Share on Facebook

Main News Page

‘ਮਹਿੰਗਾਈ ਮੰਤਰੀ' ਸ਼ਰਦ ਪਵਾਰ ਦੇ ਮੂੰਹ 'ਤੇ ਮਹਿੰਗਾਈ ਦਾ ਥੱਪੜ

 

ਨਵੀਂ ਦਿੱਲੀ, (24 ਨਵੰਬਰ , ਪੀ.ਐਸ.ਐਨ) :- ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਅੱਜ ਮਹਿੰਗਾਈ ਤੇ ਜਨਤਾ ਦੇ ਗੁੱਸੇ ਦਾ ਨਮੂਨਾ ਦੇਖਣਾ ਪਿਆ। ਮਹਿੰਗਾਈ ਤੋਂ ਨਾਰਾਜ਼ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਨੌਜਵਾਨ ਨੇ ਕਿਰਚ ਵੀ ਕੱਢ ਲਈ ਸੀ। ਹਾਲਾਂਕਿ ਸਮਾਂ ਰਹਿੰਦੇ ਉਸਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਐਨ ਸੀ ਪੀ ਪ੍ਰਮੁੱਖ ਦੇ ਨਾਲ ਹੋਈ ਇਸ ਹਿੰਸਾ ਦੇ ਬਾਅਦ ਨਾਸਿਕ ਸਮੇਤ ਮਹਾਂਰਾਸ਼ਟਰ ਦੇ ਕਈ ਹਿੱਸਿਆਂ 'ਚ ਪਾਰਟੀ ਵਰਕਰਾਂ ਨੇ ਪ੍ਰਦਰਸ਼ਨ ਕਰਦੇ ਦੇਖੇ ਗਏ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਨ੍ਹਾਂ ਸ਼ਰਦ ਪਵਾਰ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।

ਇਸ ਘਟਨਾ 'ਤੇ ਰਾਲੇਗਣ 'ਚ ਜਦੋਂ ਅੰਨਾ ਹਜ਼ਾਰੇ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸ਼ਰਦ ਪਵਾਰ ਨੂੰ ਦਿੱਲੀ 'ਚ ਇੱਕ ਨੌਜਵਾਨ ਨੇ ਥੱਪੜ ਮਾਰਿਆ ਹੈ, ਇਸ ਤੇ ਤੁਹਾਡਾ ਕੀ ਕਹਿਣਾ ਹੈ ਤਾਂ ਅੰਨਾ ਨੇ ਹੈਰਾਨੀ ਨਾਲ ਕਿਹਾ, ਥੱਪੜ ਮਾਰਿਆ, ਇੱਕ ਹੀ ਥੱਪੜ ਮਾਰਿਆ? ਹਾਲਾਂਕਿ ਇਸਦੇ ਤੁਰੰਤ ਬਾਅਦ ਹੀ ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਨਤੰਤਰ 'ਚ ਹੱਥੋਪਾਈ ਠੀਕ ਨਹੀਂ ਹੈ, ਪਰੰਤੂ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਲੋਕਾਂ ਦਾ ਗੁੱਸਾ ਨਾ ਵਧੇ। ਭ੍ਰਿਸ਼ਟਾਚਾਰ ਅਤੇ ਮਹਿੰਗਾਈ ਤੋਂ ਲੋਕ ਕਾਫੀ ਪਰੇਸ਼ਾਨ ਹਨ। ਸ਼ਰਦ ਪਵਾਰ ਇਫਕੋ ਦੇ ਇੱਕ ਪ੍ਰੋਗਰਾਮ 'ਚ ਹਿੱਸਾ ਲੈਣ ਵੀਰਵਾਰ ਨੂੰ ਐਨ ਡੀ ਐਮ ਸੀ ਦੇ ਕਨਵੈਨਸ਼ਨ ਸੈਂਟਰ ਪੁੱਜੇ ਸਨ। ਪ੍ਰੋਗਰਾਮ ਖਤਮ ਹੋਣ ਦੇ ਬਾਅਦ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਕਿ ਇੱਕ ਨੌਜਵਾਨ ਉਨ੍ਹਾਂ ਵੱਲ ਵਧਿਆ, ਉਸ ਨੌਜਵਾਨ ਨੇ ਪਵਾਰ ਨੂੰ ਗਾਲ੍ਹ ਦਿੰਦੇ ਹੋਏ ਅਤੇ ਇਹ ਕਹਿੰਦੇ ਹੋਏ ਦੇਸ਼ 'ਚ ਗੁੱਸਾ ਹੈ, ਥੱਪੜ ਮਾਰ ਦਿੱਤਾ। ਉਸ ਨੂੰ ਸੁਰੱਖਿਆ ਗਾਰਡ ਨੇ ਕਾਬੂ ਕਰ ਲਿਆ, ਪਰੰਤੂ ਉਸਦੇ ਤੇਵਰ ਇੱਕ ਦਮ ਤਿੱਖੇ ਹੋ ਗਏ। ਉਸਨੇ ਕਿਹਾ ਕਿ ਮੈਂ ਹਰਵਿੰਦਰ ਸਿੰਘ ਹਾਂ ਅਤੇ ਸਾਬਕਾ ਟੈਲੀਕਾਮ ਮੰਤਰੀ ਸੁਖਰਾਮ ਤੇ ਵੀ ਮੈਂ ਹੀ ਹਮਲਾ ਕੀਤਾ ਸੀ।

ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਲੈ ਕੇ ਸ਼ਰਦ ਪਵਾਰ ਦੇ ਬਿਆਨ ਤੋਂ ਨਰਾਜ਼ ਸੀ। ਘਟਨਾ ਦੇ ਕੁਝ ਸਕਿੰਟ ਬਾਅਦ ਹੀ ਉਥੇ ਮੌਜੂਦ ਪੱਤਰਕਾਰ ਸ਼ਰਦ ਪਵਾਰ ਨੂੰ ਖੁਦਰਾ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ ਦੇ ਮਸਲੇ ਤੇ ਸਵਾਲ ਪੁੱਛ ਰਹੇ ਸਨ। ਪਵਾਰ ਨੇ ਇਨ੍ਹਾਂ ਸਵਾਲਾਂ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ, ਉਨ੍ਹਾਂ ਕਿਹਾ ਕਿ ਇਹ ਦੱਸਣ ਦੀ ਕੋਈ ਲੋੜ ਨਹੀਂ, ਜੋ ਕੁਝ ਕਹਿਣਾ ਹੈ ਕੈਬਨਿਟ 'ਚ ਕਹਾਂਗਾ। ਇਸ ਤਰ੍ਹਾਂ ਦਾ ਜਵਾਬ ਦੇ ਕੇ ਉਹ ਜਿਵੇਂ ਹੀ ਅੱਗੇ ਵਧੇ, ਉਥੇ ਮੌਜੂਦ ਹਰਵਿੰਦਰ ਨੇ ਪਵਾਰ ਨੂੰ ਇਹ ਕਹਿੰਦੇ ਹੋਏ ਥੱਪੜ ਮਾਰ ਦਿੱਤਾ ਕਿ , ਉਸਨੂੰ ਸਭ ਪਤਾ ਹੈ, ਨੌਜਵਾਨ ਨੇ ਚੀਕ ਮਾਰੀ, ਮਹਿੰਗਾਈ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸਾ ਹੈ, ਸਭ ਚੋਰ ਹਨ। ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਕਾਬੂ ਕਰ ਲਿਆ। ਪੱਤਰਕਾਰਾਂ ਨੇ ਜਦੋਂ ਹਰਵਿੰਦਰ ਸਿੰਘ ਨੂੰ ਪੁੱਛਿਆ ਕਿ ਉਸਨੇ ਪਵਾਰ ਤੇ ਥੱਪੜ ਕਿਉਂ ਮਾਰਿਆ ਤਾਂ ਉਸਨੇ ਜਵਾਬ ਦਿੱਤਾ ਕਿ ਹੋਰ ਮੈਂ ਕੀ ਕਰ ਸਕਦਾ ਹਾਂ, ਜਿਥੇ ਦੇਖੋ ਉਥੇ ਘਪਲਾ, ਘਪਲਾ, ਘਪਲਾ। ਇਹ ਕਹਿੰਦੇ ਹੋਏ ਇਸ ਨੌਜਵਾਨ ਨੇ ਆਪਣੇ ਕੋਲ ਰੱਖੀ ਕਿਰਚ ਕੱਢ ਲਈ ਅਤੇ ਲਹਿਰਾਉਣ ਲੱਗਿਆ। ਸੂਤਰਾਂ ਅਨੁਸਾਰ ਹਰਵਿੰਦਰ ਸਿੰਘ ਦੇ ਖਿਲਾਫ ਧਾਰਾ 309-323-353-506 ਦੇ ਤਹਿਤ ਧਮਕੀ ਦੇਣ, ਮਾਰਕੁੱਟ ਕਰਨ, ਖੁਦਕਸ਼ੀ ਦੀ ਕੋਸ਼ਿਸ਼ ਕਰਨ ਅਤੇ ਅਪਰਾਧਿਕ ਸਾਜਿਸ਼ ਰਚਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top