Share on Facebook

Main News Page

ਡੇ ਐਂਡ ਨਾਈਟ ਚੈਨਲ ’ਤੇ ਹੋਈ ਲਾਈਵ ਚਰਚਾ: ਮਾਮਲਾ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇਣ ਦਾ

* ਜਿਨ੍ਹਾਂ ਨੇ ਬਾਦਲ ਤੋਂ ਸਿਆਸਤ ਵਿੱਚ ਫਾਇਦਾ ਲੈਣਾ ਹੈ ਉਹ ਹੀ ਬਾਦਲ ਨੂੰ ਇਹ ਅਵਾਰਡ ਦੇ ਰਹੇ ਹਨ
* ਅੱਜ ਅਸੀਂ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇ ਰਹੇ ਹਾਂ ਕੱਲ੍ਹ ਨੂੰ ਉਸ ਨੇ ਵੋਟਾਂ ਮੰਗਣ ਲਈ ਭਾਜਪਾ ਨਾਲ ਮਿਲ ਕੇ ਪੰਥ ਵਿਰੋਧੀ ਕਾਰਨਾਮਾ ਕਰ ਵਿਖਾਇਆ ਤਾਂ ਸਾਡੀ ਸਥਿਤੀ ਕੀ ਹੋਵੇਗੀ: ਡਾ: ਬਲਕਾਰ ਸਿੰਘ
* ਬਾਦਲ ਨੇ ਆਪਣੀ ਜਿੰਦਗੀ ’ਚ ਕੋਈ ਐਸਾ ਕੰਮ ਨਹੀਂ ਕੀਤਾ ਜੋ ਉਸ ਨੂੰ ਅਵਾਰਡ ਦੇਣ ਦੇ ਯੋਗ ਬਣਾਉਂਦਾ ਹੋਵੇ
* ਕੱਲ੍ਹ ਨੂੰ ਕੋਈ ਕਹੇ ਕਿ ਬੁੱਸ਼ ਨੂੰ ਨੋਬਲ ਪੀਸ ਅਵਾਰਡ ਦੇ ਦਿਓ ਤਾਂ ਉਸ ਦੀ ਕੀ ਅਹਿਮੀਅਤ ਹੋਵੇਗੀ: ਡਾ: ਗੁਰਦਰਸ਼ਨ ਸਿੰਘ ਢਿੱਲੋਂ
* ਪਿਛਲੇ ਸਮੇਂ ’ਚ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਮਿਲ ਕੇ ਬਾਦਲ ਨੂੰ ਪੰਥ ਵਿਰੋਧੀ ਦਸਦਾ ਰਿਹਾ ਹੈ, ਹੈਰਾਨੀ ਹੈ ਅੱਜ ਉਹੀ ਵਿਅਕਤੀ ਉਸ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇਣ ਦੇ ਹੱਕ ਵਿੱਚ ਬੋਲ ਰਿਹਾ ਹੈ: ਸੁਖਜਿੰਦਰ ਸਿੰਘ ਸਾਬਕਾ ਜਨਰਲ ਸਕੱਤਰ ਸਿੱਖ ਸਟੂਡੈਂਟ ਫੈਡਰੇਸ਼ਨ
* ਜੇ ਕੋਈ ਬਾਦਲ ਦੇ ਹੱਕ ਵਿੱਚ ਬੋਲਦਾ ਹੈ ਤਾਂ ਉਹ ਪੰਥਕ ਹੈ ਪਰ ਜੇ ਕੋਈ ਸਿੱਖੀ ਦੀ ਗੱਲ ਕਰਦਾ ਹੈ ਤਾਂ ਉਹ ਏ ਟੀਮ ਜਾਂ ਬੀ ਟੀਮ ਕਿਵੇਂ ਬਣ ਜਾਂਦਾ ਹੈ?: ਰਜਿੰਦਰ ਸਿੰਘ ਵਾਲੀਆ
* ਬਾਦਲ ਨੂੰ ਅਵਾਰਡ ਦੇਣ ਦੇ ਹੱਕ ਵਿੱਚ ਬੋਲਣ ਵਾਲੇ ਗੁਰਚਰਨ ਸਿੰਘ ਗਰੇਵਾਲ ਅਤੇ ਗੁਰਮੋਹਨ ਸਿੰਘ ਵਾਲੀਆ ਦੀਆਂ ਇਕੋ ਦਲੀਲਾਂ- ਅਖੇ ਇਹ ਚਾਰ ਵਾਰ ਮੁੱਖ ਮੰਤਰੀ ਬਣਿਆ ਹੈ; ਭੁੱਲੇ ਵਿਸਰੇ ਪੁਰਾਤਨ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਬਣਾਈਆਂ ਹਨ ਅਤੇ ਹੁਣ ਜੇ ਸਿੱਖਾਂ ਵਿੱਚ ਸਿਰਮੌਰ ਸਮਝੇ ਜਾਂਦੇ ਜਥੇਦਾਰ ਅਕਾਲ ਤਖ਼ਤ ਨੇ ਉਸ ਨੂੰ ਅਵਾਰਡ ਦੇਣ ਦਾ ਐਲਾਣ ਕਰ ਹੀ ਦਿੱਤਾ ਹੈ ਤਾਂ ਉਸ ਦਾ ਵਿਰੋਧ ਕਿਉਂ?

 

ਗੁਰਚਰਨ ਸਿੰਘ ਗਰੇਵਾਲ ਅਤੇ ਗੁਰਮੋਹਨ ਸਿੰਘ ਵਾਲੀਆ ਤੋਂ ਕੁਝ ਪੁਛਣਯੋਗ ਸਵਾਲ?

ਜੇ ਚਾਰ ਵਾਰ ਮੁਖ ਮੰਤਰੀ ਬਣਨ ’ਤੇ ਹੀ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦੇਣਾ ਜਾਇਜ਼ ਹੈ ਤਾਂ ਜੇ ਕਾਂਗਰਸ ਵਾਲੇ ਲਗਾਤਰ 17 ਸਾਲ ਪ੍ਰਧਾਨ ਮੰਤਰੀ ਰਹਿਣ ਵਾਲੇ ਨਹਿਰੂ ਅਤੇ 4 ਵਾਰ ਪ੍ਰਧਾਨ ਮੰਤਰੀ ਬਣਨ ਵਾਲੀ ਇੰਦਰਾ ਗਾਂਧੀ ਨੂੰ ‘ਫ਼ਖ਼ਰ-ਏ-ਕੌਮ’ ਦਾ ਅਵਾਰਡ ਦੇ ਦੇਣ ਦੇਣ ਤਾਂ ਕੀ ਇਸ ਨੂੰ ਬਾਦਲ ਅਤੇ ਇਸ ਦੀ ਭਾਈਵਾਲ ਭਾਜਪਾ ਪ੍ਰਵਾਨ ਕਰ ਲਵੇਗੀ?


ਜਿਨ੍ਹਾਂ ਪੁਰਾਤਨ ਸਿੰਘਾਂ ਦੀਆਂ ਯਾਦਗਾਰਾਂ ਬਾਦਲ ਨੇ ਬਣਾਈਆਂ ਹਨ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਨਹੀਂ ਦਿੱਤਾ ਗਿਆ ਤਾਂ ਸਿਰਫ ਉਨ੍ਹਾਂ ਦੀਆਂ ਯਾਦਗਾਰਾਂ ਬਣਾਉਣ ਵਾਲਾ ਇਸ ਅਵਾਰਡ ਦਾ ਹੱਕਦਾਰ ਕਿਵੇਂ ਬਣ ਗਿਆ?

ਗਰੇਵਾਲ ਜੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕੀ ਉਹ ਉਸ ਸਮੇਂ ਗਲਤ ਸੀ ਜਾਂ ਸ: ਬਾਦਲ ਨੇ ਹੁਣ ਆਪਣੀ ਨੀਤੀ ਬਦਲ ਲਈ ਹੈ ਅਤੇ ਹੁਣ ਉਹ ਸਿੱਖ ਰਾਜ ਦੀ ਸਥਾਪਤੀ ਦੀ ਮੰਗ ਲਈ ਸਹਿਮਤ ਹੋ ਗਿਆ ਹੈ?

ਬਠਿੰਡਾ, 3 ਦਸੰਬਰ (ਕਿਰਪਾਲ ਸਿੰਘ): ਬਿਨਾ ਕਿਸੇ ਵਿਧੀ ਵਿਧਾਨ ਅਤੇ ਨਿਯਮਾਂ ਦੀ ਪਾਲਣਾ ਕਰਨ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇਣ ਦੇ ਮਾਮਲੇ ’ਤੇ ਬੀਤੀ ਰਾਤ ਡੇ ਐਂਡ ਨਾਈਟ ਟੀਵੀ ਚੈਨਲ ’ਤੇ ਇੱਕ ਵਿਸ਼ੇਸ਼ ਵੀਚਾਰ ਚਰਚਾ ਕੀਤੀ ਗਈ ਜਿਸ ਵਿੱਚ ਡਾ: ਬਲਕਾਰ ਸਿੰਘ ਸਾਬਕਾ ਮੁਖੀ ਗੁਰੂ ਗ੍ਰੰਥ ਸਾਹਿਬ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਗੁਰਦਰਸ਼ਨ ਸਿੰਘ ਢਿੱਲੋਂ ਸਾਬਕਾ ਮੁਖੀ ਇਤਿਹਾਸ ਵਿਭਾਗ, ਸ: ਗੁਰਮੋਹਨ ਸਿੰਘ ਵਾਲੀਆ ਡਾਇਰੈਕਟਰ ਐਜੂਕੇਸ਼ਨ ਐੱਸਜੀਪੀਸੀ ਅਤੇ ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਗ ਲਿਆ। ਚੈਨਲ ਦੇ ਮਾਲਕ/ਮੁਖ ਸੰਪਾਦਕ ਸ: ਕੰਵਰ ਸੰਧੂ ਨੇ ਹੋਸਟ ਦੀ ਸੇਵਾ ਬਾਖ਼ੂਬੀ ਨਿਭਾਈ।

ਸ: ਕੰਵਰ ਸੰਧੂ ਨੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇਣ ਦੇ ਫੈਸਲੇ ਅਤੇ ਸਿੱਖ ਜਥੇਬੰਦੀਆਂ ਵਲੋਂ ਇਸ ਦੇ ਕੀਤੇ ਜਾ ਰਹੇ ਭਾਰੀ ਵਿਰੋਧ ਦੀ ਸੰਖੇਪ ਜਾਣਕਾਰੀ ਦੇ ਕੇ ਡਾ: ਬਲਕਾਰ ਸਿੰਘ ਤੋਂ ਪੁੱਛਿਆ ਕਿ ਕੀ ਤੁਸੀਂ ਸਮਝਦੇ ਹੋ ਕਿ ਸ: ਬਾਦਲ ਇਹ ਅਵਾਰਡ ਪ੍ਰਪਤ ਕਰਨ ਦਾ ਹੱਕਦਾਰ ਹੈ। ਇਸ ਦੇ ਜਵਾਬ ਵਿੱਚ ਡਾ: ਬਲਕਾਰ ਸਿੰਘ ਨੇ ਕਿਹਾ ਕਿ ਉਹ ਹੱਕਦਾਰ ਹੈ ਜਾਂ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਸ: ਬਾਦਲ ਨੂੰ ਜਿਸ ਢੰਗ ਨਾਲ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ ਇਹ ਬਿਲਕੁਲ ਹੀ ਯੋਗ ਨਹੀਂ ਹੈ। ਉਸ ਨੂੰ ਅਵਾਰਡ ਹੱਕਦਾਰੀ ਦੇ ਅਧਾਰ ’ਤੇ ਨਹੀਂ ਦਿੱਤਾ ਜਾ ਰਿਹਾ ਸਗੋਂ ਸਿਆਸਤ ਦੇ ਅਧਾਰ ’ਤੇ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਨੇ ਬਾਦਲ ਤੋਂ ਸਿਆਸਤ ਵਿੱਚ ਫਾਇਦਾ ਲੈਣਾ ਹੈ ਉਹ ਬਾਦਲ ਨੂੰ ਇਹ ਅਵਾਰਡ ਦੇ ਰਹੇ ਹਨ। ਆਖਰਕਾਰ ਕੋਈ ਕੌਮੀ ਅਵਾਰਡ ਦੇਣ ਸਮੇ ਕੋਈ ਵਿਧੀ ਵਿਧਾਨ ਅਪਨਾਇਆ ਜਾਂਦਾ ਹੈ ਜਿਸ ਦੀ ਪਾਲਣਾ ਕਰਨੀ ਜਰੂਰੀ ਹੁੰਦੀ ਹੈ ਪਰ ਇੱਥੇ ਅਜੇਹਾ ਕੁਝ ਨਹੀਂ ਕੀਤਾ ਗਿਆ। ਇਹ ਅਵਾਰਡ ਦੇਣ ਲਈ ਨਾ ਕਿਸੇ ਨੇ ਸਿਫ਼ਾਰਸ਼ ਕੀਤੀ ਨਾ ਵੀਚਾਰਿਆ ਗਿਆ ਐਵੇਂ ਹੀ ਇੱਕ ਜਨਤਕ ਸਮਾਗਮ ਵਿੱਚ ਇਹ ਐਲਾਨ ਕਰ ਦਿੱਤਾ ਗਿਆ ਕਿ ਫਲਾਣੀ ਤਰੀਖ ਨੂੰ ਆਹ ਅਵਾਰਡ ਦਿੱਤਾ ਜਾਵੇਗਾ। ਇਹ ਸਰਾਸਰ ਗਲਤ ਹੈ। ਅੱਜ ਤੱਕ ਕਿਸੇ ਵੀ ਜਥੇਦਾਰ ਨੇ ਇਸ ਤਰ੍ਹਾਂ ਆਪਣਾ ਫੈਸਲਾ ਨਹੀਂ ਥੋਪਿਆ ।

ਡਾ: ਬਲਕਾਰ ਸਿੰਘ ਦਾ ਜਵਾਬ ਦਿੰਦੇ ਹੋਏ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ: ਬਾਦਲ 4 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਸਿੱਖ ਇਤਿਹਾਸ ਦੀਆਂ ਯਾਦਗਾਰਾਂ ਬਣਾਈਆਂ ਹਨ। ਸਿੱਖਾਂ ਦੀ ਇਹੋ ਮੰਗ ਹੈ ਕਿ ਖ਼ਾਲਸਾ ਰਾਜ ਬਣਾਇਆ ਜਾਵੇ। ਜੇ ਸ: ਬਾਦਲ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਸਿੱਖ ਰਾਜ ਦੇ ਪਹਿਲੇ ਉਸਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਹੈ ਤਾਂ ਉਨ੍ਹਾਂ ਨੂੰ ਇਹ ਅਵਾਰਡ ਜਰੂਰ ਦੇਣਾ ਚਾਹੀਦਾ ਹੈ। ਇੱਕ ਹੋਰ ਦਲੀਲ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣੇ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਕੇ ਹਟੀਆਂ ਹਨ ਜਿਸ ਵਿੱਚ ਨਿਰੋਲ ਸਿੱਖਾਂ ਨੇ ਵੋਟਾਂ ਪਾਈਆਂ। ਇਨ੍ਹਾਂ ਵੋਟਾਂ ਵਿੱਚ ਨਾ ਕੋਈ ਧੱਕਾ ਹੋਇਆ, ਨਾ ਬੂਥਾਂ ’ਤੇ ਕਬਜ਼ੇ ਹੋਏ; ਇਸ ਦੇ ਬਾਵਯੂਦ ਬਾਦਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਦਾ ਮਤਲਬ ਹੈ ਕਿ ਸ ਬਾਦਲ ਸਿੱਖਾਂ ਵਿੱਚ ਹਰਮਨ ਪਿਆਰੇ ਹਨ ਤਾਂ ਅਵਾਰਡ ਦਾ ਵਿਰੋਧ ਕਿਉਂ? ਉਨ੍ਹਾਂ ਕਿਹਾ ਜੇ ਸ: ਬਾਦਲ ਨੂੰ ਸਿਆਸੀ ਅਧਾਰ ’ਤੇ ਅਵਾਰਡ ਦਿਤਾ ਜਾ ਰਿਹਾ ਹੈ ਤਾਂ ਜਿਹੜੇ ਇਸ ਦਾ ਵਿਰੋਧ ਕਰ ਰਹੇ ਹਨ ਉਹ ਵੀ ਸਿਆਸੀ ਅਧਾਰ ’ਤੇ ਕਾਂਗਰਸ ਜਾਂ ਕਾਂਗਰਸ ਦੀ ਬੀ ਟੀਮ ਕਰ ਰਹੀ ਹੈ।

ਟੀਵੀ ਹੋਸਟ ਸ: ਕੰਵਰ ਸੰਧੂ ਨੇ ਕਿਹਾ ਕਿ ਅੱਜ ਦੀ ਵੀਚਾਰ ਚਰਚਾ ਦਾ ਇਹ ਵਿਸ਼ਾ ਨਹੀਂ ਅਤੇ ਨਾ ਹੀ ਇਤਨਾ ਸਮਾ ਹੈ ਕਿ ਚੋਣਾਂ ਵਿੱਚ ਹੋਈਆਂ ਧੱਕੇਸ਼ਾਹੀਆਂ ਅਤੇ ਗੈਰ ਸਿੱਖਾਂ ਵਲੋਂ ਪਾਈਆਂ ਗਈਆਂ ਵੋਟਾਂ ਦੀ ਵੀਡੀਓ ਕਲਿਪਿੰਗਜ਼ ਹੁਣ ਵਿਖਾਈਆਂ ਜਾਣ। ਤੁਸੀ ਇਹ ਨਹੀਂ ਕਹਿ ਸਕਦੇ ਕਿ ਚੋਣਾਂ ਵਿੱਚ ਕੋਈ ਧੱਕਾ ਨਹੀਂ ਹੋਇਆ ਜਾਂ ਵੋਟਾਂ ਸਿਰਫ ਸਿੱਖਾਂ ਨੇ ਹੀ ਪਾਈਆਂ ਸਨ।

ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਚਾਰ ਵਾਰ ਮੁੱਖ ਮੰਤਰੀ ਬਣਨਾ ਕੌਮ ਲਈ ਕੋਈ ਪ੍ਰਾਪਤੀ ਨਹੀਂ ਹੈ। ਬਾਦਲ ਦੇ ਰਾਜ ਵਿੱਚ ਸਿੱਖ ਨੌਜਵਾਨਾਂ ਵਿੱਚ ਪਤਿਤਪੁਣੇ ਅਤੇ ਨਸ਼ਿਆਂ ਦੀ ਵਰਤੋਂ ਵਧੀ ਹੈ, ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਤਾਂ ਪੰਜਾਬ ਲਈ ਇੱਕ ਪ੍ਰਾਪਤੀ ਹੈ, ਕਿ ਉਸ ਨੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਕੇ ਪੰਜਾਬ ਦੇ ਪਾਣੀ ਬਚਾਏ ਪਰ ਬਾਦਲ ਨੇ ਆਪਣੀ ਜਿੰਦਗੀ ’ਚ ਕੋਈ ਐਸਾ ਕੰਮ ਨਹੀਂ ਕੀਤਾ ਜੋ ਉਸ ਨੂੰ ਅਵਾਰਡ ਦੇਣ ਦੇ ਯੋਗ ਬਣਾਉਂਦਾ ਹੋਵੇ। ਸ: ਬਾਦਲ ਚਾਰ ਵਾਰ ਮੁੱਖ ਮੰਤਰੀ ਕਿਸੇ ਪ੍ਰਾਪਤੀ ਕਰਕੇ ਨਹੀਂ ਬਲਕਿ ਸਿਸਟਮ ’ਤੇ ਕੰਟਰੋਲ ਕਰਨ ਕਰਕੇ ਬਣਿਆ ਹੈ। ਸਿਸਟਮ ’ਤੇ ਕੰਟਰੋਲ ਸਦਕਾ ਤਾਂ ਜਾਰਜ਼ ਬੁਸ਼ ਵੀ ਦੂਸਰੀ ਵਾਰ ਅਮਰੀਕਾ ਦਾ ਪ੍ਰਧਾਨ ਬਣ ਗਿਆ ਸੀ। ਕੱਲ੍ਹ ਨੂੰ ਕੋਈ ਕਹੇ ਕਿ ਬੁੱਸ਼ ਨੂੰ ਨੋਬਲ ਪੀਸ ਅਵਾਰਡ ਦੇ ਦਿਓ ਤਾਂ ਉਸ ਦੀ ਕੀ ਮਹੱਤਤਾ ਹੋਵੇਗੀ?

ਸ: ਕੰਵਰ ਸੰਧੂ ਨੇ ਸ: ਗੁਰਮੋਹਨ ਸਿੰਘ ਵਾਲੀਆ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਸ: ਬਾਦਲ ਨੂੰ ਪੰਥ ਰਤਨ ਨਹੀ ‘ਪੰਥ ਪਤਨ’ ਦਾ ਖ਼ਿਤਾਬ ਦਿੱਤਾ ਜਾਣਾ ਚਾਹੀਦਾ ਹੈ। ਤੁਹਾਡਾ ਇਸ ਸਬੰਧੀ ਕੀ ਵੀਚਾਰ ਹੈ?

ਇਸ ਦੇ ਜਵਾਬ ਵਿੱਚ ਸ: ਵਾਲੀਆ ਨੇ ਕਿਹਾ ਕਿ ਸ: ਬਾਦਲ ਨੇ ਸਿੱਖ ਯੂਨੀਵਰਸਿਟੀ ਬਣਾਈ ਹੈ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਬਣਾਈਆਂ ਹਨ। ਇਸ ਕਰਕੇ ਜੇ ਸਿੱਖਾਂ ਦੀ ਸਿਰਮੌਰ ਹਸਤੀ ਜਥੇਦਾਰ ਅਕਾਲ ਤਖ਼ਤ ਨੇ ਉਨ੍ਹਾਂ ਨੂੰ ਅਵਾਰਡ ਦੇਣ ਦਾ ਐਲਾਨ ਕਰ ਹੀ ਦਿੱਤਾ ਹੈ ਤਾਂ ਇਸ ਦਾ ਵਿਰੋਧ ਨਹੀਂ ਹੋਣਾ ਚਾਹੀਦਾ।

ਡਾ: ਢਿੱਲੋਂ ਨੇ ਪੁੱਛਿਆ ਕਿਉਂ ਨਹੀਂ ਹੋਣਾ ਚਾਹੀਦਾ? ਉਨ੍ਹਾਂ ਕਿਹਾ ਜਥੇਦਾਰ ਸਿੱਖ ਧਰਮ ਦਾ ਡਿਕਟੇਟਰ ਨਹੀਂ, ਕਿ ਉਸ ਨੇ ਜੋ ਕਹਿ ਦਿੱਤਾ ਉਸ ਨੂੰ ਹੂਬਹੂ ਮੰਨ ਲਿਆ ਜਾਵੇ। ਕੌਮੀ ਫੈਸਲੇ ਕਰਨ ਲਈ ਜਥੇਦਾਰ ਨੇ ਪੰਥਕ ਜਥੇਬੰਦੀਆਂ ਨੂੰ ਇੱਕ ਪਲੇਟ ਫਾਰਮ ਮੁਹੱਈਆ ਕਰਵਾਉਣਾ ਹੁੰਦਾ ਹੈ ਤੇ ਉਥੇ ਹੋਏ ਫੈਸਲੇ ਦਾ ਉਸ ਨੇ ਸਿਰਫ ਐਲਾਣ ਕਰਨਾ ਹੁੰਦਾ ਹੈ ਨਾ ਕਿ ਆਪਣੇ ਹੀ ਫੈਸਲੇ ਕੌਮ ’ਤੇ ਠੋਸਣੇ ਹੁੰਦੇ ਹਨ।

ਡਾ: ਬਲਕਾਰ ਸਿੰਘ ਨੇ ਕਿਹਾ ਸ: ਬਾਦਲ ਇੱਕ ਸਿਆਸੀ ਆਗੂ ਹਨ। ਉਨ੍ਹਾਂ ਨੇ ਵੋਟਾਂ ਮੰਗਣ ਲਈ ਸੱਚਾ ਸੌਦਾ, ਰਾਧਾ ਸਵਾਮੀ, ਨਿਰੰਕਾਰੀ ਆਦਿ ਸਭ ਕੋਲ ਜਾਣਾ ਹੈ ਇਸ ਲਈ ਉਹ ਕਿਸੇ ਵੀ ਸੂਰਤ ਵਿੱਚ ਪੰਥਕ ਬਣ ਹੀ ਨਹੀਂ ਸਕਦਾ ਤਾਂ ਉਸ ਨੂੰ ‘ਪੰਥ ਰਤਨ’ ਜਾਂ ‘ਫ਼ਖ਼ਰ-ਏ-ਕੌਮ’ ਅਵਾਰਡ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਅੱਜ ਅਸੀਂ ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇ ਰਹੇ ਹਾਂ ਕੱਲ੍ਹ ਨੂੰ ਉਸ ਨੇ ਵੋਟਾਂ ਮੰਗਣ ਲਈ ਭਾਜਪਾ ਨਾਲ ਮਿਲ ਕੇ ਪੰਥ ਵਿਰੋਧੀ ਕਾਰਨਾਮਾ ਕਰ ਵਿਖਾਇਆ ਤਾਂ ਸਾਡੀ ਸਥਿਤੀ ਕੀ ਹੋਵੇਗੀ?

ਇੱਕ ਕਾਲਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਰਹੇ ਹਨ। ਸ: ਗੁਰਚਰਨ ਸਿੰਘ ਗਰੇਵਾਲ ਵੀ ਉਸ ਸਮੇਂ ਸਾਡੇ ਨਾਲ ਹੁੰਦੇ ਸਨ ਉਹ ਸਾਡੇ ਨਾਲ ਮਿਲ ਕੇ ਬਾਦਲ ਵਲੋਂ, ਨਿਰੰਕਾਰੀ ਕਾਂਡ, ਨੂਰਮਹਿਲੀਆ ਕਾਂਡ, ਸੌਦਾ ਡੇਰਾ ਕਾਂਡ ਅਤੇ ਪੰਜਾਬ ਤੇ ਪੰਥਕ ਮਸਲਿਆਂ ’ਤੇ ਸ: ਬਾਦਲ ਵਲੋਂ ਨਿਭਾਏ ਜਾ ਰਹੇ ਵਿਰੋਧੀ ਰੋਲ ਸਦਕਾ ਹਮੇਸ਼ਾਂ ਉਸ ਨੂੰ ਪੰਥ ਵਿਰੋਧੀ ਦਸਦੇ ਰਹੇ ਹਨ, ਹੈਰਾਨੀ ਹੈ ਅੱਜ ਉਹੀ ਵਿਅਕਤੀ ਉਸ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਦੇਣ ਦੇ ਹੱਕ ਵਿੱਚ ਬੋਲ ਰਿਹਾ ਹੈ

ਸ: ਗਰੇਵਾਲ ਨੇ ਮੰਨਿਆ ਕਿ ਉਹ ਸ: ਬਾਦਲ ਦਾ ਵਿਰੋਧ ਕਰਦੇ ਰਹੇ ਹਨ ਤੇ ਸੁਖਜਿੰਦਰ ਸਿੰਘ ਖ਼ਾਲਸਾ ਜਿਨ੍ਹਾਂ ਦਾ ਕਾਫੀ ਸਮੇਂ ਬਾਅਦ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਅੱਜ ਮੇਲ ਹੋਇਆ ਹੈ ਆਪਣੇ ਪੁਰਾਣੇ ਖ਼ਿਆਲਾਂ ’ਤੇ ਅੱਜ ਵੀ ਦ੍ਰਿੜ ਹਨ। ਪਰ ਮੇਰਾ ਕਹਿਣਾ ਹੈ ਕਿ ਜੇ ਕੋਈ ਬੰਦਾ ਇੱਕ ਕਦਮ ਵੀ ਸਾਡੇ ਨਾਲ ਚਲਦਾ ਹੈ ਤਾਂ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ।

ਇੱਕ ਹੋਰ ਕਾਲਰ ਸ: ਰਜਿੰਦਰ ਸਿੰਘ ਨੇ ਕਿਹਾ ਕਿ ਉਹ ਸ: ਗਰੇਵਾਲ ਤੋਂ ਇੱਹ ਪੁੱਛਣਾ ਚਾਹੁੰਦੇ ਹਨ ਕਿ ਜੇ ਕੋਈ ਬੰਦਾ ਬਾਦਲ ਦੀ ਹਿਮਾਇਤ ਦੀ ਗੱਲ ਕਰਦਾ ਹੈ ਤਾਂ ਉਹ ਪੰਥਕ ਬਣ ਜਾਂਦਾ ਹੈ ਪਰ ਜੇ ਕੋਈ ਸਿੱਖੀ ਦੀ ਗੱਲ ਕਰਦਾ ਹੈ ਤਾਂ ਉਹ ਏ ਟੀਮ ਤੇ ਬੀ ਟੀਮ ਕਿਵੇਂ ਬਣ ਜਾਂਦਾ ਹੈ? ਸ: ਗਰੇਵਾਲ ਇਸ ਦਾ ਕੋਈ ਸਪਸ਼ਟ ਉਤਰ ਨਾ ਦੇ ਸਕਿਆ।

ਜਸਵੀਰ ਸਿੰਘ ਨਾਮੀ ਇੱਕ ਕਾਲਰ ਨੇ ਸ: ਢਿੱਲੋਂ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਸ: ਬਾਦਲ ਨੇ ਪੰਜਾਬ ਦੀ ਰਾਖੀ ਕੀਤੀ ਹੈ, ਕਿਸਾਨਾਂ ਨੂੰ ਬਚਾਇਆ ਹੈ ਉਸ ਨੂੰ ਅਵਾਰਡ ਜਰੂਰ ਦਿੱਤਾ ਜਾਣਾ ਚਾਹੀਦਾ ਹੈ। ਤੁਸੀਂ ਈਰਖਾਵੱਸ ਉਸ ਦੀ ਵਿਰੋਧਤਾ ਕਰ ਰਹੇ ਹੋ।

ਡਾ: ਢਿੱਲੋਂ ਨੇ ਕਿਹਾ ਕਿ ਮੈ ਤਾਂ ਅਵਾਰਡ ਲੈਣ ਦੇ ਮੁਕਾਬਲੇ ਵਿੱਚ ਨਹੀਂ ਹਾਂ ਅਤੇ ਨਾ ਹੀ ਕੋਈ ਸਿਆਸੀ ਬੰਦਾ ਹਾਂ। ਇਸ ਲਈ ਮੈਨੂੰ ਸ: ਬਾਦਲ ਨਾਲ ਕੀ ਈਰਖਾ ਹੋ ਸਕਦੀ ਹੈ? ਜਿਥੋਂ ਤੱਕ ਪੰਜਾਬ ਅਤੇ ਕਿਸਾਨੀ ਨੂੰ ਬਚਾਉਣ ਦੀ ਗੱਲ ਹੈ ਉਹ ਹਾਲੀ ਹੁਣੇ ਹੀ ਪਾਰਲੀਮੈਂਟ ਵਿੱਚ ਰੀਪੋਰਟ ਪੇਸ਼ ਹੋਈ ਹੈ ਜਿਸ ਅਨੁਸਰ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਵਿੱਚ ਪੰਜਾਬ ਤੀਸਰੇ ਨੰਬਰ ’ਤੇ ਹੈ। ਸ: ਬਾਦਲ ਪੰਜਾਬ ਦੇ ਮੁੱਖ ਮੰਤਰੀ ਹਨ, ਤਾਂ ਕੀ ਇਹ ਹੈ ਉਨ੍ਹਾਂ ਦੇ ਪੰਜਾਬ ਅਤੇ ਕਿਸਾਨਾਂ ਦੇ ਰਾਖੇ ਹੋਣ ਦੀ ਤਸ਼ਵੀਰ?

ਇੱਕ ਹੋਰ ਕਾਲਰ ਕਰਮਜੀਤ ਸਿੰਘ ਨੇ ਕਿਹਾ ਸ: ਬਾਦਲ ਅੰਮ੍ਰਿਤਧਾਰੀ ਨਹੀ ਹੈ, ਉਸ ਦੇ ਰਾਜ ਵਿੱਚ ਪੰਜਾਬ ਭ੍ਰਿਸ਼ਟਾਚਾਰ ’ਚ ਲਿਪਤ ਹੈ ਤਾਂ ਉਸ ਨੂੰ ਪੰਥ ਰਤਨ ਜਾਂ ਫ਼ਖ਼ਰ-ਏ-ਕੌਮ ਵਰਗਾ ਅਵਾਰਡ ਦੇਣਾ ਹੀ ਨਹੀਂ ਚਾਹੀਦਾ।

ਗੁਰਚਰਨ ਸਿੰਘ ਗਰੇਵਾਲ ਨੇ ਬਾਦਲ ਦੀ ਸਫ਼ਾਈ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਖ਼ਾਲਸੇ ਦੀ ਤੀਸਰੀ ਸ਼ਤਾਬਦੀ ਮੌਕੇ ਅੰਮ੍ਰਿਤ ਛਕਿਆ ਹੈ। ਜਿਥੋਂ ਤੱਕ ਭ੍ਰਿਸ਼ਟਾਚਾਰ ਦਾ ਸਵਾਲ ਹੈ ਮੈਂ ਇਹ ਕਹਿ ਸਕਦਾ ਹਾਂ ਕਿ ਭ੍ਰਿਸ਼ਟਾਚਾਰ ਨੂੰ ਜਿੰਨੀ ਨੱਥ ਬਾਦਲ ਦੇ ਹੁਣ ਵਾਲੇ ਸਮੇਂ ਵਿੱਚ ਪਈ ਹੈ ਇੰਨੀ ਪਹਿਲਾਂ ਕਦੀ ਵੀ ਨਹੀ ਪਈ ਸੀ।

ਇਸ ਲੇਖਕ ਨੇ ਲਾਈਵ ਟਾਕ ਸ਼ੋਅ ਦੌਰਾਨ ਸਵਾਲ ਪੁੱਛਣ ਲਈ ਫ਼ੋਨ ਮਿਲਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਲਰਾਂ ਦਾ ਇਤਨਾ ਰਛ ਸੀ ਕਿ ਫ਼ੋਨ ਮਿਲ ਹੀ ਨਹੀਂ ਸਕਿਆ। ਜੇ ਇੱਕ ਵਾਰ ਫ਼ੋਨ ਮਿਲਿਆ ਤਾਂ ਕਾਲਰਾਂ ਦੀ ਬਹੁਤਾਤ ਅਤੇ ਸਮਾ ਘੱਟ ਹੋਣ ਕਾਰਣ ਹੋਸਟ ਨੇ ਮੁਆਫ਼ੀ ਮੰਗ ਲਈ ਤੇ ਪ੍ਰਸ਼ਨ ਪੁੱਛਣ ਦਾ ਮੌਕਾ ਹੀ ਨਾ ਮਿਲ ਸਕਿਆ। ਇਸ ਲਈ ਗੁਰਚਰਨ ਸਿੰਘ ਗਰੇਵਾਲ ਅਤੇ ਗੁਰਮੋਹਨ ਸਿੰਘ ਵਾਲੀਆ ਤੋਂ ਕੁਝ ਪੁਛਣਯੋਗ ਸਵਾਲ ਹਨ। ਜੇ ਉਹ ਜਾਂ ਸ: ਬਾਦਲ ਨੂੰ ਅਵਾਰਡ ਦੇਣ ਦਾ ਕੋਈ ਹੋਰ ਹਮਾਇਤੀ ਇਹ ਜਵਾਬ ਦੇ ਸਕੇ ਤਾਂ ਉਨ੍ਹਾਂ ਦੀ ਮਿਹਰਬਾਨੀ ਹੋਵੇਗੀ।

  1. ਜੇ ਭਾਜਪਾ ਦੀਆਂ ਵੈਸਾਖੀਆਂ ’ਤੇ ਲੰਬੇ ਸਮੇ ਬਾਅਦ ਬਦਲਵੀਂ ਵਾਰੀ ’ਚ ਚਾਰ ਵਾਰ ਮੁਖ ਮੰਤਰੀ (ਦੋ ਵਾਰ ਤਾਂ ਇਹ ਆਪਣਾ ਸਮਾ ਪੂਰਾ ਕਰਨ ਤੋਂ ਪਹਿਲਾਂ ਹੀ ਲੁਟਕਦਾ ਰਿਹਾ ਹੈ) ਬਣਨ ’ਤੇ ਹੀ ਸ: ਬਾਦਲ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦੇਣਾ ਜਾਇਜ਼ ਹੈ, ਤਾਂ ਜੇ ਆਪਣੀ ਤਾਕਤ ਦੇ ਸਿਰ ’ਤੇ ਲਗਾਤਰ 17 ਸਾਲ ਪ੍ਰਧਾਨ ਮੰਤਰੀ ਰਹਿਣ ਵਾਲੇ ਨਹਿਰੂ ਅਤੇ 4 ਵਾਰ ਪ੍ਰਧਾਨ ਮੰਤਰੀ ਬਣਨ ਵਾਲੀ ਇੰਦਰਾ ਗਾਂਧੀ ਨੂੰ ਕਾਂਗਰਸ ਵਾਲੇ ‘ਫ਼ਖ਼ਰ-ਏ-ਕੌਮ’ ਦਾ ਅਵਾਰਡ ਦੇ ਦੇਣ ਦੇਣ ਤਾਂ ਕੀ ਇਸ ਨੂੰ ਬਾਦਲ ਅਤੇ ਇਸ ਦੀ ਭਾਈਵਾਲ ਭਾਜਪਾ ਪ੍ਰਵਾਨ ਕਰ ਲਵੇਗੀ। ਜਯੋਤੀ ਬਾਸੂ ਆਪਣੀ ਤਾਕਤ ਦੇ ਸਿਰ ’ਤੇ 21 ਜੂਨ 1977 ਤੋਂ 6 ਨਵੰਬਰ 2000 ਤੱਕ ਲਗਾਤਰ 23 ਸਾਲ ਤੋਂ ਵੱਧ ਸਮੇ ਤੱਕ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਰਿਹਾ ਹੈ ਜੋ ਕਿ ਹੁਣ ਤੱਕ ਦੇ ਭਾਰਤ ਦੇ ਸਾਰੇ ਸੂਬਿਆਂ ਦੇ ਮੁਖ ਮੰਤਰੀਆਂ ਦੇ ਸਮੇ ਨਾਲੋਂ ਵੱਧ ਦਾ ਸਮਾਂ ਬਣਦਾ ਹੈ। ਕੀ ਉਸ ਨੂੰ ਕਿਸੇ ਨੇ ‘ਫ਼ਖ਼ਰ-ਏ-ਕੌਮ’ ਅਵਾਰਡ ਦਿੱਤਾ ਹੈ? ਜੇ ਅੱਜ ਮਾਰਕਿਸਟ ਪਾਰਟੀ ਉਸ ਨੂੰ ਇਹ ਅਵਾਰਡ ਦੇ ਦੇਵੇ ਤਾਂ ਕੀ ਭਾਜਪਾ ਉਸ ਨੂੰ ਪ੍ਰਵਾਨ ਕਰ ਲਵੇਗੀ?

  2. ਜਿਨ੍ਹਾਂ ਪੁਰਾਤਨ ਸਿੰਘਾਂ ਦੀਆਂ ਯਾਦਗਾਰਾਂ ਬਾਦਲ ਨੇ ਬਣਾਈਆਂ ਹਨ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ‘ਪੰਥ ਰਤਨ ਫ਼ਖ਼ਰ-ਏ-ਕੌਮ’ ਅਵਾਰਡ ਨਹੀਂ ਦਿੱਤਾ ਗਿਆ।ਸਿਖ ਰਾਜ ਦੇ ਸਿਧਾਂਤ ਲਈ ਡਟ ਕੇ ਪਹਿਰਾ ਦੇਣ ਬਦਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਆਪਣੇ ਬੱਚੇ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾ ਲਿਆ, ਸ਼ਲਾਖਾਂ ਨਾਲ ਆਪਣੀਆਂ ਅੱਖਾਂ ਕਢਵਾਉਣੀਆਂ ਅਤੇ ਗਰਮ ਜਮੂਰਾਂ ਨਾਲ ਆਪਣਾ ਮਾਸ ਤੁੜਵਾਉਣਾ ਪ੍ਰਵਾਨ ਕਰ ਲਿਆ। ਪਰ ਸ: ਬਾਦਲ ਨੇ ਸਿੱਖ ਰਾਜ ਦੀ ਪ੍ਰਾਪਤੀ ਲਈ ਆਪ ਡੱਕਾ ਭੰਨ ਕਿ ਦੂਹਰਾ ਤਾਂ ਕੀ ਕਰਨਾ ਸੀ ਸਗੋਂ ਇਸ ਦੀ ਮੰਗ ਕਰਨ ਵਾਲਿਆਂ ਨੂੰ ਕਾਂਗਰਸ ਦੀ ਬੀ ਟੀਮ ਦੱਸਣ ਤੋਂ ਗੁਰੇਜ਼ ਨਹੀਂ ਕਰਦਾ। ਤਾਂ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਕਰਕੇ ਉਹ ਇਸ ਅਵਾਰਡ ਦਾ ਹੱਕਦਾਰ ਕਿਵੇਂ ਬਣ ਗਿਆ?

  3. ਸ: ਸੁਖਜਿੰਦਰ ਸਿੰਘ  ਦੇ ਸਵਾਲ ਦੇ ਜਵਾਬ ਦੇਣ ਸਮੇਂ ਸ: ਗਰੇਵਾਲ ਮੰਨ ਚੁੱਕੇ ਹਨ ਕਿ ਉਹ ਪਿਛਲੇ ਸਮੇ ਵਿੱਚ ਬਾਦਲ ਦੀ ਵਿਰੋਧਤਾ ਕਰਦਾ ਹੋਇਆ ਉਸ ਨੂੰ ਪੰਥ ਦਾ ਗਦਾਰ ਤੱਕ ਕਹਿੰਦਾ ਰਿਹਾ ਹੈ। ਹੁਣ ਗਰੇਵਾਲ ਜੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕੀ ਉਹ ਉਸ ਸਮੇਂ ਗਲਤ ਸੀ ਜਾਂ ਸ: ਬਾਦਲ ਨੇ ਹੁਣ ਆਪਣੀ ਨੀਤੀ ਬਦਲ ਲਈ ਹੈ ਅਤੇ ਹੁਣ ਉਹ ਸਿੱਖ ਰਾਜ ਦੀ ਸਥਾਪਤੀ ਦੀ ਮੰਗ ਲਈ ਸਹਿਮਤ ਹੋ ਗਿਆ ਹੈ?

ਉਕਤ ਵੀਚਾਰ ਚਰਚਾ ਦੀ ਰੀਕਾਰਡਿੰਗ ਹੁਣ ਵੀ ਚੈਨਲ ਦੀ ਵੈੱਬਸਾਈਟ http://www.dayandnightnews.com/ ’ਤੇ ਸੁਣੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top