Share on Facebook

Main News Page

ਜਿਹੜਾ ਬਾਕੀ ਡੇਰੇਦਾਰਾਂ ਨੇ ਚੰਨ ਚਾੜ ਲਿਆ ਹੈ, ਪਿਪਲੀ ਵਾਲੇ ਨੀਲਧਾਰੀ ਅੰਮ੍ਰਿਤ ਛੱਕ ਕੇ ਕਿਹੜਾ ਚੰਨ ਚਾੜ੍ਹ ਲੈਣਗੇ, ਸਿਰਫ ਅੱਖੀਂ ਘੱਟਾ ਪਾਉਣ ਦੀ ਚਾਲ ਹੈ

* ਨੀਲਧਾਰੀ ਸੰਪ੍ਰਦਾਇ (ਪਿਪਲੀ ਸਾਹਿਬ) ਨਾਲ ਸਬੰਧਿਤ 525 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ
* ਸਿੱਖ ਪੰਥ ਤੋਂ ਆਕੀ ਸੰਪਰਦਾਵਾਂ ਨੂੰ ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਕਬੂਲਣ ਦਾ ਸੱਦਾ

ਥਾਈਲੈਂਡ 3 ਜਨਵਰੀ (ਰੁਪਿੰਦਰ ਸਿੰਘ ਸ਼ਾਮਪੁਰਾ)

ਵਿਦੇਸ਼ ਦੀ ਧਰਤੀ ਥਾਈਲੈਡ (ਬੈਂਕਾਕ) ਵਿਖੇ ਪਿਛਲੇ ਲੰਬੇ ਸਮੇਂ 1947 ਤੋਂ ਵੀ ਪਹਿਲਾਂ ਆਣ ਵੱਸੀਆਂ ਸਿੱਖ ਸੰਗਤਾਂ, ਜੋ ਵਧੇਰੇ ਨੀਲਧਾਰੀ ਸੰਪਰਦਾਇ ਨਾਲ ਸੰਬਧਿਤ ਹਨ, ਬਾਣੀ ਚ ਤਾਂ ਪਰਪੱਕ ਸਨ, ਪਰ ਅੰਮ੍ਰਿਤ ਦੀ ਦਾਤ ਤੋਂ ਸੱਖਣੇ ਸਨ ਨੇ ਬੀਤੇ ਦਿਨ ਬੈਂਕਾਕ ਦੀ ਧਰਤੀ ਮਹਾਰਾਜਾ ਗਾਰਡਨ ਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਅਤੇ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ (ਹੈਡ ਗ੍ਰੰਥੀ) ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਤੇ ਬਾਬਾ ਹਰਜੀਤ ਸਿੰਘ ਮਹਿਤਾ ਚੌਕ (ਯੂ.ਕੇ.) ਦੇ ਅਣਥੱਕ ਯਤਨਾਂ ਅਤੇ ਪ੍ਰੇਰਣਾ ਸਦਕਾ ਸੰਤ ਸਤਨਾਮ ਸਿੰਘ (ਮੁਖੀ) ਪਿਪਲੀ ਸਾਹਿਬ (ਕੁਰੁਕਸ਼ੇਤਰ), ਸਮੇਤ ਕਰਮ ਸਿੰਘ ਬਜਾਜ ਨੇ ਪਰਿਵਾਰਾਂ ਸਮੇਤ ਦੁਬਾਰਾ ਅਤੇ ਦੁਬਈ, ਸਿੰਘਾਪੁਰ, ਮਲੇਸ਼ੀਆ,ਅਮਰੀਕਾ, ਇੰਗਲੈਂਡ ਆਦਿ ਤੋਂ 525 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲੈ ਕੇ ਸਿੱਖ ਪੰਥ ਚ ਸ਼ਾਮਿਲ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਕਬੂਲੀ। ਅੰਮ੍ਰਿਤ ਸੰਚਾਰ ਉਪਰੰਤ ਸੰਤ ਸਤਨਾਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ, ਮਹਾਰਾਜਾ ਗਾਰਡਨ ਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਮਹਾਨ ਕਥਾ ਕੀਰਤਨ ਦਰਬਾਰ ਸਜਾਏ ਗਏ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਜੋ ਇਨ੍ਹਾਂ ਸਮਾਗਮਾਂ ਅਤੇ ਨੀਲਧਾਰੀ ਸੰਪ੍ਰਦਾਇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਇਕੱਤਰ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚਦਿਆ ਕਿਹਾ, ਕਿ ਨੀਲਧਾਰੀ ਸੰਪ੍ਰਦਾਇ ਦਾ ਅੰਮ੍ਰਿਤ ਦੀ ਦਾਤ ਲੈ ਕੇ ਸਿੱਖ ਪੰਥ ਚ ਅੱਜ ਜਨਮ ਹੋਇਆ ਹੈ, ਅਤੇ ਸਾਰੇ ਅੰਮ੍ਰਿਤ ਅਭਿਲਾਖੀ ਵਧਾਈ ਦੇ ਪਾਤਰ ਹਨ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਹਿਬ  ਨੇ ਕਿਹਾ ਕਿ ਨੀਲਧਾਰੀ ਸੰਪ੍ਰਦਾਇ ਪਹਿਲਾਂ ਬਾਣੀ ਚ ਤਾਂ ਪ੍ਰਪੱਕ ਸੀ ਪਰ ਅੱਜ ਬਾਣਾ ਧਾਰਨ ਕਰਕੇ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ ਤੇ ਖਰੇ ਉਤਰੇ ਹਨ।

ਇਸ ਮੌਕੇ ਗਿਆਨੀ ਪ੍ਰਤਾਪ ਸਿੰਘ, ਹੈਡ ਗ੍ਰੰਥੀ ਸ੍ਰੀ ਹਜੂਰ ਸਾਹਿਬ (ਨਾਂਦੇੜ) ਅਤੇ ਸਾਹਿਬ ਗਿਆਨੀ ਜਸਵਿੰਦਰ ਸਿੰਘ ਹੈਡਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੇ ਬੋਲਦਿਆਂ ਕਿਹਾ ਕਿ ਸਿੱਖੀ ਜੋੜਣ ਦਾ ਨਾਮ ਹੈ ਨਾ ਕਿ ਤੋੜਣ ਦਾ ਉਹਨਾਂ ਕਿਹਾ ਕਿ ਕੁਝ ਸਮੇਂ ਤੋਂ ਸਿੱਖ ਪੰਥ ਦੀਆਂ ਦੋਖੀ, ਕੁਝ ਅਖੌਤੀ ਏਜੰਸੀਆ ਨੇ ਸਿੱਖ ਸੰਪਰਦਾਵਾ ਨੂੰ ਗੁੰਮਰਾਹ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਤੋੜਣ ਦਾ ਯਤਨ ਕੀਤਾ ਹੈ, ਤਾਂ ਕਿ ਇਹ ਸਾਰੀਆਂ ਸੰਪ੍ਰਦਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਨਾਂ ਹੋ ਸਕਣ, ਜਿਸ ਵਿੱਚ ਉਹ ਸਫਲ ਵੀ ਹੋਏ ਹਨ, ਪਰ ਹੁਣ ਦੁਬਾਰਾ ਸਾਰੇ ਸਿੰਘ ਸਾਹਿਬਾਨਾਂ, ਤਖ਼ਤ ਸਾਹਿਬਾਂ ਵੱਲੋਂ ਸਮੂਹ ਸੰਪਰਦਾਵਾਂ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਹਨ, ਜਿਸ ਵਿੱਚੋਂ ਇਹ ਪਹਿਲੀ ਵੱਡੀ ਸਫਲਤਾ ਹੈ ਅਤੇ ਇਹ ਕੋਸ਼ਿਸ਼ਾ ਨਿਰੰਤਰ ਜਾਰੀ ਰਹਿਣਗੀਆ।

ਇਸ ਮੌਕੇ ਗਿਆਨੀ ਪ੍ਰਤਾਪ ਸਿੰਘ ਜੀ ਨੇ ਸਮੂਹ ਸਿੰਘ ਸਾਹਿਬਾਨਾਂ ਨੂੰ ਨਾਲ ਲੈ ਕੇ ਸੰਤ ਸਤਨਾਮ ਸਿੰਘ ਜੀ ਪਿਪਲੀ ਸਾਹਿਬ ਵਾਲਿਆਂ ਨੂੰ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਪੂਰਨ ਮਰਿਆਦਾ ਅਨੁਸਾਰ ਚੌਲਾ ਸਾਹਿਬ, ਸਿਰੋਪਾਓ, ਸ੍ਰੀ ਸਾਹਿਬ, ਦੁਮਾਲਾ, ਕਮਰਕੱਸਾ ਅਤੇ ਤੀਰ ਭੇਂਟ ਕਰ ਕੇ ਸਨਮਾਨਿਆ। ਇਸ ਮੌਕੇ ਸੰਤ ਕਰਮ ਸਿੰਘ ਬਜਾਜ, ਸੰਤ ਨਿਰਮਲ ਸਿੰਘ ਖਾਲਸਾ, ਬੀਬੀ ਗੁਰਨਾਮ ਕੌਰ, ਬਾਬਾ ਹਰਜਤਿ ਸਿੰਘ (ਯੂ.ਕੇ), ਮਹੰਤ ਕਰਮ ਸਿੰਘ ਯਮੁਨਾ ਨਗਰ, ਸੰਤ ਜੋਗਾ ਸਿੰਘ ਕਰਨਾਲ, ਰੁਪਿੰਦਰ ਸਿੰਘ ਸ਼ਾਮਪੁਰਾ, ਸਰਬਜੀਤ ਸਿੰਘ ਭੌਗਲ, ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ, ਤਜਿੰਦਰ ਸਿੰਘ ਟਿੱਮਾਂ ਗੰਗਾ ਨਗਰ, ਭਾਈ ਹਰਜੀਤ ਸਿੰਘ ਜੀ ਸ਼ਾਹਬਾਦ ਮਾਰਕੰਡਾ, ਸ. ਜਗਜੀਤ ਸਿੰਘ ਦਰਦੀ, ਸ. ਹਰਦੀਪ ਸਿੰਘ ਦਰਦੀ, ਸ. ਭੁਪਿੰਦਰ ਸਿੰਘ ਸਾਧੂ (ਦਿੱਲੀ), ਦਵਿੰਦਰ ਸਿੰਘ ਕੜ੍ਹਮਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਹਾਜਰ ਸਨ।ਇਸ ਮੋਕੇ ਪੰਜਾਬ ਤੋਂ ਪੰਹੁਚੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਹਰਿ ਜਸ ਕੀਰਤਨ ਸ੍ਰਵਣ ਕਰਵਾ ਕਿ ਨਿਹਾਲ ਕੀਤਾ।


ਟਿੱਪਣੀ: ਜਿਵੇਂ ਬਾਕੀ ਡੇਰੇਦਾਰ ਜਿਵੇਂ ਢੱਡਰੀਆਂ ਵਾਲਾ, ਪਿਹੋਵੇ ਵਾਲਾ, ਟਕਸਾਲੀ ਅਤੇ ਹੋਰ ਪਖੰਡੀ ਸਾਧ ਵੀ ਪੰਜਾਬ 'ਚ ਹਰ ਰੋਜ਼ ਲੱਖਾਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦੇ ਹਨ, ਪਰ ਪੰਜਾਬ ਦੇ ਪਿੰਡਾਂ 'ਚ ਨਜ਼ਰ ਮਾਰਿਆਂ ਵੀ ਕੋਈ ਪਗੜੀ ਵਾਲਾ ਨੌਜਵਾਨ ਸ਼ਾਇਦ ਹੀ ਨਜ਼ਰ ਅਵੇ, ਜੇ ਨਜ਼ਰੀਂ ਆ ਵੀ ਜਾਵੇ ਤਾਂ ਇਨ੍ਹਾਂ ਡੇਰੇਦਾਰਾਂ ਦੇ ਚੇਲੇ ਹੀ ਹੁੰਦੇ ਆ। ਤੇ ਜੇ ਇਨ੍ਹਾਂ ਪੀਪਲੀ ਵਾਲੇ ਨੀਲਧਾਰੀਆਂ ਨੇ ਵੀ ਖੰਡੇ ਦੀ ਪਾਹੁਲ ਲੈ ਲਈ ਹੈ, ਇਨ੍ਹਾਂ ਕੋਈ ਚੱਜ ਦਾ ਕੰਮ ਥੋੜੇ ਹੀ ਕਰਨਾ ਹੈ, ਇਹ ਸਿਰਫ ਇਕ ਹੋਰ ਚਾਲ ਹੈ, ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top