Share on Facebook

Main News Page

ਲੜਾਈ ਅਕਾਲੀ-ਕਾਂਗਰਸ ਦੀ ਨਹੀਂ, ਮੁੱਖ ਮੰਤਰੀ ਦਾ ਅਹੁਦਾ ਪ੍ਰਾਪਤੀ ਦੀ ਹੈ

* ਪੰਜਾਬ ਦੇ ਵੋਟਰ, ਮੁਕਾਬਲਾ ਕਾਂਗਰਸ-ਅਕਾਲੀ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਬਨਾਮ ਮਨਪ੍ਰੀਤ ਸਿੰਘ ਬਾਦਲ ਬਨਾਮ ਸੁਖਬੀਰ ਸਿੰਘ ਬਾਦਲ ਸਮਝ ਕੇ ਆਪਣੇ ਵੋਟ ਦੀ ਵਰਤੋਂ ਕਰਨ

ਮੀਡੀਏ ਦੇ ਵੱਡੇ ਹਿੱਸੇ ਵਲੋਂ 30 ਜਨਵਰੀ 2012 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਕਾਲੀ ਦਲ (ਬਾਦਲ)-ਕਾਂਗਰਸ ਵਿਚਕਾਰ ਕਾਂਟੇ ਦੀ ਟੱਕਰ ਦੱਸਿਆ ਜਾ ਰਿਹਾ ਹੈ ਤੇ ਕਈਆਂ ਵਲੋਂ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਨੂੰ ਸ਼ਾਮਲ ਕਰਕੇ ਤਿਕੋਨੀ ਟੱਕਰ ਵੀ ਕਿਹਾ ਜਾ ਰਿਹਾ ਹੈ। ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਮੁਕਾਬਲਾ ਬੇਸ਼ੱਕ ਸਿੱਧਾ ਹੋਵੇ ਜਾਂ ਤਿਕੋਨਾ ਪੰਜਾਬ, ਪੰਥ ਤੇ ਪੰਜਾਬ ਦੇ ਅਸਲ ਵਾਰਸ ਚੋਣਾਂ ਤੋਂ ਪਹਿਲਾਂ ਤੋਂ ਹੀ ਹਾਰ ਚੁੱਕੇ ਹਨ। ਇਹੋ ਕਾਰਣ ਹੈ ਕਿ ਚੋਣਾਂ ਲੜ ਰਹੀਆਂ ਇਨ੍ਹਾਂ ਤਿੰਨਾਂ ਮੁੱਖ ਧਿਰਾਂ ਨੇ ਪੰਜਾਬ ਦੀ ਰੂਹ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਬਿਲਕੁਲ ਵਿਸਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਹੜਾ ਕਿ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਵਜੋਂ ਪੇਸ਼ ਕਰ ਰਿਹਾ ਹੈ (ਗਲਤੀ ਨਾਲ ਪੰਜਾਬ ਦੇ ਸਿੱਖ ਕਿਸਾਨ ਵੀ ਇਹ ਸਮਝ ਰਹੇ ਹਨ) ਦੀ ਤਾਂ ਸਗੋਂ ਸਭ ਤੋਂ ਵੱਧ ਗਦਾਰੀ ਸਪਸ਼ਟ ਹੋ ਚੁੱਕੀ ਹੈ।

1966 ਤੱਕ ਇਸ ਪਾਰਟੀ ਵਲੋਂ ਪੰਜਾਬੀ ਸੂਬੇ ਦੀ ਪ੍ਰਾਪਤੀ ਅਤੇ ਉਸ ਤੋਂ ਬਾਅਦ 1982 ਤੱਕ ਪੰਜਾਬ ਦੇ ਦਰਆਿਈ ਪਾਣੀਆਂ, ਪੰਜਾਬੀ ਬੋਲਦੇ ਖੇਤਰ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਕਈ ਮੋਰਚੇ ਲਾਏ ਤੇ ਜੇਲ੍ਹਾਂ ਕੱਟੀਆਂ ਪਰ ਹਰ ਵਾਰ ਕੁਰਸੀ ਦੀ ਪ੍ਰਾਪਤੀ ਤੱਕ ਗੱਲ ਮੁਕਦੀ ਰਹੀ। 1982 ਵਿੱਚ ਲੱਗੇ ਕਪੂਰੀ ਮੋਰਚੇ ਨੂੰ ਇਹ ਧਰਮਯੁੱਧ ਦਾ ਨਾਮ ਦੇ ਬੈਠੇ ਜਿਸ ਸਦਕਾ ਸੰਤ ਜਰਨੈਲ ਸਿੰਘ ਇਸ ਮੋਰਚੇ ਵਿੱਚ ਆ ਸ਼ਾਮਲ ਹੋਏ ਤੇ 1984 ਤੱਕ ਮੋਰਚੇ ਦੀ ਕਮਾਂਡ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥ ’ਚ ਆ ਗਈ। ਉਹ ਮੰਗਾਂ ਮੰਨੇ ਜਾਣ ਤੋਂ ਪਹਿਲਾਂ ਸਿਰਫ ਕੁਰਸੀ ਪ੍ਰਾਪਤੀ ਲਈ ਹੋਣ ਵਾਲੇ ਕਿਸੇ ਸਮਝੌਤੇ ਵਿੱਚ ਮੁੱਖ ਰੋੜਾ ਬਣ ਗਏ। ਇਹੋ ਕਾਰਣ ਹੈ ਕਿ ਅਕਾਲੀ ਦਲ ਹਾਈ ਕਮਾਂਡ ਵਲੋਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੀ ਦੱਸੀ ਜਾਂਦੀ ਹੈ ਕਿ ਗੱਲ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੀ ਹੈ ਤੇ ਹੁਣ ਸਥਿਤੀ ਸੰਭਾਲਣ ਲਈ ਉਹ ਕੋਈ ਵੀ ਕਾਰਵਾਈ ਕਰ ਸਕਦੀ ਹੈ। (ਅਕਾਲੀ ਆਗੂਆਂ ਦੀ ਪ੍ਰਧਾਨ ਮੰਤਰੀ ਦਫ਼ਤਰ ਨਾਲ ਚਿੱਠੀ ਪੱਤਰਾਂ ਦਾ ਹੋਇਆ ਅਦਾਨ ਪ੍ਰਦਾਨ ਹੁਣ ਬਹੁਤ ਸਾਰੀਆਂ ਪੁਸਤਕਾਂ ਵਿੱਚ ਛਪ ਜਾਣ ਕਰਕੇ ਸਭ ਦੇ ਸਾਹਮਣੇ ਆ ਚੁੱਕਾ ਹੈ)। ਇਹੋ ਕਾਰਣ ਹੈ ਕਿ ਸਾਲ 1984 ਦੌਰਾਨ ਅੰਮ੍ਰਿਤਸਰ ਤੇ ਦਿੱਲੀ ਵਿੱਚ ਵਾਪਰੀਆਂ ਦਰਦਨਾਕ ਦੋ ਵਡੀਆਂ ਘਟਨਾਵਾਂ ਨੇ ਜਿੱਥੇ ਸਿੱਖਾਂ ਦਾ ਵੱਡੇ ਪੱਧਰ ’ਤੇ ਮਾਲੀ ਤੇ ਜਾਨੀ ਨੁਕਸਾਨ ਕੀਤਾ ਉਥੇ ਨਾ ਭੁੱਲੇ ਜਾਣ ਵਾਲੇ ਡੂੰਘੇ ਮਾਨਸਿਕ ਜਖ਼ਮ ਵੀ ਕੀਤੇ। 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਇਨ੍ਹਾਂ ਰਿਸਦੇ ਜਖ਼ਮਾਂ ਨੂੰ ਕੁਰੇਦ ਕੇ ਅਕਾਲੀ ਦਲ ਵਾਰੋ ਵਾਰੀ ਸਤਾ ਦੀ ਕੁਰਸੀ ’ਤੇ ਝੂਟੇ ਲੈਣ ਵਿੱਚ ਸਫਲ ਰਹੇ ਹਨ।

ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਸਤਾ ਪ੍ਰਾਪਤੀ ਲਈ ਅਕਾਲੀ ਦਲ ਬਾਦਲ ਨੇ ਸਿਰਫ ਪੰਜਾਬ ਤੇ ਸਿੱਖਾਂ ਦੀ ਵਿਰੋਧੀ ਹੀ ਨਹੀਂ ਬਲਕਿ ਸਮੁੱਚੀਆਂ ਘੱਟ ਗਿਣਤੀਆਂ ਦੀ ਦੁਸ਼ਮਣ ਵਜੋਂ ਜਾਣੀ ਜਾਂਦੀ ਭਾਜਪਾ ਨਾਲ ਨਾਪਾਕ ਰਾਜਨੀਤਕ ਗਠਜੋੜ ਕਰ ਲਿਆ, ਜਿਸ ਨੂੰ ਇਹ ਪਤੀ-ਪਤਨੀ ਦਾ ਰਿਸ਼ਤਾ ਦੱਸ ਰਹੇ ਹਨ। ਭਾਜਪਾ ਜਿਸ ਦਾ ਪਹਿਲਾ ਨਾਮ ਜਨਸੰਘ ਸੀ ਨੇ ਅਕਾਲੀ ਦਲ ਵਲੋਂ ਲਾਏ ਸਾਰੇ ਮੋਰਚਿਆਂ ਦਾ ਜੋਰਦਾਰ ਢੰਗ ਨਾਲ ਵਿਰੋਧ ਕੀਤਾ ਤੇ ਅੱਜ ਵੀ ਉਨ੍ਹਾਂ ਮੰਗਾਂ ਦਾ ਵਿਰੋਧ ਕਰ ਰਹੇ ਹਨ। ਇਸ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਭਾਰੇ ਜਾ ਰਹੇ ਉਮੀਦਵਾਰ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਸਵੈਜੀਵਨੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ’ ਵਿੱਚ ਖ਼ੁਦ ਲਿਖਿਆ ਹੈ ਕਿ ਇੰਦਰਾ ਗਾਂਧੀ ਹਿਚਕਚਾਹਟ ਰਹੀ ਸੀ ਪਰ ਉਨ੍ਹਾਂ (ਅਡਵਾਨੀ) ਨੇ ਹੀ ਜੋਰ ਪਾ ਕੇ ਅਕਾਲ ਤਖ਼ਤ ’ਤੇ ਫੌਜੀ ਕਾਰਵਾਈ ਕਰਨ ਲਈ ਉਨਾਂ (ਇੰਦਰਾ ਗਾਂਧੀ) ਨੂੰ ਤਿਆਰ ਕੀਤਾ।

1984 ’ਚ ਹੋਈ ਇਸ ਫੌਜੀ ਕਾਰਵਾਈ, ਜਿਸ ਨੂੰ ਅਕਾਲੀ ਦਲ ਹਰ ਵਾਰ ਚੋਣਾਂ ਮੌਕੇ ਕੈਸ਼ ਕਰਵਾਉਂਦਾ ਹੈ, ਨੂੰ ਭਾਜਪਾ ਆਗੂਆਂ ਨੇ ‘ਦੇਰ ਨਾਲ ਹੋਈ ਸ਼ਲਾਘਾਯੋਗ ਕਾਰਵਾਈ’ ਦੱਸਿਆ, ਖੁਸ਼ੀ ਵਿੱਚ ਲੱਡੂ ਵੰਡੇ ਤੇ ਇੰਦਰਾ ਗਾਂਧੀ ਨੂੰ ‘ਦੁਰਗਾ’ ਦਾ ਖ਼ਿਤਾਬ ਦਿੱਤਾ। 2002 ਵਿੱਚ ਗੁਜਰਾਤ ਵਿੱਚ ਭਾਜਪਾ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਇਆ ਮੁਸਲਮਾਨਾਂ ਦਾ ਸਮੂਹਿਕ ਕਤਲੇਆਮ ਅਤੇ 2008 ਵਿੱਚ ਕਰਨਾਟਕਾ, ਉਡੀਸਾ ਵਿੱਚ ਈਸਾਈਆਂ ਵਿਰੁੱਧ ਭਾਜਪਾ ਸਰਕਾਰਾਂ ਦੌਰਾਨ ਭਾਰੀ ਜੁਲਮ ਕੀਤੇ ਗਏ ਪਰ ਗੁਰੂ ਨਾਨਕ ਦੇ ਵਾਰਸ ਕਹਾਉਣ ਵਾਲੇ ਬਾਦਲ ਦਲ ਨੇ ਮੂੰਹ ਤੱਕ ਨਹੀਂ ਖੋਲ੍ਹਿਆ ਤਾ ਕਿ ਉਨ੍ਹਾਂ ਦੀ ਮਿੱਤਰ ਭਾਜਪਾ ਦੇ ਮਨ ਨੂੰ ਕੋਈ ਠੇਸ ਨਾ ਪਹੁੰਚ ਜਾਵੇ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਉਸ ਦੇ ਮੂੰਹ ’ਤੇ ਜ਼ਾਬਰ ਕਿਹਾ ਤੇ ਇਸ ਘਟਨਾ ਨੂੰ ਜੁਲਮ ਵਿਰੁਧ ਅਵਾਜ ਉਠਾਉਣ ਦੀ ਪ੍ਰੇਰਣਾ ਦੇਣ ਲਈ ਲਿਖਿਆ: ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 722)। ਜਿਸ ਸਮੇਂ ਆਵਾਜਾਈ ਦੇ ਕੋਈ ਸਾਧਨ ਹੀ ਨਹੀਂ ਸਨ ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਮੱਕੇ ਤੱਕ ਜਾ ਕੇ ਧਰਮ ਦੇ ਬਣੇ ਠੇਕੇਦਾਰ ਕਾਜ਼ੀਆਂ ਨੂੰ ਵੰਗਾਰਿਆ ਕਿ ਜਿਨ੍ਹਾਂ ਤੋਂ ਲੁੱਟ ਦਾ ਕੁਝ ਹਿੱਸਾ ਲੈ ਕੇ ਤੁਸੀਂ ਉਨ੍ਹਾਂ ਨੂੰ ਵੱਡੇ ਧਰਮੀ ਹੋਣ ਦੇ ਅਸ਼ੀਰਵਾਦ ਦੇ ਰਹੇ ਹੋ, ਉਨ੍ਹਾਂ ਦੇ ਕਿਰਦਾਰ ਨੂੰ ਵੇਖੋ ਕਿ ਕਿਸ ਤਰ੍ਹਾਂ ਉਹ ਮਜ਼ਲੂਮਾਂ ’ਤੇ ਜ਼ੁਲਮ ਢਾਹ ਰਹੇ ਹਨ। ਇਸੇ ਤਰ੍ਹਾਂ ਹਿੰਦੂ ਧਰਮ ਦੇ ਪੁਜਾਰੀਆਂ ਤੇ ਜੋਗੀਆਂ ਨੂੰ ਵੀ ਵੰਗਾਰਿਆ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਇਸ ਤਰ੍ਹਾਂ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 662)

ਪਰ ਦੁੱਖ ਦੀ ਗੱਲ ਹੈ ਕਿ ਸਤਾ ਪ੍ਰਾਪਤੀ ਦੀ ਲਾਲਸਾ ਅਧੀਨ ਗੁਰੂ ਨਾਨਕ ਦੇ ਵਾਰਸ ਕਹਾਉਣ ਵਾਲਿਆਂ ਨੇ ਉਜਾੜੇ ਦੇ ਮੂਲ ਇਨ੍ਹਾਂ ਦੇ ਬਦਲਵੇਂ ਰੂਪ ਸੰਤ ਸਮਾਜ ਨਾਲ ਹੀ ਚੋਣ ਗੱਠਜੋੜ ਕਰ ਲਿਆ ਤੇ ਜਿਹੜੇ ਪ੍ਰਚਾਰਕ ਅਜਿਹੇ ਸ਼ਬਦਾਂ ਦੀ ਵਿਆਖਿਆ ਕਰਕੇ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਡੇਰੇਦਾਰਾਂ ਨੂੰ ਲੁਟਾਉਣ ਤੋਂ ਸੁਚੇਤ ਕਰ ਰਹੇ ਹਨ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੂੜ ਪ੍ਰਚਾਰ ਕਰਨ ਵਾਲੇ ਨਿੰਦਕ ਦਸਦਾ ਹੈ ਤੇ ਆਪਣੇ ਵਲੋਂ ਨਿਯੁਕਤ ਪੁਜਾਰੀਆਂ ਤੋਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਦੇ ਹੁਕਮਨਾਮੇ ਜਾਰੀ ਕਰਵਾ ਰਿਹਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਮ ’ਤੇ ਉਸਾਰੇ ਅਕਾਲ ਤਖ਼ਤ ’ਤੇ ਬੈਠੇ ਪੁਜਾਰੀ ਵੀ ਫਤਵੇ ਜਾਰੀ ਕਰਨ ’ਚ ਫੁਰਤੀ ਵਿਖਾ ਕੇ ‘ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕ ਗਵਾਈ।’ (ਭਾਈ ਗੁਰਦਾਸ ਜੀ ਵਾਰ 1 ਪਉੜੀ 30) ’ਤੇ ਖਰੇ ਉਤਰ ਰਹੇ ਹਨ। 2007 ਵਿੱਚ ਅਕਾਲੀ ਦਲ ਬਾਦਲ ਵਿਰੋਧੀ ਵੋਟ ਪਾਉਣ ਕਰਕੇ ਇਨ੍ਹਾਂ ਕਾਜੀਆਂ ਨੇ ਸਿਰਸੇ ਵਾਲੇ ਇੱਕ ਡੇਰੇਦਾਰ ਦਾ ਸਮਾਜਕ, ਆਰਥਕ ਅਤੇ ਰਾਜਨੀਤਕ ਬਾਈਕਾਟ ਕਰਨ ਦਾ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ। ਪਰ 15 ਜਨਵਰੀ ਨੂੰ ਇਸੇ ਦਲ ਦੇ ਵੱਡੀ ਗਿਣਤੀ ਉਮੀਦਵਾਰ ਉਸੇ ਸੌਦਾ ਸਾਧ ਅੱਗੇ ਲੇਲੜੀਆਂ ਕੱਢਣ ਗਏ। ਰੱਬੀ ਹੁਕਮ ਕਰਨ ਵਾਲੇ ਰੱਬ ਪਤਾ ਨਹੀਂ ਕਿਥੇ ਜਾ ਛੁਪੇ।

ਬੇਸ਼ੱਕ ਹੋਰਨਾਂ ਪਾਰਟੀਆਂ ਨਾਲ ਸਬੰਧਤ ਉਮੀਦਵਾਰ ਵੀ ਡੇਰੇਦਾਰ ਦੀਆਂ ਲੇਲੜੀਆਂ ਕੱਢਣ ਵਾਲਿਆਂ ਵਿੱਚ ਸ਼ਾਮਲ ਸਨ ਪਰ ਉਹ ਤਾਂ ਆਪਣੇ ਆਪ ਨੂੰ ਧਰਮਨਿਰਪੱਖ ਦੱਸਣ ਕਰਕੇ ਉਸ ਜ਼ਾਬਤੇ ਅਧੀਨ ਨਹੀਂ ਆਉਂਦੇ। ਪਰ ਜਿਹੜੇ ਧਰਮ ਤੇ ਰਾਜਨੀਤੀ ਇਕੱਠੀ ਦੱਸਦੇ ਹਨ ਤੇ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਪੰਜ ਸਿੰਘ ਸਾਹਿਬਾਨ ਦੇ ਹੁਕਮਨਾਮਿਆਂ ਨੂੰ ਰੱਬੀ ਹੁਕਮ ਦੱਸ ਕੇ ਭੋਲੇ ਸਿਖਾਂ ਨੂੰ ਗੁਮਰਾਹ ਕਰਕੇ ਆਪਣੇ ਵਿਰੋਧੀਆਂ ਵਿਰੁਧ ਭੜਕਾਉਂਦੇ ਹਨ, ਉਨ੍ਹਾਂ ਨੂੰ ਤਾਂ ਇਹ ਰੱਬ ਜੀ ਪੁੱਛਣ ਦੀ ਜ਼ੁਰਅਤ ਕਰ ਕੇ ਵੇਖਣ, ਤਾਂ ਉਨ੍ਹਾਂ ਨੂੰ ਉਸੇ ਵੇਲੇ ਆਪਣੀ ਔਕਾਤ ਦਾ ਅੰਦਾਜ਼ਾ ਲੱਗ ਜਾਵੇਗਾ। ਜਿਸ ਦੇਸ਼ ਵਿੱਚ ਕਤਲਾਂ ਤੇ ਬਲਾਤਕਾਰਾਂ ਦੇ ਸੰਗੀਨ ਜੁਰਮਾਂ ਦਾ ਸਾਹਮਣਾ ਕਰ ਰਹੇ ਡੇਰੇਦਾਰ ਦੇ ਦਰਬਾਰ ਵਿੱਚ 100 ਤੋਂ ਵੱਧ ਉਮੀਦਵਾਰ ਲੇਲੜੀਆਂ ਕਢਦਿਆਂ ਦੀ ਉਸ ਡੇਰੇ ਵਲੋਂ ਵੀਡੀਓ ਰੀਕਾਰਡਿੰਗ ਕੀਤੀ ਹੋਵੇ ਤਾਂ ਕਿ ਚੁਣੇ ਜਾਣ ਪਿੱਛੋਂ ਅੱਖਾਂ ਵਿਖਾਉਣ ਵਾਲੇ ਵਿਧਾਇਕਾਂ ਨੂੰ ਵਿਖਾ ਕੇ ਜ਼ਲੀਲ ਕੀਤਾ ਜਾ ਸਕੇ, ੳਸ ਦੇਸ਼ ਵਿੱਚ ਕਦੋਂ ਕਿਸੇ ਛਤਰਪਤੀ, ਰਣਜੀਤ ਸਿੰਘ ਜਾਂ ਫਕੀਰ ਚੰਦ ਦੇ ਪ੍ਰਵਾਰਾਂ ਨੂੰ ਇਨਸਾਫ ਮਿਲ ਸਕਦਾ ਹੈ।

1984 ਦੀਆਂ ਘਟਨਾਵਾਂ ਨੂੰ ਵੋਟ ਪ੍ਰਾਪਤੀ ਦੇ ਸਾਧਨ ਵਜੋਂ ਵਰਤਣ ਲਈ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਣ ਬਾਦਲ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉਪ੍ਰੰਤ ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਝੂਠੇ ਪਲਿਸ ਮੁਕਾਬਲੇ ਬਣਾਉਣ ਵਾਲੇ ਦੋਸ਼ੀ ਪੁਲਿਸ ਕਰਮਚਾਰੀਆਂ ਤੇ ਅਫ਼ਸਰਾਂ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਯੋਗ ਸਜਾਵਾਂ ਦਿੱਤੀਆਂ ਜਾਣਗੀਆਂ ਤੇ ਜੇਲ੍ਹਾਂ ਵਿੱਚ ਬੰਦ ਨਿਰਦੋਸ਼ ਸਿੱਖਾਂ ਨੂੰ ਰਿਹਾਅ ਕੀਤਾ ਜਾਵੇਗਾ। ਹੋਇਆ ਇਸ ਦੇ ਉਲਟ ਕਿ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ, ਹੋਏ ਸਰਕਾਰੀ ਤਸ਼ਦਦ ਦੀ ਪੜਤਾਲ ਕਰਨ ਲਈ ਪਹਿਲਾਂ ਤੋਂ ਬਣਿਆ ਗੈਰ ਸਰਕਾਰੀ ਕਮਿਸ਼ਨ ਦਾ ਵੀ ਬਾਦਲ ਸਰਕਾਰ ਬਣਨ ਉਪ੍ਰੰਤ ਭੋਗ ਪਵਾ ਦਿੱਤਾ ਗਿਆ। ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਇਨਾਮ ਵਜੋ ਤਰੱਕੀਆਂ ਦਿੱਤੀਆਂ ਤੇ ਸੇਵਾ ਮੁਕਤ ਉਪ੍ਰੰਤ ਉਨ੍ਹਾਂ ਨੂੰ ਬਾਦਲ ਦਲ ਦੀਆਂ ਟਿਕਟਾਂ ਨਾਲ ਨਿਵਾਜ਼ਿਆ ਜਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਆਲਮ ਸੈਨਾ ਦੇ ਮੁਖੀ ਦਾ ਭਾਰੀ ਵਿਰੋਧ ਹੋਣ ਕਰਕੇ ਉਸ ਦੀ ਬਜਾਏ ਉਸ ਦੀ ਪਤਨੀ ਨੂੰ ਟਿਕਟ ਦੇ ਦਿੱਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਾਰਸ ਬਣ ਬੈਠੇ ਡੇਰੇਦਾਰ ਦੀ ਇੰਨੇ ਵਿੱਚ ਹੀ ਤਸੱਲੀ ਹੋ ਗਈ ਹੈ ਕਿ ਉਹ ਇਜ਼ਹਾਰ ਆਲਮ ਦੀ ਟਿਕਟ ਕਟਾਉਣ ਵਿੱਚ ਸਫਲ ਰਿਹਾ ਹੈ। ਪਰ ਉਹ ਲੋਕਾਂ ਦੀ ਇਹ ਤਸੱਲੀ ਨਹੀਂ ਕਰਵਾ ਸਕਦਾ ਕਿ ਇਜ਼ਹਾਰ ਆਲਮ ਦੀ ਪਤਨੀ ਨੂੰ ਕਿਹੜੀ ਮੈਰਿਟ ਦੇ ਅਧਾਰ ’ਤੇ ਟਿਕਟ ਦਿੱਤੀ ਗਈ ਹੈ ਜਾਂ ਇਜ਼ਹਾਰ ਆਲਮ ਦੀ ਸੇਵਾਵਾਂ ਨੂੰ ਮੁੱਖ ਰੱਖ ਕੇ।

2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਚੋਣ ਵਾਅਦਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿੱਚ 12 ਜੁਲਈ 2004 ਨੂੰ ਪਾਸ ਕੀਤੇ ਐਕਟ “ ਫੁਨਜੳਬ ਠੲਰਮਨਿੳਟੋਿਨ ੋਡ ਅਗਰੲੲਮੲਨਟ ਅਚਟ-2004” ਦੀ ਧਾਰਾ 5, ਵਿਧਾਨ ਸਭਾ ਦੇ ਪਹਿਲੇ ਹੀ ਇਜਲਾਸ ਵਿੱਚ ਰੱਦ ਕਰ ਦਿੱਤੀ ਜਾਵੇਗੀ। ਜੇ ਬਾਦਲ ਦਲ ਪੰਜਾਬ ਦੇ ਪਾਣੀਆਂ ਦਾ ਰਾਖਾ ਹੁੰਦਾ ਤਾਂ ਉਸ ਨੂੰ ਚਾਹੀਦਾ ਸੀ ਕਿ 12 ਜੁਲਾਈ 2004 ਨੂੰ ਵਿਧਾਨ ਸਭਾ ਵਿੱਚ ਇਸ ਬਿੱਲ ’ਤੇ ਹੋਈ ਬਹਿਸ ਦੌਰਾਨ ਹੀ ਉਹ ਇਹ ਧਾਰਾ ਕਟਵਾਉਣ ਲਈ ਆਪਣਾ ਇਤਰਾਜ਼ ਦਰਜ ਕਰਵਾਉਂਦਾ। ਪਰ ਮੰਨ ਲਓ ਕਿ ਇਨ੍ਹਾਂ ਨੂੰ ਅਕਲ ਹੀ ਬਾਅਦ ਵਿੱਚ ਆਈ ਤਾਂ ਅਕਲ ਆਉਣ ਪਿੱਛੋਂ ਅਤੇ 2007 ਵਿੱਚ ਚੋਣ ਵਾਅਦਾ ਕਰਨ ਪਿੱਛੋਂ ਤਾਂ ਆਪਣੇ ਵਾਅਦੇ ’ਤੇ ਪੂਰਾ ਉਤਰਦਾ। ਪਰ ਇਹ ਤਾਂ ਇਸ ਅਹਿਮ ਮੰਗ ਨੂੰ ਦਿਲੋਂ ਹੀ ਵਿਸਾਰ ਚੁੱਕੇ ਹਨ ਤੇ ਫਿਰ ਵੀ ਇਹ ਵਾਅਦਾ ਕਰਦੇ ਨਹੀਂ ਥਕਦੇ ਕਿ ਉਨ੍ਹਾਂ ਸਾਰੇ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ।

2012 ਦੀਆਂ ਚੋਣਾਂ ਲਈ ਤਾਂ ਵੋਟਰਾਂ ਨੂੰ ਲਾਲੀ ਪੋਪ ਦੇਣ ਤੋਂ ਇਲਾਵਾ ਪੰਜਾਬ ਦੀ ਜਿੰਦ ਜਾਨ ਪਾਣੀਆਂ ਦੀ ਗੱਲ ਭੁੱਲੇ ਹੀ ਬੈਠੇ ਹਨ ਤੇ ਹਾਲੀ ਤੱਕ ਆਪਣਾ ਚੋਣ ਮੈਨੀਫੈਸਟੋ ਜਾਰੀ ਹੀ ਨਹੀਂ ਕਰ ਸਕੇ। ਪਰ ਜੇ ਕਰ ਪਾਣੀਆਂ ਦੀ ਮੰਗ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰ ਵੀ ਲੈਣ ਤਾਂ ਵੀ ਇਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੁਣ ਤੱਕ ਲਗਾਤਾਰ ਆਪਣੇ ਵਾਅਦੇ ਤੋੜ ਕੇ ਆਪਣਾ ਵਿਸ਼ਵਾਸ਼ ਗੁਆ ਬੈਠੇ ਹਨ। ਦੂਸਰੇ ਪਾਸੇ ਮੁੱਖ ਮੰਤਰੀ ਦੇ ਦੋ ਹੋਰ ਦਾਅਵੇਦਾਰਾਂ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ’ਤੇ ਆਪਣੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਿੱਚ ਇਹ ਵਾਅਦਾ ਨਾ ਕਰਨ ਦੇ ਬਾਵਯੂਦ ਵੀ ਕੁਝ ਭਰੋਸਾ ਕੀਤਾ ਜਾ ਸਕਦਾ ਹੈ ਕਿ ਲੋੜ ਪੈਣ ’ਤੇ ਉਹ ਪੰਜਾਬ ਪੱਖੀ ਸਟੈਂਡ ਲੈਣ ਦੀ ਦਲੇਰੀ ਕਰ ਜਾਣ। 2004 ’ਚ ਕੈਪਟਨ ਅਮਰਿੰਦਰ ਸਿੰਘ ਵਲੋਂ “ ਫੁਨਜੳਬ ਠੲਰਮਨਿੳਟੋਿਨ ੋਡ ਅਗਰੲੲਮੲਨਟ ਅਚਟ-2004” ਐਕਟ ਪਾਸ ਕਰਵਾਉਣਾ ਇੱਕ ਮਿਸਾਲ ਹੈ, ਕਿ ਨਾ ਉਨ੍ਹਾਂ ਕਦੀ ਇਸ ਸਬੰਧੀ ਮੋਰਚਾ ਲਾਇਆ ਸੀ; ਨਾ ਹੀ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕਰਕੇ ਵੋਟਾਂ ਵਟੋਰੀਆਂ ਸਨ; ਪਰ ਜਿਸ ਸਮੇਂ ਪੰਜਾਬ ਦਾ ਰਹਿੰਦਾ ਪਾਣੀ ਵੀ ਖੋਹਣ ਦੀ ਪੂਰੀ ਤਿਆਰੀ ਤੇ ਪ੍ਰਬੰਧ ਹੋ ਚੁੱਕਿਆ ਸੀ ਉਸ ਸਮੇਂ ਇੱਕ ਦਿਨ ਵਿੱਚ ਹੀ ਐਕਟ ਪਾਸ ਕਰਵਾ ਕੇ ਇਸ ਨੂੰ ਬਚਾ ਲਿਆ ਸੀ। ਉਸ ਸਮੇਂ ਦਾ ਸਿੰਚਾਈ ਸਕੱਤਰ ਸ਼੍ਰੀ ਕੇ.ਆਰ. ਲੱਖਨਪਾਲ ਜਿਸ ਨੇ ਅਮਰਿੰਦਰ ਸਿੰਘ ਦੇ ਕਹਿਣ ’ਤੇ ਇਸ ਐਕਟ ਦਾ ਖਰੜਾ ਆਪਣੇ ਹੱਥੀਂ ਲਿਖਿਆ ਸੀ, ਵਲੋਂ ਇੱਕ ਨਿਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸਾਫ ਤੌਰ ’ਤੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਨੇ ਦੋ ਵਾਰ ਆਗਾਜ਼ ਕੀਤਾ ਸੀ ਕਿ ਇਹ ਫੈਸਲਾ ਤੁਹਾਡੀ ਕੁਰਸੀ ਲਈ ਖਤਰਾ ਵੀ ਬਣ ਸਕਦਾ ਹੈ ਇਸ ਲਈ ਵਿਧਾਨ ਸਭਾ ’ਚ ਪੇਸ਼ ਕਰਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭਰੋਸੇ ਵਿੱਚ ਲੈ ਲਿਆ ਜਾਵੇ। ਸ਼੍ਰੀ ਲੱਖਨਪਾਲ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ ਸੀ ਕਿ ਜੇ ਉਨ੍ਹਾਂ ਵਲੋਂ ਨਾਂਹ ਕਰਨ ਪਿੱਛੋਂ ਵੀ ਐਕਟ ਪਾਸ ਕਰਵਾਇਆ ਤਾਂ ਵੀ ਠੀਕ ਨਹੀਂ ਹੋਵੇਗਾ ਇਸ ਲਈ ਪੰਜਾਬ ਦੀ ਬਿਹਤਰੀ ਲਈ ਪਿਛਲੇ ਸਮਝੌਤੇ ਰੱਦ ਕਰਵਾਏ ਬਿਨਾਂ ਹੋਰ ਕੋਈ ਚਾਰਾ ਨਹੀਂ, ਬੇਸ਼ੱਕ ਉਨ੍ਹਾਂ ਦੀ ਕੁਰਸੀ ਹੀ ਕਿਉਂ ਨਾ ਚਲੀ ਜਾਵੇ।

ਸਮੁੱਚੇ ਪੰਜਾਬ ਵਾਸੀ ਜਾਣਦੇ ਹਨ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਇਸ ਦਲੇਰੀ ਭਰੇ ਕਦਮ ਨਾਲ ਜਿੱਥੇ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਕੁਝ ਠੱਲ੍ਹ ਪਈ ਹੈ ਉਥੇ ਪੰਜਾਬ ਕਾਂਗਰਸ ਵਿੱਚ ਵੀ ਜਾਨ ਪਈ ਹੈ। ਇਹ ਵੱਖਰੀ ਗੱਲ ਹੈ ਕਿ ਕੇਂਦਰੀ ਕਾਂਗਰਸ ਵਿੱਚ ਬੈਠੀ ਪੰਜਾਬ ਵਿਰੋਧੀ ਲੌਬੀ ਕੈਪਟਨ ਨੂੰ ਇਸ ਵਿਖਾਈ ਦਲੇਰੀ ਕਾਰਣ ਖੁੱਡੇ ਲਾਈਨ ਲਾਉਣ ਦਾ ਮੌਕਾ ਹੱਥੋਂ ਜਾਣ ਨਹੀਂ ਦਿੰਦੀ। 44 ਵਿੱਚੋਂ 38 ਵਿਧਾਇਕ ਕੈਪਟਨ ਦੇ ਹੱਕ ’ਚ ਹੋਣ ਦੇ ਬਾਵਯੂਦ ਵਿਧਾਇਕ ਦਲ ਦੀ ਨੇਤਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਦੋਵੇਂ ਵਕਾਰੀ ਅਹੁੱਦੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਦੇਈ ਰੱਖੇ। ਅਖੀਰ ਜਦ ਪੰਜਾਬ ’ਚੋਂ ਕਾਂਗਰਸ ਖਤਮ ਹੁੰਦੀ ਦਿੱਸੀ ਤਾਂ ਮਜਬੂਰਨ ਕੈਪਟਨ ਨੂੰ ਪ੍ਰਧਾਨਗੀ ਦਾ ਅਹੁੱਦਾ ਦੇਣਾ ਪਿਆ ਪਰ ਫਿਰ ਵੀ ਟਿੱਕਟਾਂ ਦੇਣ ਸਮੇਂ ਕੈਪਟਨ ਦੀਆਂ ਸਿਫਾਰਸ਼ਾਂ ਨੂੰ ਦਰਕਿਨਾਰ ਕਰਕੇ ਉਨ੍ਹਾਂ ਨੂੰ ਆਪਣੀ ਮੁੱਛ ਨੀਵੀਂ ਕਰਨ ਦਾ ਸੰਦੇਸ਼ ਦਿੱਤਾ। ਦੇਸ਼ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਦਾ ਪੰਜਾਬ ਪ੍ਰਤੀ ਜੋ ਰਵਈਆ ਹੈ ਇਹ ਤਾਂ ਕਿਸੇ ਤੋਂ ਗੁੱਝਾ ਛਿਪਾ ਨਹੀਂ ਰਿਹਾ ਪਰ ਜੇ ਪੰਜਾਬ ਵਾਸੀ ਵੀ ਅਕਾਲੀ ਦਲ ਬਾਦਲ ਦੇ ਬਹਿਕਾਵੇ ਅਤੇ ਲਾਲੀ ਪੋਪ ਦੇ ਲਾਲਚਾਂ ਵਿੱਚ ਫਸ ਕੇ ਮੁੜ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਹੀ ਵੋਟ ਪਾਉਂਦੇ ਹਨ ਤਾਂ ਅੱਗੇ ਤੋਂ ਕਿਸੇ ਦਾ ਹੌਸਲਾ ਪੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਪੰਜਾਬ ਦੇ ਹੱਕਾਂ ਲਈ ਚੋਰੀ ਛਿਪੇ ਵੀ ਚੂੰ ਕਰ ਜਾਵੇ। ਜੇ ਪੰਜਾਬ ਦੇ ਰਾਖੇ ਅਕਾਲੀ ਪੰਜਾਬ ਦੀਆਂ ਮੰਗਾਂ ਨੂੰ ਭੁੱਲ ਚੁੱਕੇ ਹਨ ਤਾਂ ਕਾਂਗਰਸ ਵਿੱਚੋਂ ਹੋਰ ਕਿਹੜਾ ਮਾਈ ਦਾ ਲਾਲ ਕੈਪਟਨ ਅਮਰਿੰਦਰ ਸਿੰਘ ਦਾ ਹਸ਼ਰ ਵੇਖਣ ਉਪ੍ਰੰਤ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਕੇ ਜੋਖ਼ਮ ਮੁੱਲ ਲੈਣ ਦੀ ਸੋਚੇਗਾ?

ਸਾਨੂੰ ਯਾਦ ਰੱਖਣਾ ਪਏਗਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਇਥੇ ਸਥਿਤੀ ਇਹ ਹੈ ਕਿ ਨਹਿਰੀ ਪਾਣੀ ਦੀ ਘਾਟ ਹੋਣ ਕਰਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਰੀ ਕਰਜੇ ਚੁੱਕ ਕੇ ਟਿਊਬਵੈੱਲ ਲਾਏ ਹਨ, ਜਿਸ ਕਾਰਣ ਜਮੀਨੀ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਸਿੱਟੇ ਵਜੋਂ ਪੰਜਾਬ ਬੰਜਰ ਹੋਣ ਦੇ ਕੰਢੇ ਪਹੁੰਚ ਚੁੱਕਾ ਹੈ। ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ ਕਾਰਣ ਪੰਜਾਬ ਵਿੱਚ ਉਦਯੋਗ ਤਾਂ ਪਹਿਲਾਂ ਹੀ ਨਾਮਾਤਰ ਸੀ, ਪਰ ਜੋ ਵੀ ਸੀ ਉਹ ਵੀ ਗੁਆਂਢੀ ਸੂਬੇ ਹਿਮਾਚਲ, ਹਰਿਆਣਾ ਪ੍ਰਦੇਸ਼ ਵਿੱਚ ਜਾ ਚੁੱਕਾ ਹੈ ਤੇ ਨਵਾਂ ਕੋਈ ਵੀ ਪੰਜਾਬ ਵੱਲ ਮੂੰਹ ਕਰਨ ਲਈ ਤਿਆਰ ਨਹੀਂ ਹੈ। ਇਸ ਲਈ ਨਿਜੀ ਹਿੱਤਾਂ ਤੋਂ ਉਪਰ ਉਠ ਕੇ ਜਿਹੜਾ ਵੀ ਪੰਜਾਬ ਜਾਂ ਪੰਥ ਦਾ ਭਲਾ ਚਾਹੁੰਦਾ ਹੈ ਉਹ ਵੋਟ ਪਾਉਣ ਤੋਂ ਪਹਿਲਾਂ ਇਹ ਸੋਚਣ ਲਈ ਸਮਾਂ ਕੱਢੇ ਕਿ ਇਸ ਵੇਲੇ ਲੜਾਈ ਅਕਾਲੀ-ਕਾਂਗਰਸ ਦੀ ਨਹੀਂ ਬਲਕਿ ਮੁੱਖ ਮੰਤਰੀ ਦਾ ਅਹੁਦਾ ਪ੍ਰਾਪਤ ਕਰਨ ਦੀ ਹੈ ਤੇ ਇਸ ਦੇ ਤਿੰਨ ਉਮੀਦਵਾਰ ਹਨ-ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ। ਅਸੀਂ ਵੇਖ ਰਹੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਪਿਛਲੀਆਂ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਵਜੋਂ ਜਿਤਾਇਆ ਸੀ ਉਨ੍ਹਾਂ ਵਿੱਚੋਂ ਵੱਡਾ ਹਿੱਸਾ ਟਿਕਟ ਨਾ ਮਿਲਣ ਕਰਕੇ ਕਾਂਗਰਸ ਜਾਂ ਪੀਪੀਪੀ ਵਿੱਚ ਜਾ ਚੁੱਕਾ ਹੈ ਤੇ ਜਿਹੜੇ ਪੁਰਾਣੇ ਕਾਂਗਰਸੀ ਸਨ ਉਹ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਣ ਅਕਾਲੀ, ਪੀਪੀਪੀ ਜਾਂ ਅਜਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਹਨ। ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜਗਬੀਰ ਸਿੰਘ ਬਰਾੜ ਵਲੋਂ ਪੀਪੀਪੀ ਛੱਡ ਕੇ ਕਾਂਗਰਸ ਵਿੱਚ ਚਲੇ ਜਾਣ ’ਤੇ 20 ਦਸੰਬਰ ਨੂੰ ਬਠਿੰਡਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਵਿੱਚ, ਸ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਪਾਰਟੀ ਛੱਡਣ ਵਾਲਿਆਂ ਦੀ ਭਾਰੀ ਅਲੋਚਨਾ ਕਰਦੇ ਹੋਏ ਕਿਹਾ ਸੀ ਕਿ ਮਨਪ੍ਰੀਤ ਨੇ ਵੀ ਪਾਰਟੀ ਨਾਲ ਗਦਾਰੀ ਕੀਤੀ ਸੀ। ਉਨ੍ਹਾਂ ਕਿਹਾ ਸੀ, ਲੋਕਾਂ ਨੂੰ ਚਾਹੀਦਾ ਹੈ ਕਿਸੇ ਵੀ ਦਲ ਬਦਲੂ ਨੂੰ ਮੂੰਹ ਨਾ ਲਾਉਣ ਕਿਉਂਕਿ ਜਿਹੜੇ ਪਾਰਟੀ ਦੇ ਨਹੀ ਬਣ ਸਕੇ ਉਹ ਲੋਕਾਂ ਦੇ ਵੀ ਨਹੀਂ ਬਣਨਗੇ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਜਿਹੜੇ ਦੂਸਰੀਆਂ ਪਾਰਟੀਆਂ ਵਿੱਚੋਂ ਦਲਬਦਲੀ ਕਰਕੇ ਤੁਹਾਡੇ ਦਲ ਵਿੱਚ ਸ਼ਾਮਲ ਹੁੰਦੇ ਹਨ ਉਨ੍ਹਾਂ ਨੂੰ ਤਾਂ ਤੁਸੀਂ ਸਿਰੋਪੇ ਦੇ ਕੇ ਸਨਮਾਨਤ ਕਰਦੇ ਹੋ। ਉਨ੍ਹਾਂ ਇਸ ਤੋਂ ਇਨਕਾਰ ਕੀਤਾ ਸੀ ਕਿ ਕੋਈ ਦਲ ਬਦਲੂ ਅਕਾਲੀ ਦਲ ਵਿੱਚ ਨਹੀਂ ਆਇਆ।

ਇਹ ਸ: ਬਾਦਲ ਦਾ ਉਸ ਸਮੇਂ ਵੀ ਨੰਗਾ ਚਿੱਟਾ ਝੂਠ ਸੀ ਤੇ ਹੁਣ ਉਨ੍ਹਾਂ ਆਪਣੇ ਝੂਠ ’ਤੇ ਆਪ ਹੀ ਮੋਹਰ ਲਾ ਕੇ ਤਸਦੀਕ ਵੀ ਕਰ ਦਿੱਤਾ ਹੈ। ਇਹ ਚੇਤੇ ਰੱਖਣਯੋਗ ਹੈ ਕਿ ਬਾਦਲ ਦਲ ਵਿੱਚ ਦਲ ਬਦਲੂਆਂ ਦੀ ਗਿਣਤੀ ਤਾਂ ਬਹੁਤ ਜਿਆਦਾ ਹੈ ਪਰ ਜ਼ਿਕਰਯੋਗ ਹਸਤੀਆਂ ਵਿੱਚੋਂ ਸਾਬਕਾ ਸਪੀਕਰ ਦਰਬਾਰਾ ਸਿੰਘ ਕਾਂਗਰਸ ਚੋਂ ਦਲਬਦਲੀ ਕਰਕੇ ਅਕਾਲੀ ਟਿਕਟ ’ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਮੱਖਣ ਸਿੰਘ ਸੀਪੀਆਈ ’ਚੋਂ ਦਲਬਦਲੀ ਕਰਕੇ ਪੱਕਾ (ਹੁਣ ਬਠਿੰਡਾ ਦਿਹਾਤੀ) ਤੋਂ ਅਕਾਲੀ ਵਿਧਾਇਕ ਚੁਣੇ ਗਏ ਸਨ। ਇਹ ਵੀ ਇਸ ਸੀਟ ਤੋਂ ਕਿਸੇ ਦਲਬਦਲੂ ਦੀ ਉਡੀਕ ਵਿਚ ਬਾਦਲ ਦਲ ਨੇ ਅਖੀਰ ’ਤੇ ਜਾ ਕੇ ਆਪਣੇ ਪੁਰਾਣੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦਾ ਐਲਾਣ ਕੀਤਾ। ਸ਼ਤੁਰਾਣਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਟਿਕਟ ’ਤੇ ਹਾਰਿਆ ਮਾ: ਹਮੀਰ ਸਿੰਘ ਘੱਗਾ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਗੁਰਚਰਨ ਸਿੰਘ ਗ਼ਾਲਿਬ ਦਲਬਦਲੀ ਕਰਕੇ ਅਕਾਲੀ ਟਿਕਟ ’ਤੇ ਚੋਣ ਲੜੇ।

ਹੈਰਾਨੀ ਤਾਂ ਇਹ ਹੈ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਨੂੰ ਬਾਦਲ ਪ੍ਰਵਾਰ ਦੀ ਵਿਰਾਸਤ ਅਤੇ ਮਨਪ੍ਰੀਤ ਸਿੰਘ ਨੂੰ ਗਦਾਰ ਦੱਸਣ ਵਾਲੇ ਸ: ਬਾਦਲ ਨੇ ਇਸ ਹਲਕੇ ਤੋਂ ਵੀ ਕਾਂਗਰਸ ਟਿਕਟ ਨਾ ਮਿਲਣ ਕਰਕੇ ਨਰਾਜ਼ ਹੋਏ ਸੰਤ ਸਿੰਘ ਬਰਾੜ ਨੂੰ ਆਪਣਾ ਉਮੀਦਵਾਰ ਬਣਾ ਲਿਆ ਹੈ, ਤਾਂ ਉਹ ਕਿਹੜੇ ਮੂੰਹ ਨਾਲ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਦਾ ਗਦਾਰ ਕਹਿਣਗੇ? ਕੀ ਗਿੱਦੜਬਾਹਾ ਹਲਕੇ ਵਿੱਚ ਲੋਕਾਂ ਨੂੰ ਸੱਦਾ ਦੇਣਗੇ ਕਿ ਦਲਬਦਲੂਆਂ ਨੂੰ ਮੂੰਹ ਨਾ ਲਾਇਆ ਜਾਵੇ। ਇਹ ਵੇਰਵਾ ਦੇਣ ਤੋਂ ਮੇਰਾ ਭਾਵ ਹੈ ਕਿ ਨਾ ਤਾਂ ਕਿਸੇ ਪਾਰਟੀ ਦਾ ਹੀ ਕੋਈ ਅਸੂਲ ਹੈ ਤੇ ਨਾ ਹੀ ਚੋਣਾਂ ਲੜ ਰਹੇ ਉਮੀਦਵਾਰਾਂ ਦਾ। ਜਿਸ ਨੂੰ ਟਿਕਟ ਮਿਲ ਗਈ ਉਹ ਪਾਰਟੀ ਦਾ ਵਫ਼ਾਦਰ ਅਤੇ ਜਿਸ ਨੂੰ ਨਾ ਮਿਲੀ ਉਹ ਗਦਾਰ ਬਣਨ ਵਿੱਚ ਦੇਰ ਨਹੀਂ ਲਾਉਂਦਾ। ਫਿਰ ਪੰਜਾਬ ਦੇ ਲੋਕ ਹੀ ਕਿਉਂ ਪਾਰਟੀਆਂ ਵਿੱਚ ਬੱਝੇ ਕਿਸੇ ਪਾਰਟੀ ਨੂੰ ਦੁਸ਼ਮਣ ਤੇ ਕਿਸੇ ਨੂੰ ਮਿੱਤਰ ਮੰਨ ਕਿ ਵਾਰ ਵਾਰ ਉਸੇ ਬੰਦੇ ਦੀਆਂ ਚਿਕਨੀਆਂ ਚੋਪੜੀਆਂ ਵਿੱਚ ਆ ਕੇ ਉਸ ਨੂੰ ਸਤਾ ਦੀ ਕੁਰਸੀ ਸੌਂਪ ਕੇ ਪੰਜਾਬ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਖ਼ੁਦ ਕੋਈ ਪੰਜਾਬ ਹਿਤੂ ਪਾਰਟੀ ਬਣਾ ਕਿ ਮੁਕਾਬਲੇ ਵਿੱਚ ਆਉਂਦੇ ਪਰ ਜੇ ਹੁਣ ਤੱਕ ਨਹੀਂ ਆ ਸਕੇ ਤਾਂ ਘੱਟ ਤੋਂ ਘੱਟ ਵਾਰ ਵਾਰ ਅਜਮਾਏ ਹੋਏ ਨੂੰ ਤਾਂ ਮੁੜ ਅਜਮਾਉਣ ਦੀ ਗਲਤੀ ਨਾ ਕਰਨ ਤੇ ਮੁਕਾਬਲਾ ਕਾਂਗਰਸ-ਅਕਾਲੀ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਬਨਾਮ ਮਨਪ੍ਰੀਤ ਸਿੰਘ ਬਾਦਲ ਬਨਾਮ ਸੁਖਬੀਰ ਸਿੰਘ ਬਾਦਲ ਸਮਝ ਕੇ ਆਪਣੇ ਵੋਟ ਦੀ ਵਰਤੋਂ ਕਰਨ।

ਕਿਰਪਾਲ ਸਿੰਘ ਬਠਿੰਡਾ
ਫ਼ੋਨ (ਘਰ) 0164 2210797
(ਮੋਬ:) 98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top