Share on Facebook

Main News Page

"ਫਖ਼ਰ ਏ ਕੌਮ" ਦਾ ਅਖੌਤੀ ਪੰਥਕ ਚਿਹਰਾ ਹੋਇਆ ਨੰਗਾ: ਬਾਬਾ ਬਲਜੀਤ ਸਿੰਘ ਦਾਦੂਵਾਲ

ਤਲਵੰਡੀ ਸਾਬੋ 5 ਫਰਵਰੀ (ਰਣਜੀਤ ਸਿੰਘ ਰਾਜੂ) ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਮੁੱਠੀ ਭਰ ਵੋਟਾਂ ਦੀ ਖਾਤਿਰ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਸਮੂੰਹ ਸਿੱਖ ਜਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਕੇਸ ਨੂੰ ਵਾਪਿਸ ਲੈਣ ਲਈ ਅਰਜ਼ੀ ਦਾਖਿਲ ਕਰਨ ਨਾਲ ਅਕਾਲੀ ਸਰਕਾਰ ਦਾ ਅਖੌਤੀ ਪੰਥਕ ਚਿਹਰਾ ਬੇਨਕਾਬ ਹੋ ਗਿਆ ਹੈ। ਭਾਵੇਂ ਕਿ ਇਨ੍ਹਾਂ ਦੀਆਂ ਸਿੱਖ ਪੰਥ ਨਾਲ ਕੀਤੀਆਂ ਗਈਆਂ ਵਧੀਕੀਆਂ ਪਹਿਲਾਂ ਵੀ ਜੱਗ ਜ਼ਾਹਿਰ ਹਨ ਪਰ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂਆਂ ਵੱਲੋਂ ਡੇਰਾ ਪ੍ਰੇਮੀਆਂ ਦੀਆਂ ਚੰਦ ਵੋਟਾਂ ਲਈ ਸਮੁੱਚੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਦੇ ਕੀਤੇ ਗਏ ਸੌਦੇ ਦੀ ਘਟਨਾ ਨੇ ਸਮੁੱਚੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ । ਉਕਤ ਵਿਚਾਰਾਂ ਦਾ ਪ੍ਰਗਟਾਵਾ ਡੇਰਾ ਸਿਰਸਾ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਪੰਥਕ ਸੇਵਾ ਲਹਿਰ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਜਾਰੀ ਪ੍ਰੈਂਸ ਬਿਆਨ ਰਾਹੀਂ ਕੀਤਾ।

ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੇ ਰੱਜ ਕੇ ਸਿੱਖ ਭਾਵਨਾਵਾਂ ਭੜਕਾਈਆਂ, ਉਸੇ ਦੀ ਲਾਈ ਅੱਗ ਵਿੱਚ ਸਿੱਖਾਂ ਦੇ ਪੰਜ ਨੌਜਵਾਨ ਵੀ ਸ਼ਹੀਦ ਹੋ ਗਏ, ਕਿੰਨੇ ਬੇਦਸ਼ਿਆਂ ਨੂੰ ਡੇਰਾ ਮੁਖੀ ਦੇ ਸਿਰਫ ਪੁਤਲੇ ਫੂਕੇ ਜਾਣ ਕਾਰਨ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ, ਕਈਆਂ ਦੇ ਕੇਸ ਚੱਲ ਰਹੇ ਹਨ। ਪਰ ਇਸ ਸਭ ਕਾਸੇ ਦੇ ਜਿੰਮੇਵਾਰ ਸੌਦਾ ਸਾਧ ਨੂੰ ਕਿਸ ਬਿਨਾਹ ਤੇ ਮਾਫੀ ਦਿੱਤੀ ਜਾ ਰਹੀ ਹੈ । 17 ਮਈ 2007 ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਤੇ ਉਸਦੇ ਚੇਲਿਆਂ ਖਿਲਾਫ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ ਪ੍ਰੰਤੂ ਅਕਾਲੀ ਆਗੂਆਂ ਨੇ ਸਮੇਂ ਸਮੇਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦਿਆਂ ਡੇਰਾ ਮੁਖੀ ਨੂੰ ਸ਼ਹਿ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਦੀਆਂ ਵੋਟਾਂ ਲੈਣ ਖਾਤਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੌਦਾ ਸਾਧ ਤੋਂ ਕੇਸ ਵਾਪਿਸ ਲੈਣ ਦੀ ਪ੍ਰਕ੍ਰਿਆ ਸ਼ੁਰੂ ਕਰ ਦੇਣ ਨਾਲ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਤੋਂ ਪੰਥ ਰਤਨ ਅਤੇ ਫਖ਼ਰ ਏ ਕੌਮ ਵਰਗੇ ਖਿਤਾਬਾਂ ਨਾਲ ਨਿਵਾਜੇ ਪ੍ਰਕਾਸ਼ ਸਿੰਘ ਬਾਦਲ ਦੀ ਪੰਥ ਪ੍ਰਤੀ ਘਟੀਆ ਸੋਚ ਅਤੇ ਸੌਦਾ ਸਾਧ ਪ੍ਰਤੀ ਹੇਜ ਨੰਗਾ ਹੋ ਚੁੱਕਾ ਹੈ।

ਸੰਤ ਦਾਦੂਵਾਲ ਨੇ ਕਿਹਾ ਕਿ ਉਹ ਡੇਰਾ ਮੁਖੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਜਾ ਰਹੀ ਇਸ ਪ੍ਰਕ੍ਰਿਆ ਦਾ ਡਟ ਕੇ ਵਿਰੋਧ ਕਰਦੇ ਹਨ ਅਤੇ ਇਸ ਸਬੰਧੀ ਪੰਥ ਦਰਦੀ, ਸੰਤ ਮਹਾਂਪੁਰਖਾਂ ਅਤੇ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ ਸੱਦ ਕੇ ਜਲਦੀ ਹੀ ਅਗਲਾ ਪ੍ਰੋਗਰਾਮ ਉਲੀਕਣਗੇ। ਅਜਿਹੇ ਸਮੇਂ ਕੌਮ ਦੀ ਰਹਿਨੁਮਾਈ ਦੀ ਜਿੰਮੇਵਾਰੀ ਨਿਭਾਉਂਦਿਆਂ ਹੋਇਆਂ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਕੌਮ ਦੀਆਂ ਭਾਵਨਾਵਾਂ ਸਮਝਦੇ ਹੋਏ ਜਥੇਦਾਰ ਅਕਾਲੀ ਫੂਲਾ ਸਿੰਘ ਵਾਲਾ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ । ਅਸੀਂ ਸੌਧਾ ਸਾਧ ਵਿਰੁੱਧ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰਵਾਉਣ ਵਾਲੇ ਸ: ਰਾਜਿੰਦਰ ਸਿੰਘ ਸਿੱਧੂ ਬਠਿੰਡਾ ਦਾ ਧੰਨਵਾਦ ਕਰਦੇ ਹਾਂ । ਉਹ ਇਸ ਕੇਸ ਸਬੰਧੀ ਕਿਸੇ ਵੀ ਪ੍ਰਕਾਰ ਦਾ ਦਬਾਅ ਨਾ ਮੰਨਣ । ਸਮੁੱਚੀਆਂ ਸਿੱਖ ਸੰਗਤਾਂ ਉਨ੍ਹਾਂ ਦੇ ਨਾਲ ਹਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top