Share on Facebook

Main News Page

ਗੁਰਬਚਨ ਸਿੰਘ ਨੂੰ ‘ਫਖਰ ਏ ਚਾਪਲੂਸੀ' ਅਤੇ ਸ੍ਰ. ਮੱਕੜ ਨੂੰ ‘ਫਖਰ ਏ ਫੁਕਰੇ' ਦਾ ਖਿਤਾਬ ਦੇ ਕੇ ਸਨਮਾਨਿਤ ਕਰਨ ਲਈ ਸਿੱਖ ਅੱਗੇ ਆਉਣ

ਅਨੰਦਪੁਰ ਸਾਹਿਬ,6 ਦਸੰਬਰ, (ਸੁਰਿੰਦਰ ਸਿੰਘ ਸੋਨੀ): ਸਿੱਖ ਸੰਗਤਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਤਖਤਾਂ ਦੇ ‘ਜਥੇਦਾਰਾਂ' ਅਤੇ ਸ਼੍ਰੋਮਣੀ ਕਮੇਟੀ ਵਲੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖਰ ਏ ਕੌਮ' ਦਾ ਐਵਾਰਡ ਦੇ ਦਿਤਾ ਗਿਆ ਜੋ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਪੰਥ ਵਿਰੋਧੀ ਕਾਰਾ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ. ਰਣਜੋਧ ਸਿੰਘ ਨੇ ਕੀਤਾ। ਉਨ੍ਹਾਂ ਸਿੱਖ ਸੰਗਤਾਂ ਨੂੰ ਸੱਦਾ ਦਿਤਾ ਕਿ ਉਹ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋ ਬਾਦਲ ਪਰਿਵਾਰ ਦੀ ਕੀਤੀ ਇਸ ‘ਮਹਾਨ ਸੇਵਾ' ਬਦਲੇ ਗਿ. ਗੁਰਬਚਨ ਸਿੰਘ ਨੂੰ ‘ਫਖਰ ਏ ਚਾਪਲੂਸੀ' ਅਤੇ ਸ੍ਰ. ਮੱਕੜ ਨੂੰ ‘ਫਖਰ ਏ ਫੁਕਰੇ' ਦਾ ਖਿਤਾਬ ਦੇ ਕੇ ਸਨਮਾਨਿਤ ਕਰਨ ਲਈ ਅੱਗੇ ਆਉਣ।

ਉਨ੍ਹਾਂ ਕਿਹਾ ਕੌਮ ਵਿਚ ਪਹਿਲਾਂ ਵੀ ਬਹੁਤ ਵਿਦਵਾਨ ਤੇ ਕੌਮ ਲਈ ਮਹਾਨ ਸੇਵਾ ਕਰਨ ਵਾਲੇ ਮਰਜੀਵੜੇ ਪੈਦਾ ਹੋਏ ਹਨ ਜਿਨਾਂ ਨੂੰ ਅਜਿਹੇ ਐਵਾਰਡ ਨਹੀ ਦਿਤੇ ਗਏ ਪਰ ਕੌਮ ਨੂੰ ਕਈ ਵਰ੍ਹੇ ਪਿਛੇ ਖਿਚ ਲਿਜਾਣ ਵਾਲੇ ਬਾਦਲ ਨੂੰ ਇਹ ਐਵਾਰਡ ਦੇ ਕੇ ਕੌਮ ਦੇ ਇਤਹਾਸ ਨੂੰ ਗੰਧਲਾ ਕਰਨ ਦੇ ਯਤਨ ਕੀਤੇ ਗਏ ਹਨ। ਗਿ. ਰਣਜੋਧ ਸਿੰਘ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ, ਕਿ ਸਿਰ ਤੇ ਮੁਕਟ ਬੰਨ ਕੇ ਹਵਨ ਯੱਗ ਕਰਵਾਉਣ ਵਾਲੇ, ਟਿੱਕੇ ਲਾਉਣ ਵਾਲੇ, ਭੇਖੀ ਸਾਧਾਂ ਦੇ ਦਰਬਾਰ ਵਿਚ ਹਾਜਰੀਆਂ ਭਰਣ ਵਾਲੇ, ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋ ਫਖਰ ਏ ਕੌਮ ਦਾ ਐਵਾਰਡ ਦਿਤਾ ਗਿਆ।

ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਗਿ. ਕੇਵਲ ਸਿੰਘ ਨੇ ਇਸ ਬਾਰੇ ਕਿਹਾ, ਕਿ ਜਜਬਾਤੀ ਵਹਿਣ ਵਿਚ ਵਹਿ ਕੇ ਲਿਆ ਗਿਆ ਫੈਸਲਾ ਕੌਮ ਵਿਚ ਦੁਬਿਧਾ ਪੈਦਾ ਕਰਨ ਦਾ ਕਾਰਨ ਬਣਦਾ ਹੈ। ਇਸ ਲਈ ਚਾਹੀਦਾ ਇਹ ਹੈ ਕਿ ਇਕ ਵਿਸ਼ੇਸ਼ ਪੈਨਲ ਬਣੇ ਜੋ ਸੰਸਾਰ ਭਰ ਦੇ ਸਿੱਖਾਂ ਦੀ ਪੜਚੋਲ ਕਰੇ, ਕਿ ਉਸਨੇ ਕੌਮ ਪ੍ਰਤੀ ਕੀ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਦੀ ਘੋਖ ਕਰਕੇ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਫੈਸਲਾ ਹੋਣਾ ਚਾਹੀਦਾ ਹੈ ਕਿ ਕਿਹੜਾ ਐਵਾਰਡ ਕਿਸ ਨੂੰ ਦੇਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top