Share on Facebook

Main News Page

ਬਾਦਲ ਨੂੰ ਫਖਰ ਏ ਕੌਮ ਦਾ ਖਿਤਾਬ - ਆਪੇ ਅੰਮਾਂ ਮੱਥਾ ਟੇ ਕੇ ਆਪੇ ਬੁੱਢ ਸੁਹਾਗਣ

ਪੰਜ ਤਖਤਾਂ ਦੇ ਜੱਥੇਦਾਰਾਂ ਵੱਲੋਂ ਪੰਜਾਬ ਦੇ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਕੇ, ਪੰਥ ਰਤਨ ਅਤੇ ਫਖਰ ਏ ਕੌਮ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖਿਤਾਬ ਜਾਂ ਤਾਂ ਮਹਾਂਰਾਜਾ ਰਣਜੀਤ ਸਿੰਘ ਨੂੰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਜਾਂ ਫਿਰ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਹੋ ਰਿਹਾ ਹੈ। ਇਹ ਖਿਤਾਬ ਸਿੱਖ ਕੌਮ ਨੂੰ ਸਭ ਤੋਂ ਵੱਡੀ ਦੇਣ ਦੇਣ ਦੇ ਇਵਜ਼ ਵਿਚ ਦਿੱਤਾ ਜਾ ਰਿਹਾ ਹੈ। ਇੱਥੇ ਇਹ ਗੱਲ ਤਾਂ ਮੰਨਣਯੋਗ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਨੂੰ ਕਾਬਲ ਕੰਧਾਰ ਤੱਕ ਫੈਲਾਇਆ ਅਤੇ ਇਕ ਅਜਿਹਾ ਸਿੱਖ ਰਾਜ ਕਾਇਮ ਕੀਤਾ ਜਿਸ ਵਿਚ ਕੋਈ ਵੀ ਇਨਸਾਨ ਦੁਖੀ ਨਹੀਂ ਸੀ, ਸਭ ਨੂੰ ਨਿਆਂ ਮਿਲਦਾ ਸੀ , ਤਕੜਾ ਮਾੜੇ ਨੂੰ ਤੰਗ ਨਹੀਂ ਕਰਦਾ ਸੀ। ਇਮਾਨਦਾਰੀ ਅਤੇ ਅਨੁਸ਼ਾਸ਼ਨ ਐਨਾ ਸੀ ਕਿ ਸਵੇਰੇ ਕੁੱਤੇ ਦੇ ਗਲ ਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਉ, ਸ਼ਾਮ ਨੂੰ ਕੈਂਠੇ ਸਮੇਤ ਘਰ ਵਾਪਸ ਆ ਜਾਂਦਾ ਸੀ। ਉਸ ਕੋਲ ਸ਼ਕਤੀਸ਼ਾਲੀ ਜਰਨੈਲ ਸਨ ਅਤੇ ਦੁਸ਼ਮਣ ਨੂੰ ਜਿਨ੍ਹਾਂ ਦਾ ਨਾ ਸੁਣਕੇ ਕਾਂਬਾ ਛਿੜ ਜਾਂਦਾ ਸੀ।

ਮਹਾਂਰਾਜਾ ਨੇ ਸਿੱਖ ਗੁਰਧਾਮਾਂ ਦੀ ਸੇਵਾ ਤਨੋ ਮਨੋ ਕਰਵਾਕੇ ਸਿੱਖੀ ਨੂੰ ਪ੍ਰਫੁੱਲਤ ਕੀਤਾ ਸੀ, ਪਰ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮਹਾਂਰਾਜਾ ਰਣਜੀਤ ਸਿੰਘ ਦੇ ਤੁੱਲ ਇਹ ਖਿਤਾਬ ਦੇਣਾ ਕਿੱਥੋਂ ਤੱਕ ਵਾਜਬ ਹੈ, ਇਸਤੇ ਸਿੱਖ ਕੌਮ ਨੂੰ ਸੱਚੇ ਦਿਲੋਂ ਵਿਚਾਰ ਕਰਨੀ ਬਣਦੀ ਹੈ ਕਿ ਸ: ਬਾਦਲ ਇਕ ਰਾਜਨੀਤਕ ਪਾਰਟੀ ਦੇ ਆਗੂ ਹਨ ਜੋ ਪਹਿਲਾਂ ਪੰਥਕ ਸੀ ਪਰ ਅੱਜ ਸ: ਬਾਦਲ ਨੇ ਇਸਨੂੰ ਆਪਣੀ ਨਿੱਜੀ ਮੋਨਾਪਲੀ ਬਣਾ ਲਿਆ ਹੈ। ਗੁਰਧਾਮਾਂ ਵਿਚੋਂ ਸਿੱਖੀ ਸਿਧਾਂਤ ਖੰਭ ਲਾ ਕੇ ਉੱਡ ਗਏ ਹਨ ਅਤੇ ਇਹ ਮਹਿਜ਼ ਇਕ ਦੁਕਾਨ ਬਣਕੇ ਰਹਿ ਗਏ ਹਨ। ਲੋਕ ਇੱਥੇ ਕਾਬਜ਼ ਲੋਕਾਂ ਦੀਆਂ ਮਨਮਾਨੀਆਂ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਤੇ ਲੱਗੇ ਹੋਏ ਹੋਣ ਕਾਰਨ ਇਸਤੋਂ ਦੁਖੀ ਹੋਕੇ ਲੋਕ ਖੁੰਬਾਂ ਵਾਂਗ ਉੱਗ ਰਹੇ ਨਵੇਂ ਗੁਰੂ ਡੰਮ ਧਰਮਾਂ ਵੱਲ ਜਾ ਰਹੇ ਹਨ ਅਤੇ ਇਹ ਰਾਜਨੀਤਕ ਲੋਕ ਉਨ੍ਹਾਂ ਸਾਧਾਂ ਦੇ ਡੇਰਿਆਂ ਤੇ ਜਾਕੇ ਵੋਟਾਂ ਦੀ ਭੀਖ ਮੰਗ ਰਹੇ ਹਨ ਤੇ ਇਨ੍ਹਾਂ ਸਾਧਾਂ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਦੇ ਰਹੇ ਹਨ। ਜੇਕਰ ਕੋਈ ਸੱਚਾ ਸਿੱਖ ਇਸ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਸਨੂੰ ਦਬਾਇਆ ਜਾਂਦਾ ਹੈ ਅਤੇ ਸਾਧਾਂ ਨੂੰ ਸੁਰੱਖਿਆ ਪ੍ਰਦਾਨ ਕਰਾਈ ਜਾਂਦੀ ਹੈ।

ਪੰਜਾਬ ਜਿਸਦੀਆਂ ਹੱਦਾਂ ਜੰਮੂ ਕਸ਼ਮੀਰ ਅਤੇ ਦਿੱਲੀ ਨਾਲ ਲੱਗਦੀਆਂ ਸਨ , ਇਨ੍ਹਾਂ ਆਗੂਆਂ ਦੀਆਂ ਬੇਈਮਾਨੀਆਂ ਕਾਰਨ ਚਿੜੀ ਦੇ ਪੌਂਚੇ ਜਿੰਨਾ ਰਹਿ ਗਿਆ ਹੈ। ਇਸ ਆਗੂ ਦੀ ਅਗਵਾਈ ਵਿਚ ਅਨੰਦਪੁਰ ਦਾ ਮਤਾ ਪਾਸ ਕੀਤਾ ਗਿਆ ਸੀ ,ਧਰਮ ਯੁੱਧ ਮੋਰਚਾ ਲੱਗਾ ਸੀ, ਬਲਿਊ ਸਟਾਰ ਅਪ੍ਰੇਸ਼ਨ ਹੋਇਆ ਸੀ ,ਪੰਜਾਬ ਨੇ 10-12 ਸਾਲ ਸੰਤਾਪ ਹੰਢਾਇਆ ਸੀ । ਆਪਣੇ ਪੁੱਤ ਮਰਵਾਏ ਸੀ ਪਰ ਐਨਾ ਕੁੱਝ ਹੋਣ ਦੇ ਬਾਵਯੂਦ ਇਨ੍ਹਾਂ ਆਗੂਆਂ ਨੇ ਪੰਜਾਬ ਨੂੰ ਕੀ ਲੇ ਕੇ ਦਿੱਤਾ, ਕੁੱਝ ਵੀ ਨਹੀਂ। ਸਗੋਂ ਪੰਜਾਬ ਵਿਚ ਸਿੱਖ ਧਰਮ ਨੂੰ ਵੱਡੀ ਢਾਹ ਲੱਗੀ ਅਤੇ ਸ: ਬਾਦਲ ਨੇ ਸਿੱਖਾਂ ਦੀ ਦੁਸ਼ਮਣ ਜਮਾਤ ਆਰ ਐਸ ਐਸ ਨਾਲ ਐਸੀ ਸਾਂਝ ਪਕੇਰੀ ਕੀਤੀ ਜੋ ਅੱਜ ਤੱਕ ਬਰਕਰਾਰ ਹੈ।

ਬੀਤੇ ਦਿਨੀ ਸਿੱਖਾਂ ਦੇ ਕਾਤਲ ਅਡਵਾਨੀ ਨੂੰ ਸ: ਬਾਦਲ ਨੇ ਵਿਰੋਧ ਦੇ ਬਾਵਯੂਦ ਹਰਿਮੰਦਰ ਸਾਹਿਬ ਮੱਥਾ ਟਿਕਵਾਇਆ ਅਤੇ ਸਿਰੋਪਾ ਦਿੱਤਾ ਹੈ। ਪੰਜਾਬ ਵਿਚ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸ ਗਏ ਹਨ। ਰੋਜ਼ਗਾਰ ਮੰਗਣ ਵਾਲਿਆਂ ਨੂੰ ਡਾਂਗਾਂ ਨਾਲ ਦਬਾਇਆ ਜਾ ਰਿਹਾ ਹੈ,ਕਿਸਾਨਾਂ ਦੇ ਸਿਰ ਕਰਜ਼ੇ ਦੀ ਪੰਡ ਦਾ ਭਾਰ ਹੋਰ ਵਧ ਰਿਹਾ ਹੈ। ਪੰਜਾਬ ਦੇ ਲੋਕ ਕੈਂਸਰ,ਪੀਲੀਆ,ਡੇਂਗੂ ਆਦਿ ਭਿਆਨਕ ਬੀਮਾਰੀਆਂ ਨਾਲ ਮਰ ਰਹੇ ਹਨ। ਇੱਥੇ ਕਬੱਡੀ ਤੇ ਕਰੋੜਾਂ ਰੁਪਏ ਰੋੜ੍ਰੇ ਗਏ ਅਤੇ ਫਿਲਮੀ ਐਕਟਰਾਂ ਨੂੰ ਬੁਲਾਕੇ ਇਕੱਠ ਕਰਨ ਲਈ ਲੱਖਾਂ ਰੁਪਏ ਦਿੱਤੇ ਗਏ। ਇਹ ਸਭ ਕੁੱਝ ਰਾਜਨੀਤਕ ਲਾਭ ਲੈਣ ਦੀ ਖਾਤਰ ਕੀਤਾ ਗਿਆ। ਸ: ਬਾਦਲ ਪੁੱਤਰ ਮੋਹ ਵਿਚ ਅਜਿਹੇ ਫਸੇ ਹਨ ਕਿ ਵਡੇਰੀ ਉਮਰ ਵਿਚ ਵੀ ਚੈਨ ਨਾਲ ਨਹੀਂ ਬੈਠ ਰਹੇ। ਪੰਜਾਬ ਦੂਸਰੇ ਸੂਬਿਆਂ ਤੋਂ ਹਰ ਖੇਤਰ ਵਿਚ ਪਛੜਿਆ ਹੋਇਆ ਹੈ। ਕੌਮ ਦੇ ਸਿਰ ਤੇ ਨਾ ਪੱਗ ਰਹੀ ਹੈ ਨਾ ਕੇਸ। ਅੱਜ ਦੀ ਪੀੜ੍ਹੀ ਨੂੰ ਦਸ ਗੁਰੂਆਂ ਦੇ ਨਾਮ ਯਾਦ ਨਹੀਂ ,ਉਨ੍ਹਾ ਦੀ ਦੇਣ ਤਾਂ ਕੀ ਯਾਦ ਹੋਣੀ ਸੀ।

ਕੀ ਇਸ ਸਭ ਕੁੱਝ ਦੇ ਫਲਸਰੂਪ ਫਖਰ ਏ ਕੌਮ ਦਾ ਖਿਤਾਬ ਦਿੱਤਾ ਜਾ ਰਿਹਾ ਤਾਂ ਜੰਮ ਜੰਮ ਦੇਵੋ ਤਾਂ ਕਿ ਕਿਸੇ ਨੂੰ ਅੱਗੇ ਵੀ ਕੌਮ ਬਾਰੇ ਨਹੀਂ ਪੰਜਾਬ ਬਾਰੇ ਨਹੀਂ,ਸਿਰਫ ਖਿਤਾਬ ਲੈਣ ਵਲ ਹੀ ਧਿਆਨ ਰਹੇ। ਜਿਨ੍ਹਾ ਨੂੰ ਇਹ ਖਿਤਾਬ ਦੇਣੇ ਬਣਦੇ ਸੀ ,ਉਨ੍ਹਾ ਦੇ ਤਾਂ ਇਨ੍ਹਾਂ ਦੇ ਨਾਮ ਵੀ ਯਾਦ ਨਹੀਂ। ਸਿੰਘ ਸਾਹਿਬ ਸ: ਬਾਦਲ ਦੇ ਹਨ ਤੇ ਸ: ਬਾਦਲ ਸਿੰਘ ਸਾਹਿਬ ਦੇ। ਪੰਜਾਬੀ ਦੀ ਕਹਾਵਤ ਹੈ ਕਿ ਆਪੇ ਅੰਮਾਂ ਮੱਥਾ ਟੇ ਕੇ ਆਪੇ ਬੁੱਢ ਸੁਹਾਗਣ। ਇਨਸਾਨ ਆਪਣੇ ਅਮਲਾਂ ਨਾਲ ਵੱਡਾ ਹੋਣਾ ਚਾਹੀਦਾ, ਇਨਾਮ ਤੇ ਖਿਤਾਬ ਤਾਂ ਪੰਜਾਬ ਵਿਚ ਸਸਤੇ ਹੋ ਗਏ ਹਨ। ਅੰਤ ਵਿਚ ਇਹ ਹੀ ਕਹਾਂਗਾ ਕਿ ਕੌਮ ਦੇ ਵਾਰਸੋ ਸ਼ੇਖ ਚਿਲੀ ਵਾਂਗ ਜਿਹੜੀ ਟਾਹਣੀ ਤੇ ਬੈਠੇ ਹੋ, ਵਾਸਤਾ ਰੱਬ ਦਾ ਉਸ ਨੂੰ ਨਾ ਵੱਢੋ। ਇਹ ਸਿੱਖੀ ਦਾ ਬੂਟਾ ਲੱਖਾਂ ਸ਼ਹੀਦਾਂ ਦੇ ਖੂਨ ਨਾਲ ਵਧਿਆ ਫੁੱਲਿਆ ਸੀ ਜਿਸਨੂੰ ਛਾਂਗਕੇ ਤੁਸੀਂ ਅੰਗਹੀਣ ਬਣਾ ਦਿੱਤਾ ਹੈ। ਅੱਜ ਤੁਸੀਂ ਸੱਤਾ ਦੇ ਨਸ਼ੇ ਵਿਚ ਕੁੱਝ ਮਹਿਸੂਸ ਨਹੀਂ ਕਰ ਰਹੇ ਪਰ ਇਤਿਹਾਸ ਕਦੇ ਤੁਹਾਨੂੰ ਮੁਆਫ ਨਹੀਂ ਕਰੇਗਾ।

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top