Share on Facebook

Main News Page

ਪੁਨਰ ਜਾਗਰਨ ਲਹਿਰ ਵਿਚਲੀ ਖੜੌਤ ਅਤੇ ਪੁੱਠਾ ਗੇੜ ਦੇਣ ਦੀਆਂ ਕੋਸ਼ਿਸ਼ਾਂ, ਜਾਗਰੂਕ ਪੰਥ ਨੂੰ ਵਕਤ ਸਿਰ ਮੌਕਾ ਸੰਭਾਲ ਲੈਣਾ ਚਾਹੀਦਾ ਹੈ

ਬਾਬਾ ਨਾਨਕ ਜੀ ਵਲੋਂ ਗੁਰਮਤਿ ਇਨਕਲਾਬ ਸ਼ੁਰੂ ਕਰਨ ਦੇ ਨਾਲ ਹੀ ਇਸ ਸਰਬਪੱਖੀ ਇਨਕਲਾਬ ਦੇ ਵਿਰੋਧੀ ਵੀ ਨਾਲੋਂ ਨਾਲ ਸਰਗਰਮ ਹੋ ਗਏ ਸਨ। 1469 ਤੋਂ 1708 ਦੇ ਇਤਿਹਾਸ ਦੀ ਪੜਚੋਲ ਤੋਂ ਇਹ ਤੱਥ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਇਹ ਵਿਰੋਧ ਬਾਹਰੋਂ ਵੀ ਹੋਇਆ ਅਤੇ ਅੰਦਰੋਂ ਵੀ। ਸ੍ਰੀ ਚੰਦ, ਪ੍ਰਿਥੀਚੰਦ ਅਤੇ ਰਾਮਰਾਇ ਆਦਿ ਅੰਦਰੂਨੀ ਵਿਰੋਧ ਦੀਆਂ ਕੁਝ ਮਿਸਾਲਾਂ ਹਨ। ਇਤਿਹਾਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਕੁਝ ਵਾਰ ਇਨ੍ਹਾਂ ਸੱਚ ਵਿਰੋਧੀ ਧਿਰਾਂ ਦੇ ਪ੍ਰਚਾਰ ਤੋਂ ਕਈਂ ਕੱਚੇ-ਪਿੱਲੇ ਪ੍ਰਭਾਵਿਤ ਵੀ ਹੋ ਗਏ। ਪਰ ਨਾਨਕ ਸਰੂਪਾਂ ਦੀ ਨਿੱਜੀ ਲਾਸਾਣੀ ਅਗਵਾਈ ਕਾਰਨ ਐਸੇ ਵਿਰੋਧੀਆਂ ਦੇ ਮੰਨਸੂਬੇ ਜ਼ਾਹਰ ਹੁੰਦੇ ਰਹੇ ਅਤੇ ਕਾਮਯਾਬ ਨਾ ਹੋ ਸਕੇ।

1708 ਤੋਂ ਬਾਅਦ ਕੌਮ ਤੇ ਝੁੱਲੀ ਜ਼ੁਲਮ ਦੀ ਹਨੇਰੀ ਸਦਕਾ ਲਗਭਗ 100 ਕੁ ਸਾਲ ਤੱਕ ਅਪਣੀ ਹੋਂਦ ਬਚਾਈ ਰੱਖਣ ਦਾ ਸਵਾਲ ਪੈਦਾ ਹੋ ਗਿਆ। ਐਸਾ ਸਮਾਂ ਵਿਰੋਧੀ ਤਾਕਤਾਂ ਲਈ ਇਕ ਵਰਦਾਨ ਸਾਬਤ ਹੋਇਆ। ਉਹਨਾਂ ਨੇ ਅਪਣਾ ਪੁਰਾਨਾ ਹਥਿਆਰ ਵਰਤਦੇ ਹੋਏ ਪੰਥਕ ਸਫਾਂ ਵਿਚ ਕਾਮਯਾਬ ਘੁਸਪੈਠ ਕਰ ਲਈ ਅਤੇ ਇਹ ਪੁਜਾਰੀਵਾਦੀ ਤਾਕਤਾਂ ‘ਨਿਰਮਲਿਆਂ ਅਤੇ ਉਦਾਸੀਆਂ’ ਦੇ ਨਾਂ ਹੇਠ ਕੌਮ ਦੀ ਪ੍ਰਚਾਰਕ ਸ਼੍ਰੇਣੀ ਬਣ ਕੇ ਗੁਰਧਾਮਾਂ ਤੇ ਕਾਬਜ਼ ਹੋ ਗਈ। ਬਿਖੜੇ ਹਾਲਾਤਾਂ ਵਿਚ ਫਸੇ ਖਾਲਸੇ ਨੇ ਇਨ੍ਹਾਂ ਨੂੰ ਗੁਰਧਾਮਾਂ ਦੇ ਰਾਖੇ ਸਮਝ ਕੇ ਪ੍ਰਵਾਨ ਕਰ ਲਿਆ। ਇਹਨਾਂ ਨੇ ਇਸ ਸਮੇਂ ਵਿਚ ਬ੍ਰਾਹਮਣੀ ਅੰਸ਼ਾਂ ਨਾਲ ਭਰਪੂਰ ਸਹਿਤ ‘ਖੰਡ ਵਿਚ ਲਪੇਟੇ ਜ਼ਹਿਰ ਵਾਂਗੂ’ ਪੰਥ ਦੇ ਵਿਹੜੇ ਵਿਚ ਲਿਆ ਧਰਿਆ। ਗੁਰਬਿਲਾਸ, ਬਚਿਤ੍ਰ ਨਾਟਕ ਆਦਿ ਐਸੀਆਂ ਤਾਕਤਾਂ ਦੀ ਹੀ ਦੇਣ ਹਨ। ਹੋਲੀ ਹੋਲੀ ਇਨ੍ਹਾਂ ਨੇ ਸਿੱਖਾਂ ਵਿਚੋਂ ਗੁਰਬਾਣੀ ਵਿਚਾਰ ਦੀ ਰੁਚੀ ਘਟਾ ਕੇ, ਕਰਮਕਾਂਡਾਂ ਦੀ ਐਸੀ ਪਿਉਂਦ ਚਾੜਨੀ ਜਾਰੀ ਰੱਖੀ, ਜਿਸ ਦਾ ਸਪਸ਼ਟ ਅਸਰ ‘ਸਿੱਖ ਰਾਜ’ ਦੇ ਦੌਰ ਵਿਚ ਸਿੱਖਾਂ ਦੀ ਜੀਵਨ ਜਾਚ ਨੂੰ ਪੜਚੋਲਿਆਂ ਸਾਹਮਣੇ ਵਿਖਾਈ ਦੇਂਦਾ ਹੈ।

ਇਸ ਭੂਮਿਕਾ ਦਾ ਮਕਸਦ ਇਹ ਦਰਸਾਉਣਾ ਸੀ ਕਿ ‘ਸੱਚ ਅਤੇ ਸੁਧਾਰ’ ਵਿਰੋਧੀ ਤਾਕਤਾਂ ਵੀ ਨਾਲੋਂ ਨਾਲ ਸਰਗਰਮ ਰਹੀਆਂ। ਪੁਜਾਰੀਵਾਦੀ ਜੀਵਨ ਜਾਚ ਹੇਠ ਫਸ ਚੁੱਕੀ ਕੌਮ ਵਿਚ ਪੁਨਰਜਾਗਰਨ ਦਾ ਉਪਰਾਲਾ ਫੇਰ ਬਾਬਾ ਦਿਆਲ ਜੀ ਦੇ ਵੇਲੇ ਵੇਖਣ ਨੂੰ ਮਿਲਦਾ ਹੈ ਪਰ ਉਹਨਾਂ ਦੀ ਚਲਾਈ ‘ਨਿਰੰਕਾਰੀ ਲਹਿਰ’, ਐਸੀਆਂ ਵਿਰੋਧੀ ਤਾਕਤਾਂ ਦੀ ਗ੍ਰਿਫਤ ਵਿਚ ਆ ਜਾਣ ਕਰਕੇ, ਬਿਨਾਂ ਕੋਈ ਪ੍ਰਭਾਵ ਛੱਡੇ ਇਹ ਲਹਿਰ ਆਪ ਹੀ ‘ਦੇਹਧਾਰੀ ਗੁਰੂਡੰਮ’ ਦਾ ਸ਼ਿਕਾਰ ਹੋ ਗਈ। ਪੁਨਰਜਾਗਰਨ ਦੇ ਖੇਤਰ ਵਿਚ ਅਗਲਾ ਵੱਡਾ ਕਾਮਯਾਬ ਉਪਰਾਲਾ ਸਿੰਘ ਸਭਾ ਲਹਿਰ ਦੇ ਰੂਪ ਵਿਚ ਸਾਹਮਣੇ ਆਇਆ। ਇਸ ਲਹਿਰ ਨੇ ਸਿੱਖ ਸਮਾਜ ਵਿਚ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਜਾਗਰੂਕਤਾ ਲਿਆਉਣੀ ਸ਼ੁਰੂ ਕੀਤੀ ਅਤੇ ਜ਼ਾਹਰ ਤੌਰ ਤੇ ਸਮਾਜ ਦੀ ਜੀਵਨ ਜਾਚ ਵਿਚ ਨਜ਼ਰ ਆਉਂਦੇ ਕਰਮਕਾਂਡਾਂ, ਮਨਮਤਾਂ, ਅੰਧਵਿਸ਼ਵਾਸਾਂ ਖਿਲਾਫ ਜ਼ੋਰਦਾਰ ਅਤੇ ਅਸਰਦਾਇਕ ਪ੍ਰਚਾਰ ਕੀਤਾ। ‘ਦਰਬਾਰ ਸਾਹਿਬ’ ਕੰਪਲੈਕਸ ਵਿਚੋਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਬੰਦ ਕਰਵਾਉਣਾ, ਜ਼ਾਤ-ਪਾਤ ਦੇ ਵਿਤਕਰੇ, ਦੇਹਧਾਰੀ ਮਾਨਤਾ ਵਿਰੁਧ ਆਵਾਜ਼ ਉਠਾਉਣਾ ਆਦਿ ਇਸ ਲਹਿਰ ਨੇ ਅਨੇਕਾਂ ਸੁਧਾਰਮਈ ਕੰਮਾਂ ਨੂੰ ਅੰਜਾਮ ਦਿਤਾ। ਸਿੱਖ ਸਮਾਜ ਵਿਚੋਂ ਬ੍ਰਾਹਮਣਵਾਦ ਦੀ ਧੁੰਦ ਛਾਂਟਨ ਦੇ ਮਕਸਦ ਨਾਲ ਕਾਨ੍ਹ ਸਿੰਘ ਜੀ ਨਾਭਾ ਵਰਗੇ ਅਨੇਕਾਂ ਵਿਦਵਾਨਾਂ ਨੇ ‘ਹਮ ਹਿੰਦੂ ਨਹੀਂ’, ‘ਗੁਰਮਤਿ ਮਾਰਤੰਡ’ ਆਦਿ ਸਾਹਿਤ ਦੀ ਰਚਨਾ ਨਾਲ ਯੋਗਦਾਨ ਪਾਇਆ।

ਪਰ ਸਿੱਖ ਸਮਾਜ ਦਾ ਹਿੱਸਾ ਹੀ ਮੰਨੀ ਜਾਂਦੀ ਸੰਪਰਦਾਈ ਧਿਰ ਨੇ ਇਸ ਪੁਨਰਜਾਗਰਨ ਦਾ ਵਿਰੋਧ ਵੀ ਨਾਲੋ ਨਾਲ ਕਰਨਾ ਜਾਰੀ ਰੱਖਿਆ। ‘ਹਮ ਹਿੰਦੂ ਨਹੀਂ’ ਪੁਸਤਕ ਦੇ ਵਿਰੋਧ ਵਿਚ ਇਹਨਾਂ ਸਿੱਖ ਕਹਿਲਾਉਂਦੀਆਂ ਤਾਕਤਾਂ ਵਲੋਂ ਹੀ ‘ਹਮ ਹਿੰਦੂ ਹੀ ਹੈਂ’ ਨਾਮਕ ਪੁਸਤਕ ਵੀ ਛਪਵਾਈ ਗਈ। ਇਸੇ ਤਰਾਂ ਕਰਮ ਸਿੰਘ ਜੀ ਹਿਸਟੋਰੀਅਨ ਦੀ ਲਾਸਾਨੀ ਪੁਸਤਕ ‘ਕੱਤਕ ਕਿ ਵੈਸਾਖ’ ਦੇ ਵਿਰੋਧ ਵਿਚ ਇਕ ਪੁਸਤਕ ‘ਵੈਸਾਖ ਨਹੀਂ ਕੱਤਕ’ ਵੀ ਮਾਰਕਿਟ ਵਿਚ ਲਿਆਂਦੀ ਗਈ। ਐਸੀਆਂ ਹੀ ਤਾਕਤਾਂ ਵਲੋਂ 1897 ਵਿਚ ‘ਦਸਮ ਗ੍ਰੰਥ’ ਦਾ ਪੁਨਰ ਸੰਪਾਦਨ ਵੀ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਰੂਪ ਵਿਚ ਕੀਤਾ ਗਿਆ।

ਇਹ ਵਿਚਾਰ ਸਪਸ਼ਟ ਕਰਦੀ ਹੈ ਕਿ ਪੁਨਰਜਾਗਰਨ ਦਾ ਵਿਰੋਧ ਵੀ ਨਾਲੋ ਨਾਲ ਚਲਦਾ ਰਿਹਾ। ਸੰਪਰਦਾਈਆਂ ਵਲੋਂ ਕੀਤਾ ਵਿਰੋਧ ਤਾਂ ਸੁਚੇਤ ਲੋਕਾਂ ਨੂੰ ਸਪਸ਼ਟ ਨਜ਼ਰ ਆ ਜਾਂਦਾ ਸੀ। ਇਸ ਸਮੇਂ ਤੋਂ ਬਾਅਦ ਕੌਮ ਵਿਚ ਦੋ ਵਿਚਾਰਧਾਰਵਾਂ ਸਪਸ਼ਟ ਨਜ਼ਰ ਆਉਣ ਲਗ ਪਈਆਂ, ਇਕ ਸੰਪਰਦਾਈ ਅਤੇ ਦੂਜੀ ਜਾਗਰੂਕ। ਐਸਾ ਨਹੀਂ ਕਿ ਪੁਨਰਜਾਗਰਨ ਦਾ ਵਿਰੋਧ ਸਿਰਫ ਸੰਪਰਦਾਈ ਧਿਰਾਂ ਵਲੋਂ ਹੀ ਕੀਤਾ ਗਿਆ। ਅਪਵਾਦ ਦੇ ਤੌਰ ਤੇ ਪੜ੍ਹੀ ਲਿਖੀ ਸੁਚੇਤ ਸ਼੍ਰੇਣੀ ਦੇ ਕੁਝ ਵਿਦਵਾਨ ਵੀ ਪਾਸਾ ਪਲਟ ਗਏ, ਇਸ ਪਿੱਛੇ ਕਾਰਨ ਕੀ ਸਨ ਉਹ ਵੱਖਰੀ ਪੜਚੋਲ ਦਾ ਵਿਸ਼ਾ ਹੈ। ਮਿਸਾਲ ਲਈ ਇਕ ਸਮੇਂ ਤੱਕ ਭਾਈ ਵੀਰ ਸਿੰਘ ਜੀ ‘ਰਾਗਮਾਲਾ’ ਦੀ ਵਿਰੋਧੀ (ਸੁਧਾਰ) ਲਹਿਰ ਦਾ ਹਿੱਸਾ ਸਨ ਪਰ ਸਮੇਂ ਨਾਲ ਇਹ ‘ਰਾਗਮਾਲਾ’ ਦੇ ਵੱਡੇ ਸਮਰਥਕਾਂ ਵਿਚ ਸ਼ਾਮਿਲ ਹੋ ਗਏ ਅਤੇ ਪੁਨਰਜਾਗਰਨ ਦੇ ਵਿਰੋਧੀ ਬਣ ਗਏ। ਸ਼ੁਰੂ ਵਿਚ ਉਹਨਾਂ ਨੇ ‘ਖਾਲਸਾ ਟ੍ਰੈਕਟ ਸੋਸਾਇਟੀ’ ਰਾਹੀਂ ਪੁਨਰਜਾਗਰਨ ਦੇ ਖੇਤਰ ਵਿਚ ਯੋਗਦਾਨ ਪਾਇਆ ਵੀ। ਪਰ ਸਮੇਂ ਨਾਲ ਉਹ ਪੁਨਰਜਾਗਰਨ ਦੇ ਵਿਰੋਧ ਵਿਚ ਭੁਗਤਨ ਲਗ ਪਏ। ਉਨ੍ਹਾਂ ਦੀਆਂ ਲਿਖਤਾਂ ਵਿਚ ਗੁਰਮਤਿ ਵਿਰੋਧੀ ਕਰਾਮਾਤੀ ਅੰਸ਼ਾਂ ਦੀ ਭਰਮਾਰ ਹੋ ਗਈ।

ਸਿੰਘ ਸਭਾ ਲਹਿਰ ਦੇ ਪ੍ਰਭਾਵ ਕਾਰਨ ਆਈ ਜਾਗਰੂਕਤਾ ਨੇ ਅਕਾਲੀ ਲਹਿਰ ਨੂੰ ਜਨਮ ਦਿਤਾ। ਅਕਾਲੀ ਲਹਿਰ ਨੇ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਦੇ ਨਾਲ ਨਾਲ ਸਿਧਾਂਤਕ ਖੇਤਰ ਵਿਚ ਵੀ ਸੁਧਾਰ ਦਾ ਕੰਮ ਸ਼ੁਰੂ ਕੀਤਾ। ਇਸੇ ਰਾਹ ਤੇ ਤੁਰਦੇ ਸ਼੍ਰੋਮਣੀ ਕਮੇਟੀ ਵਲੋਂ ‘ਸਿੱਖ ਰਹਿਤ ਮਰਿਯਾਦਾ’ ਤਿਆਰ ਕਰਨ ਦਾ ਕਾਰਜ ਅਰੰਭਿਆ ਗਿਆ। ਇਸ ਮਰਿਯਾਦਾ ਵਿਚ ਸਿੱਖ ਸਮਾਜ ਵਿਚ ਪ੍ਰਚਲਿਤ ਅਨੇਕਾਂ ਕਰਮਕਾਂਡਾਂ ਦਾ ਖੰਡਨ ਕੀਤਾ ਗਿਆ। ਸੰਪਰਦਾਈ ਧਿਰਾਂ ਨੂੰ ਵੀ ਨਾਲ ਲੈ ਕੇ ਤੁਰਨ ਦੇ ਮਕਸਦ ਨਾਲ ਕੁਝ ਥਾਂ ਸਮਝੌਤੇ ਵੀ ਕਰਨੇ ਪਏ। ‘ਰਾਗਮਾਲਾ’ ਦਾ ਮਸਲਾ ਇਸਦੀ ਇਕ ਮਿਸਾਲ ਹੈ। ਬੇਸ਼ਕ ਸਿੰਘ ਸਭਾ ਲਹਿਰ ਨੇ ਜ਼ਾਹਰਾ ਤੌਰ ਤੇ ਨਜ਼ਰ ਆਉਂਦੇ ਕਰਮਕਾਂਡਾਂ, ਮਨਮਤਾਂ ਦੇ ਨਾਲ ਨਾਲ ਬ੍ਰਾਹਮਣੀ ਅੰਸ਼ਾਂ ਵਾਲੇ ਸਾਹਿਤ (ਜਨਮ ਸਾਖੀਆਂ, ਗੁਰਬਿਲਾਸ ਆਦਿ) ਬਾਰੇ ਵੀ ਜਾਗਰੂਕਤਾ ਲਿਆਂਦੀ ਪਰ ਇਹ ਵੀ ਸੱਚ ਹੈ ਕਿ ਉਸ ਦੌਰ ਵਿਚ ‘ਬਚਿਤ੍ਰ ਨਾਟਕ’ (ਅਖੌਤੀ ਦਸਮ ਗ੍ਰੰਥ) ਦੀ ਗਹਿਨ ਪੜਚੋਲ ਨਹੀਂ ਹੋਈ, ਇੱਸੇ ਕਾਰਨ ਸਿੰਘ ਸਭਾ ਲਹਿਰ ਦੇ ਬਹੁਤੇ ਵਿਦਵਾਨ ‘ਦਸਮ ਗ੍ਰੰਥ’ ਦੀਆਂ ਅਨੇਕਾਂ ਰਚਨਾਵਾਂ ਨੂੰ ਦਸ਼ਮੇਸ਼ ਪਾਤਸ਼ਾਹ ਜੀ ਕ੍ਰਿਤ ਮੰਨਦੇ/ਪ੍ਰਚਾਰਦੇ ਰਹੇ।

ਹੌਲੀ ਹੌਲੀ ਅਕਾਲੀ ਲਹਿਰ (ਅਤੇ ਸ਼੍ਰੋਮਣੀ ਕਮੇਟੀ) ਸੱਚ ਦੀ ਰਾਹ ਤੋਂ ਥਿੜਕ ਕੇ ਭ੍ਰਿਸ਼ਟ ਹਾਕਮਾਂ ਅਤੇ ਪੁਜਾਰੀਵਾਦੀ (ਸੰਪਰਦਾਈ) ਧਿਰਾਂ ਦੇ ਪ੍ਰਭਾਵ ਹੇਠ ਚਲੀ ਗਈ। ਸੋ ‘ਸਿੱਖ ਰਹਿਤ ਮਰਿਯਾਦਾ’ ਦੇ ਪ੍ਰਚਾਰ ਰਾਹੀਂ ਇਕਸਾਰਤਾ ਲਿਆਉਣ ਦਾ ਕੰਮ ਸਿਰੇ ਨਾ ਚੜ ਪਾਇਆ। ਦੂਜੀ ਤਰਫ, ਸੰਪਰਦਾਈ ਧਿਰਾਂ ਹੋਲੀ ਹੋਲੀ ਕੇਂਦਰੀ ਪੰਥਕ ਸੰਸਥਾਵਾਂ ਤੇ ਪ੍ਰਭਾਵ ਵੱਧਣ ਕਾਰਨ, ‘ਸਿੱਖ ਰਹਿਤ ਮਰਿਯਾਦਾ’ ਦੇ ਹਾਂ-ਪੱਖੀ ਅੰਸ਼ਾਂ ਨੂੰ ਖਤਮ ਕਰਨ ਦੇ ਆਹਰੇ ਲਗ ਪਈਆਂ। ਸਮੇਂ ਨਾਲ ਉਹਨਾਂ ਨੇ ਇਸ ਨੂੰ ਰੱਦ ਕਰਦੇ ਹੋਏ, ਅਪਣੀ ਅਪਣੀ ਕਰਮਕਾਂਡੀ ਮਰਿਯਾਦਾ ਬਣਾ ਲਈ।

ਐਸੇ ਸਮੇਂ ਵਿਚ ਮਿਸ਼ਨਰੀ ਲਹਿਰ ਇਕ ਆਸ ਦੀ ਕਿਰਨ ਬਣ ਕੇ ਸੁਧਾਰ ਦਾ ਕੰਮ ਅੱਗੇ ਤੌਰਨ ਲਗ ਪਈ। ਇਸ ਲਹਿਰ ਨੇ ਆਪਣਾ ਆਧਾਰ ‘ਸਿੱਖ ਰਹਿਤ ਮਰਿਯਾਦਾ’ ਦੀ ਇੰਨ-ਬਿੰਨ ਪ੍ਰੋੜਤਾ ਨੂੰ ਬਣਾਇਆ। 1970 ਦੇ ਆਸ ਪਾਸ ਡਾ. ਰਤਨ ਸਿੰਘ ਜੀ ਜੱਗੀ ਸਮੇਤ ਕੁਝ ਵਿਦਵਾਨਾਂ ਨੇ ਅਕਾਦਮਿਕ ਪੱਧਰ ਤੇ ਖੋਜ ਕਰ ਕੇ ਦਸਮ ਗ੍ਰੰਥ ਦੀ ਕਚਿਆਈ ਨੂੰ ਸਾਹਮਣੇ ਲਿਆਂਦਾ। ਗਿਆਨੀ ਭਾਗ ਸਿੰਘ ਜੀ ਅੰਬਾਲਾ ਨੇ ਸੰਗਤ ਵਿਚ ਇਸ ਬਾਰੇ ਜਾਗ੍ਰਿਤੀ ਲਿਆਉਣ ਦਾ ਬੀੜਾ ਚੁਕਿਆ। ਪਰ ਇਸ ਪ੍ਰਚਾਰ ਵਿਚ ‘ਸਿੱਖ ਰਹਿਤ ਮਰਿਯਾਦਾ’ ਦੇ ਦਸਮ ਗ੍ਰੰਥੀ ਅੰਸ਼ਾਂ ਤੇ ਚੋਟ ਹੋਣ ਨਾਲ ‘ਮਿਸ਼ਨਰੀ ਲਹਿਰ’, ਸੁਧਾਰ ਦੀ ਸਮਰਥਕ ਬਨਣ ਦੀ ਥਾਂ, ਇਸ ਦੀ ਵਿਰੋਧੀ ਸਾਬਿਤ ਹੋਣ ਲਗ ਪਈ। ਮਿਸ਼ਨਰੀ ਲਹਿਰ ਵਲੋਂ ਸੁਧਾਰ ਦੇ ਖੇਤਰ ਵਿਚ ਆਈ ਖੜੋਤ ਨੂੰ ਤੋੜਨ ਦਾ ਧੁਰਾ ਬਣੀ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ‘ਬ੍ਰਿਪਨ ਕੀ ਰੀਤ ਤੋਂ ਸੱਚ ਦਾ ਮਾਰਗ’। ਇਸ ਪੁਸਤਕ ਲੜੀ ਨੇ ਪੁਨਰਜਾਗਰਨ ਦੇ ਖੇਤਰ ਵਿਚ ਇਕ ਨਵੀਂ ਰੂਹ ਫੂਕ ਦਿਤੀ ਜਿਸ ਵਿਚ ਭਰਪੂਰ ਸਹਿਯੋਗ ‘ਸਪੋਕਸਮੈਨ’, ਸਿੱਖ ਮਾਰਗ ਸਮੇਤ ਕੁਝ ਹੋਰ ਅਦਾਰਿਆਂ ਨੇ ਪਾਇਆ। ਅੰਦਰੂਨੀ ਤੌਰ ਤੇ ਇਸ ਪੁਨਰਜਾਗਰਨ ਦੇ ਵਿਰੋਧ ਦਾ ਰੁੱਖ ‘ਮਿਸ਼ਨਰੀ ਕਾਲਜਾਂ’ (ਇਹ ਵੀ ਸੱਚ ਹੈ ਕਿ ਉਹਨਾਂ ਦਾ ਹੇਠਲਾ ਤਬਕਾ ਇਸ ਸੁਧਾਰ ਲਹਿਰ ਦੇ ਨਾਲ ਸੀ) ਨੇ ਅਪਣਾਇਆ। ਇਸ ਵਿਰੋਧ ਨੇ ਮਿਸ਼ਨਰੀ ਲਹਿਰ ਨੂੰ ਕਮਜ਼ੋਰ ਵੀ ਕੀਤਾ ਅਤੇ ਸੁਚੇਤ ਲੋਕ ਉਹਨਾਂ ਤੋਂ ਟੁੱਟ ਕੇ ਪੁਨਰਜਾਗਰਨ ਲਹਿਰ ਦਾ ਹਿੱਸਾ ਬਣ ਗਏ। ਬਾਹਰੀ ਤੌਰ ਤੇ ਤਾਂ ਸੰਪਰਦਾਈ ਧਿਰਾਂ ਅਤੇ ਕੇਂਦਰੀ ਵਿਵਸਥਾ ਤੇ ਉਹਨਾਂ ਦੀ ਥਾਪੀ ਪੁਜਾਰੀਵਾਦੀ ਧਿਰ (ਅਖੌਤੀ ਜਥੇਦਾਰ ਆਦਿ) ਤਾਂ ਪੁਨਰਜਾਗਰਨ ਦਾ ਵਿਰੋਧ ਕਰ ਹੀ ਰਹੇ ਸਨ/ਹਨ।

ਪੁਨਰਜਾਗਰਨ ਦੀ ਇਹ ਲਹਿਰ ਇਕ ਸਮੇਂ ਬਹੁਤ ਪ੍ਰਚੰਡ ਹੋ ਗਈ ਸੀ ਪਰ ਫੇਰ ਕੁਝ ਐਸੇ ਘਟਨਾਕ੍ਰਮ ਹੋਏ ਕਿ ਪੁਨਰਜਾਗਰਨ ਦੀਆਂ ਮੁੱਖ ਧਿਰਾਂ ਵਿਚ ਦੂਰੀਆਂ ਵੱਧ ਗਈਆਂ। ਫੇਰ ਵੀ ਪੁਨਰਜਾਗਰਨ ਲਹਿਰ ਮੱਧਮ ਗਤੀ ਦੀ ਚਾਲ ਨਾਲ ਅੱਗੇ ਵੱਧਦੀ ਰਹੀ। ਇੱਸੇ ਦੌਰ ਵਿਚ ‘ਸਿੱਖ ਰਹਿਤ ਮਰਿਯਾਦਾ’ ਸੁਧਾਰ ਦੇ ਕ੍ਰਾਂਤੀਕਾਰੀ ਕਦਮ ਲਈ ਵੀ ਗੰਭੀਰ ਵਿਚਾਰਾਂ ਸ਼ੁਰੂ ਹੋ ਗਈਆਂ।

ਅਗਲੇ ਦੌਰ ਵਿਚ ਦਸਮ ਗ੍ਰੰਥ ਖਿਲਾਫ ਪ੍ਰੋ. ਦਰਸ਼ਨ ਸਿੰਘ ਜੀ ਦੇ ਅਰੰਭੇ ਪ੍ਰਭਾਵਸ਼ਾਲੀ ਪ੍ਰਚਾਰ ਤੋਂ ਖਫਾ ਅਤੇ ਭੈ-ਭੀਤ ਸੰਪਰਦਾਈ ਧਿਰਾਂ ਨੇ ਆਪਣੇ ਪੁਰਾਨੇ ਹਥਿਆਰ ਵਜੋਂ ਅਕਾਲ ਤਖਤ ਦੇ ਨਾਂ ਤੇ ਪੁਜਾਰੀਆਂ ਨੂੰ ਵਰਤਦੇ ਹੋਏ, ਕਾਲਾ ਅਫਗਾਨਾ ਜੀ ਅਤੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਵਾਂਗੂ, ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਵੀ ਛੇਕੂ ‘ਕੂੜ ਨਾਮਾ’ ਜ਼ਾਰੀ ਕਰਵਾ ਦਿਤਾ। ਪੁਨਰਜਾਗਰਨ ਲਹਿਰ ਦੇ ਪ੍ਰਭਾਵ ਕਾਰਨ ਸਾਰੀਆਂ ਸੁਚੇਤ ਧਿਰਾਂ ਨੇ ਪੁਜਾਰੀਆਂ ਦੇ ਇਸ ਕੂੜ ਨਾਮੇ ਨੂੰ ਮੁੱਢੋਂ ਰੱਦ ਕਰਦੇ ਹੋਏ, ਪ੍ਰੋ. ਦਰਸ਼ਨ ਸਿੰਘ ਜੀ ਨੂੰ ਭਰਪੂਰ ਸਮਰਥਨ ਦਿਤਾ। ਪਰ ਪ੍ਰੋ. ਦਰਸ਼ਨ ਸਿੰਘ ਜੀ ਨੇ ‘ਸਿੱਖ ਰਹਿਤ ਮਰਿਯਾਦਾ’ ਦੀ ਇੰਨ-ਬਿੰਨ ਪ੍ਰੌੜਤਾ ਦੀ ‘ਨੀਤੀ’ ਜਾਰੀ ਰੱਖੀ। ਇਸ ਪ੍ਰਭਾਵ ਹੇਠ ਬਹੁਤੀਆਂ ਸੁਚੇਤ ਧਿਰਾਂ ਨੇ ਵੀ ‘ਸਿੱਖ ਰਹਿਤ ਮਰਿਯਾਦਾ’ ਸੁਧਾਰ ਦੇ ਕੰਮ ਨੂੰ ਵਿਚੇ ਛੱਡ ਕੇ, ਇਹੀ ਰਾਗ ਅਲਾਪਨਾ ਸ਼ੁਰੂ ਕਰ ਦਿਤਾ। ਨਤੀਜਤਨ ਪੁਨਰਜਾਗਰਨ ਲਹਿਰ ਵਿਚ ਇਕ ਖੜੌਤ ਵਰਗੇ ਹਾਲਾਤ ਬਣ ਗਏ।

ਆਪਸੀ ਏਕਤਾ ਲਈ ਲਹਿਰ ਦਾ ਸਟੈਂਡ ਵਾਪਿਸ 1970 ਵਾਲਾ (ਜਿਥੋਂ ਭਾਗ ਸਿੰਘ ਜੀ ਨੇ ਸ਼ੁਰੂ ਕੀਤਾ ਸੀ) ਅਪਨਾਉਣ ਦੀ ਸ਼ਰਤ ਲਾਈ ਜਾਣ ਲਗ ਪਈ। ਨਤੀਜਤਨ ਜਾਗਰੂਕ ਪੰਥ ਲਈ ਅਤਿ ਲੋੜੀਂਦੀ ਏਕਤਾ ਹੁਣ ਤੱਕ ਇਕ ਹੁਸੀਨ ਸੁਫਨਾ ਹੀ ਬਣੀ ਹੋਈ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਪ੍ਰੋ. ਗੁਰਮੁੱਖ ਸਿੰਘ ਜੀ ਤੋਂ ਲੈ ਕੇ ਪ੍ਰੋ. ਦਰਸ਼ਨ ਸਿੰਘ ਤੱਕ, ਜਿਸ ਕਿਸੇ ਨੇ ਵੀ ਪੁਨਰਜਾਗਰਨ ਵਿਚ ਯੋਗਦਾਨ ਪਾਇਆ ਹੈ, ਸਭ ਦਾ ਸਤਿਕਾਰ ਕਰਨਾ ਬਣਦਾ ਹੈ, ਪਰ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸੀ ਕਿਸੇ ਵੀ ਸ਼ਖਸੀਅਤ ਦੀ ਗਲਤ ਸਮਝ ਜਾਂ ਸਟੈਂਡ ਨੂੰ ‘ਪੁਨਰਜਾਗਰਨ ਲਹਿਰ’ ਦੇ ਏਜੰਡੇ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਨਾ ਹੀ ਐਸਾ ਕਰਨ ਦੀ ਜ਼ਿੱਦ ਕੀਤੀ ਜਾਣੀ ਚਾਹੀਦੀ ਹੈ। ਮਿਸਾਲ ਲਈ ਕਾਨ੍ਹ ਸਿੰਘ ਜੀ ਨਾਭਾ ਵਲੋਂ ਕੀਤਾ ਕੰਮ ਬੇਸ਼ਕ ਮਹਾਨ ਸੀ, ਪਰ ਜੇ ਉਹ ਬਚਿਤ੍ਰ ਨਾਟਕ ਦੀਆਂ ਕਈਂ ਰਚਨਾਵਾਂ ਨੂੰ, ਇਸ ਵਿਸ਼ੇ ਦੀ ਗਲਤ ਸਮਝ ਹੇਠ ‘ਦਸ਼ਮੇਸ਼ ਪਾਤਸ਼ਾਹ ਜੀ’ ਦੀ ਬਾਣੀ ਮੰਣਦੇ ਰਹੇ ਹਨ ਤਾਂ ਇਸ ਗਲਤ ਸਮਝ ਨੂੰ ਲਹਿਰ ਵਲੋਂ (ਸਿਰਫ ਸ਼ਖਸੀਅਤ ਪ੍ਰਸਤੀ ਕਾਰਨ) ਮਾਨਤਾ ਦੇਣੀ ਗਲਤ ਹੋਵੇਗੀ। ਪਰ ਅਫਸੋਸ! ਅਨੇਕਾਂ ਵਾਰ ਐਸਾ ਹੋਇਆ ਜਦੋਂ ਜਾਗਰੂਕ ਧਿਰਾਂ ‘ਸਿਧਾਂਤ’ ਦੀ ਥਾਂ ‘ਸ਼ਖਸੀਅਤ’ ਨੂੰ ਵਧੇਰੇ ਮਹੱਤਵ ਦੇਣ ਲਗ ਪਈਆਂ। ਨਤੀਜਤਨ ਜਾਗਰੂਕ ਪੰਥ ਦੀ ਸਥਿਤੀ ਸਾਡੇ ਸਾਹਮਣੇ ਹੈ।

ਇਸ ਗਲਤ ਰੁਝਾਣ ਕਾਰਨ ਆਈ ਖੜੌਤ ਦਾ ਨਜ਼ਾਇਜ ਫਾਇਦਾ ਉਠਾਉਂਦੇ ਹੋਏ, ਕੁਝ ਐਸੇ ‘ਅਨਸਰ’ ਵੀ ਇਸ ਲਹਿਰ ਵਿਚ ਸਰਰਗਰਮ ਹੋ ਗਏ, ਜਿਹਨਾਂ ਦਾ ਮਕਸਦ ਪੁਨਰਜਾਗਰਨ ਲਹਿਰ ਨੂੰ ਪੁੱਠਾ ਗੇੜਾ ਦੇਣ ਤੋਂ ਇਲਾਵਾ ਕੁਝ ਹੋਰ ਨਹੀਂ ਜਾਪਦਾ। ਚੰਦ ਕੁ ਉਦਾਹਰਨਾਂ ਰਾਹੀਂ ਪੁਨਰਜਾਗਰਨ ਲਹਿਰ ਨੂੰ ‘ਪੁੱਠਾ ਗੇੜ’ ਦੇਣ ਦੀਆਂ ਇਹਨਾਂ ਕੋਸ਼ਿਸ਼ਾਂ ਦੀ ਸੁਹਿਰਦ ਪਛਾਣ ਅਤੇ ਪੜਚੋਲ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ ਤਾਂ ਕਿ ਜਾਗਰੂਕ ਪੰਥ ਦਾ ਸੁਹਿਰਦ ਤਬਕਾ ਇਸ ਸੱਚ ਤੋਂ ਜਾਣੂ ਹੋ ਸਕੇ ਅਤੇ ਲਹਿਰ ਨੂੰ ਵਾਪਸ ਲੀਹ ਤੇ ਲਿਆਉਣ ਲਈ ਕੋਈ ਸਾਂਝਾ ਉਪਰਾਲਾ ਕਰਨ ਦਾ ਬਾਣਨੂੰ ਬੰਣ੍ਹ ਸਕੇ।

ਰਾਗਮਾਲਾ ਦਾ ਵਾਵਰੋਲਾ

‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ‘ਰਾਗਮਾਲਾ’ ਇਕ ਮਿਲਾਵਟ ਹੋਣ ਦਾ ਮੁੱਦਾ ਲਗਭਗ ਬਹੁਤ ਪੁਰਾਣਾ ਹੈ। ਇਹ ਵੀ ਸਹੀ ਹੈ ਕਿ ਇਸ ਨੂੰ ਪ੍ਰਮਾਨਿਕ ਮੰਨਣ ਵਾਲੀਆਂ ਧਿਰਾਂ ਵੀ ਪੰਥ ਵਿਚ ਹਨ। ਵਿਰੋਧ ਕਰਨ ਵਾਲੀ (ਸੁਚੇਤ) ਧਿਰ ਇਸ ਨੂੰ ਸਬੂਤਾਂ ਅਤੇ ਦਲੀਲਾਂ ਦੇ ਆਧਾਰ ਤੇ ਮਿਲਾਵਟ ਸਾਬਿਤ ਕਰਦੀ ਆਈ ਹੈ। ਇਹ ਵੀ ਸੱਚ ਹੈ ਕਿ ਕਈਂ ਪੁਰਾਤਨ ਹੱਥ ਲਿਖਤ ਸਰੂਪਾਂ ਵਿਚ ਰਾਗਮਾਲਾ ਸਮੇਤ ਕੁਝ ਹੋਰ ਕੱਚੀਆਂ ਰਚਨਾਵਾਂ ਵੀ ਸ਼ਾਮਿਲ ਹਨ।

ਦੂਜੀ ਤਰਫ ਸੰਪਰਦਾਈ ਧਿਰਾਂ ਇਸ ਦੀ ਮਾਨਤਾ ਲਈ ‘ਸਤਿਕਾਰ ਅਤੇ ਸ਼ਰਧਾ’ ਨੂੰ ਹੀ ਵੱਡੀ ਦਲੀਲ ਮੰਨ ਕੇ ਇਸ ਨੂੰ ਗੁਰਬਾਣੀ ਮੰਨਦੀਆਂ/ਪ੍ਰਚਾਰਦੀਆਂ ਰਹੀਆਂ ਅਤੇ ਵਿਰੋਧ ਵਿਚ ਆਉਂਦੀਆਂ ਠੋਸ ਦਲੀਲਾਂ ਨੂੰ ਸਿਰਫ ਫਤਵਿਆਂ ਰਾਹੀਂ ਨਕਾਰਨ ਦਾ ਨਾਕਾਮ ਜਤਨ ਕਰਦੀਆਂ ਰਹੀਆਂ। ਉਹਨਾਂ ਨੇ ਇਹ ਜਜ਼ਬਾਤੀ ਕੂੜ ਪ੍ਰਚਾਰ ਵੀ ਜਾਰੀ ਰੱਖਿਆ ਕਿ ਰਾਗਮਾਲਾ ਦਾ ਵਿਰੋਧ ਕਰਨ ਵਾਲੇ ‘ਗੁਰੂ ਦੀ ਚੀਰ ਫਾੜ’ ਕਰਨਾ ਚਾਹੁੰਦੇ ਹਨ। ਇਹ ਵੀ ਦਿਲਚਸਪ ਗੱਲ ਹੈ ਕਿ ਅਪਵਾਦ ਦੇ ਤੌਰ ਤੇ ਕੁਝ ਸੰਪਰਦਾਈ ਧਿਰਾਂ (ਜਿਵੇਂ ਅਖੰਡ ਕੀਰਤਨੀ ਜਥਾ) ਵੀ ਰਾਗਮਾਲਾ ਨੂੰ ਮਿਲਾਵਟ ਹੀ ਮੰਨਦੀਆਂ ਅਤੇ ਪ੍ਰਚਾਰਦੀਆਂ ਰਹੀਆਂ।

ਇਹ ਸਪਸ਼ਟ ਹੈ ਕਿ ਕੋਈ ਵੀ ਜਾਗਰੂਕ ਧਿਰ ‘ਰਾਗਮਾਲਾ’ ਨੂੰ ਗੁਰਬਾਣੀ ਜਾਂ ਪ੍ਰਮਾਣਿਕ ਨਹੀਂ ਮੰਨਦੀ। ਜਦਕਿ ਇਸ ਦੀ ਹਮਾਇਤ ਕਰਨ ਵਾਲੇ ਇਸ ਨੂੰ ‘ਗੁਰਬਾਣੀ’ ਪ੍ਰਚਾਰਦੇ ਰਹੇ ਹਨ। ਨਿਰਪੱਖ ਅਤੇ ਸੁਚੇਤ ਲੋਕਾਂ ਸਾਹਮਣੇ ਉਹਨਾਂ ਦਾ ਜਜ਼ਬਾਤੀ ਪ੍ਰਚਾਰ ਨੰਗਾ ਹੋ ਗਿਆ ਅਤੇ ਕੋਈ ਵੀ ਨਿਰਪੱਖ ਅਤੇ ਸਮਝਦਾਰ ਮਨੁੱਖ/ਵਿਦਵਾਨ ਉਹਨਾਂ ਦੇ ਮੱਤ ਨਾਲ ਸਹਿਮਤ ਨਹੀਂ ਹੋ ਰਿਹਾ। ਜਾਗਰੂਕ ਪੰਥ ਵਿਚ ਇਸ ਨੂੰ ਬਾਹਰ ਕੱਢਣ ਦੀ ਸੁਰ ਵੀ ਹਮੇਸ਼ਾਂ ਸੁਨਣ ਨੂੰ ਮਿਲਦੀ ਰਹੀ ਹੈ। ਕੁਝ ਦਿਨ ਪਹਿਲਾਂ ਪੰਜਾਬ ਦੀ ਇਕ ਬੀਬੀ ਵਲੋਂ ‘ਰਾਗਮਾਲਾ’ ਤੋਂ ਬਗੈਰ ‘ਹੱਥ-ਲਿਖਤ’ ਸਰੂਪ ਤਿਆਰ ਕਰਨ ਦੀ ਖਬਰ ਦਾ ਸੁਚੇਤ ਪੰਥ ਵਲੋਂ ਸੁਆਗਤ ਕੀਤਾ ਗਿਆ।

ਪਰ ਪਿਛਲੇ ਚੰਦ ਕੁ ਮਹੀਨਿਆਂ ਵਿਚ ਜਾਗਰੂਕ ਪੰਥ ਵਿਚ ਕੁਝ ਐਸੇ ਅਨਸਰ ‘ਉਠ’ ਰਹੇ ਹਨ ਜਿਨ੍ਹਾਂ ਨੇ ‘ਰਾਗਮਾਲਾ’ ਦੇ ਕਿਸੇ ਵੀ ਸਹੀ ਤਰੀਕੇ ਪ੍ਰਮਾਣਿਕ ਨਾ ਸਿੱਧ ਹੋਣ ਦੀ ਨਮੋਸ਼ੀ ਨੂੰ ਦੂਰ ਕਰਨ ਲਈ ਇਕ ਨਵਾਂ ਅਤੇ ਹਾਸੋ-ਹੀਣਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੈ। ਇਹ ਰਾਗ ਹੈ , “ਬੇਸ਼ਕ ਰਾਗਮਾਲਾ ਗੁਰਬਾਣੀ ਨਹੀਂ, ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਣਿਕ ਹਿੱਸਾ ਹੈ”। ਇਸ ਨਵੇਂ ਠੁੰਮਣੇ ਦੇ ਹੱਕ ਵਿਚ ਇਨ੍ਹਾਂ ਇੱਕਾ-ਦੁਕਾ ਅਨਸਰਾਂ ਦੀ ਦਲੀਲਾਂ ਸੁਣੋ

  1. ਰਾਗਮਾਲਾ ਤੱਤਕਰੇ ਵਾਂਗੂ ਸੂਚਨਾਤਮਕ ਪੱਖ ਹੈ, ਗੁਰਬਾਣੀ ਨਹੀਂ

  2. ਰਾਗਮਾਲਾ ਹੈ ਤਾਂ ਕਵੀ ਆਲਮ ਦੀ ਰਚਨਾ, ਪਰ ਸਰੂਪ ਵਿਚ ਚੜ੍ਹਾਈ ਪੰਜਵੇਂ ਪਾਤਸ਼ਾਹ ਜੀ ਨੇ ਆਪ ਸੀ

  3. ਸਿੱਖ ਰਹਿਤ ਮਰਿਯਾਦਾ ਦਾ ਇਸ ਬਾਰੇ ਬਹੁਤ ਸਪਸ਼ਟ ਅਤੇ ਸਹੀ ਫੈਸਲਾ ਹੈ

  4. ਇਸ ਬਾਰੇ ਜ਼ਿਆਦਾ ਅੱਗੇ ਵਿਚਾਰ ਨਹੀਂ ਕਰਨੀ, ਕਿਉਂਕਿ ਇਹ ਮਸਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਜੁੜਿਆ ਹੋਇਆ ਹੈ

ਆਉ ਅੱਗੇ ਸੰਖੇਪ ਵਿਚ ਇਹਨਾਂ ਦੀਆਂ ‘ਠੋਸ ਦਲੀਲਾਂ’ ਦੀ ਇਮਾਨਦਰਾਨਾ ਪੜਚੋਲ ਕਰੀਏ ਤਾਂ ਕਿ ਇਨ੍ਹਾਂ ਅਨਸਰਾਂ ਦੀ ਪਹੁੰਚ ਪਿੱਛੇ ਦੀ ਭਾਵਨਾ ਕੁਝ ਸਪਸ਼ਟ ਹੋ ਜਾਵੇ।

  1. ਵਿਸ਼ਵ ਦੇ ਲਗਭਗ ਹਰ ਗ੍ਰੰਥ/ਪੁਸਤਕ ਵਿਚ ‘ਤੱਤਕਰਾ’ ਇਕ ਲਾਜ਼ਮੀ ਹਿੱਸਾ ਹੈ, ਕਿਉਂਕਿ ਇਸ ਵਿਚ ਇਹ ਅਤਿ ਜ਼ਰੂਰੀ ਸੂਚਨਾ ਹੁੰਦੀ ਹੈ ਕਿ ਗ੍ਰੰਥ/ਪੁਸਤਕ ਵਿਚ ‘ਕੀ, ਕਿਥੇ ਹੈ ?’। ਵਿਸ਼ਵ ਦੇ ਹੋਰ ਕਿਹੜੇ ਗ੍ਰੰਥ ਦੇ ਅੰਤ ਵਿਚ ‘ਰਾਗਮਾਲਾ’ ਜੈਸੀ ਰਚਨਾ (ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਕੋਈ ਵੀ ਕੰਮ ਆਉਣ ਯੋਗ ਸੂਚਨਾ ਨਹੀਂ ਹੈ) ਅੰਤ ਵਿਚ ਮਿਲਦੀ ਹੈ? ਅਨੇਕਾਂ ਪੁਸਤਕਾਂ ਦੇ ਅੰਤ ਵਿਚ ‘ਹਵਾਲਾ ਸੂਚੀ’ ਜ਼ਰੂਰ ਹੁੰਦੀ ਹੈ, ਪਰ ਉਸ ਵਿਚ ਪੁਸਤਕ ਵਿਚ ਆਏ ਹਵਾਲਿਆਂ ਦੇ ਸ੍ਰੋਤ ਬਾਰੇ ਜਾਨਕਾਰੀ ਹੁੰਦੀ ਹੈ। ‘ਰਾਗਮਾਲਾ’ ਵਿਚ ਐਸੀ ਕੋਈ ਸੂਚਨਾ ਵੀ ਨਹੀਂ ਹੈ।
    ਇਨ੍ਹਾਂ ਵਿਦਵਾਨਾਂ ਅਨੁਸਾਰ ‘ਰਾਗਮਾਲਾ’ ਨਾਲ ਇਹ ਸੂਚਨਾ ਮਿਲਦੀ ਹੈ ਕਿ ਇਸ ਤੋਂ ਪਹਿਲਾਂ ਸਾਰੀ ‘ਗੁਰਬਾਣੀ’ ਹੈ। ਫੇਰ ‘ਇਤ ਭੋਗ ਸ੍ਰੀ ਆਦਿ ਗ੍ਰੰਥ ’ ਸੂਚਨਾ ਤੋਂ ਕੀ ਜਾਣਕਾਰੀ ਮਿਲਦੀ ਹੈ? ਇਹ ਗ੍ਰੰਥ ਵਿਚਲੀ ‘ਗੁਰਬਾਣੀ’ ਦੀ ਸਮਾਪਤੀ ਦੀ ਸਪਸ਼ਟ ਸੂਚਨਾ ਹੀ ਤਾਂ ਹੈ। ਪੰਜਵੇਂ ਪਾਤਸ਼ਾਹ ਜੀ ਨੇ ਇਤਨੀ ਬਾਣੀ ਰਚੀ, ਜੇ ‘ਰਾਗਮਾਲਾ’ ਵਾਂਗੂ ਕਿਸੇ ਖਾਸ ਅਲਗ ‘ਸੂਚਨਾ’ ਦੀ ਲੋੜ ਹੁੰਦੀ ਤਾਂ ਉਹ ਸੂਚਨਾ ਵੀ ਆਪ ਹੀ ਲਿਖ ਸਕਦੇ ਸਨ (ਇਹ ਸੂਚਨਾ ‘ਇਤ ਭੋਗ ਸ੍ਰੀ ਆਦਿ ਗ੍ਰੰਥ’ ਉਹਨਾਂ ਵਲੋਂ ਹੀ ਤਾਂ ਹੈ)। ਇਸ ਲਈ ਕਿਸੇ ਹੋਰ ਦੀ ਰਚਨਾ ਲੈਣ ਦੀ ਕੀ ਲੋੜ ਸੀ?
  2. ਇਨ੍ਹਾਂ ਅਨਸਰਾਂ ਦੀ ਦਲੀਲ ਹੈ ਕਿ ‘ਰਾਗਮਾਲਾ’ ਹੈ ਤਾਂ ਕਵੀ ਆਲਮ ਦੀ ਰਚਨਾ ਪਰ ਇਹ ਸ਼ਾਮਲ ਪੰਜਵੇਂ ਪਾਤਸ਼ਾਹ ਜੀ ਨੇ ਆਪ ਕਰਵਾਈ ਹੈ। ਅਪਣੇ ‘ਮਨ ਦੀ ਮੱਤ’ ਨੂੰ ਸਹੀ ਸਿੱਧ ਕਰਨ ਲਈ ਇਹ ਐਸੀਆਂ ਕੱਚਘਰੜ ਦਲੀਲਾਂ ਦੇ ਤਾਂ ਰਹੇ ਹਨ ਪਰ ਇਹ ਨਹੀਂ ਸੋਚਦੇ ਕਿ ਇਹ ਇਕ ਗੰਭੀਰ ਇਲਜ਼ਾਮ ਹੈ ਅਪਣੇ ਰਹਿਬਰ ਤੇ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਕਿਸੇ ਦਾ ਜੇ ਇਕ ਸ਼ਬਦ ਵੀ ਸ਼ਾਮਿਲ ਕੀਤਾ ਗਿਆ ਤਾਂ ਉਸ ਦੀ ਵੀ ਪਛਾਣ ਦਿਤੀ ਗਈ। ਪਰ ਸਾਡੇ ਇਹ ਵੀਰ ਅਸਿੱਧੇ ਤੌਰ ਤੇ ਪੰਜਵੇਂ ਪਾਤਸ਼ਾਹ ਜੀ ’ਤੇ ਆਲਮ ਕਵੀ ਦੀ ਰਚਨਾ ਚੋਰੀ ਕਰਨ ਦਾ ਗੰਭੀਰ ਇਲਜ਼ਾਮ ਲਗਾ ਰਹੇ ਹਨ। ਬ੍ਰਾਹਮਣ ਨੇ ਵੀ ਅਪਣੇ ਇਸ਼ਟਾਂ ਨਾਲ ਐਸਾ ‘ਧ੍ਰੋਹ’ ਘੱਟ ਨਹੀਂ ਕਮਾਇਆ।
  3. ਇਨ੍ਹਾਂ ਵੀਰਾਂ ਦੀ ਇਕ ਦਲੀਲ ਹੈ ਕਿ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਵਿਚ ‘ਰਾਗਮਾਲਾ’ ਬਾਰੇ ਬਹੁਤ ਸਹੀ ਅਤੇ ਸਟੀਕ ਫੈਸਲਾ ਦਿਤਾ ਗਿਆ ਹੈ। ਆਉ ਵੇਖੀਏ ਇਹ ‘ਸਹੀ ਅਤੇ ਸਟੀਕ’ ਫੈਸਲਾ ਕੀ ਹੈ?  “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿਚ ਅਜੇ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)।”

ਇਥੇ ਤਾਂ ਮੌਜੂਦਾ ਰਹਿਤ ਮਰਿਯਾਦਾ ਸਪਸ਼ਟ ਮੰਨ ਰਹੀ ਕਿ ਪੰਥ ਵਿਚ ‘ਰਾਗਮਾਲਾ’ ਨੂੰ ਲੈ ਕੇ ਹਾਲੀਂ ਤੱਕ ਵਿਵਾਦ (ਮਤਭੇਦ) ਹੈ, ਪਰ ਇਹ ਪ੍ਰਚਾਰ ਰਹੇ ਹਨ ਕਿ ਰਹਿਤ ਮਰਿਯਾਦਾ ਦਾ ਇਸ ਬਾਰੇ ਫੈਸਲਾ ਬਿਲਕੁਲ ਸਹੀ ਅਤੇ ਸਪਸ਼ਟ ਹੈ। ਰਹਿਤ ਮਰਿਯਾਦਾ ਤਾਂ ਇਹ ਫੈਸਲਾ ਦੇ ਹੀ ਨਹੀਂ ਪਾਈ ਕਿ ‘ਰਾਗਮਾਲਾ’ ਸਹੀ ਹੈ ਜਾਂ ਗਲਤ, ਫੇਰ ਸਪਸ਼ਟਤਾ ਕਿਵੇਂ ਹੋਈ? ਇਹ ਤਾਂ ‘ਗੁਰਮਤਿ’ ਨੂੰ ਦਰਕਿਨਾਰ ਕਰਕੇ ਦੋਹਾਂ ਧਿਰਾਂ ਨੂੰ ਖੁਸ਼ ਕਰਨ ਦਾ ਇਕ ਜਤਨ ਹੈ।

‘ਰਾਗਮਾਲਾ’ ਦੀ ਸੱਚ-ਵਿਰੋਧੀ ਹਿਮਾਇਤ ਕਰਨ ਵਾਲੇ ਇਨ੍ਹਾਂ ਸੱਜਣਾਂ ਨੇ ਕਦੀਂ ਵੀ ਇਸ ਬਾਰੇ ਰਹਿਤ ਮਰਿਯਾਦਾ ਦਾ ਹਵਾਲਾ ਦੇਂਦੇ ਹੋਏ ਇਹ ਗੱਲ ਸਾਹਮਣੇ ਨਹੀਂ ਲਿਆਂਦੀ ਕਿ ਰਹਿਤ ਮਰਿਯਾਦਾ ਮੰਨਦੀ ਹੈ ਕਿ “ਇਸ ਸੰਬੰਧੀ ਪੰਥ ਵਿਚ ਅਜੇ ਮਤਭੇਦ ਹੈ”। ਇਹ ਪਹੁੰਚ ਵੀ ਇਨ੍ਹਾਂ ਸੱਜਣਾਂ ਦੀ ਨੀਅਤ ਸਪਸ਼ਟ ਕਰਦੀ ਹੈ।

  1. ਜਦੋਂ ਐਸੇ ਅਨਸਰ ਦਲੀਲ ਪੱਖੋਂ ਹਾਰ ਜਾਂਦੇ ਹਨ ਤਾਂ ਇਹ ਰਾਗ ਅਲਾਪਨ ਲੱਗ ਪੈਂਦੇ ਹਨ ਕਿ ਇਸ ਸੰਬੰਧੀ ਹੋਰ ਵਿਚਾਰ ਨਹੀਂ ਕਰਨੀ, ਕਿਉਂਕਿ ਇਹ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਨਾਲ ਜੁੜਿਆ ਮਸਲਾ ਹੈ।

‘ਭਗੌਤੀ’ ਦੇ ਅਰਥਾਂ ਦੀ ਖਿੱਚ-ਧੂਹ

ਇਹ ਇਕ ਤਲਖ ਸੱਚਾਈ ਹੈ ਕਿ 1708 ਤੱਕ ਕੌਮ ਦੇ ਵਿਹੜੇ ਵਿਚ ‘ਬਚਿਤ੍ਰ ਨਾਟਕ’ ਦੀ ਕੋਈ ਹੋਂਦ ਨਹੀਂ ਸੀ। ਇਸ ਦੀ ਆਮਦ ਨਾਲ ਹੀ ਇਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਸੀ। ਗੁਰਮਤਿ ਦੇ ਵਿਰੋਧ ਵਿਚ ਭੁਗਤਨ ਵਾਲੀਆਂ ਪੁਜਾਰੀਵਾਦੀ ਤਾਕਤਾਂ ਨੇ, ਬਿਖੜੇ ਸਮੇਂ ਦਾ ਫਾਇਦਾ ਉਠਾਉਂਦੇ ਹੋਏ, ਇਸ ਦੇ ਅਨੇਕਾਂ ਅੰਸ਼ਾਂ ਨੂੰ ਪੰਥ ਦੇ ਨਿਤਨੇਮ ਵਿਚ ਸ਼ਾਮਿਲ ਕਰਵਾ ਦਿਤਾ ਤਾਂ ਕਿ ਇਸ ਸੰਬੰਧੀ ਸ਼ਰਧਾ ਬਣਾਈ ਜਾ ਸਕੇ। ਇਸ ਕਦਮ ਨੇ ਕਾਮਯਾਬੀ ਨਾਲ ਪੰਥ ਵਿਚ ਇਕ ਐਸਾ ਧੜਾ ਵੀ ਪੈਦਾ ਕਰ ਦਿੱਤਾ ਜਿਹੜਾ ‘ਬਚਿਤ੍ਰ ਨਾਟਕ’ ਨੂੰ ਅੱਖਰ-ਅੱਖਰ ‘ਦਸ਼ਮੇਸ਼ ਕ੍ਰਿਤ’ (ਗੁਰਬਾਣੀ) ਮੰਨਦਾ ਅਤੇ ਪ੍ਰਚਾਰਦਾ ਰਿਹਾ। ਪੁਜਾਰੀਵਾਦੀ ਤਾਕਤਾਂ ਦੇ ਪ੍ਰਭਾਵ ਕਾਰਨ ਇਹ ਧੜਾ ਕੌਮ ਵਿਚ ‘ਸੰਪਰਦਾਈ ਧਿਰਾਂ’ ਦੇ ਰੂਪ ਵਿਚ ਭਾਰੂ ਹੋ ਗਿਆ। ਇਸ ਨੇ ਗੁਰਬਾਣੀ ਵਿਚਾਰ ਦੀ ਰੁਚੀ ਘਟਾ ਕੇ ਗੁਰਬਾਣੀ ਦੀ ਕਰਮਕਾਂਡੀ ਵਰਤੋਂ ਨੂੰ ਬੜ੍ਹਾਵਾ ਦਿਤਾ। ਨਿਤਨੇਮ ਵਿਚ ਸ਼ਾਮਲ ਹੋਣ ਨਾਲ ਦਸਮ ਗ੍ਰੰਥੀ ਰਚਨਾਵਾਂ ਦਾ ਵਿਰੋਧ ਕਰਨ ਵਾਲਿਆਂ ਵਿਰੁਧ ਸਮੇਂ ਨਾਲ ‘ਅਸ਼ਰਧਕ, ਨਾਸਤਿਕ’ ਆਦਿ ਦੇ ਫਤਵੇ ਜਾਰੀ ਹੋਣ ਲਗ ਪਏ। ਨਿਤਨੇਮ ਵਿਚ ਸ਼ਾਮਲ ਅੰਸ਼ਾਂ ਕਾਰਨ ਕਈਂ ਥਾਂ ‘ਸੁਚੇਤ’ ਪੰਥਦਰਦੀ ਵੀ ਇਸਦਾ ਖੁੱਲਾ ਵਿਰੋਧ ਕਰਨ ਤੋਂ ਸਹਿਮ ਰੱਖਦੇ ਸਨ/ਹਨ।

ਨਿਤਨੇਮ ਰਾਹੀਂ ਕੌਮ ਦੇ ਗਲੇ ਵਿਚ ਪਾਏ ਐਸੇ ਹੀ ਕੁਝ ਸੱਪਾਂ ਵਿਚੋਂ ਹਨ ‘ਭਗੌਤੀ ਅਤੇ ਮਹਾਂਕਾਲ”। ਦਸਮ ਗ੍ਰੰਥ ਦੀਆਂ ਜਿਨ੍ਹਾਂ ਰਚਨਾਵਾਂ ਵਿਚੋਂ ਇਹ ਅੰਸ਼ ਪੰਥਕ ਨਿਤਨੇਮ ਵਿਚ ਸ਼ਾਮਿਲ ਕੀਤੇ ਗਏ ਹਨ, ਉਹਨਾਂ ਰਚਨਾਵਾਂ ਦੀ ਸੁਹਿਰਦ ਪੜਚੋਲ ਨਾਲ ਇਨ੍ਹਾਂ ਦਾ (ਭਗੌਤੀ/ਮਹਾਂਕਾਲ) ਬ੍ਰਾਹਮਣੀ ਸਰੂਪ ਸਪਸ਼ਟ ਹੋ ਜਾਂਦਾ ਹੈ, ਕਿਉਂਕਿ ਦਸਮ ਗ੍ਰੰਥ ਤਾਂ ਹੈ ਹੀ ਬ੍ਰਾਹਮਣੀ ਰਚਨਾਵਾਂ ਦਾ ਪੋਥਾ। ਪਰ ਨਿਤਨੇਮ ਵਿਚ ਸ਼ਾਮਿਲ ਹੋਣ ਕਾਰਨ ਬਹੁਤੇ ਸੁਚੇਤ ਵਿਦਵਾਨ ਵੀ ਇਹਨਾਂ ਲਫਜ਼ਾਂ ਦੇ ਅਰਥ ਸਮਝੌਤਾਵਾਦੀ ਸੁਰ ਵਿਚ ਕਰਦੇ ਹਨ (ਬੇਸ਼ਕ ਉਨ੍ਹਾਂ ਵਿਚੋਂ ਲਗਭਗ ਸਾਰੇ ਨਿੱਜੀ ਤੌਰ ਤੇ ਮੰਨਦੇ ਹਨ ਕਿ ਐਸਾ ਕਰਨਾ ਗਲਤ ਹੈ)।

‘ਭਗੌਤੀ’ ਵਾਲਾ ਸੱਪ ਕੌਮ ਸਿਰ ਪਇਆ ਹੈ ਪੰਥਕ ਅਰਦਾਸ ਰਾਹੀਂ। ਸਿੱਖ ਰਹਿਤ ਮਰਿਯਾਦਾ ਅਨੁਸਾਰ ਅਰਦਾਸ ਦਾ ਪਹਿਲਾ ਬੰਦ ਦਸਮ ਗ੍ਰੰਥ ਦੀ ਰਚਨਾ ਚੰਡੀ ਚਰਿਤ੍ਰ ਦਾ ‘ਸ਼ੁਰੂਆਤੀ ਬੰਦ’ ਹੈ। ਮਰਿਯਾਦਾ ਵਿਚਲੀ ਅਰਦਾਸ ਦੇ ਪਹਿਲੇ ਬੰਦ ਦੀਆਂ ਪਹਿਲੀਆਂ ਦੋ ਪੰਕਤੀਆਂ ਸੁਹਿਰਦਤਾ ਨਾਲ ਵਿਚਾਰਿਆਂ ਹੀ ‘ਭਗੌਤੀ’ ਦਾ ਅਰਥ ਸਪਸ਼ਟ ਹੋ ਜਾਂਦਾ ਹੈ। ਇਹ ਹਨ

ੴ ਵਾਹਿਗੁਰੂ ਜੀ ਕੀ ਫਤਹ॥
ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥
ਪ੍ਰਿਥਮ ਭਗੌਤੀ ਸਿਮਰਿ ਕੈ.......

ਇਸ ਬੰਦ ਦੀ ਦੂਜੀ ਪੰਕਤੀ ਦੇ ਇਹ ਅੰਸ਼ ‘ਵਾਰ ਸ੍ਰੀ ਭਗੌਤੀ ਜੀ ਕੀ’ ਇਸਦੇ ਅਰਥਾਂ ਨੂੰ ਸਪਸ਼ਟ ਕਰਦੀ ਹੈ (ਜੇ ਮਨ ਵਿਚ ਇਮਾਨਦਾਰੀ ਹੋਏ ਤਾਂ)। ਇਹ ਪੂਰੀ ਵਾਰ ‘ਦੇਵੀ ਦੁਰਗਾ’ ਦੇ ਦੈਂਤਾਂ ਨਾਲ ਹੋਏ ਜੁਧਾਂ ਦਾ ਵਰਨਣ ਹੈ, ਜੋ ਬ੍ਰਾਹਮਣੀ ਗ੍ਰੰਥ ਮਾਰਕੰਡੇ ਪੁਰਾਣ ਤੇ ਆਧਾਰਿਤ ਹੈ। ਸੋ ਸਪਸ਼ਟ ਹੈ ਕਿ ਇਹ ਵਾਰ ਭਗੌਤੀ (ਦੁਰਗਾ) ਬਾਰੇ ਹੀ ਹੈ। ਜੇ ਵਾਰ ਭਗੌਤੀ (ਦੁਰਗਾ) ਬਾਰੇ ਹੈ ਤਾਂ ਧਿਆਉਣ ਵੇਲੇ ਅਤੇ ਸਹਾਇਤਾ ਵੇਲੇ (ਚੰਦ ਕੁ ਲਫਜ਼ ਪਹਿਲਾਂ/ਬਾਅਦ ਵਿਚ) ਇਹ ‘ਭਗੌਤੀ’ ਅਕਾਲ ਪੁਰਖ ਕਿਵੇਂ ਹੋ ਸਕਦੀ ਹੈ?

ਇਸ ਵਿਚ ਕੋਈ ਦੋ ਰਾਇ ਨਹੀਂ ਹੈ ਬਚਿਤ੍ਰ ਨਾਟਕ ਦਾ ਇਕ ਮਕਸਦ ‘ਦਸ਼ਮੇਸ਼ ਪਾਤਸ਼ਾਹ ਜੀ’ ਨੂੰ ‘ਨਾਨਕ-ਜੋਤ’ ਤੋਂ ਵੱਖਰਾ ਦਿਖਾਉਣਾ ਸੀ। ਇਸ ਦੇ ਇਹ ਅੰਸ਼ ਦਸ਼ਮੇਸ਼ ਜੀ ਨੂੰ ‘ਦੇਵੀ-ਪੂਜਕ’ ਸਾਬਿਤ ਕਰਨ ਦੇ ਮਕਸਦ ਨਾਲ ਹੀ ਪ੍ਰਚਾਰੇ ਗਏ ਸਨ। ਸੋ ਜਿਹੜੇ ਵੀ ਸੁਹਿਰਦ ਪ੍ਰਚਾਰਕਾਂ ਨੇ ‘ਭਗੌਤੀ’ ਦਾ ਵਿਰੋਧ ਕੀਤਾ ਉਨ੍ਹਾਂ ਨੇ ਇਹੀ ਦੱਸਿਆ ਕਿ ਇਥੇ ‘ਭਗੌਤੀ’ ਦੇਵੀ ਦੁਰਗਾ ਦਾ ਹੀ ਇਕ ਨਾਂ ਹੈ। ਉਹ ਹਮੇਸ਼ਾਂ ਤੋਂ ਇੱਸੇ ਅਰਥ ਤੇ ਟਿੱਕੇ ਹੋਏ ਹਨ।

ਪਰ ਦੂਜੀ ਤਰਫ ‘ਭਗੌਤੀ’ ਦੀ ਹਿਮਾਇਤ ਕਰਨ ਵਾਲੇ ਵੀਰਾਂ ਨੇ ਇਸ ਦੇ ਅਰਥਾਂ ਬਾਰੇ ਤੀਰ-ਤੁੱਕੇ ਹੀ ਜਾਰੀ ਰੱਖੇ। ਕਿਸੇ ਨੇ ਕਿਹਾ ਕਿ ਇਸਦੇ ਅਰਥ ‘ਅਕਾਲ ਪੁਰਖ’ ਹਨ, ਕੋਈ ਕਹਿੰਦਾ ਹੈ ਇਸ ਦੇ ਅਰਥ ‘ਕ੍ਰਿਪਾਨ’ ਹਨ (ਸ਼੍ਰੋਮਣੀ ਕਮੇਟੀ ਵਲੋਂ ਛਾਪੀ ‘ਅਰਦਾਸ’ ਬਾਰੇ ਸਚਿਤ੍ਰ ਪੁਸਤਕ)। ਕੋਈ ਕਹਿੰਦਾ ਹੈ ਇਹ ‘ਸ਼ਕਤੀ ਦੇ ਪ੍ਰਤੀਕ’ ਵਜੋਂ ਵਰਤੀ ਗਈ ਹੈ। ਕਿਸੇ ਨੇ ਇਸ ‘ਭਗੌਤੀ’ ਨੂੰ ਧੱਕੇ ਨਾਲ ਹੀ ‘ਸੁਖਮਨੀ’ ਬਾਣੀ ਵਿਚ ਆਏ ‘ਭਗਉਤੀ’ ਲਫਜ਼ ਨਾਲ ਜੋੜਣ ਦਾ ਜਤਨ ਕੀਤਾ। ਹੁਣ ਇਕ ਨਵੇਂ ਮਸ਼ਹੂਰ ਹੋਏ ਧੜੇ ਨੇ ਇਕ ਨਵਾਂ ਤੁੱਕਾ ਛੋੜਦੇ ਹੋਏ ਇਹ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਹੈ ਕਿ ‘ਭਗੌਤੀ’, ‘ਚੰਡੀ’ ਦਾ ਅਰਥ ‘ਬੁੱਧੀ, ਬਿਬੇਕ’ ਹੈ। ਇਨ੍ਹਾਂ ਵਲੋਂ ਦਸਮ ਗ੍ਰੰਥ ਦੀ ਚੰਡੀ ਨੂੰ ਧੱਕੇ ਨਾਲ ਹੀ ਜਪੁ ਬਾਣੀ ਦੀ ਇਕ ਤੁਕ ‘ਗਿਆਨੁ ਖੰਡ ਮਹਿ ਗਿਆਨ ਪ੍ਰਚੰਡ’ ਦੇ ਇਕ ਲਫਜ਼ ‘ਪ੍ਰਚੰਡ’ ਦੇ ਇਕ ਟੁਕੜੇ ‘ਚੰਡ’ ਨਾਲ ਜੋੜਿਆ ਜਾ ਰਿਹਾ ਹੈ। ‘ਭਗੌਤੀ’ ਨੂੰ ਪ੍ਰਮਾਣਿਕ ਸਾਬਤ ਕਰਨ ਖਾਤਿਰ ਇਸ ਦੇ ਸਮਰਥਕਾਂ ਵਲੋਂ ਤੁੱਕਿਆਂ ਰਾਹੀਂ ਕੀਤੀ ਜਾਂਦੀ ਕਸਰਤ ਹੀ ਇਨ੍ਹਾਂ ਦੀ ਸੱਚਾਈ ਸਪਸ਼ਟ ਕਰ ਦੇਂਦੀ ਹੈ।

ਜਾਗਰੂਕ ਪੰਥ ਦਾ ਹਿੱਸਾ ਮੰਨੇ ਜਾ ਰਹੇ ਇਕਾ-ਦੁੱਕਾ ਅਨਸਰਾਂ ਵਲੋਂ ਜਦੋਂ ਇਹ ਵੇਖਿਆ ਗਿਆ ਕਿ ‘ਦਸਮ ਗ੍ਰੰਥ’ ਦੀਆਂ ਕੱਚੀਆਂ ਰਚਨਾਵਾਂ ਨੂੰ ‘ਗੁਰਬਾਣੀ’ ਮੰਨ ਕੇ ਪ੍ਰਮਾਨਿਕ ਸਾਬਿਤ ਕਰਨ ਦੇ ਪੁਰਾਣੇ ਸਾਰੇ ਫਾਰਮੂਲੇ ਗੁਰਮਤਿ ਅਤੇ ਦਲੀਲ ਤੇ ਕਸਵੱਟੀ ਢਹਿ ਢੇਰੀ ਹੋ ਗਏ ਹਨ ਤਾਂ ਉਨ੍ਹਾਂ ਨੇ ਦਿਮਾਗੀ ਕਸਰਤ ਰਾਹੀਂ ਇਕ ਨਵਾਂ ਫਾਰਮੂਲਾ ਹਵਾ ਵਿਚ ਉਛਾਲਦੇ ਹੋਏ ਰਾਗ ਅਲਾਪਨਾ ਸ਼ੁਰੂ ਕਰ ਦਿਤਾ, “ਬੇਸ਼ਕ ਦਸ਼ਮੇਸ਼ ਪਾਤਸ਼ਾਹ ਜੀ ਨੇ ਕੋਈ ਬਾਣੀ ਨਹੀਂ ਰਚੀ, ਪਰ ਉਹਨਾਂ ਕੁਝ ਨਾ ਕੁਝ ਤਾਂ ਲਿਖਿਆ/ਲਿਖਵਾਇਆ ਹੋਵੇਗਾ। ਬਸ ਇਹੀ (ਖਿਆਲੀ) ਲਿਖਿਆ/ਲਿਖਾਇਆ ਹੈ ਜੋ ਨਿਤਨੇਮ ਅਤੇ ਅਰਦਾਸ ਵਿਚ ਸ਼ਾਮਲ ਹੈ”।

ਕੋਈ ਵੀ ਸੁਹਿਰਦ, ਨਿਰਪੱਖ ਅਤੇ ਸੁਚੇਤ ਮਨੁੱਖ ਇਸ ਦੁਬਿਧਾ ਪੂਰਨ ਦਿਮਾਗੀ ਕਸਰਤ ਤੋਂ ਅੰਦਾਜ਼ਾ ਲਗਾ ਸਕਦਾ ਹੈ ਕਿ ਸਿਰਫ ਰਹਿਤ ਮਰਿਯਾਦਾ ਨੂੰ ਅੱਖਰ-ਅੱਖਰ ਸਹੀ ਸਿੱਧ ਕਰਨ ਦੇ ਚੱਕਰ ਵਿਚ ਐਸੇ ਸੱਜਣ ਕਿਸ ਹੱਦ ਤੱਕ ਜਾ ਸਕਦੇ ਹਨ। ਇਨਾਂ ਦੀ ਸੋਚ ਅਨੁਸਾਰ ‘ਨਾਨਕ ਸਰੂਪ’ ਤਾਂ ਦੋਸ਼ੀ ਹੋ ਸਕਦੇ ਹਨ (ਰਚਨਾ ਚੋਰੀ ਕਰਨ ਵਾਲੇ) ਪਰ ਰਹਿਤ ਮਰਿਯਾਦਾ ਦੇ ਘਾੜੇ ‘ਅਭੁੱਲ’ ਸਨ। ਕੱਲ ਨੂੰ ਐਸੇ ਹੀ ਕੁਝ ਸੱਜਣ ਖਿਆਲੀ ਪੁਲਾਅ ਪਕਾਉਂਦੇ ਹੋਏ ਇਹ ਵੀ ਕਹਿ ਸਕਦੇ ਹਨ ਕਿ ਛੇਂਵੇ, ਸੱਤਵੇਂ, ਅੱਠਵੇਂ ਪਾਤਸ਼ਾਹ ਜੀ ਨੇ ਵੀ ਤਾਂ ਕੁਝ ਨਾ ਕੁਝ ਜ਼ਰੂਰ ਲਿਖਿਆ/ਲਿਖਾਇਆ ਹੋਵੇਗਾ, ਚਲੋਂ ਉਸ ਨੂੰ ਲੱਭ ਕੇ, ਨਿਤਨੇਮ ਵਿਚ ਸ਼ਾਮਿਲ ਕਰੀਏ। ਵੈਸੇ ਵੀ ਨਾਨਕ ਪਾਤਸ਼ਾਹ ਜੀ ਦੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਵੀ ਬਾਣੀ ਹੋਣ ਦੀਆਂ ਕਨਸੋਆਂ ਵੀ ਐਸੇ ਕੁਝ ਅਨਸਰਾਂ ਤੋਂ ਸਮੇਂ ਸਮੇਂ ਸੁਣੀਆਂ ਜਾਂਦੀਆਂ ਰਹੀਆਂ ਹਨ।

ਮੌਜੂਦਾ ਰਹਿਤ ਮਰਿਯਾਦਾ ਦੇ ਅੰਨ੍ਹੇ ਪਿਆਰ ਵਿਚ ਗ੍ਰਸਤ ਇਹ ਸੱਜਣ ‘ਭਗੌਤੀ’ ਨੂੰ ਪ੍ਰਮਾਨਿਕ ਸਿੱਧ ਕਰਨ ਖਾਤਰ ਕੋਈ ਵੀ ਤੁੱਕਾ ਮਾਰਨ ਨੂੰ ਤਿਆਰ ਹਨ, ਸ਼ਾਇਦ ਇਸ ਆਸ ਵਿਚ ਕਿ ਭੁਲੇਖੇ ਅਧੀਨ ਸੁਚੇਤ ਪੰਥ ਇਸ ਤੁੱਕੇ ਨੂੰ ਤੀਰ ਹੀ ਮੰਨ ਲਵੇ। ਐਸੇ ਸੱਜਣਾਂ ਨੇ ‘ਭਗੌਤੀ’ ਦੇ ਵਿਰੋਧ ਵਿਚ ਦਿਤੀ ਜਾਂਦੀ ਇਕ ਦਲੀਲ ਨੂੰ ਹੀ ਉਸ ਦੇ ਹੱਕ ਵਿਚ ਵਰਤਣ ਦਾ ਜਤਨ ਕੀਤਾ ਹੈ। ਡਾ. ਰਤਨ ਸਿੰਘ ਜੱਗੀ ਨੇ ਦਸਮ ਗ੍ਰੰਥੀ ਖੋਜ ਵਿਚ ਕਿਧਰੇ ਇਹ ਗੱਲ ਕਹੀ ਹੈ ਕਿ ਦਸਮ ਗੰ੍ਰੰਥ ਦੇ ਕੁਝ ਹਥਲਿਖਤ ਸਰੂਪਾਂ ਵਿਚ ‘ਦੁਰਗਾ ਕੀ ਵਾਰ’ ਪਾਠ ਵੀ ਮਿਲਦਾ ਹੈ ਜਿਸ ਨੂੰ ਬਾਅਦ ਵਿਚ ਬਦਲ ਕੇ ਸ਼ਾਇਦ ‘ਭਗੌਤੀ ਕੀ ਵਾਰ’ ਕਰ ਦਿਤਾ ਗਿਆ। ਇਸ ਖੋਜ ਨੂੰ ਇਕ ਦਮ ਸਹੀ ਮੰਨ ਕੇ (ਭਾਂਵੇ ਬਾਕੀ ਖੋਜ ਨੂੰ ਉਹ ਨਕਾਰਦੇ ਹਨ) ਉਨ੍ਹਾਂ ਸੱਜਣਾਂ ਨੇ ਇਹ ਦਲੀਲ ਦਿਤੀ ਕਿ ਇਸ ਨਾਲ ਸਪਸ਼ਟ ਹੈ ਕਿ ਅਸਲ ਲਫਜ਼ ‘ਦੁਰਗਾ’ ਸੀ, ਸੋ ਭਗੌਤੀ ਦਾ ਅਰਥ ਦੁਰਗਾ ਨਹੀਂ ਬਣਦਾ। ਉਹ ਭੁੱਲ ਜਾਂਦੇ ਹਨ ਕਿ ਦੁਰਗਾ ਦੇ ਕਈਂ ਨਾਂ ਪ੍ਰਚਲਿਤ ਹਨ ਜਿਹਨਾਂ ਵਿਚੋਂ ਇਕ ‘ਭਗੌਤੀ’ ਵੀ ਹੈ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਉਨਾਂ ਦੇ ਇਸ ਤੱਥ ਨੂੰ ਸਹੀ ਮੰਨ ਲੈਣ ਨਾਲ ਮੌਜੂਦਾ ਰਹਿਤ ਮਰਿਯਾਦਾ ਦੇ ਬਿਲਕੁਲ ਸਹੀ ਹੋਣ ਦਾ ਦਾਅਵਾ ਵੀ ਝੁਠਲਾਇਆ ਜਾਂਦਾ ਹੈ, ਜਿਸ ਲਈ ਉਹ ਨਵੇਂ ਨਵੇਂ ਤੁੱਕਿਆਂ ਰਾਹੀਂ ਬੇਲੋੜੀਆਂ ਦਿਮਾਗੀ ਕਸਰਤਾਂ ਕਰ ਰਹੇ ਹਨ। ਜੇ ਸਹੀ ਪਾਠ ‘ਦੁਰਗਾ’ ਮੰਨ ਲਈਏ ਤਾਂ ਭਗੌਤੀ ਦਾ ਅਰਥ ਤਾਂ ਦੇਵੀ ਹੀ ਰਹਿੰਦਾ ਹੈ ਪਰ ਰਹਿਤ ਮਰਿਯਾਦਾ ਦਾ ਪਾਠ ਗਲਤ ਸਾਬਿਤ ਹੋ ਜਾਂਦਾ ਹੈ ਕਿਉਂਕਿ ਉਸ ਵਿਚ ਲਫਜ਼ ‘ਭਗੌਤੀ’ ਹੈ, ਦੁਰਗਾ ਨਹੀਂ।

ਐਸੇ ਹੀ ਅਨਸਰਾਂ ਨੇ ਇਕ ਹੋਰ ‘ਤੁੱਕਾ’ ਛੱਡਦੇ ਹੋਏ ਚੰਡੀ ਚਰਿਤ੍ਰ ਦੀ ਅਗਲੀ ਪੳੇੁੜੀ ਵਿਚ ‘ਖੰਡੇ’ ਦੇ ਅਰਥ ‘ਮਾਇਆ’ ਕਰਦੇ ਹੋਏ ਨਵੀਂ ਕਸਰਤ ਸ਼ੁਰੂ ਕੀਤੀ ਹੈ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਜੇ ਸਹੀ ਅਰਥ ‘ਖੰਡਾ’ (ਹਥਿਆਰ) ਕੀਤੇ ਤਾਂ ਸੁਚੇਤ ਧਿਰਾਂ ਵਿਚ ਇਹਨਾਂ ਦੀ ਦਾਲ ਗਲਨ ਦੇ ਕੋਈ ਆਸਾਰ ਨਹੀਂ ਹਨ। ਕੋਈ ਇਸ ‘ਖੰਡੇ’ ਦੇ ਅਰਥ ‘ਸ਼ਕਤੀ’ ਕਰਦਾ ਹੈ। ਮਕਸਦ ਬਸ ਕਿਸੇ ਨਾ ਕਿਸੇ ਤਰੀਕੇ ਪ੍ਰਮਾਨਿਤ ਸਿੱਧ ਕਰ ਦੇਈਏ ਭਾਵੇਂ ‘ਰਾਗਮਾਲਾ’ ਵਾਂਗੂ ‘ਨਾਨਕ ਸਰੂਪ’ ਤੇ ਕਲੰਕ ਹੀ ਕਿਉਂ ਨਾ ਲਗਦਾ ਹੋਵੇ। ‘ਭਗੌਤੀ’ ਨੂੰ ਸਹੀ ਸਾਬਤ ਕਰਨ ਦੇ ਚੱਕਰਾਂ ਵਿਚ ਇਹ ‘ਬ੍ਰਾਹਮਣੀ ਮੱਤ ਦੀ ਤਿਕੜੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਦੀ ਹੋਂਦ ਨੂੰ ਵੀ ਸਹੀ ਮੰਨਣ ਲਗ ਪਏ ਹਨ ਜਦੋਂ ਕਿ ਗੁਰਬਾਣੀ ਇਹਨਾਂ ਦੀ ਪ੍ਰਚਲਿਤ ਹੋਂਦ ਨੂੰ ਰੱਦ ਕਰਦੇ ਹੋਏ ਕਹਿੰਦੀ ਹੈ ‘ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ”। ਕੱਲ ਨੂੰ ਇਹ ਸੱਜਣ ‘ਜੈ ਤੇਗੰ’ ਵਿਚ ‘ਤੇਗ’ ਦੇ ਅਰਥ ਵੀ ਸ਼ਕਤੀ, ਰੱਬ ਜਾਂ ਬੁੱਧੀ ਕਰ ਦੇਣਗੇ? ਇਸੇ ਰਚਨਾ ਵਿਚ ਅੱਗੇ ਮਿਲਦੇ ਇਕ ਛੰਦ ‘ਦੇਵੀ ਜੂ ਕੀ ਉਸਤਤ’ ਵਿਚ ਵੀ ਧੱਕੇ ਨਾਲ ‘ਦੇਵੀ’ ਦੇ ਅਰਥ ਪ੍ਰਮਾਤਮਾ ਹੀ ਮੰਨ ਲੈਣਗੇ।

ਇਨ੍ਹਾਂ ਕਹਿਣਾ ਹੈ ਕਿ ਅਸੀਂ ਤਾਂ ‘ਭਗੌਤੀ’ ਦਾ ਮਤਲਬ ‘ਪ੍ਰਮਾਤਮਾ’ ਹੀ ਮੰਨਾਂਗੇ, ਕਿਸੇ ਨੂੰ ਹੱਕ ਨਹੀਂ ਸਾਨੂੰ ਦੱਸੇ ਕਿ ‘ਭਗੌਤੀ’ ਦਾ ਮਤਲਬ ‘ਦੇਵੀ’ ਹੈ। ਜਿਥੋਂ ਤੱਕ ਮੰਨਣ ਦੀ ਗੱਲ ਹੈ ਤਾਂ ਲੋਕ ‘ਪੱਥਰ ਦੀ ਮੂਰਤੀ’ ਨੂੰ ਵੀ ਰੱਬ ਮੰਨਦੇ ਹਨ। ਹਰ ਕਿਸੇ ਦੀ ਮਰਜ਼ੀ ਹੈ, ਜੋ ਮਰਜ਼ੀ ਮੰਨੀ ਜਾਵੇ, ਕਿਸੇ ਨੂੰ ਰੋਕਿਆ ਥੋੜੀ ਜਾ ਸਕਦਾ ਹੈ। ਪਰ ਅਸੀਂ ਐਸੇ ਸੱਜਣਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੂਸੀ ਭਾਂਵੇ ਜੋ ਮੰਨੀ ਜਾਵੋ, ਪਰ ਕਿਰਪਾ ਕਰਕੇ ‘ਦਸਮ ਗ੍ਰੰਥੀ’ ਕੱਚੀਆਂ ਰਚਨਾਵਾਂ ਨੂੰ ‘ਦਸ਼ਮੇਸ਼ ਕ੍ਰਿਤ’ ਦੱਸ ਕੇ ‘ਨਾਨਕ ਸਰੂਪਾਂ’ ਨੂੰ ‘ਕਟਘਰੇ’ ਵਿਚ ਨਾ ਖੜਾ ਕਰੋ। ਭਗੌਤੀ, ਖੰਡਾ, ਦੇਵੀ, ਤੇਗ, ਚੰਡੀ, ਦੁਰਗਾ ਆਦਿ ਤੁਹਾਡੇ ਲਈ ‘ਰੱਬ’ ਹੋਣਗੀਆਂ, ਦਸ਼ਮੇਸ਼ ਜੀ ਦਾ ਇਹਨਾਂ ਰਚਨਾਵਾਂ ਨਾਲ ਕੋਈ ਵਾਸਤਾ ਨਹੀਂ ਹੈ। ‘ਮਹਾਂਕਾਲ’ ਬਾਰੇ ਵੀ ਇਨ੍ਹਾਂ ਸੱਜਣਾਂ ਦੀ ਪਹੁੰਚ ਇਸੇ ਤਰਾਂ ਦੀ ਹੈ।

ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਸੰਬੰਧੀ ਚਰਚਾ ਬਾਰੇ ਫਤਵੇਬਾਜ਼ੀ

ਇਸ ਨੁਕਤੇ ਨੂੰ ਸਮਝਨ ਲਈ ਇਕ ਦ੍ਰਿਸ਼ਟਾਂਤ ਦੀ ਉਸਾਰੀ ਕਰਦੇ ਹਾਂ। ਇਕ ਸਕੂਲ ਪੜ੍ਹਦਾ ਬੱਚਾ ਅਪਣੇ ਪਿਤਾ ਨੂੰ ਕਹਿੰਦਾ ਹੈ ਪਿਤਾ ਜੀ! ਮੇਰੀ ਪੁਸਤਕ ਵਿਚ ਕੁਝ ਥਾਂ ਵਿਸੰਗਤੀਆਂ ਹਨ। ਮਿਸਾਲ ਲਈ ਇਕ ਥਾਂ ਗਿਣਤੀ ਵਿਚ 6 ਤੋਂ ਬਾਅਦ 8 ਆ ਗਿਆ ਹੈ। ਪਰ ਦਲੀਲ ਅਨੁਸਾਰ ਤਾਂ 7 ਆਉਣਾ ਚਾਹੀਦਾ ਸੀ। ਇਹ ਕਿਤਾਬ ਇਕ ਬਹੁਤ ਪ੍ਰਮਾਨਿਕ ਅਤੇ ਸਾਖਦਾਰ ਸੰਪਾਦਕ/ਲੇਖਕ ਦੇ ਨਾਂ ਨਾਲ ਛਪਦੀ ਹੈ, ਜਿਸ ਬਾਰੇ ਪਿਤਾ ਜਾਣਦਾ ਹੈ। ਸੋ ਉਹ ਅਪਣੇ ਬੱਚੇ ਨੂੰ ਡਾਂਟਦਾ ਹੈ, ਬੰਦ ਕਰ ਅਪਣੀ ਬਕਵਾਸ! ਆਇਆ ਵੱਡਾ ਸਿਆਣਾ। ਤੂੰ ਇਤਨੇ ਮਹਾਨ ਵਿਅਕਤੀ (ਸੰਪਾਦਕ/ਲੇਖਕ) ਤੇ ਕਿੰਤੂ ਕਰ ਰਿਹਾ ਹੈਂ। ਅਪਣੇ ਕੌਲ ਰੱਖ ਅਪਣੀ ਇਹ ਅਕਲ। ਜੇ ਕਿਤਾਬ ਵਿਚਲੀ ਗਿਣਤੀ ਵਿਚ 6 ਤੋਂ ਬਾਅਦ 8 ਆਇਆ ਹੈ ਤਾਂ ਇਹ ਹੀ ਸਹੀ ਹੈ, ਪ੍ਰਮਾਨਿਕ ਹੈ। ਤੂੰ ਅਪਣੀ ਅਕਲ ਦਾ ਜਨਾਜ਼ਾ ਨਾ ਕੱਢ।

ਬੱਚਾ ਬੜੀ ਨਿਮਰਤਾ ਨਾਲ ਪਿਤਾ ਨੂੰ ਕਹਿੰਦਾ ਹੈ, “ਪਿਤਾ ਜੀ! ਕੈਸੀਆਂ ਗੱਲਾਂ ਕਰ ਰਹੇ ਹੋ? ਗਿਣਤੀ ਵਿਚ 6 ਤੋਂ ਬਾਅਦ 8 ਕਿਵੇਂ ਪ੍ਰਮਾਨਿਕ ਹੈ? ਐਸਾ ਕਰਕੇ ਤਾਂ ਤੂਸੀ ਉਸ ਮਹਾਨ ਲੇਖਕ/ਸੰਪਾਦਕ ਨੂੰ ਹੀ ਭੁੱਲਣਹਾਰ ਸਾਬਿਤ ਕਰ ਰਹੇ ਹੋ, ਕਿਉਂਕਿ ਦੁਨੀਆਂ ਜਾਣਦੀ ਹੈ ਕਿ ਗਿਣਤੀ ਵਿਚ 6 ਤੋਂ ਬਾਅਦ 7 ਆਉਂਦਾ ਹੈ, ਫੇਰ 8। ਦੂਜਾ, ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਗਲਤੀ ਉਸ ਲੇਖਕ/ਸੰਪਾਦਕ ਦੀ ਹੈ, ਬਲਕਿ ਮੈਂ ਤਾਂ ਇਹ ਕਹਿ ਰਿਹਾਂ ਹਾਂ ਕਿ ਇਹ ਗਲਤੀ ਟਾਈਪ ਕਰਨ ਵਾਲੇ ਦੀ ਹੈ, ਕਿਉਂਕਿ ਐਸਾ ਮਹਾਨ ਸੰਪਾਦਕ/ਲੇਖਕ ਐਸੀ ਭੁੱਲ ਨਹੀਂ ਕਰ ਸਕਦਾ”। ਪਰ ਸ਼ਰਧਾ ਅਤੇ ਜਜ਼ਬਾਤਾਂ ਵਿਚ ਗ੍ਰਸਿਆ ਪਿਤਾ ਕੁਝ ਨਹੀਂ ਸੁਨਣਾ ਚਾਹੁੰਦਾ।

ਉੱਪਰੋਕਤ ਦ੍ਰਿਸ਼ਟਾਂਤ ਵਿਚਲੇ ਪਿਤਾ ਦੀ ਅਵਸਥਾ ਉਹਨਾਂ ਕੁਝ ਸੱਜਣਾਂ ਵਰਗੀ ਹੈ ਜੋ ਮੰਨੇ ਤਾਂ ਜਾਗਰੂਕ ਜਾਂਦੇ ਹਨ ਪਰ ‘ਸ਼ਰਧਾ ਅਤੇ ਜਜ਼ਬਾਤਾਂ’ ਦੇ ਅਸਰ ਹੇਠ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਵਿਚ ਕਾਤਿਬਾਂ ਦੀਆਂ ਭੁਲਾਂ/ਸਾਜ਼ਿਸ਼ਾਂ ਕਾਰਨ ਸ਼ਾਮਿਲ ਹੋ ਗਈਆਂ ਕੁਝ ਵਿਸੰਗਤੀਆਂ ਬਾਰੇ ਗੱਲ ਕਰਨ ਵਾਲਿਆਂ ਵਿਰੁਧ ਕਲਮਾਂ ਚੁਕ ਕੇ ਫਤਵੇਬਾਜ਼ੀ ਸ਼ੁਰੂ ਕਰ ਦਿੰਦੇ ਹਨ। ਉਹ ਆਪ ਤਾਂ ਅਪਣੀਆਂ ਕਮਜ਼ੋਰੀਆਂ ਕਾਰਨ ਗੁੰਮਰਾਹ ਹੋਏ ਹੀ ਹਨ, ਨਾਲ ਹੀ ਸ਼ਬਦਜਾਲਾਂ ਰਾਹੀਂ ਪਾਠਕਾਂ ਨੂੰ ਹੀ ਭੜਕਾਉਣ ਅਤੇ ਗੁੰਮਰਾਹ ਕਰਨ ਦੇ ਆਹਰੇ ਲੱਗੇ ਰਹਿੰਦੇ ਹਨ। ਐਸੇ ਅਨਸਰ ਹੀ ‘ਰਾਗਮਾਲਾ’ ਨੂੰ ਪ੍ਰਮਾਨਿਕ ਸਿੱਧ ਕਰਨ ਦੇ ਚੱਕਰ ਵਿਚ ‘ਅਰਜਨ ਪਾਤਸ਼ਾਹ ਜੀ’ ਨੂੰ ‘ਰਚਨਾ ਚੋਰ’ ਐਲਾਣਨ ਤੋਂ ਵੀ ਗੁਰੇਜ਼ ਨਹੀਂ ਕਰਦੇ।

ਇਨ੍ਹਾਂ ਲਈ ਇਹ ਸੱਚਾਈ ਵੀ ਕੋਈ ਮਾਹਨੇ ਨਹੀਂ ਰੱਖਦੀ ਕਿ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਵੀ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਸਹਿਯੋਗ ਸਦਕਾ ਕਰਵਾਈ ਖੋਜ ਤੋਂ ਬਾਅਦ ‘ਪਾਠ ਭੇਦਾਂ ਦੀ ਸੂਚੀ’ ਬਾਰੇ ਪੁਸਤਕ ਛਪਵਾ ਚੁੱਕੀ ਹੈ।

ਐਸੇ ਸੁਧਾਰ ਦੀਆਂ ਬੇਨਤੀਆਂ ਨੂੰ ਇਹ ਅਨਸਰ ਦ੍ਰਿਸ਼ਟਾਂਤ ਵਿਚਲੇ ਗੁੰਮਰਾਹ ਪਿਤਾ ਵਾਂਗ ਅਪਣੇ ‘ਗੁਰੂ ਤੇ ਸ਼ੰਕੇ ਕਰਨਾ’ ਐਲਾਣ ਕੇ ਪਾਠਕਾਂ ਦੇ ਜ਼ਜ਼ਬਾਤਾਂ ਨੂੰ ਭੜਕਾਉਣ ਦਾ ਜਤਨ ਕਰਦੇ ਰਹਿੰਦੇ ਹਨ। ਉਹ ਸਰੂਪ ਵਿਚਲੀਆਂ ਕੁਝ ਕੁ ਵਿਸੰਗਤੀਆਂ ਬਾਰੇ ਚਰਚਾ ਕਰਨ ਵਾਲੇ ਨੂੰ ‘ਮੈਕਲਾਉਡੀ ਸੋਚ ਦੇ ਬੰਦੇ’ ਦੱਸ ਕੇ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਪਰ ਉਨ੍ਹਾਂ ਦੀ ਇਹ ਦਲੀਲ ਬਹੁਤ ਕੱਚੀ ਅਤੇ ਹਾਸੋਹੀਣੀ ਹੈ। ਉਹ ਇਹ ਭੁਲ ਜਾਂਦੇ ਹਨ ਕਿ ਮੌਜੂਦਾ ਸਰੂਪ ਵਿਚਲੀਆਂ ਵਿਸੰਗਤੀਆਂ (ਰਾਗਮਾਲਾ ਸਮੇਤ) ਬਾਰੇ ਵਿਦਵਾਨਾਂ ਵਿਚ ਚਰਚਾ ਮੈਕਲਾਉਡ ਤੋਂ ਬਹੁੱਤ ਪਹਿਲਾਂ ਹੀ ਹੁੰਦੀ ਰਹੀ ਹੈ। ਕੀ ਰਾਗਮਾਲਾ ਦੇ ਮਿਲਾਵਟ ਹੋਣ ਬਾਰੇ ਚਰਚਾ ਪਹਿਲੀ ਵਾਰ ‘ਮੈਕਲਾਉਡ’ ਨੇ ਸ਼ੁਰੂ ਕੀਤੀ ਸੀ? ਜੇ ਕਿਸੇ ਨੇ ਮੰਦ-ਬਿਰਤੀ ਹੇਠ ਹੀ ਸਾਡੀ ਕਿਸੇ ਕਮਜ਼ੋਰੀ ਵੱਲ ਇਸ਼ਾਰਾ ਕਰ ਵੀ ਦਿਤਾ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਉਸ ਕਮਜ਼ੋਰੀ ਦੀ ਪੜਚੋਲ ਕਰਕੇ, ਉਸ ਨੂੰ/ਜਾਂ ਉਸ ਬਾਰੇ ਗਲਤ ਫਹਿਮੀ ਨੂੰ ਦੂਰ ਕਰਨ ਦਾ ਜਤਨ ਕਰੀਏ, ਨਾ ਕਿ ਸਿਰਫ ਉਸ ਸ਼ਖਸ ਬਾਰੇ ਫਤਵੇਬਾਜ਼ੀ ਕਰਕੇ ਮਨ ਦੀ ਭੜਾਸ ਕੱਡ ਲਈਏ ਅਤੇ ਕਮਜ਼ੋਰੀ ਬਾਰੇ ਵਿਚਾਰ ਹੀ ਨਾ ਕਰੀਏ। ਪਰ ਐਸੇ ਅਨਸਰ ਜਾਣਦੇ ਹਨ ਕਿ ਸਾਡੀ ਗੱਲ ਕਿਤਨੀ ਵੀ ਕੱਚੀ ਜਾਂ ਗਲਤ ਕਿਉਂ ਨਾ ਹੋਵੇ, ਕੁਝ ਜਜ਼ਬਾਤੀਂ ਲੋਕਾਂ ਨੇ ਤਾਂ ਇਸ ਕੁ-ਪ੍ਰਚਾਰ ਦਾ ਪ੍ਰਭਾਵ ਕਬੂਲ ਹੀ ਲੈਣਾ ਹੈ।

ਜਜ਼ਬਾਤਾਂ ਸਹਾਰੇ ਆਮ ਪਾਠਕਾਂ ਨੂੰ ਭੜਕਾਉਣ ਅਤੇ ਗੁੰਮਰਾਹ ਕਰਨ ਦਾ ਕੰਮ ਤਾਂ ਐਸੇ ਵਿਦਵਾਨਾਂ ਦੀ ਫਿਤਰਤ ਹਮੇਸ਼ਾਂ ਤੋਂ ਰਹੀ ਹੈ, ਪਰ ਹੈਰਾਣੀ ਉਨ੍ਹਾਂ ਵਿਦਵਾਨ ਪੰਥਦਰਦੀਆਂ ਦੀ ਚੁੱਪੀ ਤੇ ਹੁੰਦੀ ਹੈ, ਜੋ ‘ਰਾਗਮਾਲਾ’ ਰਾਹੀਂ ਪੰਜਵੇਂ ਪਾਤਸ਼ਾਹ ਨੂੰ ਦੋਸ਼ੀ ਦਰਸਾਉਣ ਦੀ ਇਸ ਕਾਰਵਾਈ ਬਾਰੇ ਮੁੰਹ ਵੀ ਨਹੀਂ ਖੋਲਣਾ ਚਾਹੁੰਦੇ।ਸ਼ਾਇਦ ਉਹਨਾਂ ਨੂੰ ਇਹ ਭੈਅ ਹੈ ਕਿ ਜੇ ਅਸੀਂ ਐਸੇ ਕੁ-ਪ੍ਰਚਾਰ ਦਾ ਵਿਰੋਧ ਕਰਕੇ ਮੌਜੂਦਾ ਸਰੂਪ ਵਿਚਲੀਆਂ ਚੰਦ ਕੁ ਵਿਸੰਗਤੀਆਂ ਦੀ ਪੜਚੋਲ ਕਰਨ ਦੀ ਹਿਮਾਇਤ ਕੀਤੀ ਤਾਂ ਸੰਪਾਦਕ ਸਪੋਕਸਮੈਨ ਜਿਹੇ ਕੁਝ ਅਜਿਹੇ ਅਨਸਰ ਇਸ ਦਾ ਫਾਇਦਾ ੳਠਾ ਲੈਣਗੇ, ਜੋ ਮੰਦਭਾਵਨਾ ਹੇਠ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀਆਂ ਮੌਜੂਦਾ ਬਾਣੀਆਂ ਨੂੰ ਵੱਡੇ ਪੱਧਰ ਤੇ ਅਪ੍ਰਮਾਨਿਕ ਪ੍ਰਚਾਰਨ ਜਹੀਆਂ ਨਿਰ-ਆਧਾਰ ਘਾੜਤਾਂ ਘੜਦੇ ਰਹਿੰਦੇ ਹਨ।

ਐਸੇ ਪੰਥਦਰਦੀਆਂ ਲਈ ਸੋਚਣਾ ਬਣਦਾ ਹੈ ਕਿ, ਕੀ ਕਿਸੇ ਦੇ ਮੰਦ-ਪ੍ਰਚਾਰ ਦੇ ਡਰ ਨਾਲ ‘ਸੁਧਾਰ’ ਦੇ ਕੰਮ ਤੋਂ ਮੁੰਹ ਮੌੜ ਲੈਣਾ ਜਾਇਜ਼ ਹੈ? ਜਦੋਂ ਪੰਚ ਖਾਲਸਾ ਦੀਵਾਨ ਭਸੌੜ ਨੇ ਸਰੂਪ ਬਾਰੇ ਐਸਾ ਪ੍ਰਚਾਰ ਕੀਤਾ ਸੀ ਤਾਂ ਕੀ ਸੁਚੇਤ ਪੰਥ ਨੇ ‘ਰਾਗਮਾਲਾ’ ਬਾਰੇ ਗੱਲ ਕਰਨੀ ਛੱਡ ਦਿਤੀ? ਹਾਂ ਇਤਨਾ ਜ਼ਰੂਰ ਹੈ ਕਿ ਐਸੇ ਸੁਧਾਰ ਦੇ ਉਪਰਾਲੇ ਗੰਭੀਰਤਾ ਅਤੇ ਸੁਹਿਰਦਤਾ ਨਾਲ ਹੋਣੇ ਚਾਹੀਦੇ ਹਨ, ਆਪਸੀ ਦੂਸ਼ਨਬਾਜ਼ੀ ਭਰੀ ਵਿਚਾਰ ਨਾਲ ਨਹੀਂ। ਪਰ ਐਸੀਆਂ ਸੁਧਾਰ ਲੋੜਾਂ ਤੋਂ ਬਿਲਕੁਲ ਮੁੰਹ ਮੌੜ ਲੈਣਾ ਵੀ ਇਮਾਨਦਾਰੀ ਨਹੀਂ ਹੈ।

ਸਤਿਕਾਰ ਅਤੇ ਸ਼ਰਧਾ ਦੇ ਨਾਂ ਤੇ ਖਰੂਦ

ਸਿੱਖ ਸਮਾਜ ਵਿਚ ਐਸੇ ‘ਹਮਦਰਦ’ ਹਮੇਸ਼ਾਂ ਤੋਂ ਰਹੇ ਹਨ ਜਿਨ੍ਹਾਂ ਨੇ ‘ਨਾਨਕ ਸਰੂਪਾਂ’ ਪ੍ਰਤੀ ‘ਸਤਿਕਾਰ ਅਤੇ ਸ਼ਰਧਾ’ ਦਾ ਵਿਖਾਵਾ ਕਰਦੇ ਹੋਏ, ਜਾਣੇ/ਅੰਜਾਣੇ ਉਹਨਾਂ ਦੀ ਸ਼ਖਸੀਅਤ ਦੀ ਮਿੱਟੀ ਪਲੀਤ ਕਰਨ ਵਿਚ ਵੀ ਕੋਈ ਕਮੀ ਨਹੀਂ ਛੱਡੀ। ਮਿਸਾਲ ਦੇ ਤੌਰ ਤੇ ਜਨਮਸਾਖੀਆਂ ਅਤੇ ਗੁਰਬਿਲਾਸ ਦੇ ਲੇਖਕਾਂ ਦੀ ਗੱਲ ਕੀਤੀ ਜਾ ਸਕਦੀ ਹੈ। ਭਾਈ ਬਾਲੇ ਵਾਲੀ ਜਨਮਸਾਖੀ ਦਾ ਲੇਖਕ ਇਸ ਦੀ ਸ਼ੁਰੂਆਤ ਹੀ ‘ਬਾਬਾ ਨਾਨਕ’ ਜੀ ਨੂੰ ‘ਰੱਬ ਦਾ ਅਵਤਾਰ’ ਐਲਾਣਦੇ ਹੋਏ ਅਪਣੇ ‘ਸਤਿਕਾਰ ਅਤੇ ਸ਼ਰਧਾ’ ਦੇ ਵਿਖਾਵੇ ਨਾਲ ਕਰਦਾ ਹੈ, ਪਰ ਉਸ ਨੇ ਇਸ ਜਨਮਸਾਖੀ ਵਿਚ ਬਾਬਾ ਨਾਨਕ ਜੀ ਦੀ ਸ਼ਖਸੀਅਤ ਨਾਲ ਲਗਭਗ ਉਹ ਸਾਰੀਆਂ ਗੱਲਾਂ ਜੋੜ ਦਿਤੀਆਂ ਜਿਸ ਦਾ ਖੰਡਨ ਨਾਨਕ ਪਾਤਸ਼ਾਹ ਜੀ ਅਪਣੀ ਬਾਣੀ ਵਿਚ ਕਰਦੇ ਹਨ। ਮਰਹੂਮ ਕੁਲਬੀਰ ਸਿੰਘ ਕੌੜਾ ਦੀ ਲਾਸਾਨੀ ਪੁਸਤਕ ‘’ਤੇ ਸਿੱਖ ਵੀ ਨਿਗਲਿਆ ਗਿਆ’ ਅਨੁਸਾਰ ਹੱਥਲਿਖਤ ਜਨਮਸਾਖੀ ਦੀ ਇਕ ਸਾਖੀ ਵਿਚ ਇਸ ਸਾਖੀਕਾਰ ਨੇ ਬਾਬਾ ਨਾਨਕ ਜੀ ਨੂੰ ਅਪਣੇ ਇਕ ਸ਼ਰਧਾਲੂ ਦੀ ਜਵਾਨ ਬੇਟੀ ਦਾ ਸੰਗ ਕਰਦੇ ਵੀ ਦਰਸਾ ਦਿਤਾ, ਪਰ ਕੌੜਾ ਜੀ ਅਨੁਸਾਰ ਛਾਪੇਖਾਨੇ ਵਿਚ ਆਉਣ ਵੇਲੇ ਇਹ ਸਾਖੀ ਬਾਲੇ ਵਾਲੀ ਜਨਮਸਾਖੀ ਵਿਚੋਂ ਅਲੋਪ ਕਰ ਦਿਤੀ ਗਈ।

‘ਗੁਰਬਿਲਾਸ ਪਾ: 6’ ਦੇ ਲੇਖਕ ਨੇ ‘ਸ਼ਰਧਾ ਅਤੇ ਸਤਿਕਾਰ’ ਦਾ ਵਿਖਾਵਾ ਕਰਦੇ ਹੋਏ ਹਰਿਗੋਬਿੰਦ ਪਾਤਸ਼ਾਹ ਜੀ ਦੀ ਸ਼ਖਸੀਅਤ ਨਾਲ ਕੀ-ਕੀ ਧ੍ਰੋਹ ਕਮਾਇਆ, ਇਹ ਹਰ ਸੁਚੇਤ ਸਿੱਖ ਜਾਣਦਾ ਹੈ। ਐਸੇ ‘ਸ਼ਰਧਾਵਾਨ’ ਲੇਖਕਾਂ ਦੀ ਸੂਚੀ ਲੰਮੀ ਹੈ। ਇਨ੍ਹਾਂ ਦੀ ‘ਸ਼ਰਧਾ ਅਤੇ ਸਤਿਕਾਰ’ ਦਾ ਕੌਮ ਨੇ ਵੀ ਵੱਡਾ ‘ਸਤਿਕਾਰ’ ਕੀਤਾ ਅਤੇ ਇਹਨਾਂ ਗ੍ਰੰਥਾਂ/ਪੁਸਤਕਾਂ ਦੀ ‘ਕਥਾ’ ਲੰਬੇ ਸਮੇਂ ਤੱਕ ਗੁਰਦਵਾਰਿਆਂ ਵਿਚ ਵੱਡੇ ‘ਸਤਿਕਾਰ ਅਤੇ ਸ਼ਰਧਾ’ ਨਾਲ ਹੁੰਦੀ ਰਹੀ ਹੈ।

ਅੱਜ ਵੀ ਕੁਝ ਐਸੇ ਲੇਖਕ ਮਿਲ ਜਾਂਦੇ ਹਨ ਜੋ ‘ਸਤਿਕਾਰ ਅਤੇ ਸ਼ਰਧਾ’ ਦੇ ਨਾਂ ਤੇ ਸੁਚੇਤ ਧਿਰਾਂ ਖਿਲਾਫ ਪਾਠਕਾਂ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਦਾ ਜਤਨ ਕਰਦੇ ਰਹਿੰਦੇ ਹਨ । ਦਸਮ ਗ੍ਰੰਥ ਦੇ ਸ਼ਰਧਾਲੂ ਇਸੇ ਕੈਟਾਗਰੀ ਵਿਚ ਆਉਂਦੇ ਹਨ ਜੋ ਸਿੱਖਾਂ ਵਿਚ ਇਹ ਕੁ-ਪ੍ਰਚਾਰ ਕਰਦੇ ਰਹਿੰਦੇ ਹਨ ਕਿ ਸੁਚੇਤ ਧਿਰਾਂ ‘ਦਸ਼ਮੇਸ਼ ਜੀ’ ਦੀ ਬਾਣੀ ਤੇ ਸ਼ੰਕੇ ਖੜੇ ਕਰਦੀਆਂ ਹਨ।

ਹੁਣ ਸੁਚੇਤ ਪੰਥ ਵਿਚ ਵੀ ਇਕਾ-ਦੁੱਕਾ ਅਜਿਹੇ ਸੱਜਣ ਸ਼ਾਮਿਲ ਹੋ ਗਏ ਹਨ ਜੋ ਆਪ ਤਾਂ ‘ਰਾਗਮਾਲਾ’ ਅਤੇ ‘ਭਗੌਤੀ’ ਆਦਿ ਦੀ ਪ੍ਰਮਾਨਿਕਤਾ ਦਾ ਰਾਗ ਅਲਾਪ ਕਿ ਨਾਨਕ ਸਰੂਪਾਂ ਨੂੰ ‘ਰਚਨਾ-ਚੋਰ’ ਅਤੇ ‘ਦੇਵੀ-ਪੂਜਕ’ ਦਰਸਾਉਣ ਵਰਗੇ ‘ਸ਼ਖਸੀਅਤ ਘਾਤ’ ਵਾਲੇ ਕਰਮ ਕਰ ਰਹੇ ਹਨ ਪਰ ‘ਸਤਿਕਾਰ ਅਤੇ ਸ਼ਰਧਾ’ ਦਾ ਵਿਖਾਵਾ ਕਰਦੇ ਹੋਏ ਕੁਝ ਧਿਰਾਂ ਬਾਰੇ ਇਹ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਇਹ ‘ਗੁਰੂ ਦਾ ਸਤਿਕਾਰ’ ਨਹੀਂ ਕਰਦੇ ਕਿਉਂਕਿ ਇਹ ਨਾਨਕ ਸਰੂਪਾਂ ਨਾਲ ‘ਗੁਰੂ’ ਵਿਸ਼ੇਸ਼ਨ ਨਹੀਂ ਲਾਉਂਦੇ, ਮੌਜੂਦਾ ਸਰੂਪ ਵਿਚ ਵਿਸੰਗਤੀਆਂ ਮੰਨਦੇ ਹਨ ਆਦਿ ਆਦਿ।

ਅਫਸੋਸ ਦੀ ਗੱਲ ਇਹ ਵੀ ਹੈ ਕਿ ਸੁਚੇਤ ਪੰਥ ਦੇ ਬਹੁਤੇ ਵਿਦਵਾਨ ਐਸੇ ਅਨਸਰਾਂ ਵਲੋਂ ‘ਸਤਿਕਾਰ ਅਤੇ ਸ਼ਰਧਾ’ ਦੇ ਨਾਂ ਤੇ ਕੀਤੇ ਜਾ ਰਹੇ ਕੁ-ਪ੍ਰਚਾਰ ਬਾਰੇ ਕੁਝ ‘ਨਿੱਜੀ ਭੈ, ਗਰਜ਼ਾਂ ਅਤੇ ਮਜ਼ਬੂਰੀਆਂ’ ਕਾਰਨ ਚੁੱਪੀ ਧਾਰਨ ਕਰੀ ਬੈਠੇ ਹਨ। ਐਸੇ ਅਨਸਰਾਂ ਦੇ ਕੁ-ਪ੍ਰਚਾਰ ਦੇ ਪ੍ਰਭਾਵ ਹੇਠ ਕੁਝ ਸੁਚੇਤ ਧਿਰਾਂ/ਸੱਜਣ ‘ਤੱਤ ਗੁਰਮਤਿ ਪਰਿਵਾਰ’ ਬਾਰੇ ਮਨ ਵਿਚ ਨਰਾਜ਼ਗੀ ਵੀ ਪਾਲੀ ਬੈਠੇ ਹਨ ਕਿਉਂਕਿ ਪਰਿਵਾਰ ਵੀ ਨਿਮਰਤਾ ਸਹਿਤ ਇਹ ਵਿਚਾਰ ਰੱਖ ਚੁਕਿਆ ਹੈ ਕਿ ਸਾਡੀ ਗੁਰਮਤਿ ਸਮਝ ਅਨੁਸਾਰ ਕਿਸੇ ਵੀ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਨ ਵਰਤਣਾ ਜਾਇਜ਼ ਨਹੀਂ ਹੈ। ਪਰ ਇਹ ਵੀ ਸੱਚ ਹੈ ਕਿ ਪਰਿਵਾਰ ਨੇ ਇਸ ਵਿਸ਼ੇ ਵਿਚ ਕਦੀ ਸੰਕੀਰਨਤਾ ਨਹੀਂ ਦਰਸਾਈ। ਹੋਰ ਲੇਖਕਾਂ ਵਲੋਂ ‘ਨਾਨਕ ਸਰੂਪਾਂ’ ਦੇ ਨਾਂ ਨਾਲ ‘ਗੁਰੂ’ ਵਿਸ਼ੇਸ਼ਨ ਵਰਤਦੀਆਂ ਲਿਖਤਾਂ ਨਿਰ-ਸੰਕੋਚ ਪਰਿਵਾਰ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਹੋ ਰਹੀਆਂ ਹਨ। ਪਰਿਵਾਰ ਅਨੇਕਾਂ ਵਾਰ ਇਹ ਸਪਸ਼ਟ ਕਰ ਚੁੱਕਿਆ ਹੈ ਕਿ ਅਸੀਂ ‘ਨਾਨਕ ਸਰੂਪਾਂ’ ਨੂੰ ਮਨੁੱਖਤਾ ਦੇ ਲਾਸਾਨੀ ਰਹਿਬਰ ਮੰਨਦੇ ਹਾਂ।

ਅਸਲ ਸਤਿਕਾਰ ‘ਗੁਰ-ਉਪਦੇਸ਼ਾਂ’ ਨੂੰ ਜੀਵਨ ਵਿਚ ਧਾਰ ਲੈਣਾ ਹੀ ਹੈ, ‘ਸਤਿਕਾਰ ਅਤੇ ਸ਼ਰਧਾ’ ਦਾ ਰੌਲਾ ਪਾਕੇ ਕਿਸੇ ਪ੍ਰਤੀ ਕੁ-ਪ੍ਰਚਾਰ ਕਰਨਾ ਨਹੀਂ। ਬਾਹਰੀ ਸਤਿਕਾਰ ਦਾ ਵਿਖਾਵਾ ਕਰਦੇ ਹੋਏ ਉਪਦੇਸ਼ਾਂ ਤੋਂ ਮੁੰਹ ਮੌੜ ਲੈਣਾ ਵੀ ਸਹੀ ‘ਸਤਿਕਾਰ’ ਨਹੀਂ ਹੈ।

ਜਾਗਰੂਕਤਾ ਦੇ ਵਿਰੋਧ ਵਿਚ ਕੱਚੀਆਂ ਸੰਪਰਦਾਈ ਦਲੀਲਾਂ

ਦਸਮ ਗ੍ਰੰਥ ਦੇ ਪੈਰੋਕਾਰ ਜਦੋਂ ਦਲੀਲਾਂ ਪੱਖੋਂ ਹਾਰ ਜਾਂਦੇ ਹਨ ਤਾਂ ਕੱਚੀਆਂ ਗੱਲਾਂ ਤੇ ਉਤਰ ਆਉਂਦੇ ਹਨ। ਐਸੇ ਹੀ ਇਕ ਵੀਰ ਨੇ ਪਰਿਵਾਰ ਨੂੰ ਪੁੱਛਿਆ ਕਿ ਜੇ ਤੂਸੀ ਜਾਪ, ਚੌਪਈ, ਸਵੱਈਏ ਨੂੰ ਸਹੀ ਨਹੀਂ ਮੰਨਦੇ ਤਾਂ ਤੁਹਾਡੇ ਛੱਕੇ ‘ਅੰਮ੍ਰਿਤ’ ਦਾ ਕੀ ਬਣੇਗਾ? ਇਹੀ ਕੱਚੀ ਦਲੀਲ ਦਸਮ ਗ੍ਰੰਥੀਆਂ ਵਲੋਂ ਆਮ ਵਰਤੀ ਜਾਂਦੀ ਹੈ। ਪਰਿਵਾਰ ਨੇ ਇਸ ਵੀਰ ਨੂੰ ਜਵਾਬ ਦਿਤਾ ਕਿ ਸਾਡੀ ਗੁਰਮਤਿ ਸਮਝ ਕਹਿੰਦੀ ਹੈ ਕਿ ਕੋਈ ਵੀ ਬਾਣੀ ਪੜ੍ਹਣ ਨਾਲ ਜਲ ‘ਅੰਮ੍ਰਿਤ’ ਨਹੀਂ ਬਣ ਜਾਂਦਾ। ਨਾ ਤਾਂ ਉਹ ਦਸਮ ਗ੍ਰੰਥ ਦੀ ਕੱਚੀਆਂ ਰਚਨਾਵਾਂ ਦੇ ਪੜ੍ਹਨ ਨਾਲ ‘ਅੰਮ੍ਰਿਤ’ ਬਣਿਆ ਸੀ ਅਤੇ ਨਾ ਹੀ ਇਨ੍ਹਾਂ ਦੇ ਤਿਆਗ ਨਾਲ ਇਹ ‘ਜ਼ਹਿਰ’ ਬਣ ਜਾਵੇਗਾ।
ਕੁਝ ਐਸੀ ਹੀ ਕੱਚੀ ਗੱਲ ਤਾਹਣੇ ਦੇ ਰੂਪ ਵਿਚ ਇਹ ਅਨਸਰ ਉਨ੍ਹਾਂ ਸੁਚੇਤ ਸੱਜਣਾਂ ਬਾਰੇ ਕਰਦੇ ਹਨ ਜੋ ਮੌਜੂਦਾ ਸਰੂਪ ਵਿਚਲੀਆਂ ਵਿਸੰਗਤੀਆਂ ਦੇ ਸੁਧਾਰ ਦਾ ਹੋਕਾ ਦਿੰਦੇ ਹਨ। ਇਹ ਵੀਰ ਉਹਨਾਂ ਨੂੰ ਤਾਹਣਾ ਦੇਂਦੇ ਹਨ ਕਿ ਜੇ ਇਸ ਸਰੂਪ ਵਿਚ ਵਿਸੰਗਤੀਆਂ ਹਨ ਤਾਂ ਤੁਸੀ ਇਸ ਨੂੰ ਮੱਥਾ ਕਿਉਂ ਟੇਕਦੇ ਹੋ? ਇਹ ਕੁਝ ਇਸ ਤਰਾਂ ਹੈ ਜਿਵੇਂ ਉਪਰ ਵਿਚਾਰੇ ਦ੍ਰਿਸ਼ਟਾਂਤ ਵਿਚਲਾ ਪਿਤਾ ਅਪਣੇ ਪੁੱਤਰ ਨੂੰ ਤਾਹਣਾ ਦੇ ਰਿਹਾ ਹੋਵੇ ਜੇ ਪੁਸਤਕ ਵਿਚ ਕੁਝ ਵਿਸੰਗਤੀਆਂ ਹੈ ਤਾਂ ਤੂੰ ਉਸ ਪੁਸਤਕ ਨੂੰ ਕਿਉਂ ਮਾਨਤਾ ਦਿੰਦਾ ਹੈਂ, ਪੂਰੀ ਨੂੰ ਹੀ ਰੱਦ ਕਿਉਂ ਨਹੀਂ ਕਰ ਦਿੰਦਾ?

ਐਸੇ ਸੱਜਣ ਹੀ ਗਲਤ ਮਾਨਤਾਵਾਂ ਨੂੰ ‘ਗੁਰੂ ਨਿਰਣੇ” ਦੇ ਨਾਂ ਤੇ ਮੰਨੀ ਜਾਣ ਦੇ ਪੈਰੋਕਾਰ ਹਨ। ਬ੍ਰਾਹਮਣ ਨੇ ਵੀ ਗਲਤ ਮਾਨਤਾਵਾਂ ਬਾਰੇ ਇਹੀ ਪ੍ਰਚਾਰ ਕੀਤਾ ਕਿ ਇਹ ਦੇਵਤਿਆਂ ਦੇ ਨਿਰਣੇ ਸਨ ਅਸੀਂ ਕੌਯ ਹੁੰਦੇ ਹਾਂ ਉਹਨਾਂ ਤੇ ਕਿੰਤੂ ਕਰਨ ਵਾਲੇ।

ਰਹਿਤ ਮਰਿਯਾਦਾ ਸੁਧਾਰ ਉਪਰਾਲੇ ਬਾਰੇ ਕੂੜ-ਪ੍ਰਚਾਰ

ਸੁਚੇਤ ਪੰਥ ਦਾ ਲਗਭਗ ਹਰ ਮੈਂਬਰ ਇਹ ਗੱਲ ਮੰਨਦਾ ਹੈ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਦੇ ਕੁਝ ਨੁਕਤੇ ਗੁਰਮਤਿ ਸਿਧਾਂਤਾਂ ਦੇ ਕਸਵੱਟੀ ਤੇ ਖਰੇ ਨਹੀਂ ਉਤਰਦੇ। ਬਹੁਤਾਤ ਦਾ ਇਹ ਵੀ ਮੰਨਣਾ ਹੈ ਕਿ ਇਸ ਵਿਚ ਸੁਧਾਰ ਹੋਣਾ ਚਾਹੀਦਾ ਹੈ। ਪਿੱਛਲੇ ਸਮੇਂ ਵਿਚ ਇਸ ਬਾਰੇ ਸਰਗਰਮੀ ਨਾਲ ਵੀਚਾਰਾਂ ਵੀ ਹੋਈਆਂ, ਪਰ ਕਈਂ ਕਾਰਨਾਂ ਕਰਕੇ, ਇਹ ਉਪਰਾਲਾ ਤੌੜ ਨਹੀਂ ਚੜ ਸਕਿਆ। ਉਸ ਤੋਂ ਬਾਅਦ ਇਸ ਉਪਰਾਲੇ ਵਿਚ ਖੜੌਤ ਆ ਗਈ। ਉਲਟਾ ਜਾਗਰੂਕ ਪੰਥ ਵਿਚੋਂ ਹੀ, ਇਕ ਸਮਝੌਤੇ ਅਤੇ ਨੀਤੀ ਹੇਠ, ਮੌਜੂਦਾ ਸਿੱਖ ਰਹਿਤ ਮਰਿਯਾਦਾ ਤੇ ਕੋਈ ਕਿੰਤੂ ਨਾ ਕਰਨ ਦਾ ਸੁਰ ਵੀ ਭਾਰੂ ਹੋਣ ਲਗ ਪਿਆ। ਐਸੇ ਵਿਚ ਪਿਛਲੇ ਸਮੇਂ, ਤੱਤ ਗੁਰਮਤਿ ਪਰਿਵਾਰ ਨੇ ਕਈਂ ਵਾਰ ਜਾਗਰੂਕ ਪੰਥ ਨੂੰ ਬੇਨਤੀ ਪੱਤਰਾਂ ਰਾਹੀਂ ਸਿੱਖ ਰਹਿਤ ਮਰਿਯਾਦਾ ਸਮੇਤ ਹੋਰ ਜ਼ਰੂਰੀ ਸੁਧਾਰਾਂ ਲਈ ਜ਼ੋਰਦਾਰ ਅਤੇ ਸਾਂਝੇ ਉਪਰਾਲੇ ਕਰਨ ਦਾ ਹੋਕਾ ਦਿੱਤਾ। ਪਰ ਬਹੁਤੀਆਂ ਜਾਗਰੂਕ ਧਿਰਾਂ ਨੇ ਇਸ ਸੰਬੰਧੀ ਕੋਈ ਠੋਸ ਦਿਲਚਸਪੀ ਨਹੀਂ ਵਿਖਾਈ। ਇਸ ਦੇ ਬਾਵਜੂਦ ਪਰਿਵਾਰ ਨੇ ਹਤਾਸ਼ ਨਾ ਹੁੰਦੇ ਹੋਏ, ਇਸ ਸੁਧਾਰ ਉਪਰਾਲੇ ਨੂੰ ਆਪ ਜਾਰੀ ਰੱਖਣ ਦਾ ਨਿਰਣਾ ਲਿਆ।

ਇਸ ਦਿਸ਼ਾ ਵਿਚ ਅੱਗੇ ਕਦਮ ਵਧਾਉਂਦੇ ਹੋਏ ਪਰਿਵਾਰ ਨੇ ਵਿਚਾਰ ਮੀਟਿੰਗਾਂ ਦੀ ਲੜੀ ਵਿਚ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀ ਕਮੀਆਂ ਦਾ ਸੁਧਾਰ ਕਰਦੇ ਹੋਏ ਸੋਧੀ ਹੋਈ ‘ਗੁਰਮਤਿ ਜੀਵਨ ਜਾਚ’ ਦਾ ਇਕ ਮੁੱਢਲਾ ਖਰੜਾ ਤਿਆਰ ਕੀਤਾ। ਇਸ ਖਰੜੇ ਨੂੰ ਸਾਰੀਆਂ ਸੁਚੇਤ ਧਿਰਾਂ ਅਤੇ ਸੱਜਣਾਂ ਦੇ ਵਿਚਾਰ ਅਤੇ ਸੁਝਾਵਾਂ ਲਈ ਵੱਖ ਵੱਖ ਥਾਂ ਪ੍ਰਕਾਸ਼ਿਤ ਕਰਵਾਇਆ ਗਿਆ ਤਾਂ ਕਿ ਇਸ ਨੂੰ ਫਾਈਨਲ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ। ਪਰ ਸੁਧਾਰ ਦਾ ਇਹ ਨਿਸ਼ਕਾਮ ਕਦਮ ਸਾਹਮਣੇ ਆਉਂਦੇ ਹੀ ‘ਪੁਨਰਜਾਗਰਨ ਲਹਿਰ’ ਨੂੰ ਪੁੱਠਾ ਗੇੜ ਦੇਣ ਲਈ ਕਮਰਕੱਸੇ ਕਰੀ ਬੈਠੇ ਵਿਦਵਾਨ ਬੌਖਲਾ ਗਏ ਅਤੇ ਪਰਿਵਾਰ ਦੇ ਇਸ ਉਪਰਾਲੇ ਬਾਰੇ ਊਲ-ਜਲੂਲ ਲਿਖਣ ਲੱਗ ਪਏੇ। ਵੈਸੇ ਤਾਂ ਉਹ ਪਰਿਵਾਰ ਦੇ ਸੁਧਾਰ ਜਤਨਾਂ ਬਾਰੇ ਪਹਿਲਾਂ ਤੋਂ ਹੀ ਪਾਠਕਾਂ ਨੂੰ ਗੁੰਮਰਾਹ ਕਰਨ ਦਾ ਜਤਨ ਕਰਦੇ ਰਹਿੰਦੇ ਸਨ। ਇਹਨਾਂ ਅਨਸਰਾਂ ਦੀਆਂ ਕੁਝ ਊਂਝਾਂ ਹਨ

  1. ਪਰਿਵਾਰ ਤਾਂ ਰਹਿਤ ਮਰਿਯਾਦਾ ਨੂੰ ਰੱਦ ਕਰਦਾ ਹੈ

  2. ਪਰਿਵਾਰ ਨੇ ਤਾਂ ਸਾਰੀ ਰਹਿਤ ਮਰਿਯਾਦ ਹੀ ਬਦਲ ਕੇ ਰੱਖ ਦਿਤੀ

  3. ਪਰਿਵਾਰ ਨੇ ਪਹਿਲਾਂ ਨਾਲੋਂ ਅਪਣਾ ਸਟੈਂਡ ਹੁਣ ਬਦਲ ਲਿਆ ਹੈ

  4. ਇਹ ਮਰਿਯਾਦਾ ਪਰਿਵਾਰ ਦੀ ਨਿੱਜੀ ਹੈ, ਸਾਂਝੀ ਨਹੀਂ

  5. ਕੁਝ ਧਿਰਾਂ ਦਾਅਵਾ ਤਾਂ ‘ਗੁਰਮਤਿ ਵੀਚਾਰ’ ਦਾ ਕਰਦੀਆਂ ਹਨ ਪਰ ਹਰ ਵੇਲੇ ਕੋਈ ਨਵੀਂ ਗੱਲ ਕਰਕੇ ‘ਸਨਸਨੀ’ ਫੈਲਾ ਕੇ ਚਰਚਾ ਵਿਚ ਬਣੀਆਂ ਰਹਿਣਾ ਲੋਚਦੀਆਂ ਹਨ

  6. ਪਰਿਵਾਰ ਇਸ ਉਪਰਾਲੇ ਸੰਬੰਧੀ ਦੁਬਿਧਾ ਵਿਚ ਹੈ।

  7. ਜੀਵਨ ਜਾਚ (ਰਹਿਤ ਮਰਿਯਾਦਾ) ਦਾ ਗੁਰਮਤਿ ਅਨੁਸਾਰੀ ਹੋਣਾ ਜ਼ਰੂਰੀ ਨਹੀਂ, ਕਿਉਂਕਿ ਫਲਸਫੇ ਅਤੇ ਰਹਿਤ ਵਿਚ ਫਰਕ ਹੁੰਦਾ ਹੈ। ਗੁਰਮਤਿ ਸਾਰੀ ਮਨੁੱਖਤਾ ਲਈ ਹੈ ਪਰ ਰਹਿਤ ਮਰਿਯਾਦਾ ਸਿਰਫ ਸਿੱਖਾਂ ਲਈ।

  8. ਵਿਸ਼ਵਾਸ ਕਰਨ ਅਤੇ ਮੰਨਣ ਵਿਚ ਫਰਕ ਹੁੰਦਾ ਹੈ। ਸਿਰਫ ਵਿਸ਼ਵਾਸ ਕਰਨ ਵਾਲਾ ਵੀ ਸਿੱਖ ਹੁੰਦਾ ਹੈ, ਮੰਨਣਾ ਜ਼ਰੂਰੀ ਨਹੀਂ।

ਇਨ੍ਹਾਂ ਅਨਸਰਾਂ ਦੇ ਗਲਤ ਪ੍ਰਚਾਰ ਤੋਂ ਭ੍ਰਮਿਤ ਹੋ ਕੇ ਕੁਝ ਸੁਚੇਤ, ਪਰ ਜਜ਼ਬਾਤੀ ਵੀਰਾਂ ਨੇ ਵੀ ਪਰਿਵਾਰ ਦੇ ਇਸ ਉਪਰਾਲੇ ਬਾਰੇ ਸ਼ਿਕਾਇਤ/ਨਰਾਜ਼ਗੀ ਜ਼ਾਹਰ ਕਰਦੇ ਹੋਏ ਕੁਝ ਸਵਾਲ/ਟਿੱਪਣੀਆਂ ਕੀਤੀਆਂ ਹਨ ਜਿਵੇਂ

  1. ਪਰਿਵਾਰ ਰਹਿਤ ਮਰਿਯਾਦਾ ਵਿਚ ਸੁਧਾਰ ਨਹੀਂ ਕਰ ਰਿਹਾ, ਇਸ ਨੂੰ ਰੱਦ ਹੀ ਕਰ ਰਿਹਾ ਹੈ।

  2. ਇਹ ਸੁਧਾਰ ਕਰਨ (ਖਰੜਾ ਬਣਾਉਣ) ਦਾ ਅਧਿਕਾਰ ਤੁਹਾਨੂੰ ਕਿਸ ਨੇ ਦਿਤਾ?

  3. ਕੀ ਇਹ ਖਰੜਾ ਤੁਹਾਡੇ ਵਲੋਂ ਜਾਰੀ ਕੀਤਾ ਇਕ ਫਤਵਾ ਨਹੀਂ?

  4. ਭੇਜੇ ਗਏ ਸੁਝਾਵਾਂ ਨੂੰ ਮੰਜ਼ੂਰ/ਨਾਮੰਜ਼ੂਰ ਤੁਸੀ ਹੀ ਕਰੋਗੇ, ਇਹ ਅਧਿਕਾਰ ਤੁਹਾਨੂੰ ਕਿਸ ਨੇ ਦਿਤਾ? ਕੀ ਇਹ ਨੀਤੀ ਪਾਰਦਰਸ਼ੀ ਹੈ?

  5. ਕੀ ਇਹ ਖਰੜਾ ਪਾਸ ਕਰਨ ਤੋਂ ਪਹਿਲਾਂ ਤੁਸੀ ਪੰਥਕ ਵਿਦਵਾਨਾਂ ਦੇ ਪੈਨਲ ਜਾਂ ਇਕੱਠ ਤੋਂ ਪ੍ਰਵਾਨਗੀ ਲਈ?

  6. ਕੀ ਕਿਸੇ ਵੀ ਧਿਰ ਜਾਂ ਵਿਅਕਤੀ ਨੂੰ ਸੰਵਿਧਾਨ ਇਸ ਤਰੀਕੇ ਉਲਟ ਦੇਣ ਦਾ ਅਧਿਕਾਰ ਹੈ?

  7. ਕੀ ਤੁਹਾਡਾ ਇਹ ਕਦਮ (ਰਹਿਤ ਮਰਿਯਾਦਾ ਸੁਧਾਰ ਦਾ ਜਤਨ) ਬਗਾਵਤ ਦੇ ਖੇਤਰ ਵਿਚ ਨਹੀਂ ਆਉਂਦਾ?

  8. ਇਸ ਤਰਾਂ ਮਰਿਯਾਦਾ ਵਿਚ ਸੁਧਾਰ (ਸੋਧਾਂ) ਦਾ ਕੰਮ ਕਰਨ ਨਾਲ ਪੰਥ ਵਿਰੋਧੀ ਤਾਕਤਾਂ ਵੀ ਇਸ ਵਿਚ ‘ਨਾਂਹ-ਪੱਖੀ’ ਸੋਧਾਂ ਕਰ ਲੈਣਗੀਆਂ।

ਆਉ ਹੁਣ ਸੁਹਿਰਦਤਾ ਨਾਲ ਪਹਿਲਾਂ ਉਨ੍ਹਾਂ ਅਨਸਰਾਂ ਦੀਆਂ ਊਂਝਾਂ ਅਤੇ ਫੇਰ ਅੰਂਨ੍ਹੇ ਜਜ਼ਬਾਤਾਂ ਹੇਠ ਗੁੰਮਰਾਹ ਹੋ ਗਏ ਸੁਚੇਤ ਵੀਰਾਂ ਦੇ ਸਵਾਲਾਂ ਬਾਰੇ ਕ੍ਰਮਵਾਰ ਵੀਚਾਰ ਕਰਦੇ ਹਾਂ।
ਊਂਝਾਂ

  1. ਇਹਨਾਂ ਅਨਸਰਾਂ ਵਲੋਂ ਕਾਫੀ ਸਮੇਂ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਰਹਿਤ ਮਰਿਯਾਦਾ ਦੀ ਲੋੜ ਤੋਂ ਹੀ ਮੁਨਕਰ ਹੈ। ਜੇ ਅਸੀਂ ‘ਰਹਿਤ ਮਰਿਯਾਦਾ’ ਦੀ ਲੋੜ ਤੋਂ ਮੁਨਕਰ ਹੁੰਦੇ ਤਾਂ ਫੇਰ ਇਤਨੇ ਸਮੇਂ ਤੋਂ ਇਸ ਵਿਚ ਸੁਧਾਰ ਦਾ ਹੋਕਾ ਕਿਉਂ ਦਿੰਦੇ, ਕੁਝ ਹੋਰ ਪਾਸੋਂ ਆ ਰਹੀਆਂ ਅਵਾਜ਼ਾਂ ਵਾਂਗੂ, ਸਿੱਧੇ ਹੀ ਕਹਿ ਸਕਦੇ ਸੀ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਹੁੰਦਿਆਂ ਕਿਸੇ ਵੱਖਰੀ ਮਰਿਯਾਦਾ ਦੀ ਕੀ ਲੋੜ ਹੈ। ਸੋ ਸਪਸ਼ਟ ਹੈ ਕਿ ਇਹ ਪ੍ਰਚਾਰ ਮੂਲੋਂ ਹੀ ਬੇ-ਬੁਨਿਆਦ ਅਤੇ ਬੇਈਮਾਨੀ ਭਰਿਆ ਹੈ।

  2. ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਪਰਿਵਾਰ ਨੇ ਸਾਰੀ ਮਰਿਯਾਦਾ ਹੀ ਬਦਲ ਕੇ ਰੱਖ ਦਿਤੀ। ਪਰਿਵਾਰ ਵਲੋਂ ਪੇਸ਼ ਕੀਤੇ ਖਰੜੇ ਅਤੇ ਮੌਜੂਦਾ ਰਹਿਤ ਮਰਿਯਾਦਾ ਦੀ ਤੁਲਨਾਤਮਕ ਪੜਚੋਲ ਕਰਕੇ ਕੋਈ ਵੀ ਸੁਹਿਰਦ ਇਹ ਸਹਿਜੇ ਹੀ ਸਮਝ ਸਕਦਾ ਹੈ ਕਿ ਪ੍ਰਸਤਾਵਿਤ ਖਰੜੇ ਦਾ ਢਾਂਚਾ ਵੀ ਮੌਜੂਦਾ ਰਹਿਤ ਮਰਿਯਾਦਾ ਦੇ ਢਾਂਚੇ ਦਾ ਅਨੁਸਰਨ ਕਰਦਾ ਹੈ। ਐਸੇ ਅਨਸਰ ਇਹ ਵੀ ਨਹੀਂ ਦਸ ਰਹੇ ਕਿ ਮੌਜੂਦਾ ਰਹਿਤ ਮਰਿਯਾਦਾ ਦੀ ਕਿਹੜੀ ਐਸੀ ‘ਹਾਂ-ਪੱਖੀ’ ਗੱਲ ਹੈ, ਜੋ ਪ੍ਰਸਤਾਵਿਤ ਖਰੜੇ ਵਿਚ ਨਹੀਂ ਹੈ। ਪ੍ਰਸਤਾਵਿਤ ਖਰੜੇ ਦੀ ਕਿਹੜੀ ਗੱਲ ਗੁਰਮਤਿ (ਮਨੁੱਖਤਾ) ਦੇ ਉਲਟ ਹੈ? ਜੇ ਐਸਾ ਕੁਝ ਹੈ ਤਾਂ ਉਸ ਨੂੰ ਦੂਰ ਕਰਨ ਲਈ ਹੀ ਤਾਂ ਸੁਝਾਵ ਮੰਗੇ ਗਏ ਹਨ। ਸੋ ਲੋੜ ਹੈ ਸੁਝਾਵ ਦੇਣ ਦੀ, ਨਾ ਕਿ ਉਪਰਾਲੇ ਬਾਰੇ ਹੀ ਦੁਸ਼-ਪ੍ਰਚਾਰ ਕਰਨ ਦੀ।

  3. ਜੇ ਕਦੇ ਕਿਸੇ ਨੂੰ ਸਮਝ ਆ ਜਾਵੇ ਕਿ ਉਸ ਦਾ ਪਹਿਲਾਂ ਸਟੈਂਡ ਸਹੀ ਨਹੀਂ ਸੀ ਤਾਂ ਉਸ ਨੂੰ ਸੁਹਿਰਦਤਾ ਨਾਲ ਬਦਲ ਲੈਣ ਵਿਚ ਕੋਈ ਹਰਜ ਨਹੀਂ, ਬਲਕਿ ਇਹ ਹਾਂ-ਪੱਖੀ ਸੋਚ ਹੈ। ਅਪਣੀ ਲੇਖ ਲੜੀ ‘ਸਿੱਖ ਰਹਿਤ ਮਰਿਯਾਦਾ ਦੀ ਪੁਨਰ-ਪੜਚੋਲ ਜ਼ਰੂਰੀ ਕਿਉਂ?’ ਵਿਚ ਪਰਿਵਾਰ ਨੇ ਮੌਜੂਦਾ ਰਹਿਤ ਮਰਿਯਾਦਾ ਦੀ ਮੱਦਾਂ ਦੀ ਪੜਚੋਲ ਕਰਦੇ ਹੋਏ, ਇਹ ਵਿਚਾਰ ਦਿਤੇ ਸਨ ਕਿ ਇਨ੍ਹਾਂ ਦੀ ਥਾਂ ਸੁਧਾਰ ਕੇ ਇੰਜ ਹੋਣਾ ਚਾਹੀਦਾ ਹੈ। ਪਰ ਮੌਜੂਦਾ ਸਮੇਂ ਪੇਸ਼ ਕੀਤਾ ਗਿਆ ਪ੍ਰਸਤਾਵਿਤ ਖਰੜਾ ਹੋਰਨਾਂ ਸੱਜਣਾਂ ਨਾਲ ਹੋਈਆਂ ਵਿਚਾਰਾਂ ਤੋਂ ਬਾਅਦ ਸਾਹਮਣੇ ਆਇਆ ਹੈ। ਸੋ ਇਹ ਪ੍ਰਚਾਰ ਵੀ ਬੇਲੋੜਾ ਅਤੇ ਗਲਤ ਨਜ਼ਰੀਏ ਤੋਂ ਹੈ ਕਿ ਪਰਿਵਾਰ ਨੇ ਅਪਣਾ ਸਟੈਂਡ ਬਦਲ ਲਿਆ ਹੈ।

  4. ਇਕ ਦੂਸ਼ਨ ਇਹ ਵੀ ਹੈ ਕਿ ਪ੍ਰਸਤਾਵਿਤ ਮਰਿਯਾਦਾ ਨਿੱਜੀ ਹੈ, ਸਾਂਝੀ ਨਹੀਂ। ਗੁਰਮਤਿ ਸਭ ਦੀ ਸਾਂਝੀ ਹੈ ਤਾਂ ਉਸ ਦੀ ਰੋਸ਼ਨੀ ਵਿਚ ਤਿਆਰ ਕੀਤੀ ਜਾ ਰਹੀ ‘ਜੀਵਨ ਜਾਚ’ ਵੀ ਸਭ ਲਈ ਸਾਂਝੀ ਹੀ ਹੋਵੇਗੀ। ਨਿੱਜੀ ਮਰਿਯਾਦਾ ਲਈ ਸੁਝਾਵ ਮੰਗਣ ਦੀ ਲੋੜ ਨਹੀਂ ਪੈਣੀ ਸੀ। ਕੋਈ ਇਸ ਉਪਰਾਲੇ ਨੂੰ ਸ਼ੁਰੂ ਕਰਨ ਲਈ ਹਿੰਮਤ ਨਹੀਂ ਵਿਖਾ ਰਿਹਾ ਸੀ, ਸੋ ਪਰਿਵਾਰ ਨੇ ਗੁਰਮਤਿ ਦੀ ਰੋਸ਼ਨੀ ਵਿਚ ਸਾਂਝੀ ‘ਜੀਵਨ ਜਾਚ’ ਤਿਆਰ ਕਰਨ ਦੇ ਮਕਸਦ ਨਾਲ ਇਸ ਵਿਸ਼ੇ ਤੇ ਸਾਰਿਆਂ ਦੇ ਸੁਝਾਵ ਮੰਗੇ ਹਨ ਤਾਂ ਕਿ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ। ਸੋ ਸਪਸ਼ਟ ਹੈ ਕਿ ਇਹ ਦੂਸ਼ਨ ਵੀ ਬੇ-ਬੁਨਿਆਦ ਹੈ।

  5. ਇਕ ਤਾਜ਼ਾ ਦੂਸ਼ਨ ਇਹ ਵੀ ਆਇਆ ਹੈ ਕਿ ਨਵੀਂ ਗੱਲ ਰਾਹੀਂ ਸਨਸਨੀ ਫੈਲਾ ਕੇ ਚਰਚਾ ਵਿਚ ਰਹਿਣਾ ਹੀ ਕੁਝ ਧਿਰਾਂ ਦਾ ਮਕਸਦ ਹੁੰਦਾ ਹੈ, ਪਰ ਉਹ ਨਾਮ ਇਸ ਨੂੰ ‘ਗੁਰਮਤਿ ਵੀਚਾਰ’ ਦਾ ਦਿੰਦੇ ਹਨ। ਰਹਿਤ ਮਰਿਯਾਦਾ ਸੁਧਾਰ ਦੀ ਗੱਲ ਕੋਈ ਨਵੀਂ ਨਹੀਂ ਹੈ। 1975 ਦੇ ਲਗਭਗ ਗਿਆਨੀ ਭਾਗ ਸਿੰਘ ਜੀ ਅੰਬਾਲਾ ਨੇ ਹੀ ਇਸ ਦੇ ਸੁਧਾਰ ਦੀ ਮੰਗ ਜ਼ੋਰਦਾਰ ਢੰਗ ਨਾਲ ਸ਼ੁਰੂ ਕਰ ਦਿਤੀ ਸੀ। ਉਸ ਉਪਰੰਤ ਇਹ ਮੰਗ ਹੁੰਦੀ ਹੀ ਰਹੀ ਹੈ। ਪਿੱਛਲੇ ਸਮੇਂ ਵਿਚ ਇਸ ਵਿਸ਼ੇ ਤੇ ਬਾਕਾਇਦਾ ਲੜੀਵਾਰ ਵਿਚਾਰਾਂ ਵੀ ਹੁੰਦੀਆਂ ਰਹੀਆਂ ਹਨ। ਸੋ ਸਪਸ਼ਟ ਹੈ ਕਿ ਇਹ ਦੂਸ਼ਨ ਵੀ ਤੱਥੋਂ ਰਹਿਤ ਅਤੇ ਬੇਮਾਨਾ ਹੈ। ਐਸੇ ਦੂਸ਼ਨਕਾਰਾਂ ਲਈ ਗੁਰਮਤਿ ਦੀ ਸੇਧ ਅਤੇ ਪ੍ਰਮਾਨਿਕ ਇਤਿਹਾਸ ਵੀ ਕੋਈ ਮਾਅਨਾ ਨਹੀਂ ਰੱਖਦਾ। ਇਨ੍ਹਾਂ ਦੀ ਨਜ਼ਰ ਵਿਚ ਤਾਂ ਭਰੇ ਇਕੱਠ ਵਿਚ ਇਕ ਦਮ ਹੀ ਬਾਬਾ ਨਾਨਕ ਜੀ ਵਲੋਂ ‘ਜਨੇੳੇੁ’ ਦੀ ਬਹੁਤ ਪੁਰਾਤਨ ਰਸਮ ਦਾ ਖੰਡਨ ਵੀ ਸਨਸਨੀ ਫੈਲਾ ਕੇ ਚਰਚਾ ਵਿਚ ਆਉਣ ਲਈ ਕੀਤਾ, ਸਹਿਜ ਤੋਂ ਊਣਾ, ਇਕ ਨਾਟਕ ਹੀ ਹੋਵੇਗਾ। ਪਰ ਸਾਡੇ ਲਈ ਨਾਨਕ ਪਾਤਸ਼ਾਹ ਜੀ ਦਾ ਉਹ ਕੌਤਕ ਗੁਰਮਤਿ ਪ੍ਰਚਾਰ ਲਈ ਇਕ ਅਨੋਖੀ ਸੇਧ ਸੀ ਅਤੇ ਰਹੇਗਾ। ਐਸੇ ਅਨਸਰ ਅਪਣੇ ਮਨ ਆਏ ‘ਤੁੱਕਿਆਂ’ ਨੂੰ ਸਹੀ ਸਾਬਿਤ ਕਰਨ ਦੇ ਮਕਸਦ ਨਾਲ ਜਦੋਂ ‘ਨਾਨਕ ਸਰੂਪਾਂ’ ਨੂੰ ਕਟਘਰੇ ਵਿਚ ਖੜਾ ਕਰਨ ਤੋਂ ਸੰਕੋਚ ਨਹੀਂ ਕਰਦੇ ਤਾਂ ਸਾਡੀ ਤਾਂ ਪਾਇਆਂ ਹੀ ਕੀ ਹੈ?

  6. ਐਸੇ ਅਨਸਰਾਂ ਦਾ ਇਕ ਦੂਸ਼ਨ ਇਹ ਵੀ ਹੈ ਕਿ ਪਰਿਵਾਰ ਇਸ ਵਿਸ਼ੇ ਤੇ ਦੁਬਿਧਾ ਵਿਚ ਹੈ। ‘ਰਹਿਤ ਮਰਿਯਾਦਾ ਸੁਧਾਰ’ ਦੇ ਉਪਰਾਲੇ ਦੇ ਵਿਸ਼ੇ ਤੇ ਪਰਿਵਾਰ ਹਮੇਸ਼ਾਂ ਤੋਂ ਸਪਸ਼ਟ ਰਿਹਾ ਹੈ ਅਤੇ ਇਸ ਲਈ ਨਿਰੰਤਰ ਹੋਕਾ ਦਿੰਦਾ ਰਿਹਾ ਹੈ। ਇਸ ਦਿਸ਼ਾ ਵਿਚ ਸੁਹਿਰਦ ਉਪਰਾਲੇ ਵੀ ਕਰਦਾ ਰਿਹਾ ਹੈ। ਦੁਬਿਧਾ ਵਿਚ ਉਹ ਲੋਕ ਤਾਂ ਕਹੇ ਜਾ ਸਕਦੇ ਹਨ ਜੋ ਅੰਦਰੋਂ-ਅੰਦਰ ਤਾਂ ਇਸ ਸੁਧਾਰ ਨੂੰ ਸਹੀ ਮੰਨਦੇ ਹਨ ਪਰ ਜਨਤਕ ਤੌਰ ਤੇ ਐਸੀ ਗੱਲ ਕਰਨ ਨੂੰ ‘ਨੀਤੀ’ ਅਨੁਸਾਰ ਗਲਤ ਮੰਨਦੇ ਹਨ। ਦੁਬਿਧਾ ਵਿਚ ਉਹ ਲੋਕ ਵੀ ਹੋ ਸਕਦੇ ਹਨ ਜੋ ਇਸ ਲਈ ਪਹਿਲਾਂ ਤਾਂ ਆਪ ਹੀ ਸਰਗਰਮੀ ਨਾਲ ਉਪਰਾਲੇ ਕਰਦੇ ਰਹੇ ਪਰ ਹੁਣ ਰਹਿਤ ਮਰਿਯਾਦਾ ਦੀ ਪ੍ਰੋੜਤਾ ਦੀਆਂ ਗੱਲਾਂ ਕਰ ਰਹੇ ਹਨ। ਪਰ ਪਰਿਵਾਰ ਇਸ ਸੁਧਾਰ ਦੀ ਲੋੜ ਪ੍ਰਤੀ ਹਮੇਸ਼ਾ ਤੋਂ ਸਪਸ਼ਟ ਸੀ ਅਤੇ ਨਿਰੰਤਰ ਉਸ ਦਿਸ਼ਾ ਵਿਚ ਉਪਰਾਲੇ ਕਰ ਰਿਹਾ ਹੈ। ਸਪਸ਼ਟ ਹੈ ਉਹਨਾਂ ਸੱਜਣਾਂ ਦੀ ਇਹ ‘ਊਂਝ’ ਵੀ ਆਧਾਰ ਰਹਿਤ ਹੈ।

  7. ਇਕ ਹੋਰ ਨਵਾਂ ‘ਸਿਧਾਂਤ’ ਵੀ ਦਿਤਾ ਹੈ ਕਿ ‘ਰਹਿਤ ਮਰਿਯਾਦਾ’ ਦਾ ਗੁਰਮਤਿ ਅਨੁਸਾਰੀ ਹੋਣਾ ਜ਼ਰੂਰੀ ਨਹੀਂ ਕਿਉਂਕਿ ‘ਗੁਰਮਤਿ’ ਅਤੇ ‘ਰਹਿਤ’ ਵਿਚ ਫਰਕ ਹੁੰਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ‘ਰਹਿਤ ਮਰਿਯਾਦਾ’ ਸਾਰੀ ਮਨੁੱਖਤਾ ਲਈ ਨਹੀਂ, ਸਿਰਫ ਇਕ ਫਿਰਕੇ ਤੱਕ ਸੀਮਿਤ ਹੈ। ਉਨ੍ਹਾਂ ਦੇ ‘ਸਿਧਾਂਤ’ ਅਨੁਸਾਰ ‘ਤੰਬਾਕੂ ਦਾ ਸੇਵਨ ਨਾ ਕਰਨ ਦੀ ਸੇਧ’ (ਰਹਿਤ ਮਰਿਯਾਦਾ ਦੀ ਇਕ ਮੱਦ) ਸਿਰਫ ‘ਸਿੱਖਾਂ’ ਲਈ ਹੀ ਸਹੀ ਹੈ, ਹਰ ਮਨੁੱਖ ਲਈ ਨਹੀਂ। ਇਵੇਂ ਹੀ ਨਸ਼ਿਆਂ ਦੇ ਸੇਵਨ ਤੋਂ ਪਰਹੇਜ਼ ਕਰਨ ਦੀ ਰਹਿਤ ਮਰਿਯਾਦਾ ਵਿਚਲੀ ਸੇਧ ਸਿਰਫ ‘ਸਿੱਖਾਂ’ ਲਈ ਹੀ ਲਾਹੇਵੰਦ ਹੈ ਸਾਰੀ ਮਨੁੱਖਤਾ ਲਈ ਨਹੀਂ। ਬਾਬਾ ਨਾਨਕ ਜੀ ਤਾਂ ਸਾਰੀ ਮਨੁੱਖਤਾ ਨੂੰ ‘ਏਕਸ ਕੇ ਹਮ ਬਾਰਿਕ’ ਦਾ ਹੋਕਾ ਦੇ ਕੇ ਅਪਣੇ ਕਲਾਵੇ ਵਿਚ ਲੈਣ ਦੀ ਗੱਲ ਕਰਦੇ ਹਨ, ਪਰ ਇਹ ਸੱਜਣ ਉਨ੍ਹਾਂ ਦੀ ਸੇਧਾਂ ਨੂੰ ਗੈਰ-ਜ਼ਰੂਰੀ ਐਲਾਣਦੇ ਹੋਏ, ਅਪਣੀ ਰਹਿਤ ਮਰਿਯਾਦਾ ਨੂੰ ‘ਗੁਰਮਤਿ ਅਨੁਸਾਰੀ ਹੋਣਾ ਜ਼ਰੂਰੀ ਨਹੀਂ ਦੱਸ ਕੇ’, ਇਕ ਫਿਰਕੇ ਵਿਸ਼ੇਸ਼ ਦੇ ਘੇਰੇ ਵਿਚ ਬੰਨ੍ਹਣਾ ਚਾਹੁੰਦੇ ਹਾਂ। ਜਦੋਂ ਕਿਸੇ ਨੇ ਠਾਨ ਹੀ ਲਈ ਹੋਵੇ ਕੇ ਮੈਂ ਗੁਰਮਤਿ ਨੂੰ ਗੈਰ-ਜ਼ਰੂਰੀ ਮੰਨ ਕੇ, ਅਪਣੇ ਮਨ ਦੇ ਫੁਰਨਿਆਂ ਨੂੰ ਹੀ ਸਹੀ ਸਾਬਿਤ ਕਰਕੇ ਰਹਿਣਾ ਹੈ, ਤਾਂ ਉਸ ਲਈ ਸ਼ਬਦ-ਜਾਲ ਬੁਨਣ ਤੋਂ ਕੋਈ ਉਸ ਨੂੰ ਕਿਵੇਂ ਰੋਕ ਸਕਦਾ ਹੈ? ਜਿਥੋਂ ਤੱਕ ਮੰਨਣ ਦੀ ਗੱਲ ਹੈ, ਕੋਈ ਵੀ ਧਾਰਮਿਕ ਸੇਧ ਕਿਸੇ ਨੂੰ ਮੰਨਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ, ਸਿਰਫ ਸਮਝਾਇਆ ਹੀ ਜਾ ਸਕਦਾ ਹੈ। ਅਨੇਕਾਂ ਸਿੱਖ ਕਹਿਲਾਉਂਦੇ ਸੱਜਣ ‘ਸਿੱਖ ਰਹਿਤ ਮਰਿਯਾਦਾ’ ਦੀਆਂ ਅਨੇਕਾਂ ਚੰਗੀਆਂ ਮੱਦਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ ਪਰ ਇਸ ਨਾਲ ‘ਰਹਿਤ ਮਰਿਯਾਦਾ’ ਦੇ ਉਹ ਅੰਸ਼ ਬੇਮਾਅਨਾ ਸਾਬਿਤ ਨਹੀਂ ਹੋ ਜਾਂਦੀ। ਸੋ ਰਹਿਤ ਮਰਿਯਾਦਾ ਹੈ ਤਾਂ ਸਾਰੀ ਮਨੁੱਖਤਾ ਲਈ ਸਾਂਝੀ, ਪਰ ਮੰਨਣਾ ਨਾ ਮੰਨਣਾ ਹਰ ਇਕ ਦੀ ਅਪਣੀ ਮਰਜ਼ੀ ਤੇ ਨਿਰਭਰ ਕਰਦਾ ਹੈ।

  8. ‘ਸਿੱਖ ਦੀ ਪਰਿਭਾਸ਼ਾ’ ਦੇ ਸੰਬੰਧ ਵਿਚ ਐਸੇ ਵਿਦਵਾਨਾਂ ਨੇ ਇਕ ਹੋਰ ‘ਤੁੱਕਾ’ ਇਹ ਛੱਡਿਆ ਹੈ ਕਿ ਵਿਸ਼ਵਾਸ ਕਰਨ ਅਤੇ ਮੰਨਣ ਵਿਚ ਫਰਕ ਹੁੰਦਾ ਹੈ, ਸੋ ਜੋ ਸਿਰਫ ਵਿਸ਼ਵਾਸ ਕਰਦਾ ਹੈ (ਭਾਂਵੇ ਮੰਨਦਾ ਨਹੀਂ), ਉਹ ਵੀ ਸਿੱਖ ਹੈ। ਮਿਸਾਲ ਲਈ, ਇਨ੍ਹਾਂ ਅਨੁਸਾਰ ਜੋ ਮਨੁੱਖ ਇਹ ਤਾਂ ਵਿਸ਼ਵਾਸ ਰੱਖਦਾ ਹੈ ਕਿ ਤੰਬਾਕੂ ਦਾ ਸੇਵਨ ਗਲਤ ਹੈ, ਪਰ ਇਸ ਨੂੰ ਮੰਨਦਾ ਨਹੀਂ, ਉਹ ਵੀ ਸਿੱਖ ਹੈ। ਜੋ ਇਹ ਤਾਂ ਵਿਸ਼ਵਾਸ ਕਰਦਾ ਹੈ ਕਿ ਕੇਸ ਕਤਲ ਕਰਵਾਉਣਾ ਗਲਤ ਹੈ, ਪਰ ਕੇਸ ਕਤਲ ਕਰਵਾਉਂਦਾ ਹੈ, ਉਹ ਵੀ ਸਿੱਖ ਹੈ। ਜੋ ਮਨੁੱਖ ਇਹ ਤਾਂ ਵਿਸ਼ਵਾਸ ਕਰਦਾ ਹੈ ਕਿ ਪਰ-ਪੁਰਸ਼/ਪਰ-ਇਸਤ੍ਰੀ ਦਾ ਗਮਨ ਗਲਤ ਹੈ, ਪਰ ਇਹ ਗਲਤ ਕੰਮ ਕਰਦਾ ਵੀ ਹੈ, ਉਹ ਵੀ ਸਿੱਖ ਹੈ। ਪਰ ਐਸੇ ਆਪੂੰ ਬਣਾਏ ‘ਤੁੱਕਿਆਂ ਰੂਪ ਸਿਧਾਂਤਾਂ’ ਨੂੰ ਕਿਵੇਂ ਸਹੀ ਮੰਨਿਆ ਜਾ ਸਕਦਾ ਹੈ?

ਸਾਡੀ ਗੁਰਮਤਿ ਸਮਝ ਅਨੁਸਾਰ ਵਿਸ਼ਵਾਸ ਕਰਨ ਦਾ ਮਤਲਬ ਉਸ ਨੂੰ ਅਪਣਾ ਲੈਣਾ ਹੀ ਹੁੰਦਾ ਹੈ। ਨਾਲ ਹੀ ‘ਸਿੱਖੀ’ ਇਕ ਸਵੈ-ਪੜਚੋਲ ਦਾ ਵਿਸ਼ਾ ਹੈ, ਦਾਅਵਿਆਂ ਜਾਂ ਫਤਵਿਆਂ ਦਾ ਨਹੀਂ। ਸੋ ਜੇ ਕੋਈ ਤੰਬਾਕੂ ਦਾ ਸੇਵਨ ਕਰਦਾ ਹੈ (ਪਰ ਵਿਸ਼ਵਾਸ ਕਰਦਾ ਹੈ ਕਿ ਇਹ ਗਲਤ ਹੈ) ਤਾਂ ਉਹ ਦੁਬਿਧਾ ਵਿਚ ਹੈ ਅਤੇ ਇਸ ਪੱਖੋਂ ‘ਸਿੱਖੀ ਅਨੁਸਾਰ’ ਨਹੀਂ। ਉਸਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ।

ਗਲਤ ਜ਼ਜਬਾਤਾਂ ਹੇਠ ਗੁੰਮਰਾਹ ਹੋ ਜਾਂਦੇ ਵੀਰਾਂ ਦੇ ਸਵਾਲਾਂ ਬਾਰੇ ਪਰਿਵਾਰ ਦਾ ਪੱਖ

  1. ਕੁਝ ਐਸੇ ਵੀਰਾਂ ਦਾ ਕਹਿਣਾ ਹੈ ਕਿ ਪਰਿਵਾਰ ‘ਰਹਿਤ ਮਰਿਯਾਦਾ’ ਵਿਚ ਸੁਧਾਰ ਨਹੀਂ ਕਰ ਰਿਹਾ, ਇਸ ਨੂੰ ਰੱਦ ਕਰ ਰਿਹਾ ਹੈ। ਐਸੇ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੇ ਐਸੇ ‘ਹਾਂ-ਪੱਖੀ ਅੰਸ਼’ ਦਸਣ ਦੀ ਕਿਰਪਾਲਤਾ ਕਰਨ ਜੋ ਪ੍ਰਸਤਾਵਿਤ ਸੋਧੇ ਹੋਏ ਖਰੜੇ ਵਿਚ ਸ਼ਾਮਿਲ ਨਹੀਂ ਹਨ? ਪ੍ਰਸਤਾਵਿਤ ਖਰੜੇ ਵਿਚ ਕਿਹੜੀ ਗੱਲ ਗੁਰਮਤਿ ਤੋਂ ਉਲਟ ਹੈ, ਇਹ ਵੀ ਦੱਸਣ ਦੀ ਕਿਰਪਾਲਤਾ ਕਰਨ। ਐਸੇ ਸੁਝਾਵਾਂ ਲਈ ਹੀ ਤਾਂ ਇਹ ਖਰੜਾ ਸਭ ਦੇ ਵੀਚਾਰਾਂ ਲਈ ਪੇਸ਼ ਕੀਤਾ ਗਿਆ। ਸੋ ਬਿਨਾਂ ਕੋਈ ਗੁਰਮਤਿ ਵਿਰੋਧੀ ਗੱਲ ਦਸੇ, ਸਿਰਫ ਇਹ ਇਲਜ਼ਾਮ ਲਾਈ ਜਾਣਾ ਕਿ ਪਰਿਵਾਰ ਰਹਿਤ ਮਰਿਯਾਦਾ ਨੂੰ ਰੱਦ ਕਰ ਰਿਹਾ ਹੈ, ਕਿਵੇਂ ਜਾਇਜ਼ ਕਿਹਾ ਜਾ ਸਕਦਾ ਹੈ?

  2. ਜਿਥੋਂ ਤੱਕ ਸੁਧਾਰ ਕਰਨ ਲਈ ਹੱਕ ਦਿਤੇ ਜਾਣ ਦੀ ਗੱਲ ਹੈ ਤਾਂ ਇਹ ਹਰ ਮਨੁੱਖ ਦਾ ਮੁੱਢਲਾ ਹੱਕ ਅਤੇ ਫਰਜ਼ ਬਣਦਾ ਹੈ ਕਿ ਉਹ ਸੁਧਾਰ ਕਰੇ। ਕੀ ਸੁਧਾਰ ਕਰਨ ਲਈ ਕਿਸੇ ਵਲੋਂ ਹੱਕ ਦਿਤੇ ਜਾਣ ਦੀ ਲੋੜ ਹੈ? ਰਹਿਤ ਮਰਿਯਾਦਾ ਸੁਧਾਰ ਲਈ ਹੱਕ ਦਾ ਸਵਾਲ ਕਰਨ ਵਾਲੇ ਇਕ ਸੱਜਣ ਐਸੇ ਹਨ ਜਿਨ੍ਹਾਂ ਨੇ ਪਰਿਵਾਰ ਵਲੋਂ ‘ਅਰਦਾਸ’ ਵਿਚ ਸੁਧਾਰ ਦੇ ਉਪਰਾਲੇ ਦਾ ਸੁਆਗਤ ਕਰਦੇ ਹੋਏ ਲਿਖਿਆ ਸੀ,
    “ਤੱਤ ਗੁਰਮਤਿ ਪਰਿਵਾਰ।
    ਗੁਰੂ ਫਤਿਹ।
    ਕਿਸੇ ਨਾ ਕਿਸੇ ਨੂੰ ਤੇ ਇਸ ਕੰਮ ਦੀ ਸ਼ੁਰੂਆਤ ਕਰਨੀ ਹੀ ਸੀ। ਸਤਿਗੁਰੂ ਜੀ ਨੇ ਆਪ ਜੀ ਨੂੰ ਇਹ ਕੰਮ ਸੌਂਪ ਦਿਤਾ ਹੈ, ਆਪ ਵਡਭਾਗੀ ਹੋ ਜੀ ।” (ਧੰਨਵਾਦ ਸਹਿਤ ਸਿੱਖ ਮਾਰਗ)
    ਪਰ ਹੁਣ ਉਹੀ ਸੱਜਣ ਪਰਿਵਾਰ ਨੂੰ ਪੁੱਛ ਰਹੇ ਹਨ ਕਿ ਤੁਹਾਨੂੰ ਸੁਧਾਰ ਕਰਨ ਦਾ ਹੱਕ ਕਿਸ ਨੇ ਦਿਤਾ? ਐਸੇ ਸੱਜਣਾਂ ਨੂੰ ਅਸੀਂ ਨਿਮਰਤਾ ਸਹਿਤ ਇਹੀ ਕਹਿ ਸਕਦੇ ਹਾਂ ਕਿ ਸਮੇਂ ਨਾਲ ਆਪ ਜੀ ਦਾ ਸਟੈਂਡ ਬੇਸ਼ਕ ਬਦਲ ਗਿਆ ਹੈ, ਪਰ ਗੁਰਮਤਿ ਸਿਧਾਂਤ ਤਾਂ ਨਹੀਂ ਬਦਲ ਜਾਂਦੇ। ਸੋ ਲੋੜ ਹੈ ਖਰੜੇ ਬਾਰੇ ਸੁਝਾਅ ਦੇ ਕੇ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਉਣ ਵਿਚ ਯੋਗਦਾਨ ਪਾਇਆ ਜਾਵੇ ਨਾਕਿ ਵਕਤੀ ਪ੍ਰਭਾਵ ਅਤੇ ਜ਼ਜਬਾਤਾਂ ਦੇ ਅਸਰ ਹੇਠ ਆ ਕੇ ਅਸੀਂ ਉਹਨਾਂ ਅਨਸਰਾਂ ਦੇ ਹੱਥ ਮਜ਼ਬੂਤ ਕਰੀਏ ਜੋ ਪੁਨਰਜਾਗਰਨ ਲਹਿਰ ਨੂੰ ‘ਪੁੱਠਾ ਗੇੜ’ ਦੇਣ ਦੇ ਆਹਰੇ ਲਗੇ ਹੋਏ ਹਨ।

  3. ਐਸੇ ਸੱਜਣਾਂ ਦਾ ਅਗਲਾ ਸਵਾਲ ਹੈ ਕਿ, ਕੀ ਪਰਿਵਾਰ ਵਲੋਂ ਪ੍ਰਸਤਾਵਿਤ ਖਰੜਾ ਇਕ ਫਤਵਾ ਨਹੀਂ? ਅਸੀਂ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਹਾਂ ਕਿ ‘ਫਤਵੇ’ ਹੁਕਮ ਹੁੰਦੇ ਹਨ, ਬੇਨਤੀਆਂ ਨਹੀਂ। ਦੂਜਾ ਫਤਵਾ ਲਾਗੂ ਕੀਤਾ ਜਾਂਦਾ ਹੈ, ਉਸ ਬਾਰੇ ਸੁਝਾਵ ਨਹੀਂ ਮੰਗੇ ਜਾਂਦੇ। ਅਸੀਂ ਤਾਂ ਸਿਰਫ ਇਕ ਮੁੱਢਲਾ ‘ਡਰਾਫਟ’ ਪੇਸ਼ ਕਰ ਕੇ ਸਾਰਿਆਂ ਕੌਲੋਂ ਉਸ ਦੀਆਂ ਮੱਦਾਂ ਬਾਰੇ, ਗੁਰਮਤਿ ਦੀ ਰੋਸ਼ਨੀ ਵਿਚ, ਸੁਝਾਵ ਮੰਗੇ ਹਨ। ਕੋਈ ਉਸਨੂੰ ਹੁਕਮ ਵਜੋਂ ਨਹੀਂ ਸੁਣਾਇਆ।

  4. ਐਸੇ ਸੱਜਣਾਂ ਦਾ ਅਗਲਾ ਸਵਾਲ ਹੈ ਕਿ ਭੇਜੇ ਗਏ ਸੁਝਾਵਾਂ ਬਾਰੇ ਫੈਸਲਾ ਪਰਿਵਾਰ ਆਪ ਹੀ ਕਰੇਗਾ, ਕੀ ਇਹ ਪਾਰਦਰਸ਼ੀ ਢੰਗ ਹੈ? ਇਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਰਿਵਾਰ ਨੇ ਇਹ ਕਦਮ ਇਕ ਦਮ ਨਹੀਂ ਚੁੱਕ ਲਿਆ, ਬਲਕਿ ਸਾਰੀਆਂ ਸੁਚੇਤ ਧਿਰਾਂ ਨੂੰ ਇਸ ਦਿਸ਼ਾ ਵਿਚ ਇਕ ਸਾਂਝਾ ਉਪਰਾਲਾ ਕਰਨ ਲਈ ਕਈਂ ਵਾਰ ਹੋਕਾ ਦਿਤਾ। ਪਰ ਜਦੋਂ ਸਾਰੀਆਂ ਸੁਚੇਤ ਧਿਰਾਂ ਇਸ ਕੰਮ ਤੋਂ ਕਿਨਾਰਾ ਕਰਨ ਲਗ ਪਈਆਂ ਤਾਂ ਮਜ਼ਬੂਰਨ ਪਰਿਵਾਰ ਨੇ ਸੁਧਾਰ ਦੇ ਕੰਮ ਨੂੰ ਜ਼ਾਰੀ ਰੱਖਣ ਦੇ ਮਕਸਦ ਨਾਲ ਇਹ ਉਪਰਾਲਾ ਆਪ ਹੀ ਕਰਨ ਦਾ ਮਨ ਬਣਾਇਆ। ਜੇ ਪਾਰਦਰਸ਼ੀ ਨਾ ਹੁੰਦੇ ਤਾਂ ਸਾਨੂੰ ਸੁਝਾਅ ਮੰਗਣ ਦੀ ਕੀ ਲੋੜ ਸੀ, ਅਸੀਂ ਅਪਣੀ ਮਰਜ਼ੀ ਨਾਲ ਹੀ ਇਸ ਖਰੜੇ ਨੂੰ ਫਾਈਨਲ ਕਰਕੇ ਅਪਣਾ ਲੈਂਦੇ।

  5. ਅਗਲਾ ਸਵਾਲ ਹੈ ਕਿ, ਕੀ ਇਹ ਖਰੜਾ ਪਾਸ ਕਰਨ ਤੋਂ ਪਹਿਲਾਂ ਅਸੀਂ ਵਿਦਵਾਨਾਂ ਦੇ ਪੈਨਲ ਜਾਂ ਪੰਥਦਰਦੀ ਇਕੱਠ ਤੋਂ ਪ੍ਰਵਾਨਗੀ ਲਈ? ‘ਖਰੜਾ’ ਜੇ ਪਾਸ ਹੋ ਜਾਵੇ ਤਾਂ ਉਹ ਫਾਈਨਲ ਹੋ ਜਾਂਦਾ ਹੈ, ਖਰੜਾ ਨਹੀਂ ਰਹਿੰਦਾ। ਸੋ ਸਪਸ਼ਟ ਹੈ ਪੇਸ਼ ਕੀਤਾ ਗਿਆ ਖਰੜਾ ਹਾਲੀਂ ‘ਪਾਸ’ ਨਹੀਂ ਹੋਇਆ। ਜਨਤਕ ਤੌਰ ਤੇ ਇਸ ਨੂੰ ਵਿਦਵਾਨਾਂ ਸਮੇਤ ਹਰ ਇਕ ਦੇ ਸੁਝਾਅ ਲਈ ਹੀ ਪੇਸ਼ ਕੀਤਾ ਗਿਆ ਹੈ। ਆਏ ਸੁਝਾਵਾਂ ਦੀ ਪੜਚੋਲ ਉਪਰੰਤ ਹੀ ਇਸ ਨੂੰ ਫਾਈਨਲ ਕਰਨ ਦਾ ਉਦਮ ਕੀਤਾ ਜਾਵੇਗਾ। ਸੋ ਇਸ ਬਾਰੇ ਵਿਦਵਾਨਾਂ ਸਮੇਤ ਹਰ ਇਕ ਸੁਹਿਰਦ ਸਿੱਖ ਨੂੰ ਸੁਝਾਅ ਅਤੇ ਪ੍ਰਵਾਨਗੀ ਦੇਣ ਦੀ ਬੇਨਤੀ ਵੀ ਹੈ।

  6. ਐਸੇ ਗੁਰਮੁਖਾਂ ਦਾ ਅਗਲਾ ਸਵਾਲ ਹੈ ਕਿ ਕੀ ਕਿਸੇ ਇਕ ਧਿਰ ਜਾਂ ਸ਼ਖਸ ਰਾਹੀਂ ਸੰਵਿਧਾਨ ਨੂੰ ਇਸ ਤਰੀਕੇ ਉਲਟ ਦੇਣ ਦਾ ਹੱਕ ਹੈ? ਸੁਧਾਰ ਲਈ ਹੱਕ ਦੇ ਨੁਕਤੇ ਬਾਰੇ ਉਪਰ ਵੀਚਾਰ ਕਰ ਆਏ ਹਾਂ। ਧਾਰਮਿਕ ਫਲਸਫੇ ਤੇ ‘ਸੰਵਿਧਾਨ’ ਵਾਲੀ ਗੱਲ ਲਾਗੂ ਨਹੀਂ ਹੁੰਦੀ, ਕਿਉਂਕਿ ਧਾਰਮਿਕ ਫਲਸਫਾ ਕਿਸੇ ਨੂੰ ਵੀ ਅਪਨਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਇਕ ਸਿੱਖ ਲਈ ਗੁਰਮਤਿ ਤੋਂ ਉਲਟ ਕਿਸੇ ਮੱਦ ਨੂੰ ਇਕ ਪਲ ਵੀ ਅਪਨਾਈ ਰੱਖਣਾ ਗਲਤ ਹੈ।

  7. ਐਸੇ ਸੱਜਣਾਂ ਦਾ ਅਗਲਾ ਸਵਾਲ ਹੈ ਕਿ ਕੀ ਤੁਹਾਡਾ (ਪਰਿਵਾਰ ਦਾ) ਇਹ ਕਦਮ (ਸੁਧਾਰ ਉਪਰਾਲਾ) ਬਗਾਵਤ ਨਹੀਂ ਹੈ? ਬੇਸ਼ਕ ਪਰਿਵਾਰ ਦਾ ਇਹ ਸੁਧਾਰ ਉਪਰਾਲਾ ਮੌਜੂਦਾ ਸਿੱਖ ਰਹਿਤ ਮਰਿਯਾਦਾ ਦੇ ਗੁਰਮਤਿ ਵਿਰੋਧੀ (ਕਰਮਕਾਂਡੀ ਅਤੇ ਮਨਮਤੀ) ਅੰਸ਼ਾਂ ਵਿਰੁਧ ਬਗਾਵਤ ਹੀ ਹੈ। ਐਸੀ ਬਗਾਵਤ ਸਿਰਫ ਪਰਿਵਾਰ ਹੀ ਨਹੀਂ ਕਰ ਰਿਹਾ, ਲਗਭਗ ਸਮੁੱਚੀਆਂ ਸੁਚੇਤ ਧਿਰਾਂ ਕਰ ਰਹੀਆਂ ਹਨ। ਐਸਾ ਸਵਾਲ ਕਰਨ ਵਾਲੇ ਆਪ ਵੀ ਕਈਂ ਥਾਂ ਇਹ ਬਗਾਵਤ ਕਰ ਰਹੇ ਹਨ, ਮਿਸਾਲ ਲਈ ਪੰਥਕ ਨਿਤਨੇਮ ਅਤੇ ਅਰਦਾਸ ਦੇ ਮਾਮਲੇ ਵਿਚ। ਹਰ ਸੁਹਿਰਦ ਮਨੁੱਖ ਦਾ ਫਰਜ਼ ਬਣਦਾ ਹੈ ਕਰਮਕਾਂਡਾਂ ਅਤੇ ਮਨਮੱਤਾਂ ਵਿਰੁਧ ਬਗਾਵਤ ਕਰਨ ਦਾ। ਸੋ ਲੋੜ ਹੈ ਪਰਿਵਾਰ ਦੀ ਇਸ ਬਗਾਵਤ (ਸੁਧਾਰ ਉਪਰਾਲੇ) ਵਿਚ ਸਹਿਯੋਗ ਕੀਤਾ ਜਾਵੇ ਨਾ ਕਿ ਕੱਚੀਆਂ ਗੱਲਾਂ ਕਰਕੇ ਇਸ ਸੁਧਾਰ ਉਪਰਾਲੇ ਦੀ ਰਾਹ ਵਿਚ ਰੋੜੇ ਅਟਕਾਏ ਜਾਣ।

  8. ਐਸੇ ਸੱਜਣਾਂ ਦਾ ਇਕ ਹੋਰ ਖਦਸ਼ਾ ਹੈ ਕਿ ਜੇ ਅਸੀਂ ਰਹਿਤ ਮਰਿਯਾਦਾ ਵਿਚ ‘ਹਾਂ-ਪੱਖੀ’ ਸੋਧਾਂ ਕਰਨ ਦੀ ਗੱਲ ਕਰਾਂਗੇ, ਤਾਂ ਪੰਥ ਵਿਰੋਧੀ ਤਾਕਤਾਂ ਇਸ ਵਿਚ ‘ਨਾਂਹ-ਪੱਖੀ’ ਸੋਧਾਂ ਕਰ ਲੈਣਗੀਆਂ। ਪੰਥ ਵਿਰੋਧੀ ਸੰਪਰਦਾਈ ਤਾਕਤਾਂ ਨੇ ਤਾਂ ਇਸ ਰਹਿਤ ਮਰਿਯਾਦਾ ਨੂੰ ਕਦੀਂ ਮਾਨਤਾ ਦਿਤੀ ਹੀ ਨਹੀਂ। ਉਹਨਾਂ ਨੇ ਅਪਣੀ ਵੱਖਰੀ ਕਰਮਕਾਂਡੀ ਮਰਿਯਾਦਾ ਪਹਿਲਾਂ ਵੀ ਬਣਾਈ ਹੋਈ ਹੈ। ਸੁਚੇਤ ਪੰਥ ‘ਨਾਨਕਸ਼ਾਹੀ ਕੈਲੰਡਰ’ ਵਿਚ ਹਾਂ-ਪੱਖੀ ਸੁਧਾਰ ਕਰਨ ਤੋਂ ਤ੍ਰਬਕਦਾ ਹੀ ਰਿਹਾ, ਪਰ ਦੂਜੀ ਤਰਫ ਸੰਪਰਦਾਈਆਂ ਨੇ ਇਸ ਵਿਚ ‘ਨਾਂਹ-ਪੱਖੀ’ ਸੋਧਾਂ ਕਰ ਹੀ ਦਿਤੀਆਂ। ਸੋ ਹੱਥ ਤੇ ਹੱਥ ਧਰ ਕੇ ਬੈਠਦੇ ਹੋਏ, ਐਸੀਆਂ ਕੱਚੀਆਂ ਗੱਲਾਂ ਸਹਾਰੇ, ਸੁਧਾਰ ਦੇ ਕੰਮਾਂ ਨੂੰ ਟਾਲੀ ਜਾਣਾ ਕਿਸੇ ਵੀ ਤਰਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ।

ਸਪਸ਼ਟ ਹੈ ਕਿ ਰਹਿਤ ਮਰਿਯਾਦਾ ਸੁਧਾਰ ਦੇ ਇਸ ਉਪਰਾਲੇ ਪ੍ਰਤੀ ਪੁਨਰਜਾਗਰਨ ਦੇ ਵਿਰੋਧੀ ਅਨਸਰਾਂ ਵਲੋਂ ਲਗਾਏ ਜਾ ਰਹੇ ਦੂਸ਼ਨ ਅਤੇ ਜ਼ਜਬਾਤ ਹੇਠ ਗੁੰਮਰਾਹ ਹੋ ਰਹੇ ਵੀਰਾਂ ਵਲੋਂ ਖੜੇ ਕੀਤੇ ਜਾ ਰਹੇ ਸਵਾਲ ਨਿਰਮੂਲ ਅਤੇ ਕੱਚੀਆਂ ਦਲੀਲਾਂ ਤੇ ਆਧਾਰਿਤ ਹਨ।

ਨਿਚੋੜ ਅਤੇ ਹੋਕਾ

ਉਪਰੋਕਤ ਖੁੱਲੀ ਵਿਚਾਰ ਤੋਂ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਕੁਝ ਸਮਾਂ ਪਹਿਲਾਂ ਤੱਕ ‘ਪੁਨਰਜਾਗਰਨ ਲਹਿਰ’ ਇਕ ਸਹੀ ਦਿਸ਼ਾ ਵਿਚ (ਭਾਵੇਂ ਬਿਖਰੀ ਬਿਖਰੀ ਹੀ ਸਹੀ) ਅੱਗੇ ਵੱਧ ਰਹੀ ਸੀ। ‘ਸਿੱਖ ਰਹਿਤ ਮਰਿਯਾਦਾ’ ਸੁਧਾਰ ਆਦਿ ਦੇ ਖੇਤਰ ਵਿਚ ਸੁਹਿਰਦ ਜਤਨ ਵੀ ਸ਼ੁਰੂ ਹੋ ਗਏ ਸਨ। ਪਰ ਵਕਤੀ ਪ੍ਰਭਾਵ ਕਾਰਨ ਬਹੁੱਤੀਆਂ ਸੁਚੇਤ ਧਿਰਾਂ ਨੇ ਅਪਣੀ ਪਹੁੰਚ ਬਦਲ ਲਈ ਅਤੇ ਉਹ ਲੋਕ ਅਤੇ ਮਾਸਿਕ ਮੈਗਜ਼ੀਨ ਜੋ ਇਸ ਸੁਧਾਰ ਦੇ ਮੋਹਰੀ ਬਣ ਕੇ ਤੁਰ ਰਹੇ ਸਨ, ਉਹਨਾਂ ਨੇ ਮੌਜੂਦਾ ਮਰਿਯਾਦਾ ਦੀ ਪ੍ਰੋੜਤਾ ਦੀ ਗੱਲ ਕਰਨੀ ਸ਼ੁਰੂ ਕਰ ਦਿਤੀ। ਇਸ ਪਹੁੰਚ ਨੇ ‘ਪੁਨਰਜਾਗਰਨ ਲਹਿਰ’ ਨੂੰ ਖੜੌਤ ਦੀ ਸਥਿਤੀ ਵਿਚ ਲੈਆਂਦਾ। ਇਸ ਲਹਿਰ ਦੇ ਖੜੌਤ ਵਿਚ ਆਉਣ ਤੋਂ ਬਾਅਦ ਜਾਗਰੂਕ ਪੰਥ ਦਾ ਹਿੱਸਾ ਬਣ ਕੇ ਕੁਝ ਐਸੇ ‘ਅਨਸਰ’ ਵੀ ਸਰਗਰਮ ਹੋ ਗਏ ਜਿਨ੍ਹਾਂ ਨੇ ‘ਪੁਨਰਜਾਗਰਨ ਲਹਿਰ’ ਨੂੰ ਪੁੱਠਾ ਗੇੜ ਦਿੰਦੇ ਹੋਏ ਪਹਿਲਾਂ ‘ਰਾਗਮਾਲਾ’ ਦੀ ਪ੍ਰੋੜਤਾ ਕਰਦੇ ਹੋਏ (ਜਾਣੇ/ਅੰਜਾਣੇ) ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕੀ ਪੰਜਵੇਂ ਪਾਤਸ਼ਾਹ ਜੀ ਨੇ ‘ਰਾਗਮਾਲਾ’ ਆਲਮ ਕਵੀ ਦੇ ਗ੍ਰੰਥ (ਪੁਸਤਕ) ਵਿਚੋਂ ‘ਚੋਰੀ’ ਕੀਤੀ ਹੈ।

ਅਪਣੇ ਵਕਤੀ ਸਟੈਂਡ (ਰਹਿਤ ਮਰਿਯਾਦਾ ਦੀ ਪ੍ਰੋੜਤਾ) ਦੇ ਹੱਕ ਵਿਚ ਭੁਗਤਦੇ ਹੋਣ ਕਾਰਨ, ਬਹੁਤੀਆਂ ਜਾਗਰੂਕ ਧਿਰਾਂ ਨੇ ‘ਨਾਨਕ ਸਰੂਪਾਂ’ ਤੇ ਕਲੰਕ ਲਾਉਂਦੀ ਇਸ ਕਾਰਵਾਈ ਬਾਰੇ ਅਵਾਜ਼ ਉਠਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਬਲਕਿ ਉਲਾਰੂ ਜ਼ਜਬਾਤਾਂ ਦੇ ਪ੍ਰਭਾਵ ਹੇਠ ਕੁਝ ਵੀਰ ਤਾਂ ਉਹਨਾਂ ਦੀ ਬੋਲੀ ਹੀ ਬੋਲਣ ਲੱਗ ਪਏ। ਸੁਚੇਤ ਧਿਰਾਂ ਦੀ ਇਸ ਅਨਗਹਿਲੀ ਨੇ ਐਸੇ ਅਨਸਰਾਂ ਦੇ ਹੌਂਸਲੇ ਵਧਾ ਦਿਤੇ ਅਤੇ ਉਨ੍ਹਾਂ ਨੇ ਅਗਲਾ ਕਦਮ ਚੁੱਕਦੇ ਹੋਏ ਦਸਮ ਗ੍ਰੰਥੀ ਰਚਨਾਵਾਂ ਦੇ ਦਸ਼ਮੇਸ਼ ਕ੍ਰਿਤ ਹੋਣ ਦੀ ਪ੍ਰੋੜਤਾ ਕਰਨ ਲਈ ਦਿਮਾਗੀ ਕਸਰਤਾਂ ਸ਼ੁਰੂ ਕਰ ਦਿਤੀਆਂ। ਪਰ ਉਹਨਾਂ ਨੇ ਦਸਮ ਗ੍ਰੰਥ ਦੀਆਂ ਹਿਮਾਇਤੀ ਸੰਪਰਦਾਈ ਧਿਰਾਂ ਤੋਂ ਵੀ ਦੂਰੀ ਬਣਾ ਕੇ ਰੱਖਣ ਦਾ ਜਤਨ ਕੀਤਾ ਤਾਂ ਕਿ ਸੁਚੇਤ ਪੰਥ ਦਾ ਭਰੋਸਾ ਬਣਿਆ ਰਹੇ। ਇਸ ਲਈ ਉਹਨਾਂ ਨੇ ਪਹਿਲਾਂ ਹੀ ਇਕ ਸ਼ੋਸ਼ਾ ਛੱਡ ਦਿਤਾ ਕਿ ‘ਰਾਗਮਾਲਾ ਬਾਣੀ ਨਹੀਂ ਹੈ ਅਤੇ ਦਸਵੇਂ ਪਾਤਸ਼ਾਹ ਜੀ ਨੇ ਕੋਈ ਬਾਣੀ ਨਹੀਂ ਰੱਚੀ’(ਸੰਪਰਦਾਈ ਧਿਰਾਂ ਰਾਗਮਾਲਾ ਅਤੇ ਦਸਮ ਗ੍ਰੰਥ ਨੂੰ ਬਾਣੀ ਮੰਨਦੀਆਂ ਹਨ)। ਪਰ ਇਸ ਸ਼ੋਸ਼ੇ ਤੋਂ ਬਾਅਦ ਅਪਣੀ ਲਿਖਤਾਂ ਵਿਚ ਨਵੇਂ ਨਵੇਂ ‘ਤੁੱਕੇ’ ਘੜ ਕੇ ਰਾਗਮਾਲਾ ਅਤੇ ਦਸਮ ਗ੍ਰੰਥੀ ਰਚਨਾਵਾਂ ਦੀ ਪ੍ਰੋੜਤਾ ਕਰਨੀ ਸ਼ੁਰੂ ਕਰ ਦਿਤੀ। ਇਸ ਦੀ ਝਲਕ ਉਪਰ ਵਿਚਾਰ ਵਿਚ ਅਸੀਂ ਦੇਖ ਆਏ ਹਾਂ। ਇਹ ਪਹੁੰਚ ਕੁਝ ਐਸੀ ਹੈ ਜਿਵੇਂ ਕੋਈ ਬਾਹਰ ਤਾਂ ਬੋਰਡ ਤੇ ਲਿਖ ਕੇ ਲਾ ਦੇਵੇ ਕਿ ‘ਇਥੇ ਸ਼ਰਾਬ ਨਹੀਂ ਮਿਲਦੀ’ ਪਰ ਸ਼ਰਾਬ ਦੀ ਵਿਕਰੀ ਵੀ ਕਰਦਾ ਰਹੇ।

ਦਸਮ ਗ੍ਰੰਥ ਦੇ ਹਿਮਾੲਤੀਆਂ ਦੇ ‘ਤੁੱਕਿਆਂ’ ਦਾ ਨਮੂਨਾ ਅਸੀਂ ਉਪਰ ‘ਭਗੌਤੀ’ ਦੇ ਵਿਸ਼ੇ ਵਿਚ ਵੇਖ ਆਏ ਹਾਂ ਕਿ ਕੋਈ ਇਸ ਨੂੰ ‘ਸ਼ਕਤੀ’ ਮੰਨ ਰਿਹਾ ਹੈ, ਕੋਈ ‘ਪ੍ਰਮਾਤਮਾ’, ਕੋਈ ‘ਤਲਵਾਰ’ ਅਤੇ ਕੋਈ ‘ਬੁੱਧੀ’। ਮਕਸਦ ਸਿਰਫ ਇਕ ਹੈ ਜਿਵੇਂ ਵੀ ਹੋਵੇ ਬਸ ਪ੍ਰਮਾਨਿਕ ਸਿੱਧ ਕਰਨਾ ਹੈ। ਇਹਨਾਂ ਅਨਸਰਾਂ ਨੂੰ ਇਹ ਗੱਲ ਵੀ ਪਤਾ ਹੈ ਕਿ ਬਹੁੱਤੀਆਂ ‘ਜਾਗਰੂਕ ਧਿਰਾਂ’ ਕੌਲ ਸਮੇਂ ਦੀ ਬਹੁਤ ਘਾਟ ਹੈ, ਸੋ ਇਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਾਗਰੂਕ ਧਿਰਾਂ ਨੂੰ ਅਪਣੀ ਦਿਮਾਗੀ ਕਸਰਤਾਂ ਰਾਹੀਂ ਬੁਣੇ ਸ਼ਬਦ-ਜਾਲ ਵਿਚ ਉਲਝਾਇਆ ਜਾ ਸਕੇ। ਸੋ ਇਹ ਹਰ ‘ਜਾਗਰੂਕ ਪੱਖ’ ਦੇ ਵਿਰੋਧ ਵਿਚ ਐਸੇ ਤੁੱਕਿਆਂ ਰਾਹੀਂ ਵਿਚਾਰ ਸ਼ੁਰੂ ਕਰਕੇ ਇਹ ਸਾਬਿਤ ਕਰਨ ਦੇ ਜਤਨ ਵਿਚ ਰਹਿੰਦੇ ਹਨ ਕਿ ਇਨ੍ਹਾਂ ਦਾ ਪੱਖ ਹੀ ਸਹੀ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਮੇਂ ਦੀ ਘਾਟ ਕਾਰਨ ਬਹੁਤੀਆਂ ਜਾਗਰੂਕ ਧਿਰਾਂ ਇਸ ਚਰਚਾ ਵਿਚ ਤਾਂ ਉਲਝਣਗੀਆਂ ਨਹੀਂ। ਜੇ ਕੋਈ ਉਲਝ ਗਈ ਤਾਂ ਘੱਟੋ-ਘੱਟ ਉਸਦਾ ਉਹ ਕੁਝ ਕੀਮਤੀ ਸਮਾਂ ਤਾਂ ਬਰਬਾਦ ਹੋਵੇਗਾ ਹੀ ਜੋ ਉਸ ਨੇ ‘ਸੁਧਾਰ’ ਲਈ ਸਮਰਪਿਤ ਕਰਨਾ ਸੀ।

ਸੁਚੇਤ ਸੱਜਣਾਂ ਨੂੰ ਇਹ ਗੱਲ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਐਸੇ ਅਨਸਰ ‘ਦਸਮ ਗ੍ਰੰਥ’ ਦੇ ਮੋਰਚੇ ਤੇ, ਉਹਨਾਂ ਪੰਥ ਵਿਰੋਧੀ ਤਾਕਤਾਂ ਦੀ ਬਹੁੱਪੱਖੀ ਸਾਜਿਸ਼ਾਂ, ਦੇ ਮੋਹਰੇ ਵਾਂਗੂ ਹੀ ਵਰਤੇ ਜਾ ਰਹੇ ਹਨ, ਜੋ ਇਸ ‘ਕੂੜ ਗ੍ਰੰਥ’ ਨੂੰ ਕਿਸੇ ਨਾ ਕਿਸੇ ਤਰੀਕੇ, ਦਸਵੇਂ ਨਾਨਕ ਸਰੂਪ ਦੇ ਨਾਲ ਜੋੜੀ ਰੱਖਣਾ ਚਾਹੁੰਦੇ ਹਨ। ਇਹਨਾਂ ਦਾ ਜਤਨ ਹੈ ਕਿ ਪੂਰਾ ਦਸਮ ਗ੍ਰੰਥ ਗੁਰਬਾਣੀ ਬਣ ਜਾਵੇ (ਸੰਪਰਦਾਈ ਧਿਰਾਂ ਰਾਹੀਂ), ਜੇ ਸੱਚ ਦੇ ਪ੍ਰਚਾਰ ਕਾਰਨ ਪੂਰਾ ਗੁਰਬਾਣੀ ਨਹੀਂ ਬਣ ਸਕਦਾ ਦਾ ਘੱਟੋ-ਘੱਟ ਭਗੌਤੀ ਆਦਿ ਉਹ ਅੰਸ਼ ਤਾਂ ਬੱਚ ਜਾਣ (ਉਪਰੋਤਕ ਵਿਚਾਰੇ ਅਨਸਰਾਂ ਰਾਹੀਂ) ਜਿਹੜੇ ਵੱਡੀ ਮਿਹਨਤ ਨਾਲ ‘ਪੰਥ ਪ੍ਰਵਾਨਿਤ’ ਕਰਵਾਏ ਜਾ ਚੁੱਕੇ ਹਨ।

ਐਸੇ ਅਨਸਰ ਪਹਿਲਾਂ ਹੀ ਖੜੌਤ ਵਿਚ ਆਈ ਹੋਈ ਜਾਗਰੂਕਤਾ ਲਹਿਰ ਨੂੰ ‘ਪੁੱਠਾ ਗੇੜ’ ਦੇਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਸੁਚੇਤ ਪੰਥ ਦੀ ਐਸੇ ਧਿਰਾਂ ਪ੍ਰਤੀ ਅਨਗਹਿਲੀ ਇਨ੍ਹਾਂ ਦੇ ਹੌਸਲੇ ਵਧਾ ਰਹੀ ਹੈ। ਸੁਚੇਤ ਪੰਥ ਲਈ ਸਮਾਂ ਹੈ ਕਿ ਸਿਰਫ ਖੜੋਤ ਨੂੰ ਹੀ ਨਾ ਤੋੜਿਆ ਜਾਵੇ ਬਲਕਿ ਐਸੇ ਅਨਸਰਾਂ ਦੀਆਂ ਕੋਸ਼ਿਸ਼ਾਂ ਦਾ ਵੀ ਵਾਜਿਬ ਜਵਾਬ ਦਿਤਾ ਜਾਵੇ। ਇਸ ਲਈ ਲੋੜ ਹੈ ਕਿ ‘ਸੁਧਾਰ ਦੇ ਕੰਮਾਂ’ ਨੂੰ ਅੱਗੇ ਵਧਾਇਆ ਜਾਵੇ। ਸੁਚੇਤ ਪੰਥ ਨੂੰ ਵਾਰ ਵਾਰ ਹੋਕਾ ਦੇਣ ਤੋਂ ਬਾਅਦ ਜਦੋਂ ਕੋਈ ਅਸਰ ਨਾ ਹੋਇਆ ਤਾਂ ਪਰਿਵਾਰ ਨੇ ਆਪ ਹੀ ਇਸ ਸੁਧਾਰ ਲਹਿਰ ਨੂੰ ਜ਼ਾਰੀ ਰੱਖਣ ਦਾ ਮਨ ਬਣਾਇਆ। ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਮੌਜੂਦਾ ‘ਸਿੱਖ ਰਹਿਤ ਮਰਿਯਾਦਾ’ ਦਾ ਸੁਧਾਰ ਕਰਕੇ ਇਕ ਪ੍ਰਸਤਾਵਿਤ ਖਰੜਾ ਆਪ ਸਭ ਦੇ ਵਿਚਾਰਾਂ ਅਤੇ ਸੁਝਾਵਾਂ ਲਈ ਪੇਸ਼ ਕੀਤਾ ਗਿਆ ਹੈ ਤਾਂ ਕਿ ਗੁਰਮਤਿ ਦੀ ਰੋਸ਼ਨੀ ਵਿਚ, ਸਾਂਝੇ ਤੌਰ ਤੇ ਇਸ ਨੂੰ ਸਾਹਮਣੇ ਲਿਆਇਆ ਜਾ ਸਕੇ।

ਸੁਚੇਤ ਧਿਰਾਂ ਅਤੇ ਸੱਜਣਾਂ ਨੂੰ ਚਾਹੀਦਾ ਹੈ ਕਿ ਹੁਣ ਵੀ ਮੌਕਾ ਸੰਭਾਲ ਲੈਣ ਅਤੇ ਜਾਗਰੂਕਤਾ ਲਹਿਰ ਵਿਚ ਆਈ ਖੜੌਤ ਨੂੰ ਦੂਰ ਕਰਨ। ਸਾਰੀਆਂ ਸੁਚੇਤ ਪੰਥਕ ਧਿਰਾਂ ਅਤੇ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਖਰੜੇ ਬਾਰੇ ਅਪਣੇ ਸੁਝਾਵ ਭੇਜਣ ਅਤੇ ਇਸ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰ ਬਣਾਉਣ ਵਿਚ ਸਹਾਇਕ ਹੋ ਕੇ ਜਾਗਰੂਕਤਾ ਦੀ ਸਾਂਝ ਨੂੰ ਮਜ਼ਬੂਤ ਕਰਨ। ਇਹ ਉਪਰਾਲਾ ਜਾਗਰੂਕ ਪੰਥ ਦੀ ਏਕਤਾ ਦੀ ਰਾਹ ਵਿਚ ਇਕ ਮਜ਼ਬੂਤ ਕਦਮ ਵੀ ਸਾਬਿਤ ਹੋ ਸਕਦਾ ਹੈ। ਕੱਲ੍ਹ ਨੂੰ ਜੇ ਸਾਰਾ ਜਾਗਰੂਕ ਪੰਥ ਗੁਰਮਤਿ ਦੀ ਰੋਸ਼ਨੀ ਵਿਚ ਇਕ ਸਾਂਝੀ (ਸੋਧੀ ਹੋਈ), ‘ਗੁਰਮਤਿ ਜੀਵਨ ਜਾਚ’ ਪੇਸ਼ ਕਰਦਾ ਹੈ ਤਾਂ ਵਿਰੋਧੀ ਤਾਕਤਾਂ ਨੂੰ ਇਕ ਮਜ਼ਬੂਤ ਜਵਾਬ ਦਿਤਾ ਜਾ ਸਕਦਾ ਹੈ। ਇਸ ਤਰੀਕੇ ਅਸੀਂ ਪੰਥ ਵਲੋਂ ਪੰਜਵੇਂ ਪਾਤਸ਼ਾਹ ਜੀ ਅਤੇ ਦਸ਼ਮੇਸ਼ ਪਿਤਾ ਦੇ ਨਾਂ ਨਾਲ, ਅਨਗਹਿਲੀ ਅਤੇ ਅਗਿਆਨਤਾ ਕਾਰਨ ਮੜੇ ਜਾ ਰਹੇ ‘ਕਲੰਕਾਂ’( ਰਾਗਮਾਲਾ ਅਤੇ ਦਸਮ ਗ੍ਰੰਥ) ਨੂੰ ਦੂਰ ਕਰਨ ਵਿਚ ਵੀ ਕਾਮਯਾਬ ਹੋ ਜਾਂਵਾਂਗੇ। ਹੁਣ ਦੇਖਣਾ ਹੈ ਕਿ ‘ਜਾਗਰੂਕ ਪੰਥ’ ਨੀਂਦ ਵਿਚੋਂ ਜਾਗਦਾ ਹੈ ਜਾਂ ਸਿਰਫ ਚੁੱਪ ਰਹਿ ਕੇ ਤਮਾਸ਼ਾ ਵੇਖਣ ਦੇ ਮੂਡ ਵਿਚ ਹੀ ਹੈ। ਪਰਿਵਾਰ ਅਪਣਾ ਕੰਮ ਕਰ ਰਿਹਾ ਹੈ ਅਤੇ ਅੱਗੇ ਵੀ ਜ਼ਾਰੀ ਰੱਖਣ ਦਾ ਪੂਰਾ ਜਤਨ ਕਰੇਗਾ।

ਜ਼ਰੂਰੀ ਨੋਟ:

ਪਰਿਵਾਰ ਨਿਰਮਾਣਤਾ ਅਤੇ ਨਿਸ਼ਕਾਮਤਾ ਨਾਲ ਜਾਗਰੂਕ ਪੰਥ ਦੀ ਧਰੋਹਰ ਇਹਨਾਂ ਸ਼ਖਸੀਅਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪ ਸਭ ਇਸ ਉਪਰਾਲੇ ਪ੍ਰਤੀ ਅਪਣਾ ਪੱਖ ਜ਼ਰੂਰ ਦੇਵੋ ਤਾਂ ਕਿ ਗੁਰਮਤਿ ਦੀ ਰੋਸ਼ਨੀ ਵਿਚ ਆਏ ਆਪ ਸਭ ਦੇ ਸੁਝਾਵਾਂ ਦੇ ਆਧਾਰ ਤੇ ਇਸ ਖਰੜੇ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ।

ਪ੍ਰੋ. ਦਰਸ਼ਨ ਸਿੰਘ ਜੀ, ਗੁਰਤੇਜ ਸਿੰਘ ਜੀ ਸਾਬਕਾ ਆਈ ਏ ਐਸ, ਦਲੀਪ ਸਿੰਘ ਜੀ ਕਸ਼ਮੀਰੀ, ਭਾਈ ਅਰਦਮਨ ਸਿੰਘ ਬਾਗੜੀਆਂ, ਜਸਟਿਸ ਕੁਲਦੀਪ ਸਿੰਘ ਜੀ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਇੰਦਰ ਸਿੰਘ ਘੱਗਾ, ਡਾ. ਗੁਰਦਰਸ਼ਨ ਸਿੰਘ ਜੀ ਢਿਲੋਂ, ਪ੍ਰਿੰ. ਸੁਰਜੀਤ ਸਿੰਘ ਜੀ ਮਿਸ਼ਨਰੀ ਦਿਲੀ, ਪ੍ਰਿੰ. ਗੁਰਬਚਨ ਸਿੰਘ ਜੀ ਪੰਨਵਾ, ਡਾ. ਹਰਜਿੰਦਰ ਸਿੰਘ ਜੀ ਦਿਲਗੀਰ, ਡਾ. ਸੰਗਤ ਸਿੰਘ, ਸ੍ਰ. ਤਰਸੇਮ ਸਿੰਘ ਜੀ (ਦਿਲੀ ਕਮੇਟੀ), ਸਰਬਜੀਤ ਸਿੰਘ ਜੀ ਧੁੰਧਾ, ਪ੍ਰਿੰ. ਹਰਭਜਨ ਸਿੰਘ ਸਿੱਖ ਮਿਸ਼ਨਰੀ ਕਾਲਜ, ਇੰਦਰਜੀਤ ਸਿੰਘ ਜੀ ਰਾਣਾ, ਜਗਤਾਰ ਸਿੰਘ ਜੀ ਜਾਚਕ, ਸੁਖਵਿੰਦਰ ਸਿੰਘ ਸਭਰਾ, ਜਸਬਿੰਦਰ ਸਿੰਘ ਜੀ ਦੁਬਈ (ਮੋਹਾਲੀ), ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਸੁਖਦੇਵ ਸਿੰਘ ਜੀ ਮਿਸ਼ਨਰੀ ਮੋਹਾਲੀ, ਦਵਿੰਦਰ ਸਿੰਘ ਜੀ ਆਰਟੀਸਟ (ਖਰੜ), ਸੁਖਵਿੰਦਰ ਸਿੰਘ ਦਦੇਹਰ, ਗਿਆਨੀ ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ ਜੀ, ਉਪਕਾਰ ਸਿੰਘ ਫਰੀਦਾਬਾਦ, ਕਿਰਪਾਲ ਸਿੰਘ ਜੀ ਬਠਿੰਡਾ, ਹਰਲਾਜ ਸਿੰਘ ਜੀ ਬਹਾਦੁਰ ਪੁਰ, ਕੰਵਰ ਅੰਮ੍ਰਿਤਪਾਲ ਸਿੰਘ ਜੀ (ਦੁਰਮਤ ਸੋਧਕ ਗੁਰਮਤਿ ਲਹਿਰ), ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਮਨਜੀਤ ਸਿੰਘ ਜੀ ਖਾਲਸਾ ਮੋਹਾਲੀ, ਰਵਿੰਦਰ ਸਿੰਘ ਜੀ ਖਾਲਸਾ ਪੰਚਾਇਤ, ਅਤਿੰਦਰਪਾਲ ਸਿੰਘ ਜੀ ਖਾਲਸਤਾਨੀ, ਸੁਰਿੰਦਰ ਸਿੰਘ ਜੀ ਫਰੀਦਾਬਾਦ, ਗੁਰਪ੍ਰੀਤ ਸਿੰਘ ਜੀ ਰੁਦਰਪੁਰ, ਜਗਜੀਤ ਸਿੰਘ ਜੀ ਜੰਮੂ, ਜਗਜੀਤ ਸਿੰਘ ਜੀ (ਪੁੰਛ), ਕੰਵਲਜੀਤ ਸਿੰਘ ਕੁੰਡਲ, ਗੁਰਵਿੰਦਰ ਸਿੰਘ ਸ਼ਾਮਪੁਰਾ, ਇਕਵਾਕ ਸਿੰਘ ਜੀ ਪੱਟੀ, ਪ੍ਰਿੰ. ਸੁਰਿੰਦਰ ਸਿੰਘ ਅਨੰਦਪੁਰ ਸਾਹਿਬ, ਕਸ਼ਮੀਰ ਸਿੰਘ ਜੀ ਮੁਕਤਸਰ, ਹਰਲਾਜ ਸਿੰਘ ਸਿੰਘ ਜੀ ਬਹਾਦੁਰਪੁਰ, ਬਲਦੇਵ ਸਿੰਘ ਜੀ ਦਿਲੀ, ਡਾ. ਪਰਮਜੀਤ ਸਿੰਘ ਜੀ, ਸਰਬਜੀਤ ਸਿੰਘ ਜੀ ਦਿਲੀ, ਜੋਗਿੰਦਰ ਸਿੰਘ ਜੀ ਇੰਡੀਆ ਅਵੈਅਰਨੈਸ, ਦਲਬੀਰ ਸਿੰਘ ਜੀ ਦਿਲੀ ਐਮ ਐਸ ਸੀ, ਡਾ. ਗੁਰਮੁੱਖ ਸਿੰਘ ਜੀ ਦਿਲੀ, ਬੀਬੀ ਹਰਬੰਸ ਕੌਰ ਜੀ, ਗੁਰਸੇਵਕ ਸਿੰਘ ਜੀ ਮਦਰੱਸਾ, ਗੁਰਮੀਤ ਸਿੰਘ ਕਾਦੀਆਨੀ, ਅਮਰਜੀਤ ਸਿੰਘ ਜੀ ਚੰਡੀਗੜ, ਕਿਹਰ ਸਿੰਘ ਜੀ ਚੰਡੀਗੜ, ਗੁਰਬਚਨ ਸਿੰਘ ਜੀ (ਸਪੁੱਰਤ ਗਿਆਨੀ ਭਾਗ ਸਿੰਘ ਜੀ ਅੰਬਾਲਾ), ਮਹਿੰਦਰ ਸਿੰਘ ਜੀ ਚਚਰਾੜੀ (ਸਿੱਖ ਗਾਰਡੀਅਨ), ਗੁਰਿੰਦਰ ਸਿੰਘ ਜੀ ਕੋਟਕਪੂਰਾ, ਰਘਬੀਰ ਸਿੰਘ ਜੀ ਚੰਡੀਗੜ, ਡਾ. ਇਕਬਾਲ ਸਿੰਘ ਜੀ ਚੰਡੀਗੜ, ਹਰਮੀਤ ਸਿੰਘ ਜੀ ਗਵਾਲੀਅਰ...

ਵਿਦੇਸ਼ਾਂ ਵਿਚੋਂ ਪ੍ਰੋ. ਮੱਖਣ ਸਿੰਘ ਜੀ (ਸਿੱਖ ਮਾਰਗ), ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਸ੍ਰ. ਹਰਦੇਵ ਸਿੰਘ ਜੀ ਸ਼ੇਰਗਿੱਲ (ਸਿੱਖ ਬੁਲੇਟਿਨ), ਹਰਨੇਕ ਸਿੰਘ ਜੀ ਨਿਉਜ਼ੀਲੈਂਡ, ਪ੍ਰਭਦੀਪ ਸਿੰਘ ਜੀ (ਦੁਬਈ), ਡਾ. ਪਾਲ ਸਿੰਘ ਜੀ (ਨਾਨਕਸ਼ਾਹੀ ਕੈਲੰਡਰ), ਡਾ. ਗੁਰਮੀਤ ਸਿੰਘ ਜੀ ਬਰਸਾਲ, ਗੁਰਚਰਨ ਸਿੰਘ ਜੀ ਜਿਉਣਵਾਲਾ, ਅਵਤਾਰ ਸਿੰਘ ਜੀ ਮਿਸ਼ਨਰੀ ਯੂ ਐਸ ਏ, ਬੀਬੀ ਹਰਸਿਮਰਤ ਕੌਰ ਅਮਰੀਕਾ, ਬਲਦੇਵ ਸਿੰਘ ਜੀ ਟੋਰਾਂਟੋ, ਪ੍ਰਭਦੀਪ ਸਿੰਘ ਜੀ (ਟਾਈਗਰ ਜਥਾ ਯੂਕੇ), ਰੇਸ਼ਮ ਸਿੰਘ ਜੀ ਅਮਰੀਕਾ, ਮਨਦੀਪ ਸਿੰਘ ਵਰਨਨ, ਗੁਰਿੰਦਰ ਸਿੰਘ ਜੀ ਪਾਲ, ਕਾਬਲ ਸਿੰਘ ਜੀ ਜਰਮਨੀ, ਤਰਲੋਚਨ ਸਿੰਘ ਜੀ ਦੁਪਾਲਪੁਰ ਯੂ ਐਸ ਏ, ਜਸਵੰਤ ਸਿੰਘ ਜੀ ਸਿੰਘਾਪੁਰ, ਚਰਨਜੀਤ ਸਿੰਘ ਜੀ ਬਰੈਂਪਟਨ, ਜਸਬੀਰ ਸਿੰਘ ਜੀ ਵੈਨਕੂਵਰ, ਸੰਪਾਦਕ ‘ਗੁਰੂ ਪੰਥ’ ਵੈਬਸਾਈਟ, ਸੰਪਾਦਕ ‘ਖਾਲਸਾ ਨਿਊਜ਼’, ਸੰਪਾਦਕ ‘ਸਿੰਘ ਸਭਾ ਯੁ ਐਸ ਏ’, ਸੰਪਾਦਕੀ ਮੰਡਲ ‘ਸਿੱਖ ਸਪੋਕਸਮੈਨ’ ਕਨੇਡਾ, ਸੰਪਾਦਕ ਸਿੱਖ ਅਵੈਅਰਨੈਸ............

ਸੰਸਥਾਵਾਂ ਵਿਚੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜਵੱਦੀ ਕਲਾਂ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੋਪੜ, ਮਿਸ਼ਨਰੀ ਕਾਲਜ ਚੌਂਤਾ, ਦਸਮ ਗ੍ਰੰਥ ਵਿਚਾਰ ਮੰਚ ਇੰਟਨੈਸ਼ਨਲ, ਗਿਆਨੀ ਦਿੱਤ ਸਿੰਘ ਵਿਚਾਰ ਮੰਚ, ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰੂ ਗ੍ਰੰਥ ਦਾ ਪੰਥ, ਟਾਈਗਰ ਜਥਾ ਯੁਕੇ.......

ਇਹ ਨਾਮ ਸਿਰਫ ਸਾਡੀ ਯਾਦਦਾਸ਼ਤ ਤੇ ਆਧਾਰਿਤ ਹਨ। ਐਸੇ ਵੀ ਅਨੇਕਾਂ ਹੋਰ ਸੁਚੇਤ ਪੰਥਦਰਦੀ ਹਨ, ਜਿਹਨਾਂ ਦੇ ਨਾਂ ਹਾਲੀਂ ਸਾਡੇ ਚੇਤੇ ਨਹੀਂ ਜਾਂ ਅਸੀਂ ਉਹਨਾਂ ਨੂੰ ਨਹੀਂ ਜਾਣਦੇ। ਕੁਝ ਸੁਹਿਰਦ ਸੱਜਣਾਂ ਦੇ ਵਿਚਾਰ ਪਹਿਲਾਂ ਆ ਚੁੱਕੇ ਹਨ, ਇਸ ਲਈ ਉਹਨਾਂ ਦੇ ਨਾਂ ਨਹੀਂ ਦਿਤੇ ਗਏ। ਜਿਸ ਕਿਸੇ ਦਾ ਨਾਂ ਰਹਿ ਗਿਆ ਹੋਵੇ ਉਹ ਇਸ ਗੱਲ ਦਾ ਬੁਰਾ ਨਾ ਮਨਾਏ। ਸੁਝਾਅ ਭੇਜਣ ਦੀ ਇਹ ਬੇਨਤੀ ਹਰ ਉਸ ਸੱਜਣ ਨੂੰ ਹੈ ਜੋ ਕਿਸੇ ਵੀ ਤਰੀਕੇ ‘ਜਾਗਰੂਕਤਾ ਲਹਿਰ’ ਨਾਲ ਜੁੜਿਆ ਹੋਇਆ ਹੈ। ਪ੍ਰਸਤਾਵਿਤ ਖਰੜਾ ਵੈਬਸਾਈਟ ‘ਸਿੱਖ ਮਾਰਗ’ ਦੇ ਮੁੱਖ ਪੰਨੇ ਤੇ ਵੇਖਿਆ ਜਾ ਸਕਦਾ ਹੈ। ਜੇ ਕੋਈ ਚਾਹੇ ਤਾਂ ਉਸ ਨੂੰ ਉਸਦੀ ਮੇਲ ਵਿਚ ਵੀ ਭੇਜਿਆ ਜਾ ਸਕਦਾ ਹੈ।ਸੁਝਾਅ 15 ਦਿਸੰਬਰ ਖਾਸ ਤੱਕ ਇਸੇ ਮਕਸਦ ਨਾਲ ਬਣਾਈ ਈ-ਮੇਲ ਆਈ ਡੀ gurmatjeevanjaach@gmail.com ਤੇ ਭੇਜਣ ਦੀ ਕਿਰਪਾਲਤਾ ਕਰਨਾ ਜੀ।

ਆਪ ਸਭ ਦੇ ਸੁਝਾਵਾਂ ਉਪਰੰਤ ਪ੍ਰਸਤਾਵਿਤ ਖਰੜਾ ਅਤੇ ਆਏ ਸੁਝਾਅ ਵਿਦਵਾਨਾਂ ਦੇ ਇਕ ਪੈਨਲ (ਜੋ ਵਿਦਵਾਨ ਇਸ ਵਿਚ ਸਹਿਯੋਗ ਲਈ ਰਾਜ਼ੀ ਹੋਣਗੇ) ਦੇ ਸਾਹਮਣੇ ਇਕ ਵਿਸ਼ੇਸ਼ ਮੀਟਿੰਗ ਰਾਹੀਂ ਵੀਚਾਰ ਲਈ ਪੇਸ਼ ਕੀਤੇ ਜਾਣਗੇ। ਇਸ ਮੀਟਿੰਗ ਦੀ ਪੂਰੀ ਵੀਡੀਉ ਰਿਕਾਰਡਿੰਗ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ ਤਾਂ ਕਿ ਪਾਰਦਰਸ਼ਿਤਾ ਰਹੇ। ਇਸ ਵਿਚਾਰ ਵਿਚ ਰਹਿਤ ਮਰਿਯਾਦਾ ਦਾ ਸੋਧਿਆ ਹੋਇਆ ਰੂਪ ਸਾਹਮਣੇ ਲਿਆਂਦਾ ਜਾਵੇਗਾ। ਜੇ ਸਾਰੀਆਂ ਜਾਗਰੂਕ ਧਿਰਾਂ ਸਹਿਮਤ ਹੋਈਆਂ ਤਾਂ ਇਸ ਨੂੰ ਸਾਂਝੇ ਤੌਰ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਆਸ ਹੈ ਜਾਗਰੂਕ ਪੰਥ ਦਾ ਹਰ ਮੈਂਬਰ ਇਸ ਸੁਧਾਰ ਉਪਰਾਲੇ ਵਿਚ ਅਪਣਾ ਬਣਦਾ ਯੋਗਦਾਨ ਜ਼ਰੂਰ ਪਾਵੇਗਾ ਅਤੇ ਜਾਗਰੂਕਤਾ ਲਹਿਰ ਨੂੰ ‘ਪੁੱਠਾ ਗੇੜ’ ਦੇਣ ਦੀ ਕੋਸ਼ਿਸ਼ਾਂ ਵਿਚ ਲੱਗੇ ਅਨਸਰਾਂ ਦੇ ਇਰਾਦੇ ਨਾਕਾਮ ਕਰ ਦੇਵੇਗਾ।

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top