Share on Facebook

Main News Page

ਮਨਜੀਤ ਸਿੰਘ ਕਲਕੱਤਾ ਵਲੋਂ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋਂ ਡੇਰਾ ਸੱਚਾ ਸੌਦਾ ਦਾ ਰਾਜਨੀਤਕ ਵਿੰਗ ਬੰਦ ਕਰਾਉਣ ਦੀ ਕੀਤੀ ਗਈ ਮੰਗ ਦਾ ਭਰਪੂਰ ਸਮੱਰਥਨ

ਅੰਮ੍ਰਿਤਸਰ, 6 ਫਰਵਰੀ: ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋਂ ਡੇਰਾ ਸੱਚਾ ਸੌਦਾ ਦਾ ਰਾਜਨੀਤਕ ਵਿੰਗ ਬੰਦ ਕਰਾਉਣ ਦੀ ਕੀਤੀ ਗਈ ਮੰਗ ਦਾ ਭਰਪੂਰ ਸਮੱਰਥਨ ਕਰਦਿਆਂ, ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ, ਕਿ ਉਹ ਜਥੇਦਾਰ ਨੰਦਗੜ ਦੇ ਇਸ ਸੁਝਾਅ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਂਝੇ ਤੌਰ ਤੇ ਰਣਨੀਤੀ ਤਿਆਰ ਕਰਨ। ਸ੍ਰ: ਕਲਕੱਤਾ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਵਕਤ ਅਖੌਤੀ ਧਾਰਮਿਕ ਡੇਰਿਆਂ ਦਾ ਇੱਕ ਹੜ ਵਹਿ ਰਿਹਾ ਹੈ, ਅਤੇ ਇਨ੍ਹਾਂ ਡੇਰਿਆਂ ਦੇ ਆਪੂੰ ਬਣੇ ਮੁੱਖੀ ਪਹਿਲਾਂ ਤਾਂ ਸਧਾਰਨ ਲੋਕਾਂ ਨੂੰ ਧਰਮ ਮਾਰਗ ਤੇ ਤੋਰਨ ਦੇ ਨਾਮ ਤੇ ਵਰਗਲਾਉਂਦੇ ਹਨ ਅਤੇ ਫਿਰ ਆਪਣੇ ਸੌੜੇ ਹਿੱਤਾਂ ਲਈ ਰਾਜਨੀਤਕ ਪਾਰਟੀਆਂ ਨਾਲ ਸੌਦੇਬਾਜੀਆਂ ਕਰਦੇ ਹਨ। ਸ੍ਰ: ਕਲਕੱਤਾ ਨੇ ਕਿਹਾ ਕਿ ਪੰਜਾਬ ਵਿੱਚ ਡੇਰਾ ਸੱਚਾ ਸੌਦਾ, ਆਸ਼ੂਤੋਸ਼ੀਏ ਅਤੇ ਭਨਿਆਰੇਵਾਲੀਏ ਦੇ ਵੱਧ ਰਹੇ ਤੰਤਰ ਜਾਲ ਨੇ ਜਿੱਥੇ ਆਮ ਲੋਕਾਂ ਵਿੱਚ ਧਰਮ ਪ੍ਰਤੀ ਦੁਬਿਧਾ ਪੈਦਾ ਕਰ ਦਿੱਤੀ ਹੈ, ਉਥੇ ਸਾਫ ਸੁਥਰੀ ਅਤੇ ਲੋਕਹਿੱਤੂ ਸਿਆਸਤ ਨੂੰ ਵੀ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਅਖੌਤੀ ਡੇਰੇਦਾਰ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਅਤੇ ਕੁੱਝ ਮੌਕਾਪ੍ਰਸਤ ਰਾਜਸੀ ਪਾਰਟੀਆਂ ਲਈ ਇਨ੍ਹਾਂ ਦਾ ਲਾਹਾ ਲੈਣ ਵਿੱਚ ਪਿੱਛੇ ਨਹੀਂ ਹਨ।

ਸ੍ਰ: ਕਲਕੱਤਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਅਖੌਤੀ ਮੁੱਖੀ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੁਸ਼ਾਕ ਦਾ ਸਵਾਂਗ ਰਚਾਏ ਜਾਣ ਉਪਰੰਤ ਸਾਲ 2007 ਵਿੱਚ ਸਭ ਤੋਂ ਪਹਿਲਾਂ ਬਾਦਲ ਦਲ ਨੇ ਹੀ ਡੇਰੇ ਖਿਲਾਫ ਹੁਕਮਨਾਮਾ ਜਾਰੀ ਕਰਵਾਉਣ ਲਈ ਗੁਹਾਰ ਲਗਾਈ ਸੀ, ਲੇਕਿਨ ਸਾਲ 2009 ਵਿੱਚ ਲੋਕ ਸਭਾ ਚੋਣਾਂ ਸਮੇਂ ਇਸ ਡੇਰੇ ਵੱਲੋਂ ਸਮੱਰਥਨ ਮਿਲਣ ਅਤੇ ਪਾਰਟੀ ਉਮੀਦਵਾਰਾਂ ਦੀ ਜਿੱਤ ਉਪਰੰਤ ਇਸ ਡੇਰੇ ਦੇ ਕੂੜ ਪ੍ਰਚਾਰ ਨੂੰ ਸਰਕਾਰੀ ਸੁਰੱਖਿਆ ਹੇਠ ਚੱਲਣ ਦਾ ਪ੍ਰਬੰਧ ਕੀਤਾ ਗਿਆ। ਸ੍ਰ: ਕਲਕੱਤਾ ਨੇ ਕਿਹਾ ਕਿ 30 ਜਨਵਰੀ 2012 ਨੂੰ ਪਈਆਂ ਵੋਟਾਂ ਲਈ ਜਿੱਥੇ ਪੰਜਾਬ ਭਰ ਦੇ ਲੋਕ ਅਤੇ ਸਿਆਸੀ ਆਗੂ ਇਸ ਅਖੌਤੀ ਡੇਰੇ ਦੇ ਰਾਜਨੀਤਕ ਵਿੰਗ ਵੱਲ ਵੇਖਦੇ ਰਹੇ, ਉਥੇ ਬਾਦਲ ਦਲ ਦੀ ਹਮਾਇਤ ਪ੍ਰਾਪਤ ਅਖੌਤੀ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਨੇ ਸੂਬੇ ਦੇ ਵੋਟਰਾਂ ਨੂੰ ਬਾਦਲ ਦਲ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਵਾਲੇ ਇਸ਼ਤਿਹਾਰ ਛਪਵਾ ਕੇ ਸਿੱਧ ਕਰ ਦਿੱਤਾ ਕਿ ਇਨ੍ਹਾਂ ਡੇਰਿਆਂ ਦਾ ਧਰਮ ਨਾਲ ਘੱਟ ਅਤੇ ਸਿਆਸਤ ਨਾਲ ਜਿਆਦਾ ਪਿਆਰ ਤੇ ਵਾਸਤਾ ਹੈ। ਉਨ੍ਹਾਂ ਕਿਹਾ ਕਿ 27 ਜਨਵਰੀ 2012 ਨੂੰ ਡੇਰੇ ਖਿਲਾਫ ਚਲਦਾ ਕੇਸ ਵਾਪਸ ਲੈਣ ਲਈ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਪਹਿਲਕਦਮੀ ਵੀ ਸੂਬੇ ਦੀ ਸੱਤਾ ਤੇ ਕਾਬਜ ਬਾਦਲ ਦਲ ਦੀ ਸੌੜੀ ਅਤੇ ਮੌਕਾਪ੍ਰਸਤ ਸਿਆਸਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਧਰਮ ਸਿਧਾਂਤਾਂ ਤੋਂ ਕੌਰੇ ਡੇਰਿਆਂ ਨੂੰ ਵੋਟ ਰਾਜਨੀਤੀ ਤੋਂ ਪਰੇ ਨਾ ਕੀਤਾ ਗਿਆ ਤਾਂ ਸੂਬੇ ਦੀ ਸ਼ਾਂਤੀ ਕਿਸੇ ਸਮੇਂ ਵੀ ਭੰਗ ਹੋ ਸਕਦੀ ਹੈ। ਸ੍ਰ: ਕਲਕੱਤਾ ਨੇ ਅਪੀਲ ਕੀਤੀ ਕਿ ਪੰਜਾਬ ਦੇ ਅਖੌਤੀ ਡੇਰਿਆਂ ਵਿੱਚ ਵੱਧ ਰਹੀ ਸਿਆਸਤ ਦੇ ਮਾਰੂ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਹਮਖਿਆਲੀ ਪਾਰਟੀਆਂ ਨੂੰ ਇਕੱਠੇ ਹੋ ਕੇ ਹੰਬਲਾ ਮਾਰਨਾ ਚਾਹੀਦਾ ਹੈ।

ਜਾਰੀ ਕਰਤਾ
ਨਰਿੰਦਰਪਾਲ ਸਿੰਘ
98553 13236


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top