Share on Facebook

Main News Page

ਪ੍ਰਕਾਸ਼ ਬਾਦਲ ਦੀ ਫ਼ੋਟੋ ਵਾਲਾ ਸਾਈਕਲ ਲੈਣ ਤੋਂ ਇਨਕਾਰ ਕਰਨ ਵਾਲੀ ਮਨਜੀਤ ਕੌਰ ਨੂੰ ਸਿੱਖ ਜਥੇਬੰਦੀਆਂ ਨਾਇਕਾ ਵਜੋਂ ਪੇਸ਼ ਕਰ ਰਹੀਆਂ ਹਨ

ਹੁਸ਼ਿਆਰਪੁਰ, (9 ਦਿਸੰਬਰ, ਪੀ.ਐਸ.ਐਨ): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ੋਟੋ ਵਾਲਾ ਸਾਈਕਲ ਲੈਣ ਤੋਂ ਇਨਕਾਰ ਕਰਨ ਵਾਲੀ ਜ਼ਿਲ੍ਹੇ ਦੇ ਪਿੰਡ ਚੱਕੋਵਾਲ ਸ਼ੇਖਾਂ ਦੀ ਲੜਕੀ ਮਨਜੀਤ ਕੌਰ ਨੂੰ ਸਿੱਖ ਜਥੇਬੰਦੀਆਂ ਨਾਇਕਾ ਵਜੋਂ ਪੇਸ਼ ਕਰ ਰਹੀਆਂ ਹਨ। ਪਿੰਡ ਪਥਿਆਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਮਨਜੀਤ ਕੌਰ ਨੇ ਬੀਤੇ ਦਿਨ ਇਹ ਕਹਿ ਕੇ ਸਾਈਕਲ ਲੈਣ ਤੋਂ ਨਾਂਹ ਕਰ ਦਿੱਤੀ ਸੀ ਕਿ ਸਰਕਾਰ ਵੱਲੋਂ ਮਾਈ ਭਾਗੋ ਦਾ ਨਿਰਾਦਰ ਕੀਤਾ ਗਿਆ ਹੈ। ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ (ਅ) ਨੇ ਉਸ ਨੂੰ ਨਵਾਂ ਸਾਈਕਲ ਲੈ ਕੇ ਦੇਣ ਦੀ ਪੇਸ਼ਕਸ਼ ਕੀਤੀ ਹੈ, ਉਥੇ ਯੂਥ ਅਕਾਲੀ ਦਲ (ਦਿੱਲੀ) ਨੇ ਉਸ ਨੂੰ ‘ਫ਼ਖਰ-ਏ-ਕੌਮ' ਐਵਾਰਡ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਸਕੂਲ ‘ਚ ਸਾਈਕਲ ਵੰਡੇ ਜਾ ਰਹੇ ਸਨ ਤਾਂ ਮਨਜੀਤ ਕੌਰ ਬਿਨਾਂ ਸਾਈਕਲ ਲਏ ਹੀ ਘਰ ਚਲੀ ਗਈ। ਬਾਅਦ ਵਿੱਚ ਉਸ ਨੇ ਪ੍ਰਿੰਸੀਪਲ ਨੂੰ ਲਿਖੀ ਅਰਜ਼ੀ ਵਿੱਚ ਦੱਸਿਆ ਕਿ ਉਹ ਇਹ ਤੋਹਫ਼ਾ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਲਈ ਮੁੱਖ ਮੰਤਰੀ ਨੂੰ ਵੀ ਜ਼ਿੰਮੇਵਾਰ ਸਮਝਦੀ ਹੈ। ਉਸ ਨੇ ਇਹ ਵੀ ਇਤਰਾਜ਼ ਉਠਾਇਆ ਕਿ ਸਿਆਸੀ ਸ਼ਖ਼ਸੀਅਤ ਦੀ ਤਸਵੀਰ ਤਾਂ ਸਾਈਕਲ ਦੇ ਅੱਗੇ ਲਾਈ ਗਈ ਹੈ ਪਰ ਮਾਈ ਭਾਗੋ ਦਾ ਨਾਂ ਚੇਨ ਕਵਰ ਦੇ ਹੇਠਾਂ ਲਿਖਿਆ ਗਿਆ ਹੈ। ਮਨਜੀਤ ਦੀ ਮਾਤਾ ਕਰਮਜੀਤ ਕੌਰ ਤੇ ਪਿਤਾ ਗੁਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੇ ਫ਼ੈਸਲੇ ‘ਤੇ ਮਾਣ ਹੈ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਕੁਨ ਭੁਪਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖੁਦ ਮਨਜੀਤ ਨੂੰ ਸਾਈਕਲ ਭੇਟ ਕਰਨਗੇ। ਦੂਜੇ ਪਾਸੇ ਯੂਥ ਅਕਾਲੀ ਦਲ (ਦਿੱਲੀ) ਦੀ ਸੂਬਾ ਇਕਾਈ ਨੇ ਮਨਜੀਤ ਕੌਰ ਨੂੰ ‘ਫ਼ਖਰ-ਏ-ਕੌਮ' ਦਾ ਖਿਤਾਬ ਦੇਣ ਦਾ ਐਲਾਨ ਕੀਤਾ ਹੈ। ਦਲ ਖਾਲਸਾ ਆਗੂ ਗੁਰਦੀਪ ਸਿੰਘ ਕਾਲਕਟ ਨੇ ਕਿਹਾ ਕਿ ਸਹੂਲਤਾਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਵਿਦਿਆਰਥੀਆਂ ਨੂੰ ਸਿਆਸੀ ਸ਼ੋਹਰਤ ਹਾਸਲ ਕਰਨ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top