Share on Facebook

Main News Page

ਭਾਈ ਜਗਤਾਰ ਸਿੰਘ ਹਵਾਰਾ ਨਾਲ ਵਿਸ਼ੇਸ਼ ਮੁਲਾਕਾਤ

* ਕੈਪਟਨ ਅਮਰਿੰਦਰ ਸਿੰਘ ਬਾਦਲ ਨਾਲੋਂ 100 ਗੁਣਾਂ ਵਧੀਆ ਸਿੱਖ;
* ਬਾਦਲ ਨੂੰ "ਫਖਰ ਏ ਕੌਮ" ਐਵਾਡਰ ਦੇਣਾ ਜਾਇਜ ਨਹੀਂ ਸੀ;
* ਆਖਰੀ ਸਾਹ ਤੱਕ ਸਿੱਖ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਕਰਾਂਗੇ;
* ਜਿੰਦਗੀ ਵਿਚ ਨਾ ਹੀ ਕਿਸੇ ਨੂੰ ਡਰਾਇਆ ਹੈ ਅਤੇ ਨਾ ਹੀ ਕਿਸੇ ਨੂੰ ਧਮਕਾਇਆ ਹੈ;
* ਤਿਹਾੜ ਜੇਲ੍ਹ ਵਿਚ ਹਰ ਵੇਲੇ ਪੂਰੀ ਤਰ੍ਹਾਂ ਵਿਅਸਤ ਹਾਂ

ਚੰਡੀਗੜ੍ਹ, 12 ਦਸੰਬਰ (ਗੁਰਪ੍ਰੀਤ ਮਹਿਕ) : ਦਿੱਲੀ ਦੀ ਤਿਹਾੜ ਜੇਲ੍ਹਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੂੰ ਬੁੜੈਲ ਜੇਲ੍ਹਬਰੇਕ ਕਾਂਡ ਦੇ ਸਬੰਧ ਵਿੱਚ ਅੱਜ ਇੱਕ ਆਈਪੀਐਸ ਅਫਸਰ ਦੀ ਨਿਗਰਾਨੀ ਹੇਠ ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਪੁਲਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਤਹਿਤ ਅੱਜ ਇੱਥੇ ਦੀ ਚੀਫ ਜ਼ੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਿਨਾਂ ਇਸ ਕੇਸ ਦੇ ਹੋਰ ਦੋਸ਼ੀ ਗੁਰਨਾਮ ਸਿੰਘ, ਲਖਵਿੰਦਰ ਸਿੰਘ ਲੱਖਾ, ਐਚ ਪੀ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ ਜੇਲ੍ਹਸਟਾਫ਼ ਦੇ ਲੋਕਾਂ ਨੂੰ ਵੀ ਇਸ ਮੌਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਕੇਸ ਵਿੱਚ ਅੱਜ ਇੱਕ ਪੁਲਿਸ ਇੰਸਪੈਕਟਰ ਦੀਵਾਨ ਸਿੰਘ ਦੀ ਗਵਾਹੀ ਹੋਈ।ਉਕਤ ਮੁਲਜ਼ਮਾਂ ਵਲੋਂ ਜੇਲ੍ਹਵਿੱਚੋਂ ਨਿਕਲਣ ਲਈ ਬਣਾਈ ਗਈ ਸੁਰੰਗ ਪੁੱਟਣ ਲਈ ਕਥਿਤ ਤੌਰ 'ਤੇ ਵਰਤਿਆ ਗਿਆ ਸਮਾਨ ਵੀ ਸਰਕਾਰੀ ਪੱਖ ਨੇ ਅਦਾਲਤ ਵਿੱਚ ਪੇਸ਼ ਕੀਤਾ।

ਇਸ ਪੱਤਰਕਾਰ ਨੇ ਜਦੋ ਗੱਲਬਾਤ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੁੱਛਿਆ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸ ਤਰ੍ਹਾਂ ਦਾ ਸਿੱਖ ਸਮਝਦੇ ਹੋ ਤਾਂ ਭਾਈ ਹਵਾਰਾ ਨੇ ਤੁਰੰਤ ਕਿਹਾ ਕਿ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਨਾਲੋ 100 ਗੁਣਾਂ ਵਧੀਆਂ ਸਿੱਖ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਖਿਲਾਫ ਹਨ, ਪ੍ਰੰਤੂ ਵਿਅਕਤੀਗਤ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋ ਉਹ ਚੰਡੀਗੜ੍ਹ ਜੇਲ੍ਹ ਵਿਚ ਨਜਰਬੰਦ ਸਨ, ਤਾਂ ਉਨ੍ਹਾਂ ਤੇ ਇਸ ਲਈ ਸਖਤੀ ਕੀਤੀ ਗਈ ਸੀ, ਕਿਉਂਕਿ ਅਖਬਾਰਾਂ ਵਿਚ ਉਨ੍ਹਾਂ ਦਾ ਇਕ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਬਿਆਨ ਛੱਪ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਜੇਲ੍ਹ ਅਧਿਕਾਰੀ ਇੱਕ ਸੀਨੀਅਰ ਅਕਾਲੀ ਨੇਤਾ ਨੇੜੇ ਹੋਣ ਕਾਰਨ ਉਸ ਨੂੰ ਸਖਤੀ ਝੇਲਣੀ ਪਈ, ਪ੍ਰੰਤੂ ਉਨ੍ਹਾਂ ਕਦੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਵਿਚ ਹਾਲਾਤ ਚੰਡੀਗੜ੍ਹ ਨਾਲੋ ਬਿਹਤਰ ਹਨ। ਉਨ੍ਹਾਂ ਕਿਹਾ ਕਿ ਨਾ ਉਨ੍ਹਾਂ ਕੋਲ ਉਸ ਸਮੇਂ ਵਿਹਲ ਸੀ ਜਦੋ ਉਹ ਚੰਡੀਗੜ੍ਹ ਜੇਲ੍ਹ ਵਿਚ ਨਜਰਬੰਦ ਸਨ ਅਤੇ ਨਾ ਹੀ ਅੱਜ ਜਦੋ ਉਹ ਤਿਹਾੜ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਕਿਸੇ ਕੰਮ ਵਿਚ ਲੱਗੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਜੇਲਾਂ ਵਿਚ ਨਜਰਬੰਦ ਸਿੰਘ ਉਨ੍ਹਾਂ ਨੂੰ ਚਿੱਠੀਆ ਲਿੱਖਦੇ ਹਨ, ਉਹ ਇਨ੍ਹਾਂ ਚਿੱਠੀਆਂ ਦਾ ਜਵਾਬ ਵੀ ਦਿੰਦੇ ਹਨ। ਇਸ ਲਈ ਹਰ ਸਮੇਂ ਰੁੱਝੇ ਰਹਿੰਦੇ ਹਨ।

ਭਾਈ ਹਵਾਰਾ ਲਈ ਫਾਂਸੀ ਦੀ ਸਜ਼ਾ ਦੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਮੁੜ ਬਹਾਲ ਕਰਨ ਲਈ ਸੀਬੀਆਈ ਵਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਅਪੀਲ ਬਾਰੇ ਭਾਈ ਹਵਾਰਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਇਨਸਾਫ਼ ਲਈ ਲੜਾਈ ਜਾਰੀ ਰੱਖਣਗੇ। ਇਸ ਤੋਂ ਬਾਅਦ ਮੈਂ ਹੋਰ ਕਿਸੇ ਤੋਂ ਵੀ ਇਨਸਾਫ਼ ਦੀ ਮੰਗ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਕੇਸ ਲੜਣ ਲਈ ਵਕੀਲਾਂ ਦੀ ਟੀਮ ਬਣਾਉਣ ਲਈ ਮੈਂ ਅਪਣੇ ਸਮੁੱਚੇ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਿਛਲ਼ੇ ਦਿਨੀਂ ਸੰਗਰੂਰ ਦੇ ਕਿਸੇ ਵਕੀਲ ਵਲੋਂ ਇਕ ਜੱਜ ਨੂੰ ਭੇਜੇ ਗਏ ਧਮਕੀ ਪੱਤਰ ਤੇ ਉਸ ਵਕੀਲ ਨਾਲ ਮੇਰਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਉਹ ਆਪਣੀ ਜਿੰਦਗੀ ਵਿਚ ਨਾ ਹੀ ਕਿਸੇ ਨੂੰ ਕੋਈ ਧਮਕੀ ਦਿੱਤੀ ਹੈ ਅਤੇ ਨਾ ਹੀ ਕਿਸੇ ਨੂੰ ਡਰਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਡਰਾਉਣ ਧਮਕਾਉਣ ਗੁਰਮਤਿ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਜੇ ਜਾਣਬੁਝ ਕੇ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਆਖਰੀ ਸਾਹ ਤੱਕ ਸਿੱਖ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਕਰਨਗੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਫਾਂਸੀ ਹੋ ਵੀ ਗਈ ਤਾਂ ਵੀ ਉਨ੍ਹਾਂ ਨੂੰ ਕੌਈ ਗਮ ਨਹੀਂ। ਉਹ ਖੁਸ਼ੀ ਖੁਸ਼ੀ ਫਾਂਸੀ ਚੜ੍ਹਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਜਿੰਦਗੀ ਵਿਚ ਕੁਝ ਵੀ ਗਲਤ ਨਹੀਂ ਕੀਤਾ ਹੈ।

ਵਿਰਾਸਤ ਇ ਖਾਲਸਾ ਬਾਰੇ ਪੁੱਛੇ ਜਾਣ ਤੇ ਭਾਈ ਹਵਾਰਾ ਨੇ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਸੀ ਜਿਸ ਨਾਲ ਸਿੱਖ ਕੌਮ ਨੂੰ ਕੌਈ ਸੇਧ ਮਿਲ ਸਕੇ। ਜਦੋ ਉਨ੍ਹਾਂ ਨੂੰ ਸ: ਪਰਕਾਸ਼ ਸਿੰਘ ਬਾਦਲ ਨੂੰ ‘ਫਖਰ ਏ ਮੌਕ ਪੰਥ ਰਤਨ' ਐਵਾਰਡ ਦਿੱਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ: ਬਾਦਲ ਨੂੰ ਇਹ ਐਵਾਰਡ ਦੇਣਾ ਜਾਇਜ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਐਵਾਰਡ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਸਿੱਖ ਕੌਮ ਲਈ ਕਈ ਕੁਰਬਾਨੀ ਕੀਤੀ ਹੋਵੇ।

ਅਗਾਮੀ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਸਾਰੀਆਂ ਪੰਥਕ ਧਿਰਾਂ ਨੂੰ ਇੱਕਠੇ ਹੋ ਕੇ ਚੌਣ ਲੜ੍ਹਣੀ ਚਾਹੀਦੀ ਹੈ ਨਹੀਂ ਤਾਂ ਪੰਥ ਦੁਸਮਣ ਸ਼੍ਰੋਮਣੀ ਕਮੇਟੀ ਚੋਣਾਂ ਵਾਂਗ ਪੰਥ ਦੀ ਫ਼ੁੱਟ ਦਾ ਫ਼ਾਇਦਾ ਉਠਾਵੇਗੀ।
ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਉਹ ਮਾਨਸਿਕ ਤੇ ਸਰੀਰਕ ਤੌਰ 'ਤੇ ਪੁਰੀ ਤਰ੍ਹਾਂ ਫ਼ਿੱਟ ਹਨ। ਉਹ ਰੋਜ਼ਾਨਾ ਤੜਕੇ 1 ਵਜੇ ਉਠਦੇ ਹਨ, ਨਿਤਨੇਮ ਕਰਦੇ ਹਨ ਅਤੇ ਅਖ਼ਬਾਰਾਂ ਪੜ੍ਹਦੇ ਹਨ ਤੇ ਦਿਨ ਵਿੱਚ ਵੱਧ ਤੋਂ ਵੱਧ ਕਸਰਤ ਕਰਦੇ ਹਨ।

ਅੱਜ ਦੀ ਇਸ ਪੇਸ਼ੀ ਮੌਕੇ ਭਾਈ ਹਵਾਰਾ ਦੇ 70 ਸਾਲਾਂ ਮਾਤਾ ਬੀਬੀ ਨਰਿੰਦਰ ਕੌਰ, 82 ਸਾਲਾਂ ਤਾਇਆ ਦੇਵ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਤੋਂ ਬਿਨਾਂ ਭਾਈ ਭਿਓਰਾ ਦੇ ਨਜਦੀਕੀ ਸੰਬੰਧੀ; ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ, ਗੁਰਚਰਨ ਸਿੰਘ ਬਹਾਦਰਗੜ੍ਹ, ਸੰਦੀਪ ਕੌਰ, ਕੁਲਬੀਰ ਕੌਰ ਧਾਮੀ, ਬਲਜੀਤ ਸਿੰਘ ਖ਼ਾਲਸਾ, ਕੰਵਰ ਸਿੰਘ ਧਾਮੀ, ਹਰਪਾਲ ਸਿੰਘ ਸ਼ਹੀਦਗੜ੍ਹ, ਹਰਪ੍ਰੀਤ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ।

ਭਾਈ ਹਵਾਰਾ ਦੇ ਸੰਬਧੀ ਉਨ੍ਹਾਂ ਲਈ ਰੋਟੀ, ਦੁੱਧ, ਮੱਖਣੀ, ਕਪੜੇ ਆਦਿ ਵੀ ਲੈ ਕੇ ਆਏ।

ਭਾਈ ਹਵਾਰਾ ਅਤੇ ਭਾਈ ਭਿਓਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਨੂੰ ਪੇਸ਼ ਕਰਨ ਤੋ ਪਹਿਲਾਂ ਪੁਲਿਸ ਵੱਲੋ ਵਾਰ ਵਾਰ ਅਦਾਲਤ ਪਰਿਸਰ ਦੀ ਚੈਕਿੰਗ ਕੀਤੀ ਜਾ ਰਹੀ ਸੀ। ਭਾਈ ਹਵਾਰਾ ਨੇ ਅੱਜ ਨੀਲੀ ਪਗੜੀ ਪਹਿਣੀ ਸੀ ਜਦੋ ਕਿ ਭਾਈ ਂਿਭਓਰਾ ਨੇ ਪੀਲੀ ਪਗੜੀ। ਅਦਾਲਤ ਵਿਚ ਦਾਖਲ ਹੁੰਦੇ ਸਮੇਂ ਭਾਈ ਭਿਓਰਾ ਅੱਗੇ ਚੱਲ ਰਹੇ ਸਨ ਅਤੇ ਭਾਈ ਹਵਾਰਾ ਉਨ੍ਹਾਂ ਦੇ ਪਿੱਛੇ ਆ ਰਹੇ ਸਨ।

ਜਦੋ ਭਾਈ ਭਿਓਰਾ ਅਦਾਲਤ ਵਿਚ ਦਾਖਲ ਹੋਣ ਹੀ ਲੱਗੇ ਸਨ ਤਾਂ ਉਨ੍ਹਾਂ ਭਾਈ ਹਵਾਰਾ ਨੂੰ ਇੱਕ ਵਿਅਕਤੀ ਵੱਲ ਇਸ਼ਾਰਾ ਕਰਕੇ ਕੁਝ ਕਿਹਾ। ਉਸ ਮੌਕੇ ਉਨ੍ਹਾਂ ਨੂੰ ਮਿਲਣ ਵਾਲੇ ਕੁਝ ਹੋਰ ਲੋਕ ਵੀ ਉਥੇ ਮੌਜੂਦ ਸੀ, ਜਿਨ੍ਹਾਂ ਦੇ ਕਹਿਣ ਤੇ ਪੁਲਿਸ ਵਾਲਿਆਂ ਨੇ ਉਕਤ ਵਿਅਕਤੀ ਨੂੰ ਅਦਾਲਤ ਤੋ ਦੂਰ ਕਰ ਦਿੱਤਾ। ਬਾਅਦ ਵਿਚ ਜਦੋ ਭਾਈ ਹਵਾਰਾ ਅਤੇ ਭਾਈ ਭਿਓਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵਾਪਸ ਤਿਹਾੜ ਜੇਲ੍ਹ ਭੇਜਿਆ ਗਿਆ ਉਕਤ ਵਿਅਕਤੀ ਉਥੇ ਫੇਰ ਮੌਜੂਦ ਸੀ, ਪ੍ਰੰਤੂ ਉਸ ਸਮੇਂ ਉਸ ਨੂੰ ਕਿਸੇ ਨੇ ਕੁਝ ਨਾ ਕਿਹਾ। ਜਦੋ ਭਾਈ ਹਵਾਰਾ ਅਤੇ ਭਾਈ ਭਿਓਰਾ ਅਦਾਲਤ ਵਿਚ ਪੇਸ਼ ਕਰਨ ਜਾ ਰਹੇ ਸਨ ਤਾਂ ਉਥੇ ਮੌਜੂਦ ਸੰਗਤ ਨੇ ਦੋਵਾਂ ਨਾਲ ਫਤਹਿ ਸਾਂਝੀ ਕੀਤੀ।

ਸੈਕਟਰ 17 ਦੇ ਥਾਣੇ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਹਵਾਰਾਂ ਦੇ ਇੱਕ ਵਕੀਲ ਨੇ ਕਿਹਾ ਕਿ ਉਹ ਇਸ ਗੱਲ ਦੇ ਹੱਕ ਵਿਚ ਨਹੀਂ ਹਨ ਕਿ ਭਾਈ ਹਵਾਰਾ ਦੀ ਨਿੱਜੀ ਪੇਸ਼ੀ ਨਾਲ ਵੀਡੀਓ ਕਾਨਫਰੰਸ ਰਾਹੀ ਪੇਸ਼ੀ ਹੋਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਪੱਖ ਅਧੂਰੇ ਰਹਿ ਜਾਣਗੇ। ਉਨ੍ਹਾਂ ਅੱਜ ਹੌਈ ਪੇਸ਼ੀ ਦੇ ਸੰਬੰਧ ਵਿਚ ਵੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top