*
ਸਿੱਖ-ਮੁਸਲਮਾਨਾਂ ਦੇ ਆਪਸੀ ਦੰਗੇ ਫਸਾਦ
ਕਰਵਾਉਣ ਲਈ ਇਹ ਘੱਟ ਗਿਣਤੀ ਵਿਰੋਧੀ ਕਿਸੇ ਏਜੰਸੀ ਦੀ ਕਾਰਵਾਈ ਹੋ ਸਕਦੀ
ਹੈ
* ਸੀ
ਬੀ ਆਈ ਵਲੋਂ ਨਿਰਪੱਖ ਜਾਂਚ
ਕਰਵਾਈ ਜਾਵੇ ਤਾਂ ਚਿੱਠੀ ਸਿੰਘਪੁਰਾ ਦੇ ਕੇਸ ਵਾਂਗ ਸੱਚਾਈ ਸਭ ਦੇ ਸਾਹਮਣੇ
ਆ ਸਕਦੀ ਹੈ
ਬਠਿੰਡਾ,
2 ਫਰਵਰੀ (ਕਿਰਪਾਲ ਸਿੰਘ): ਕੋਈ ਵੀ ਸੱਚਾ ਸਿੱਖ ਕੁਰਾਨ ਸ਼ਰੀਫ ਸਾੜਨ ਦੀ ਗਲਤੀ
ਨਹੀਂ ਕਰ ਸਕਦਾ।ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼
ਸਕੱਤਰ ਭਾਈ ਬਲਦੇਵ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ
ਜ਼ਿਲ੍ਹਾ ਬਠਿੰਡਾ ਪ੍ਰਧਾਨ ਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਮੁੱਖ ਪੰਚ ਭਾਈ
ਹਰਿੰਦਰ ਸਿੰਘ ਦਰਵੇਸ਼ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਦੇ
ਜ਼ਿਲਾ ਬਠਿੰਡਾ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਜ਼ਿਲ੍ਹਾ ਲੁਧਿਆਣਾ
ਦੇ ਥਾਣਾ ਡੇਹਲੋਂ ਦੇ ਪਿੰਡ ਖਟੜਾ ਚੁਹਾਰਮ ਵਿਖੇ ਸ਼ਰਾਰਤੀ ਅਨਸਰ ਵਲੋਂ
ਮੁਸਲਮਾਨ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਹਿੱਤ ਉਨ੍ਹਾਂ ਦੀ
ਪਵਿੱਤਰ ਧਾਰਮਕ ਪੁਸਤਕ ਕੁਰਾਨ ਸ਼ਰੀਫ ਸਾੜੇ ਜਾਣ ਵਾਲੀ ਮੰਦਭਾਗੀ ਘਟਨਾ ਦੀ
ਨਿੰਦਾ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਸਿੱਖ-ਮੁਸਲਮਾਨਾ ਦੇ ਆਪਸੀ ਦੰਗੇ
ਫਸਾਦ ਕਰਵਾਉਣ ਲਈ ਇਹ ਘੱਟ ਗਿਣਤੀ ਵਿਰੋਧੀ ਕਿਸੇ ਏਜੰਸੀ ਦੀ ਕਾਰਵਾਈ ਹੋ ਸਕਦੀ
ਹੈ। ਸੀਬੀਆਈ ਵਲੋਂ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਚਿੱਠੀ ਸਿੰਘਪੁਰਾ ਦੇ
ਕੇਸ ਵਾਂਗ ਸੱਚਾਈ ਸਭ ਦੇ ਸਾਹਮਣੇ ਆ ਸਕਦੀ ਹੈ।
ਅਕਾਲੀ ਆਗੂਆਂ ਨੇ ਜੰਮੂ ਕਸ਼ਮੀਰ ਦੇ ਪਿੰਡ
ਚਿੱਠੀਸਿੰਘਪੁਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਾਰਚ 2000 ਵਿੱਚ ਅਮਰੀਕਾ
ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦਾ ਜੰਮੂ ਕਸ਼ਮੀਰ ਦਾ ਦੌਰਾ ਰੱਦ ਕਰਵਾਉਣ ਅਤੇ
ਸਿੱਖ-ਮੁਸਲਮਾਨਾਂ ਵਿੱਚ ਆਪਸੀ ਨਫਰਤ ਫੈਲਾ ਕੇ ਇਨ੍ਹਾਂ ਦੋਵੇਂ ਘੱਟ ਗਿਣਤੀਆਂ
ਦੇ ਆਪਸੀ ਫਿਰਕੂ ਦੰਗੇ ਕਰਵਾਉਣ ਹਿੱਤ ਉਸ ਸਮੇਂ ਦੇ ਗ੍ਰਹਿ ਮੰਤਰੀ ਐੱਲ ਕੇ
ਅਡਵਾਨੀ ਦੀਆਂ ਹਦਾਇਤਾਂ ’ਤੇ ਕੇਂਦਰੀ ਏਜੰਸੀਆਂ ਵਲੋਂ ਭਾਰਤੀ ਫੌਜ ਰਾਹੀਂ
ਪਿੰਡ ਚਿੱਠੀ ਸਿੰਘਪੁਰਾ ਦੇ 36 ਸਿੱਖਾਂ ਦਾ ਕਤਲ ਕਰਵਾ ਦਿੱਤਾ ਤੇ ਇਸ ਦਾ
ਦੋਸ਼ ਮੁਸਲਿਮ ਖਾੜਕੂ ਜਥੇਬੰਦੀ ਲਸ਼ਕਰੇ ਤੋਇਬਾ ਸਿਰ ਮੜ ਕੇ ਕੁਝ ਦਿਨ ਬਾਅਦ
ਪਥਰੀਵਾਲ ਵਿਖੇ ਕਤਲੇਆਮ ਦੇ ਕਥਿਤ 5 ਦੋਸ਼ੀ ਅਤਿਵਾਦੀਆਂ ਨੂੰ ਇੱਕ ਮੁਕਾਬਲੇ
ਵਿੱਚ ਮਾਰ ਦੇਣ ਦਾ ਦਾਅਵਾ ਕੀਤਾ ਸੀ। ਪਰ ਸੀਬੀਆਈ ਨੇ ਆਪਣੀ ਜਾਂਚ ਵਿੱਚ ਇਹ
ਸਿੱਟਾ ਕੱਢਿਆ ਸੀ ਕਿ ਮੁਕਾਬਲੇ ਵਿੱਚ ਮਾਰੇ ਗਏ ਵਿਅਕਤੀ ਨਿਰਦੋਸ਼ ਸਨ। ਜਾਂਚ
ਏਜੰਸੀ ਨੇ ਇੱਕ ਬ੍ਰਿਗੇਡੀਅਰ ਸਣੇ ਪੰਜ ਫੌਜੀਆਂ ਖ਼ਿਲਾਫ਼ ਸਿਵਲ ਕੋਰਟ ਵਿੱਚ
ਚਾਰਜਸ਼ੀਟ ਦਾਖਲ ਕਰ ਦਿੱਤੀ ਸੀ ਪਰ ਫੌਜ ਨੇ ਇਸ ਨੂੰ ਇਸ ਬਿਨਾ ’ਤੇ ਚੁਣੌਤੀ
ਦਿੱਤੀ ਕਿ ਇਸ ਲਈ ਅਫਸਫਾ ਤਹਿਤ ਇਸਤਗਾਸਾ ਕਰਨ ਲਈ ਮਨਜੂਰੀ ਨਹੀਂ ਲਈ ਗਈ ਸੀ।
ਹੇਠਲੀਆਂ ਅਦਾਲਤਾਂ ਤੋਂ ਫੌਜ ਨੂੰ ਰਾਹਤ ਨਾ ਮਿਲਣ ਕਾਰਣ ਇਹ ਮਾਮਲਾ ਸੁਪ੍ਰੀਮ
ਕੋਰਟ ਦੇ ਵੀਚਾਰ ਅਧੀਨ ਪਿਆ ਹੈ।
ਭਾਈ ਬਲਦੇਵ ਸਿੰਘ ਸਿਰਸਾ, ਭਾਈ ਹਰਿੰਦਰ ਸਿੰਘ ਦਰਵੇਸ਼
ਅਤੇ ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਿਹਾ ਕਿ ਕੁਰਾਨ ਸ਼ਰੀਫ ਦੀ ਬੇਅਦਬੀ
ਕਰਨ ਦੇ ਤਿੰਨੇ ਦੋਸ਼ੀ ਦਰਬਾਰਾ ਸਿੰਘ ਪਿੰਡ ਕਿਲਾ ਹਾਂਸ, ਮਨਜੀਤ ਸਿੰਘ ਮਨੀ
ਪਿੰਡ ਜੀਰਖ ਅਤੇ ਜਗਜੀਤ ਸਿੰਘ ਘਲੋਟੀ ਵੱਖ ਵੱਖ ਪਿੰਡਾਂ ਦੇ ਹੋਣ ਕਰਕੇ ਇਸ
ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਹ ਕਿਸੇ ਉਚ ਪੱਧਰੀ ਏਜੰਸੀ ਦਾ ਕੰਮ
ਹੈ। ਇਨ੍ਹਾਂ ਦੇ ਨਾਵਾਂ ਨਾਲ ‘ਸਿੰਘ’ ਸ਼ਬਦ ਲੱਗੇ ਹੋਣ ਕਰਕੇ ਕਿਸੇ ਨੂੰ ਇਹ
ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਸ ਘੋਰ ਬੇਅਦਬੀ ਲਈ ਸਿੱਖ ਜਿੰਮੇਵਾਰ ਹਨ।
ਸਿੰਘਨਾਮ ਵਾਲੇ ਅਨੇਕਾਂ ਵਿਅਕਤੀ, ਸਿੱਖ ਵਿਰੋਧੀ ਡੇਰੇ ਜਿਵੇਂ ਕਿ ਸੌਦਾ ਸਾਧ,
ਆਸ਼ੂ ਤੋਸ਼, ਪਿਆਰਾ ਭਨਿਆਰਾ, ਰਾਧਾਸਵਾਮੀਆਂ, ਨਿਰੰਕਾਰੀਆਂ ਦੇ ਸ਼੍ਰਧਾਲੂ ਅਤੇ
ਆਰਐੱਸਐੱਸ/ਭਾਜਪਾ ਦੇ ਵਰਕਰ/ਆਗੂ ਹਨ। ਭਾਈ ਸਿਰਸਾ, ਭਾਈ ਦਰਵੇਸ਼ ਅਤੇ ਭਾਈ
ਖ਼ਾਲਸਾ ਨੇ ਕਿਹਾ ਕਿ ਘੱਟ ਗਿਣਤੀ ਵਿਰੋਧੀ ਇਨ੍ਹਾਂ ਏਜੰਸੀ ਵਲੋਂ ਜਦੋਂ ਕਿਸੇ
ਦੂਸਰੀ ਘੱਟ ਗਿਣਤੀ ਕੌਮ ਦੇ ਜ਼ਜ਼ਬਾਤ ਨੂੰ ਠੇਸ ਪਹੁੰਚਾਉਣ ਲਈ ਕੋਈ ਮੰਦਭਾਗੀ
ਘਟਨਾ ਕਰਵਾਉਣੀ ਹੁੰਦੀ ਹੈ ਤਾ ਉਸ ਦੇ ਖਲਨਾਇਕ ਦੀ ਭੂਮਿਕਾ ਨਿਭਾਉਣ ਲਈ ਪਾਤਰ
ਵਜੋਂ, ਸਿੱਖੀ ਸਰੂਪ ਵਾਲੇ ਅਖੌਤੀ ਸਿੰਘਾਂ ਦੀ ਹੀ ਚੋਣ ਕਰ ਲਈ ਜਾਂਦੀ ਹੈ
ਜਿਵੇਂ ਕਿ ਅੰਨਾ ਟੀਮ ਦੇ ਪ੍ਰਮੁਖ ਮੈਂਬਰ ਪ੍ਰਸ਼ਾਂਤ ਭੂਸ਼ਣ ਐਡਵੋਕੇਟ ’ਤੇ ਹਮਲਾ
ਕਰਵਾਉਣ ਲਈ ਤੇਜਿੰਦਰ ਸਿੰਘ ਬੱਗੇ ਨੂੰ ਹੀ ਮੋਹਰੇ ਵਜੋਂ ਵਰਤਿਆ ਸੀ। ਉਨ੍ਹਾਂ
ਮੰਗ ਕੀਤੀ ਕਿ ਚਿੱਠੀਸਿੰਘਪੁਰਾ ਤੇ ਪਥਰੀਵਾਲ ਕੇਸਾਂ ਦੀ ਨਵੇਂ ਸਿਰਿਓਂ ਜਾਂਚ
ਕਰਨ ਦੇ ਨਾਲ ਨਾਲ ਪਵਿੱਤਰ ਕੁਰਾਨ ਸ਼ਰੀਫ ਸਾੜੇ ਜਾਣ ਦੀ ਘਟਨਾ ਦੀ ਕਿਸੇ
ਨਿਰਪੱਖ ਏਜੰਸੀ ਤੋਂ ਪੜਤਾਲ ਕਰਵਾਈ ਜਾਵੇ ਤਾਂ ਕਿ ਸੱਚਾਈ ਸਭ ਦੇ ਸਾਹਮਣੇ ਆ
ਜਾਵੇ।