ਨੂੰ ਉਸ ਵੇਲੇ ਬਹੁਤ ਹੀ ਨਿਰਾਸ਼ਾਜਨਕ ਝਟਕਾ ਮਹਿਸੂਸ ਹੋਇਆ, ਜਦੋਂ ਉਨ੍ਹਾਂ ਇਸ ਉਦਘਾਟਨੀ ਸਮਾਰੋਹ ਵਿੱਚ ਬਾਲੀਵੁੱਡ ਦੇ ਸਿਤਾਰਿਆਂ ਦੀ ਆਮਦ ਦੀਆਂ ਖਬਰਾਂ ਅਖਬਾਰਾਂ ਵਿੱਚ ਸੁਰਖੀਆਂ ਬਣੀਆਂ ਵੇਖੀਆਂ। ਹੈਰਾਨੀ ਦੀ ਸਿਖਰ ਉਦੋ ਹੋਈ ਜਦੋ ਇਨ੍ਹਾਂ ਖਬਰਾਂ ਤੋ ਦੋ ਦਿਨਾਂ ਬਾਅਦ ਵੀ ਸਾਡੇ ਤਖਤਾਂ ਦੇ ਜਥੇਦਾਰਾਂ ਦੇ ਬੁੱਲ ਫਰਕਣੋਂ ਜਵਾਬ ਦੇ ਗਏ ਤੇ ਤੀਜੇ ਦਿਨ ਜਾ ਕੇ ਉਹਨਾਂ ਦੇ ਬਿਆਨ ਇਸ ਕਾਰਨਾਮੇ ਖਿਲਾਫ ਅਕਬਾਰਾਂ ਵਿਚ ਛਪੇ। ਜਖਮੀ ਹੋਈ ਸਿੱਖ ਮਾਨਸਿਕਤਾ ਸੋਚਦੀ ਹੈ ਕਿ ਆਖਰ ਇਹ ‘ਸਿੰਘ ਸਾਹਿਬ’ ਕੌਮ ਦੀ ਕਿਹੜੀ ਸੇਵਾ ਨਿਭਾ ਰਹੇ ਹਨ ਸਵਾਏ “ਅੱਜ ਦੇ ਮਹਾਰਾਜਾ ਰਣਜੀਤ ਸਿੰਘ ਅਤੇ ਨੋਨਿਹਾਲ” ਦੇ ਹੁਕਮਾਂ ਤੇ ਫੁੱਲ ਚੜਾਉਣ ਤੋਂ”।

ਸਿੰਘ ਸਾਹਿਬ ਦੇ ਲਕਬ ਨਾਲ ਕੌਮ ਵਲੋਂ ਨਿਵਾਜੇ ਜਾਂਦੇ ਜਥੇਦਾਰੋ, ਤੁਹਾਨੂੰ ਸ਼ਾਇਦ ਭੁੱਲ ਗਿਆ ਹੋਣੈ ਕਿ ਅਜੇ ਕੱਲ ਦੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਤੋ ਇਹ ਹੁਕਮ ਜਾਰੀ ਹੋਇਆ ਸੀ ਕਿ ਅਜਿਹੇ ਕਿਸੇ ਵੀ ਸਥਾਨ ਤੇ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਹੀ ਜਾਣਗੇ, ਜਿੱਥੇ ਕਿਤੇ ਨਾਚ ਗਾਣੇ ਜਾਂ ਨਸ਼ਿਆਂ ਦੀ ਵਰਤੋ ਹੁੰਦੀ ਹੋਵੇ। ਸਮਾਗਮ ਕਰਨ ਵਾਲੇ ਭਾਵੇ ਕਿੰਨੀ ਵੀ ਸਫਾਈ ਉਥੇ ਕਿਉ ਨਾ ਕਰ ਲੈਣ, ਫਿਰ ਵੀ ਸਾਡਾ ਗੁਰੂ ਉਥੇ ਨਹੀ ਜਾ ਸਕਦਾ। ਪਰ ਅੱਜ ਸਾਡੀ ਪੰਥਕ ਕਹਾਉਣ ਵਾਲੀ ਪਾਰਟੀ ਦੇ ਸੱਦੇ ਤੇ ਬੰਬਈ ਦੇ ਇਹ ਕਲਾਕਾਰ ਲੋਕਾਂ ਦੀ ਭੀੜ ਵਧਾਉਣ ਲਈ ਉਥੇ ਪਹੁੰਚ ਰਹੇ ਹਨ ਜਿਥੇ ਕਲਗੀਧਰ ਪਿਤਾ ਨੇ ਕਿਸੇ ਸਮੇ ਖੰਡੇ ਦੀ ਪਾਹੁਲ ਦੇ ਕੇ ਖਾਲਸੇ ਨੂੰ ਜੁਲਮ ਤੇ ਜਾਲਮ ਵਿਰੁੱਧ ਡਟਣ ਲਈ ਤਿਆਰ ਕੀਤਾ ਸੀ। ਕੀ ਤੁਸੀ ਦੱਸ ਸਕਦੇ ਹੋ ਕਿ ਅੱਜ ਇਹ ਲੋਕ ਉਸ ਪਵਿੱਤਰ ਧਰਤੀ ਤੇ ਪਹੁੰਚ ਕੇ ਸਾਡੇ ਗੁਰੂ ਅਤੇ ਪੰਥ ਦੀ ਸ਼ਾਨ ਕਿਵੇ ਵਧਾਉਣਗੇ? ਸਿੰਘ ਸਾਹਿਬ ਜੀ ਇਹਨਾਂ ਵਿੱਚ ਅਮਿਤਾਭ ਬਚਨ ਨਾ ਦਾ ਉਹ ਸ਼ਖਸ ਵੀ ਹੈ ਜਿਹੜਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸਾਥੀ ਹੈ।

ਜਥੇਦਾਰ ਜੀ ਜਰਾ ਸੋਚੋ ਕਿ ਇੱਕ ਉਹ ਜਥੇਦਾਰ ਸੀ ਜਿਸ ਨੇ ਗੁਰੂ ਦੀ ਸ਼ਾਨ ਵਧਾਉਣ ਲਈ ਹੁਕਮਨਾਮਾਂ ਜਾਰੀ ਕੀਤਾ ਸੀ ਤੇ ਇਕ ਤੁਸੀ ਹੋ ਜਿਨ੍ਹਾਂ ਸਾਹਮਣੇ ਇਹ ਭਾਣਾ ਸਿੱਖਾਂ ਦੇ ਇਕ ‘ਤਖਤ’ ਤੇ ਵਰਤਾਇਆ ਜਾ ਰਿਹਾ ਹੈ। ਕੌੰਮ ਦੇ ਜਥੇਦਾਰ ਸਾਹਿਬਾਨੋ ਆਪਣੀ ਮਰ ਚੁੱਕੀ ਜਮੀਰ ਨੂੰ ਇਕ ਆਖਰੀ ਹਲੂਣਾ ਦੇ ਕੇ ਦੇਖ ਲਉ ਸ਼ਾਇਦ ਗੁਰੂ ਪਾਤਿਸ਼ਾਹ ਦੀ ਬਖਸ਼ਿਸ਼ ਨਾਲ ਤੁਹਾਡੀਆਂ ਰਗਾਂ ਵਿੱਚੋ ਅਣਖ ਦੀ ਕੋਈ ਚਿਣਗ ਉੱਠ ਖਲੋਵੇ, ਜਿਸ ਦੀ ਵਰਤੋਂ ਕਰਕੇ ਤੁਸੀਂ ਕੌਮ ਨਾਲ ਹੁੰਦੇ ਅਜਿਹੇ ਮਖੌਲ ਹੋਣ ਤੋਂ ਰੋਕ ਸਕੋਂ। ਨਹੀਂ ਤਾਂ ਘੱਟੋ ਘੱਟ ਅਵਾਜ਼ ਬੁਲੰਦ ਕਰਕੇ ਜਾਂ ਅਸਤੀਫੇ ਦੇ ਕੇ ਪੰਥ ਦੇ ਝੰਡਾ ਬਰਦਾਰ ਤਾਂ ਜਰੂਰ ਬਣ ਸਕਦੇ ਹੋ। ਇਹਨਾਂ ਡੋਗਰੇ ਅਕਾਲੀਆਂ ਵੱਲੋ ਬਖਸ਼ੀਆਂ ਜਥੇਦਾਰੀਆਂ ਸਦਾ ਨਹੀ ਰਹਿਣੀਆਂ ਤੇ ਆਪਣੀ ਅਵਾਜ਼ ਬੁਲੰਦ ਕਰਕੇ ਤੁਸੀ ਇਤਿਹਾਸ ਜਰੂਰ ਸਿਰਜ ਸਕਦੇ ਹੋ।

ਜੇਕਰ ਤੁਸੀ ਅੱਜ ਇਹ ਹਿੰਮਤ ਵਿਖਾਉਣੋ ਖੁੰਝ ਗਏ ਤਾਂ ਸ਼ਾਇਦ ਭਵਿੱਖ ਵਿੱਚ ਗੁਰਦੁਆਰਿਆਂ ਦੇ ਉਦਘਾਟਨ ਵੀ ਪੰਜ ਪਿਆਰਿਆਂ ਦੇ ਕੀਰਤਨ ਰਾਹੀ ਨਹੀ ਸਗੋ ਇਹਨਾਂ ਕਲਾਕਾਰਾਂ ਰਾਹੀ ਹੀ ਹੋਣੇ ਸ਼ੁਰੂ ਹੋ ਜਾਣਗੇ। ਹੋ ਸਕਦਾ ਹੈ ਕਿ ਇਹ ਬਾਦਲ ਕੰਪਨੀ ਫਿਲਮਾਂ ਦੀਆਂ ਸ਼ੂਟਿੰਗਾਂ ਦੇ ਉਦਘਾਟਨ ਕਰਨ ਲਈ ਵੀ ਤੁਹਾਨੂੰ ਹੁਕਮ ਚਾੜ੍ਹ ਦੇਵੇ। ਇਸ ਵਾਸਤੇ ਹੋਸ਼ ਕਰੋ ਵਾਸਤਾਂ ਗੁਰੂ ਦਾ ਆਪਣੀ ਜਮੀਰ ਨੂੰ ਹੱਥ ਮਾਰੋ ਵਰਨਾਂ ਇਤਿਹਾਸ ਤੁਹਾਨੂੰ ਮੁਆਫ ਨਹੀ ਕਰੇਗਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ॥

ਗੁਰਿੰਦਰ ਸਿੰਘ ਸ਼ਾਦੀਪੁਰ
ਮੁੱਖ ਬੁਲਾਰਾ, ਸ੍ਰੀ ਗੁਰੁ ਸਿੰਘ ਸਭਾ
ਸ਼ਰਲੀ ਰੋਡ, ਆਕਲੈਂਡ, ਨਿਊਜ਼ੀਲੈਂਡ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top