Share on Facebook

Main News Page

ਹਰਵਿੰਦਰ ਸਿੰਘ ਦਾ ਗੁੱਸਾ ਜਾਇਜ਼ ਪਰ ਕਾਰਵਾਈ (ਖਾਸ ਕਰਕੇ ਕ੍ਰਿਪਾਨ ਕਢਣੀ) ਗਲਤ: ਭਾਈ ਸਿਰਸਾ

* ਜਿਹੜੇ ਆਗੂ ਅੱਜ ਇੱਕ ਥੱਪੜ ਨੂੰ ਸੰਘ ਪਾੜ ਪਾੜ ਕੇ ਲੋਕਤੰਤਰ ’ਤੇ ਹਮਲਾ ਕਰਾਰ ਦੇ ਰਹੇ ਹਨ ਉਹ ਦੱਸਣ ਕਿ ਕੀ ਉਨ੍ਹਾਂ ਨੂੰ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਦਾ ਕਤਲੇਆਮ ਲੋਕਤੰਤਰ ’ਤੇ ਹਮਲਾ ਨਹੀਂ ਦਿੱਸਦਾ?

* ਕੁਝ ਦਿਨ ਪਹਿਲਾਂ ਜਿਸ ਸਮੇਂ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਵਲੋਂ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜੇ ਜਗਤਾਰ ਸਿੰਘ ਹਵਾਰਾ ’ਤੇ ਅਦਾਲਤ ਵਿੱਚ ਹਮਲਾ ਕੀਤਾ ਸੀ ਤਾਂ ਉਸ ਸਮੇ ਲੋਕਤੰਤਰ ਦੇ ਇਨ੍ਹਾਂ ਰਾਖਿਆਂ ਵਿੱਚੋਂ ਕਿਸੇ ਨੇ ਵੀ ਮੂੰਹ ਤੱਕ ਨਹੀਂ ਸੀ ਖੋਲ੍ਹਿਆ 

ਬਠਿੰਡਾ, 25 ਨਵੰਬਰ (ਕਿਰਪਾਲ ਸਿੰਘ): ਹਰਵਿੰਦਰ ਸਿੰਘ ਦਾ ਗੁੱਸਾ ਜਾਇਜ਼ ਹੈ, ਪਰ ਕਾਰਵਾਈ (ਖਾਸ ਕਰਕੇ ਕ੍ਰਿਪਾਨ ਕਢਣੀ) ਸਿਰੇ ਤੋਂ ਗਲਤ ਹੈ, ਜਿਸ ਦੀ ਅਸੀਂ ਸਖਤ ਸਬਦਾਂ ’ਚ ਨਿਖੇਧੀ ਕਰਦੇ ਹਾਂ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਦਿੱਲੀ ਦੇ ਸਿੱਖ ਨੌਜਵਾਨ ਵਲੋਂ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਦੇ ਮੂੰਹ ’ਤੇ ਥੱਪੜ ਮਾਰੇ ਜਾਣ ਅਤੇ ਉਸ ਪਿਛੋਂ ਕ੍ਰਿਪਾਨ ਕੱਢ ਕੇ ਲਹਿਰਾਉਣ ਵਾਲੀ ਘਟਨਾ ’ਤੇ ਪ੍ਰਤੀਕਰਮ ਕਰਦੇ ਹੋਏ ਕਿਹਾ। ਪਰ ਇਸ ਦੇ ਨਾਲ ਹੀ ਉਨ੍ਹਾਂ ਸਾਰੀਆਂ ਰਰਾਜਨੀਤਕ ਪਾਰਟੀ ਦੇ ਆਗੂਆਂ ਤੋਂ ਪੁੱਛਿਆ ਕਿ ਇਸ ਦੇਸ਼ ਵਿੱਚ ਜੇ ਕੋਈ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਕਰਕੇ ਤਿਜੋਰੀਆਂ ਭਰ ਰਿਹਾ ਹੈ ਤੇ ਦੂਸਰੇ ਪਾਸੇ ਲੋਕਾਂ ਦਾ ਮਹਿੰਗਾਈ ਕਚੂੰਬਰ ਨਿਕਲ ਰਿਹਾ ਹੈ ਤੇ ਸਰਕਾਰ ਵਿੱਚ ਬੈਠੇ ਜਿੰਮੇਵਾਰ ਵਿਅਕਤੀ ਇਸ ਦਾ ਜਵਾਬ ਦੇਣਾ ਵੀ ਗਵਾਰਾ ਨਾ ਸਮਝਣ ਤਾਂ ਤੰਗ ਆਏ ਲੋਕ ਹੋਰ ਕਰ ਵੀ ਕੀ ਸਕਦੇ ਹਨ? ਉਨ੍ਹਾਂ ਅੱਗੇ ਕਿਹਾ ਕਿ ਜਿਸ ਦੇਸ਼ ’ਚ ਸਰਕਾਰੀ ਦੇ ਤੰਤਰ ਦੇ ਇਸ਼ਾਰੇ ’ਤੇ ਬਹੁਗਿਣਤੀ ਦੇ ਜਨੂੰਨੀ ਗੁੰਡੇ ਕਿਧਰੇ ਦਿੱਲੀ ਸਮੇਤ ਹੋਰਨਾ ਸ਼ਹਿਰਾਂ ਵਿੱਚ ਘੱਟ ਗਿਣਤੀ ਸਿੱਖਾਂ ਨੂੰ ਲਗਾਤਾਰ ਇੱਕ ਹਫਤੇ ਤੱਕ ਗਲਾਂ ਵਿੱਚ ਟਾਇਰ ਅਤੇ ਪੈਟਰੋਲ ਛਿੜਕ ਕੇ ਜਿਉਂਦਿਆਂ ਸਾੜ ਰਹੇ ਹਨ; ਕਿਧਰੇ ਗੁਜਰਾਤ ’ਚ ਇੱਕ ਮਹੀਨੇ ਤੱਕ ਮੁਸਲਮਾਨਾਂ ਦਾ ਸਮੂਹਿਕ ਕਤਲੇਆਮ ਕਰ ਰਹੇ ਹਨ; ਕਿਧਰੇ ਕਰਨਾਟਕਾ, ਉੜੀਸਾ ਆਦਿ ਸੂਬਿਆਂ ’ਚ ਈਸਾਈਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ, ਪਰ 27 ਸਾਲ ਲੰਘ ਜਾਣ ਦੇ ਬਾਵਯੂਦ ਕਿਸੇ ਇੱਕ ਵੀ ਦੋਸ਼ੀ ਨੂੰ ਸਜਾ ਤਾਂ ਕੀ ਮਿਲਣੀ ਸੀ ਕਿਸੇ ਮੁੱਖ ਦੋਸ਼ੀ ਨੂੰ ਇੱਕ ਹਫਤਾ ਜੁਡੀਸ਼ਲ ਲਾਕ ਅੱਪ ਵਿੱਚ ਵੀ ਨਹੀਂ ਰੱਖਿਆ ਗਿਆ।

ਇਸ ਦੇਸ਼ ਦੇ ਜਿਹੜੇ ਆਗੂ ਅੱਜ ਇੱਕ ਥੱਪੜ ਨੂੰ ਸੰਘ ਪਾੜ ਪਾੜ ਕੇ ਲੋਕਤੰਤਰ ’ਤੇ ਹਮਲਾ ਕਰਾਰ ਦੇ ਰਹੇ ਹਨ ਉਹ ਦੱਸਣ ਕਿ ਕੀ ਉਨ੍ਹਾਂ ਨੂੰ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਦਾ ਕਤਲੇਆਮ ਲੋਕਤੰਤਰ ’ਤੇ ਹਮਲਾ ਨਹੀਂ ਦਿੱਸਦਾ? ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਦੇ 36 ਸਿੱਖਾਂ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਸੁਰੱਖਿਆ ਏਜੰਸੀਆਂ ਹੱਥੋਂ ਖੁਦ ਮਰਵਾਉਣ ਪਿੱਛੋਂ ਆਪਣੀ ਮੰਦ ਕਰਤੂਤ ’ਤੇ ਪਰਦਾ ਪਾਉਣ ਲਈ 6 ਮੁਸਲਮਾਨਾਂ ਨੂੰ ਫੜ ਕੇ ਉਨ੍ਹਾਂ ਨੂੰ ਸਿੱਖਾਂ ਦੇ ਕਾਤਲ ਦੱਸ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖਾਂ ਤੇ ਮੁਸਲਮਾਨਾਂ ਨੂੰ ਕੱਟੜ ਅਤੇ ਸੌੜੀ ਸੋਚ ਦੇ ਮਾਲਕ ਰਾਜਨੀਤਕਾਂ ਦੇ ਇਸ਼ਾਰਿਆਂ ’ਤੇ ਕਾਨੂੰਨ ਦੇ ਅਖੌਤੀ ਰਾਖੇ ਸੁਰੱਖਿਆ ਦਸਤਿਆਂ ਵਲੋਂ ਫੜ ਕੇ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਇਨਾਮ ਪ੍ਰਾਪਤ ਕੀਤੇ ਜਾ ਰਹੇ ਹਨ। ਝੂਠੇ ਮੁਕਾਬਲਿਆਂ ਰਾਹੀ ਲਾਵਾਰਸ ਬਣਾਈਆਂ ਗਈਆਂ ਲਾਸ਼ਾਂ ਦੇ ਕੇਸਾਂ ਤੋਂ ਪਰਦਾ ਚੁੱਕਣ ਵਾਲੇ ਜਸਵੰਤ ਸਿੰਘ ਖਾਲੜੇ ਦੀ ਜ਼ਬਾਨ ਬੰਦ ਕਰਵਾਉਣ ਲਈ ਉਸ ਨੂੰ ਵੀ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਢਾਹੁੰਣ ਪਿੱਛੋਂ ਅਣਪਛਾਤੀ ਲਾਵਾਰਸ ਲਾਸ਼ ਬਣਾ ਦਿੱਤਾ ਗਿਆ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ, ਦਵਿੰਦਰ ਸਿੰਘ ਭੁੱਲਰ ਦੇ ਪਿਤਾ, ਮਾਸੜ ਅਤੇ ਇੱਕ ਦੋਸਤ ਨੂੰ ਘਰੋਂ ਚੁੱਕ ਕੇ ਖਪਾ ਦਿੱਤਾ ਗਿਆ ਜਿਸ ਦੀ ਪੁਸ਼ਟੀ ਆਈ ਜੀ ਪੀ ਪੱਧਰ ਦੇ ਪੜਤਾਲੀਆ ਕਮੇਟੀ ਅਤੇ ਸੀਬੀਆਈ ਨੇ ਵੀ ਆਪਣੀ ਜਾਂਚ ਰੀਪੋਰਟ ਵਿੱਚ ਕਰਕੇ ਦੋਸ਼ੀਆਂ ’ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੋਣ ਦੇ ਬਾਵਯੂਦ ਕਿਸੇ ਦੋਸ਼ੀ ਵਿਰੁਧ ਕਾਰਵਾਈ ਨਾ ਕੀਤੀ ਹੋਵੇ ਤਾਂ ਕੀ ਇਹ ਲੋਕਤੰਤਰ ’ਤੇ ਹਮਲਾ ਨਹੀਂ ਹੈ।

ਭਾਈ ਸਿਰਸਾ ਨੇ ਕਿਹਾ ਕਿ ਜਿਹੜੀ ਭਾਜਪਾ, ਉਸ ਦੀਆਂ ਸਾਥੀ ਪਾਰਟੀਆਂ ਅਤੇ ਬਾਬਾ ਰਾਮਦੇਵ ਵਰਗੇ ਜਿਹੜੇ ਨਕਾਬ ਪਹਿਨੇ ਆਗੂ ਇੱਕ ਪਾਸੇ ਸ਼ਰਦ ਪਵਾਰ ਦੇ ਮੂੰਹ ’ਤੇ ਪਏ ਥੱਪੜ ਦੀ ਨਿੰਦਾ ਵੀ ਕਰ ਰਹੇ ਹਨ ਪਰ ਦੂਸਰੇ ਪਾਸੇ ਉਸ ਨੂੰ ਇਹ ਕਹਿੰਦੇ ਹੋਏ ਜਾਇਜ਼ ਵੀ ਠਹਿਰਾ ਰਹੇ ਹਨ ਕਿ ਜੇ ਸਰਕਾਰ ਆਪਣੀ ਜਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾ ਰਹੀ ਤਾਂ ਲੋਕਾਂ ਦਾ ਇਹ ਗੁੱਸਾ ਜਾਇਜ਼ ਹੈ। ਦੋਗਲੇ ਕਿਰਦਾਰ ਵਾਲੇ ਇਨ੍ਹਾਂ ਨਕਾਬਪੋਸ਼ ਆਗੂਆਂ ਨੂੰ ਸਵਾਲ ਕਰਦਿਆਂ ਭਾਈ ਸਿਰਸਾ ਨੇ ਕਿਹਾ ਕਿ ਜੇ ਉਹ ਮਹਿੰਗਾਈ ਦੇ ਮੁੱਦੇ ’ਤੇ ਸਰਕਾਰ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਲੋਕਾਂ ਦੇ ਗੁੱਸੇ ਵਿੱਚ ਬੇਕਾਬੂ ਹੋ ਜਾਣ ਨੂੰ ਜਾਇਜ਼ ਠਹਿਰਾ ਰਹੇ ਹਨ ਤਾਂ ਜੇ ਸਿੱਖਾਂ ਦੀ ਆਸਤਾ ਦੇ ਕੇਂਦਰ ਅਕਾਲ ਤਖ਼ਤ ਨੂੰ ਢਹਿਢੇਰੀ ਕਰਨ ਅਤੇ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਵਿੰਂਨ੍ਹੇ ਜਾਣ ’ਤੇ ਦੋ ਸਿੱਖ ਬੇਅੰਤ ਸਿੰਘ ਤੇ ਸਤਵੰਤ ਸਿੰਘ ਆਪਣੇ ਗੁੱਸੇ ’ਤੇ ਕਾਬੂ ਨਾ ਪਾ ਸਕੇ ਤੇ ਉਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਤਾਂ ਇਸ ਨੂੰ ਉਹ ਕਿਹੜੇ ਮੂੰਹ ਨਾਲ ਭੰਡਦੇ ਹਨ। ਜੇ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜਾ ਨਾ ਦੇਣ ਦੇ ਰੋਸ ਵਜੋਂ ਅਤੇ ਪੰਜਾਬ ’ਚ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਦੋਸ਼ੀ ਬੇਅੰਤ ਸਿੰਘ ਨੂੰ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਆਦਿ ਨੇ ਕਤਲ ਕਰ ਦਿੱਤਾ ਤਾਂ ਉਹ ਗਲਤ ਕਿਵੇਂ ਹਨ? ਭਾਈ ਸਿਰਸਾ ਨੇ ਹੋਰ ਕਿਹਾ ਕਿ ਅੱਜ ਦੇਸ਼ ਦੀ ਕੋਈ ਵੀ ਰਾਜਨੀਤਕ ਪਾਰਟੀ ਅਤੇ ਸਮਾਜਸੇਵੀ ਅੰਨਾ ਹਜਾਰੇ ਤੱਕ ਕੋਈ ਵੀ ਵਿਅਕਤੀ ਐਸਾ ਨਹੀਂ ਰਿਹਾ ਜਿਸ ਨੇ ਕੇਂਦਰੀ ਮੰਤਰੀ ਸ਼ਰਦ ਪਵਾਰ ਦੇ ਮੂੰਹ ’ਤੇ ਵੱਜੇ ਥੱਪੜ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਨਾ ਕੀਤੀ ਹੋਵੇ, ਪਰ ਕੁਝ ਦਿਨ ਪਹਿਲਾਂ ਜਿਸ ਸਮੇਂ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਵਲੋਂ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜੇ ਜਗਤਾਰ ਸਿੰਘ ਹਵਾਰਾ ’ਤੇ ਅਦਾਲਤ ਵਿੱਚ ਹਮਲਾ ਕੀਤਾ ਸੀ ਤਾਂ ਉਸ ਸਮੇ ਲੋਕਤੰਤਰ ਦੇ ਇਨ੍ਹਾਂ ਰਾਖਿਆਂ ਵਿੱਚੋਂ ਕਿਸੇ ਨੇ ਵੀ ਮੂੰਹ ਤੱਕ ਨਹੀਂ ਸੀ ਖੋਲ੍ਹਿਆ।

ਭਾਈ ਸਿਰਸਾ ਨੇ ਅੱਗੇ ਹੋਰ ਕਿਹਾ ਕਿ ਅਸੀਂ ਹਰਵਿੰਦਰ ਸਿੰਘ ਵਲੋਂ ਕ੍ਰਿਪਾਨ ਕੱਢ ਕੇ ਲਹਿਰਾਉਣ ਦੀ ਪਹਿਲਾਂ ਹੀ ਨਿੰਦਾ ਕਰ ਚੁੱਕੇ ਹਾਂ ਤੇ ਦੁਬਾਰਾ ਫਿਰ ਨਿੰਦਾ ਕਰ ਰਹੇ ਹਾਂ ਪਰ ਤਕਰੀਬਨ ਸਾਰਾ ਮੀਡੀਆ ਇਸ ਨੂੰ ਇਸ ਤਰ੍ਹਾਂ ਉਛਾਲ ਰਿਹਾ ਹੈ ਜਿਸ ਨਾਲ ਸਿੱਖਾਂ ਦੇ ਧਾਰਮਕ ਚਿੰਨ੍ਹ ਕ੍ਰਿਪਾਨ ’ਤੇ ਪਾਬੰਦੀ ਲਾਉਣ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਸਿੱਖ ਲਿਬਾਸ ਵਾਲਾ ਬੰਦਾ ਕ੍ਰਿਪਾਨ ਦੀ ਇਸ ਤਰ੍ਹਾਂ ਗਲਤ ਵਰਤੋਂ ਕਰਦਾ ਹੈ ਤਾ ਉਸ ਨੂੰ ਤਾਂ ਹਦੋਂ ਵੱਧ ਉਛਾਲਿਆ ਜਾ ਰਿਹਾ ਹੈ ਪਰ ਜਿਸ ਸਮੇ ਇਸੇ ਕ੍ਰਿਪਾਨ ਨਾਲ ਸਿੱਖਾਂ ਨੇ ਅਬਲਾ ਔਰਤਾਂ ਦੀ ਇੱਜਤ ਬਚਾਈ ਦੇਸ਼ ਦੀ ਸੁਰੱਖਿਆ ਕੀਤੀ ਤਾਂ ਉਸ ਸਮੇਂ ਇਸ ਨੂੰ ਬਿਲਕੁਲ ਹੀ ਅਣਗੌਲਿਆ ਕਰ ਕੇ ਛੱਡ ਦਿੱਤਾ ਜਾਂਦਾ ਹੈ। ਘੱਟ ਗਿਣਤੀਆਂ ਵਿਰੁਧ ਅਪਣਾਇਆ ਜਾ ਰਿਹਾ ਇਹ ਦੂਹਰਾ ਮਿਆਰ ਹੀ ਅੱਤਵਾਦ ਅਤੇ ਵੱਖਵਾਦ ਦਾ ਕਾਰਣ ਬਣਦਾ ਹੈ ਜਿਸ ਨੂੰ ਰਾਜਨੀਤਕ ਲੋਗ ਤਾਂ ਇੱਕ ਪਾਸੇ ਅੰਨਾ ਹਜ਼ਾਰੇ ਵਰਗੇ ਸਮਾਜ ਸੇਵੀ ਵੀ ਅਣਗੌਲਿਆ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top