Share on Facebook

Main News Page

ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਪੇਸ਼ ਹੋਣ ਦੀ ਸਲਾਹ

ਮੌਜ਼ੂਦੇ ਸਮੇਂ ਸਮੁੱਚੇ ਸਿੱਖ ਸਮਾਜ ਵਿਚ ਸਭ ਤੋਂ ਵੱਧ ਭੱਖਦਾ ਮਸਲਾ ਹੈ, ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਸਬੰਧੀ ਜਾਰੀ ਹੋਏ ਆਦੇਸ਼ ਬਾਰੇ ਇਹ ਚਰਚਾ ਜੋਰਾਂ ਤੇ ਹੈ ਕਿ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਜਥੇਦਾਰਾਂ ਦੇ ਸਾਹਮਣੇ ਪੱਖ ਰੱਕਣਾ ਚਾਹੀਦਾ ਹੈ, ਕਿ ਜਾਂ ਫਿਰ ਪਹਿਲਾਂ ਛੇਕੇ ਗਏ ਸਿੱਖਾਂ ਦੀ ਤਰ੍ਹਾਂ ਹੀ ਰੁੱਖ ਅਪਨਾਉਣਾ ਚਾਹੀਦਾ ਹੈ।

ਇਸ ਸਬੰਧੀ ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ ਡੂੰਘੀ ਵੀਚਾਰ ਚਰਚਾ ਕੀਤੀ ਗਈ, ਜਿਸ ਵਿਚ ਸਭ ਪੱਖਾਂ ਨੂੰ ਵੀਚਾਰਨ ਉਪਰੰਤ ਇਹ ਫੈਸਲਾ ਹੋਇਆ, ਕਿ ਧੂੰਦਾ ਜੀ ਨੂੰ ਪੇਸ਼ ਹੋਣਾ ਚਾਹੀਦਾ ਹੈ (ਜਿਥੇ ਵੀ ਬੁਲਾਉਣ ਵਾਲੇ ਹੋਣ)। ਇਸ ਫੈਸਲੇ ਤੇ ਪਹੁੰਚਣ ਲਈ ਜਿਹੜੇ ਨੁਕਤੇ ਸਹਾਈ ਹੋਏ, ਉਨ੍ਹਾਂ ਵਿਚੋਂ ਕੁੱਝ ਹੇਠ ਲਿਖੇ ਹਨ:

  1. ਕਿਸੇ ਵੀ ਮੁਸ਼ਕਲ ਵਿਚੋਂ ਨਿਕਲਣ ਲਈ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ।

  2. ਪਿਛਲੇ ਦਿਨੀਂ ਸਿੱਖ ਮਾਰਗ ਤੇ ਅਜਰਾਵਤ ਸਿੰਘ ਦੀ ਇਹ ਵੀਚਾਰ ਬਹੁਤ ਵਧੀਆ ਸੀ ਕਿ ‘ਧੂੰਦਾ ਜੀ ਨੂੰ ਬੁਲਾਇਆ ਕਿਸ ਨੇ ਹੈ’?

  3. ਵੀਚਾਰਵਾਨ ਨੂੰ ਹਮੇਸ਼ਾਂ ਤੱਥਾਂ ਅਤੇ ਦਲੀਲ ਨਾਲ ਗੱਲ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।

  4. ਧੂੰਦਾ ਜੀ ਬਹੁਤ ਵਧੀਆ ਬੁਲਾਰੇ ਹਨ ਉਨ੍ਹਾਂ ਦਾ ਸਟੇਜ ਤੇ ਰਹਿਣਾ ਬਹੁਤ ਜ਼ਰੂਰੀ ਹੈ। ਤਾਂ ਕਿ ਪਿੰਦਰਪਾਲ ਸਿੰਘ ਵਰਗੇ ਪ੍ਰਚਾਰਕਾਂ ਅਤੇ ਬਾਬਵਾਦੀ ਸੋਚ ਨੂੰ ਟੱਕਰ ਦਿੱਤੀ ਜਾ ਸਕੇ।

  5. ਪ੍ਰੋ. ਇੰਦਰ ਸਿੰਘ ਘੱਗਾ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਾਲਾ ਫੈਸਲਾ ਕਰਨ ਤੇ ਯਕੀਨਨ ਹੀ ਨਤੀਜੇ ਵੀ ਓਹੀ ਨਿਕਲਣੇ ਹਨ।

  6. ਕਿਸੇ ਵੀ ਧਿਰ ਨੂੰ ਧੂੰਦਾ ਜੀ ਦੇ ਅਕਾਲ ਤਖ਼ਤ ਤੇ ਪੇਸ਼ ਹੋਣ ਦਾ, ਇਸ ਕਰਕੇ ਵਿਰੋਧ ਨਹੀਂ ਕਰੀ ਜਾਣਾ ਚਾਹੀਦਾ ਕਿ ਉਹ ਇਕ ਵਾਰ ਕਹਿ ਚੁੱਕੇ ਹਨ ਅਤੇ ਹੁਣ ਵਾਪਸ ਕਿਵੇਂ ਮੁੜਨ?

  7. ਸੰਗਤਾਂ ਦੀਆਂ ਭਾਵਨਾਵਾਂ ਦਰਬਾਰ ਸਾਹਿਬ ਅਤੇ ਗੁਰਬਾਣੀ ਕੀਰਤਨ ਨਾਲ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਹਨ, ਸਾਨੂੰ ਉਹਨਾਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।

  8. ਕੁੱਝ ਵੀਰਾਂ ਦਾ ਵੀਚਾਰ ਹੈ ਕਿ ਧੂੰਦਾ ਜੀ ਜੇਕਰ ਪੇਸ਼ ਹੋ ਗਏ ਤਾਂ ਅਸੀਂ ਜੰਗ ਹਾਰ ਜਵਾਂਗੇ। ਪਰ ਕੀ ਜੰਗ ਸ਼ੁਰੂ ਹੋਈ ਹੈ? (ਜੰਗ ਸ਼ੁਰੂ ਕਰਨ ਵਾਸਤੇ ਸਾਡੀ ਇਕ ਸਾਂਝੀ ਜਥੇਬੰਦੀ ਅਤੇ ਇਕ ਜਰਨੈਲ ਦਾ ਹੋਣਾ ਜ਼ਰੂਰੀ ਹੈ)

  9. ਕਿਸੇ ਮੰਜ਼ਿਲ ਤੱਕ ਪਹੁੰਚਣ ਲਈ ਲੜਾਈ ਅਤੇ ਸਮਝੌਤਾ (ਵੀਚਾਰ) ਦੋ ਪੜਾਅ ਹੁੰਦੇ ਹਨ।

  10. ਸਿੱਖਾਂ ਬਾਰੇ ਵੈਸੇ ਵੀ ਇਹ ਮਸ਼ਹੂਰ ਹੈ ਕਿ ਇਹ ਲੜ ਜਲਦੀ ਪੈਂਦੇ ਹਨ, ਪਰ ਸਮਝੌਤਾ ਕਰਨ ਵੇਲੇ ਫੇਲ ਹੋ ਜਾਂਦੇ ਹਨ।

  11. ਵਿਦਵਾਨਾਂ ਦਾ ਕਹਿਣਾ ਹੈ ਕਿ ਲੜਾਈ ਭਾਵਕਤਾ ਵਿਚੋਂ ਉਪਜਦੀ ਹੈ ਅਤੇ ਸਮਝੌਤਾ ਦਿਮਾਗ ਵਿਚੋਂ।

  12. ਆਲਾ ਸਿੰਘ ਵਾਂਗ ਖਤਰਾ ਮੁੱਲ ਲੈਣ ਤੋਂ ਡਰਦਿਆਂ ਸਮਝੌਤਾਵਾਦੀ ਹੋਣਾ ਅਤੇ ਮਾਸਟਰ ਤਾਰਾ ਸਿੰਘ ਵਾਂਗ ਭਾਵੁਕ ਹੋ ਕੇ (ਸਮਝੌਤਾ ਕਰਨ ਦੀ ਬਿਬੇਕਸ਼ੀਲਤਾ ਦੀ ਘਾਟ ਕਰਕੇ) ਲੜ ਪੈਣਾ, ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ।

  13. ਪਹਿਲਾਂ ਕੀਤੇ ਹੋਏ ਫੈਸਲਿਆਂ ਨੂੰ ਸਹੀ ਠਹਿਰਾਉਣ ਵਾਸਤੇ ਹੀ ਮੁੜ ਓਹੀ ਫੈਸਲਾ ਨਹੀਂ ਕਰ ਲੈਣਾ ਚਾਹੀਦਾ। (ਬੇਸ਼ੱਕ ਗਲਤ ਹੀ ਹੋਵੇ)

  14. ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਧੂੰਦਾ ਜੀ ਦੇ ਨਾਲ ਇਕ ਸੰਸਥਾ ਖੜੀ ਹੈ ਜੋ ਕਿ ਧੂੰਦਿਆਂ ਨੂੰ ਪੈਦਾ ਕਰਨ ਦਾ ਇਕ ਸੋਮਾ ਹੈ(ਕਿਤੇ ਅਜੇਹਾ ਤੇ ਨਹੀਂ ਕਿ ਦੁਸ਼ਮਣ ਉਸ ਸੋਮੇ ਨੂੰ ਖਤਮ ਕਰਨਾ ਚਾਹੁੰਦਾ ਹੋਵੇ)।

  15. ਕੋਈ ਵੀ ਫੈਸਲਾ ਕਰਨ ਸਮੇਂ, ਧੂੰਦਾ ਜੀ, ਆਪਣੀ ਕਨੇਡਾ ਦੀ ਫੇਰੀ ਸਮੇਂ ਦੀਵਾਨਾਂ ਵਿਚ ਜੁੜੀ ਸੰਗਤ ਨੂੰ ਵੇਖ ਕੇ ਇਹ ਭੁਲੇਖਾ ਨਾ ਖਾ ਜਾਣ ਕੇ ਇਹ ਸਭ ਮੇਰੇ ਨਾਲ ਹਨ, ਜੋ ਭੁਲੇਖਾ ਅਕਸਰ ਪ੍ਰਬੰਧਕ ਖਾ ਜਾਂਦੇ ਹਨ।

  16. ਕਿਤੇ ਕੋਈ ਧੂੰਦਾ ਜੀ ਨਾਲ ਖੜੀ ਲਹਿਰ ਨੂੰ ਆਪਣੇ ਨਾਲ ਤੇ ਨਹੀਂ ਜੋੜਨਾ ਚਾਹੁੰਦਾ? ਤਾਂ ਕਿ ਉਹ ਆਪਣੀ ਆਵਾਜ਼ ਨੂੰ ਹੋਰ ਸ਼ਕਤੀਸ਼ਾਲੀ ਬਣਾ ਸਕੇ। (ਯਾਦ ਰੱਖਿਓ! ਇਹ ਲਹਿਰ ਅਕਾਲ ਤਖ਼ਤ ਦੀ ਮਰਯਾਦਾ ਦੇ ਤਹਿਤ ਪ੍ਰਚਾਰ ਕਰਨ ਕਰਕੇ ਖੜੀ ਹੋਈ ਹੈ। ਜਿਨੀ ਜਲਦੀ ਉਭਰੀ ਹੈ ਓਨੀ ਛੇਤੀ ਪਤਨ ਵੀ ਹੋ ਸਕਦਾ ਹੈ)

  17. ਉਪਰੋਕਤ ਵੀਚਾਰਾਂ ਨੂੰ ਪੜ੍ਹ ਕੇ ਕੁੱਝ ਵੀਰ ਇਹ ਨਾ ਸੋਚਣ ਕੇ ਅਸੀਂ ਅਸੀਂ ਡਰਪੋਕ ਹਾਂ। (ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਸੱਦਾ ਦਿੱਤਾ ਸੀ ਅਤੇ ਜਲਦੀ ਹੀ ਪ੍ਰੋ. ਇੰਦਰ ਸਿੰਘ ਘੱਗਾ ਜੀ ਨੂੰ ਸਿੰਘ ਸਭਾ, ਨਿਊਜ਼ੀਲੈਂਡ ਦੀ ਸਟੇਜ 'ਤੇ ਬੁਲਾਂਵਾਂਗੇ।

  18. ਸਾਡੀ ਧਿਰ ਨੂੰ ਯੋਜਨਾ ਬਣਾ ਕੇ ਲੜਾਈ ਸ਼ੁਰੂ ਕਰਨੀ ਚਾਹੀਦੀ ਹੈ, ਜੋ ਕਿ ਅਜੇ ਨਹੀਂ ਬਣ ਸਕੀ।

  19. ਦੁਸ਼ਮਣ ਦੀ ਚਾਲ ਨੂੰ, ਇਰਾਦੇ (ਨੀਅਤ) ਨੂੰ, ਅਤੇ ਵਾਰ ਕਰਨ ਦੇ ਸਾਧਨ ਚੰਗੀ ਤਰ੍ਹਾਂ ਸਮਝ ਕੇ ਹੀ ਆਪਣਾ ਬਚਾਓ ਕਰਨਾ ਚਾਹੀਦਾ ਹੈ। ਏਹੀ ਸਾਡੀ ਪ੍ਰਾਪਤੀ ਹੋਵੇਗੀ।

  20. ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਇੰਦਰ ਸਿੰਘ ਘੱਗਾ ਜੀ ਪਹਿਲਾਂ ਹੀ ਘਰ ਬੈਠੇ ਹਨ, ਹੁਣ ਧੂੰਦਾ ਜੀ ਬਾਰੇ ਓਹੀ ਫੈਸਲਾ ਕਰਕੇ, ਉਨ੍ਹਾਂ ਨੂੰ ਵੀ ਘਰ ਬਿਠਾਉਣ ਤੋਂ ਬਾਅਦ ਕਿਸੇ ਨੇ ਸੋਚਿਆ ਹੈ, ਕਿ ਇਨ੍ਹਾਂ ਦਾ ਬਦਲ ਸਾਡੇ ਕੋਲ ਤਿਆਰ ਹੈ?

  21. ਭਗਤੀ ਲਹਿਰ ਅਤੇ ਸਿੱਖ ਲਹਿਰ ਦੇ ਫਰਕ ਨੂੰ ਅਤੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਘੋਖਣਾ ਚਾਹੀਦਾ ਹੈ।

ਅਸੀਂ ਕਿਸੇਂ ਵੀ ਸੱਜਣ ਨਾਲ ਉਪਰੋਕਤ ਵਿਸ਼ੇ ਬਾਰੇ ਵੀਚਾਰ ਕਰਨ ਲਈ ਤਿਆਰ ਹਾਂ, ਪਰ ਨਾਲ ਹੀ ਬੇਨਤੀ ਕਰਦੇ ਹਾਂ ਕਿ ਇਹ ਨਾ ਹੋਵੇ ਕੇ ਇਹ ਵੀਚਾਰਾਂ ਪੜ੍ਹਦੇ ਸਾਰ ਹੀ ਇਸ ਦੇ ਜਵਾਬ ਵਿਚ ਲੇਖ ਲਿਖਣੇ (ਸਾਡੀ ਕੁੱਤੇ ਖਾਣੀ ਕਰਨੀ) ਸ਼ੁਰੂ ਕਰ ਦਿਉ। ਘੱਟੋ-ਘੱਟ ਇਕ ਦੋ ਦਿਨ ਇਸ ਤੇ ਵੀਚਾਰ ਜ਼ਰੂਰ ਕਰ ਲੈਣਾ ਜੀ। ਕਿਉਂਕਿ ਵੈਸੇ ਵੀ ਧੂੰਦਾ ਜੀ ਕੋਲ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੋ ਕੁ ਹਫਤੇ ਹਨ।

ਹਰਨੇਕ ਸਿੰਘ, ਨਿਊਜ਼ੀਲੈਂਡ
ਫੋਨ ਨੰਬਰ 0064-272316381


ਹਰ ਇੱਕ ਨੂੰ ਆਪਣੇ ਖਿਆਲ ਪੇਸ਼ ਕਰਨ ਦੀ ਆਜ਼ਾਦੀ ਹੈ। ਖ਼ਾਲਸਾ ਨਿਊਜ਼ ਸ੍ਰ. ਹਰਨੇਕ ਸਿੰਘ ਦੇ ਵੀਚਾਰਾਂ ਦੀ ਕਦਰ ਕਰਦਾ ਹੈ, ਪਰ ਇਸ ਲੇਖ ਨਾਲ ਬਿਲਕੁਲ ਸਹਿਮਤ ਨਹੀਂ। ਜੇ ਸਪਸ਼ਟੀਕਰਨ ਦੇਣਾ ਹੈ ਹੀ ਹੈ ਤਾਂ, ਪ੍ਰੋ. ਧੂੰਦਾ ਦੇ ਚੁਕੇ ਹਨ, ਜੇ ਅਖੌਤੀ ਜਥੇਦਾਰ ਸੁਹਿਰਦ ਹੋਣ ਤਾਂ ਇਨਾਂ ਹੀ ਬਹੁਤ ਹੈ। ਪਰ, ੳਨ੍ਹਾਂ ਨੇ ਤਾਂ ਅੰਦਰ ਬੁਲਾ ਬੇਇੱਜ਼ਤ ਕਰਨਾ ਹੈ, ਬਾਹਰ ਆ ਕੇ ਪ੍ਰੋ. ਧੂੰਦਾ ਜੋ ਮਰਜ਼ੀ ਸਫਾਈ ਪੇਸ਼ ਕਰਨ, ਕੋਈ ਫਾਇਦਾ ਨਹੀਂ ਹੋਣਾ। ਜੇ ਸੱਚ ਦਾ ਮਾਰਗ ਫੜਿਆ ਹੈ ਤਾਂ, ਕਠਿਨਾਈਆਂ ਆਉਣਗੀਆਂ, ਨਹੀਂ ਤਾਂ ਪ੍ਰੋ. ਧੂੰਦਾ ਵੀ ਕਹਾਣੀਆਂ ਸੁਣਾਈ ਜਾਣ, ਐਂਵੇਂ ਲੋਕਾਂ ਦਾ ਸਮਾਂ ਤੇ ਪੈਸਾ ਕਿਉਂ ਬਰਬਾਦ ਕਰ ਰਹੇ ਨੇ। ਹੋਰ ਰਹੀ, ਪ੍ਰੋ. ਦਰਸ਼ਨ ਸਿੰਘ ਦੀ ਘਰੇ ਬੈਠਣ ਦੀ ਗੱਲ, ਲੱਗਦਾ ਹੈ ਖਾਲਸਾ ਨਿਊਜ਼ ਧਿਆਨ ਨਾਲ ਨਹੀਂ ਪੜ੍ਹਦੇ, ਆਏ ਦਿਨ ਹਿੰਦੋਸਤਾਨ ਦੇ ਕਈ ਸ਼ਹਿਰਾਂ, ਪੰਜਾਬ ਸਮੇਤ ਕਿੰਨੇ ਹੀ ਸਮਾਗਮ ਹੋਏ, ਉਸ ਘਟਨਾਕ੍ਰਮ ਤੋਂ ਬਾਅਦ ਪੂਰੇ ਵਿਸ਼ਵ ਭਰ ਦੇ ਸਿੱਖਾਂ ਵਲੋਂ ਮਿਲੇ ਹੁੰਗਾਰੇ ਤੋਂ ਕੋਈ ਅਣਜਾਣ ਨਹੀਂ। ਪਿਛਲੇ ਦੋ ਸਾਲਾਂ 'ਚ ਉਨ੍ਹਾਂ ਵਲੋਂ ਕੀਤੇ ਪ੍ਰੋਗ੍ਰਾਮਾਂ 'ਚ ਵਾਧਾ ਹੋਇਆ ਹੈ, ਕੀ ਇਹ ਹੈ ਘਰ ਬੈਠਣਾ??? ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ।

ਖੈਰ, ਖ਼ਾਲਸਾ ਨਿਊਜ਼ ਪ੍ਰੋ. ਧੂੰਦਾ ਨੂੰ ਇਹੀ ਸਲਾਹ ਦਏਗਾ, ਕਿ ਪਹਿਲਾਂ ਤਾਂ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ, ਜੇ ਦੇਣਾ ਹੀ ਹੈ ਤਾਂ ਅਕਾਲ ਤਖ਼ਤ 'ਤੇ, ਉਹ ਵੀ ਸੰਗਤ ਅਤੇ ਮੀਡੀਆ ਸਾਹਮਣੇ, ਨਾ ਕਿ ਨਪੁੰਸਕ ਅਖੌਤੀ ਜਥੇਦਾਰਾਂ ਦੇ ਸਕੱਤਰੇਤ 'ਚ। ਗੁਰੂ ਕਿਰਪਾ ਕਰੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top