ਅਨੰਦਪੁਰ
ਸਾਹਿਬ, 30 ਨਵੰਬਰ, (ਸੁਰਿੰਦਰ
ਸਿੰਘ ਸੋਨੀ): ਬਾਦਲ ਵਲੋ ਹੀ ਥਾਪੇ ਤਖਤਾਂ ਦੇ ‘ਜਥੇਦਾਰਾਂ;
ਵਲੋ ਬਾਦਲ ਨੂੰ ਫਖਰ ਏ ਕੌਮ ਦਾ ਖਿਤਾਬ ਦੇਣ ਦਾ ਫੈਸਲਾ ਅਤੀ ਮੰਦਭਾਗਾ ਤੇ ਹੈਰਾਨਕੁੰਨ
ਹੈ। ਬਾਦਲ ਨੂੰ ਫਖਰ ਏ ਕੌਮ ਦਾ ਨਹੀਂ ਸਗੋਂ ‘ਬਰਬਾਦ ਏ ਕੌਮ' ਦਾ
ਖਿਤਾਬ ਦੇਣਾ ਚਾਹੀਦਾ ਹੈ ਕਿਉਂਕਿ ਬਾਦਲ ਨੇ ਜਿੰਨਾ ਸਿੱਖੀ ਸਿਧਾਤਾਂ ਦਾ ਘਾਣ ਕੀਤਾ ਹੈ,
ਉਨ੍ਹਾਂ ਕਿਸੇ ਹੋਰ ਨੇ ਸ਼ਾਇਦ ਹੀ ਕੀਤਾ ਹੋਵੇ। ਇਨਾਂ ਸ਼ਬਦਾਂ ਦਾ
ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ:ਰਣਜੋਧ ਸਿੰਘ ਨੇ ਕੀਤਾ।ਉਨਾਂ
ਕਿਹਾ ਬਾਦਲ ਨੇ ਜਥੇਦਾਰਾਂ ਨੂੰ ਗੁਲਾਮਾਂ ਵਾਂਗ ਰੱਖਕੇ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਨੂੰ ਖਤਮ
ਕਰਕੇ ਰੱਖ ਦਿਤਾ ਹੈ।
ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਨੂੰ ਵੀ ਬਾਦਲ ਨੇ ਆਪਣੇ ਵੱਸ
ਕਰ ਰੱਖਿਆ ਹੈ ਇਸੇ ਲਈ ਆਏ ਦਿਨ ਕਿਸੇ ਨਾ ਕਿਸੇ ਗੁਰਦੁਆਰੇ ਚੋ ਮੁਲਾਜਮ ਸ਼ਰਾਬੀ ਹਾਲਤ ਵਿਚ ਫੜੇ
ਜਾਂਦੇ ਹਨ। ਉਨ੍ਹਾਂ ਕਿਹਾ ਆਪੇ ਥਾਪੇ ਜਥੇਦਾਰਾਂ ਕੋਲੋ ਆਪ ਹੀ
ਐਵਾਰਡ ਲੈਣਾ ਕੋਈ ਅਹਿਮੀਅਤ ਨਹੀ ਰੱਖਦਾ, ਤੇ ਇਸਦਾ ਕੌਮ ਵਿਚ
ਕੋਡੀ ਦਾ ਮੁੱਲ ਵੀ ਨਹੀ ਪੈ ਸਕਦਾ।
ਪ੍ਰਸਿੱਧ ਕਥਾਵਾਚਕ ਭਾਈ ਦਵਿੰਦਰ ਸਿੰਘ ਨੇ ਇਸ ਬਾਰੇ ਕਿਹਾ ਕਿ
ਸਿੱਖ ਕੌਮ ਕਹਿਨੀ ਦੀ ਨਹੀਂ ਸਗੋਂ ਕਰਨੀ ਪ੍ਰਧਾਨ ਦਾ ਧਰਮ ਹੈ,
ਤੇ ਇਸ ਵਿਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀ ਜੋ ਮੁਕਟ ਬੰਨ ਕੇ,
ਟਿੱਕੇ ਲੁਆ ਕੇ, ਹਵਨ ਜੱਗ ਕਰਵਾ ਕੇ ਸਿੱਖੀ ਸਿਧਾਤਾਂ ਦਾ ਭੋਗ
ਪਾਉਣ ਤੇ ਤੁਲੇ ਹੋਏ ਹਨ। ਉਨਾਂ ਕਿਹਾ ਜਥੇਦਾਰਾਂ ਨੂੰ ਚਾਹੀਦਾ
ਹੈ ਕਿ ਉਹ ਬਾਦਲ ਵਲੋ ਅਜਿਹੀਆਂ ਸਿੱਖੀ ਸਿਧਾਤਾਂ ਵਿਰੋਧੀ ਕਾਰਵਾਈਆਂ ਕਰਨ ਲਈ ਅਕਾਲ ਤਖਤ ਸਾਹਿਬ
ਤੇ ਬੁਲਾਉਣ ਤੇ ਬਣਦੀ ਸਜਾ ਦੇਣ, ਪਰ ਅਫਸੋਸ ਜਥੇਦਾਰ ਬਾਦਲ ਨੂੰ
ਫਖਰ ਏ ਕੌਮ ਦਾ ਐਵਾਰਡ ਦੇਣ ਦੀ ਚਮਚੀ ਮਾਰ ਰਹੇ ਹਨ ਜੋ ਕੌਮ ਲਈ ਨਮੋਸ਼ੀ ਵਾਲੀ ਗੱਲ ਹੈ।