Share on Facebook

Main News Page

ਅਖੌਤੀ ਅਕਾਲ ਤਖ਼ਤ ਜਾਂ ਹਉਏ ਦਾ ਡਰ!

6 ਫਰਵਰੀ 2012 ਦੇ ਰੋਜ਼ਾਨਾ ਸਪੋਕਸਮੈਨ ਦੀ ਸੁਰਖੀਆਂ ਵਿਚ ਛਪੀ ਖਬਰ ਪ੍ਰੋ. ਧੂੰਦਾ ਵਲੋ ਅਕਾਲ ਤਖ਼ਤ ਸਾਹਿਬ ਵਿਚ ਪੇਸ਼ ਹੋਣ ਦਾ ਮਸਲਾ, ਪੱਤਰ ਮੁੱਖ ਸੇਵਾਦਾਰ ਨੂੰ ਭੇਜਿਆ ਨੇ ਮੈਨੂੰ ਇਸ ਲੇਖ ਲਈ ਪ੍ਰੇਰਿਤ ਕੀਤਾ। ਮੇਰਾ ਇਕ ਲੇਖ ਪੁਆੜੇ ਦੀ ਜੜ੍ਹ ਪ੍ਰਿਥਮ ਭਗੌਤੀ ਹੀ ਹੈ ਜੋ ਕਿ 03 ਮਾਰਚ 2010 ਰੋਜ਼ਾਨਾ ਸਪੋਕਸਮੈਨ ਦੇ ਸਤਰੰਗੀ ਭਾਗ ਵਿਚ ਛਪਿਆ ਸੀ, ਉਸ ਵਿਚ ਵੀ ਮੈਂ ਸਿਖ ਜਗਤ ਅੰਦਰ ਸਤਿਕਾਰਿਆ ਜਾਣ ਵਾਲਾ ਨਾਮ ਅਕਾਲ ਤਖ਼ਤ ਨੂੰ ਅਖੌਤੀ ਅਕਾਲ ਤਖ਼ਤ ਦੀ ਸ਼ਬਦਵਾਲੀ ਨਾਲ ਲਿਖਿਆ ਸੀ, ਅਖੌਤੀ ਲਿਖਣ ਤੋਂ ਸਿਧਾ (ਸੁਚੇਤ ਤੇ ਵਿਦਵਾਨ ਸਿੱਖਾਂ ਨੂੰ ਛੱਡ ਕੇ) ਅੰਨੀ ਸ਼ਰਧਾ ਰੱਖਣ ਵਾਲੇ ਸਿੱਖਾਂ ਨੂੰ ਸੋਚਣ ਅਤੇ ਖੋਜ ਕਰਨ ਲਈ ਇਕ ਵਿਚਾਰ ਦਿੱਤੀ ਸੀ।

ਮੈਂ ਸਖਸ਼ੀ ਤੌਰ ਤੇ ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ ਬਾਰੇ ਅਖੌਤੀ ਅਕਾਲ ਤਖ਼ਤ ਦੇ ਪੰਜ ਪੁਜਾਰੀਆਂ ਦੇ ਨਾਮ ਚਿੱਠੀ ਭੇਜਣ ਨੂੰ ਗੁਰਮਤਿ ਨਹੀਂ ਮੰਨਦਾ। ਹੁਣ ਜਦ ਪ੍ਰੋ. ਧੂੰਦਾ ਜੀ ਨੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਵਾਸਤੇ ਮਨ ਬਣਾ ਹੀ ਲਿਆ ਹੈ, ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਖੜਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਕ ਢਾਲ ਨਾਲ, ਪੁਜਾਰੀਆਂ ਨਾਲ ਇਸ ਨਿਬੇੜੇ ਵਾਲੀ ਜੰਗ ਵਿਚ ਕੁੱਦ ਪੈਣ (ਪੁਜਾਰੀਆਂ ਨਾਲ ਜੰਗ ਵਿਚ ਕੁੱਦਣ ਬਾਰੇ ਮੈਂ ਅਪਣੇ ਵਿਚਾਰ ਲੇਖ ਦੇ ਆਖਿਰ ਵਿਚ ਲਿਖੇ ਹਨ)।

ਮੈਂ ਪ੍ਰੋ. ਧੂੰਦਾ ਜੀ ਦੇ ਨਜਦੀਕੀ ਸਤਸੰਗੀਆਂ ਵਿਚੋਂ ਹਾਂ ਜਿਨ੍ਹਾਂ ਨੇ ਦਿਨ ਤੇ ਰਾਤਾਂ ਇੱਕਠਿਆਂ ਗੁਰਮਤਿ ਵਿਚਾਰਾਂ ਕਰਦਿਆਂ ਗੁਜਾਰੀਆਂ ਹਨ। ਗੁਰਬਾਣੀ ਸ਼ਬਦ ਅਤੇ ਗੁਰਮਤਿ ਸਿਧਾਤਾਂ ਦੀ ਵੀਚਾਰ ਬੜੀ ਸੁਖਾਵੀਂ ਅਤੇ ਗਿਆਨ ਭਰਪੂਰ ਰਹਿੰਦੀ ਹੈ। ਮੈਂ ਪਿਛਲੇ ਦਿਨੀਂ 19 ਜਨਵਰੀ ਤੋਂ 29 ਜਨਵਰੀ ਤਕ ਆਪਣੀ ਵਿਦੇਸ਼ ਯਾਤਰਾ ਦੌਰਾਨ ਪ੍ਰੋ. ਧੂੰਦਾ ਜੀ ਨੂੰ ਉਨ੍ਹਾਂ ਦੀ ਗੁਰਮਤਿ ਪ੍ਰਚਾਰ ਫੇਰੀ ਦੋਰਾਨ ਕਨੇਡਾ ਵਿਚ ਟੈਲੀਫੋਨ 'ਤੇ ਸੰਪਰਕ ਕਰਨ ਵਿਚ ਅਸਮਰਥ ਰਿਹਾ।

ਆਓ, ਹੁਣ ਅਖੌਤੀ ਅਕਾਲ ਤਖ਼ਤ ਜਾਂ ਹਉਏ ਦੇ ਡਰ ਵਲ ਸੁਰਤ ਜੋੜੀਏ, ਇਕ ਹਿੰਦੀ ਗਾਣਾ ਅਕਸਰ ਸੁਣਿਆ ਹੋਣਾ ਤੁਝ ਮੇ ਰੱਬ ਦਿਸਦਾ ਹੈ ਯਾਰਾ ਮੈਂ ਕੀ ਕਰਾਂ ਦੀ ਵਿਚਾਰ ਨੇ ਗੁਰੁ ਨਾਨਕ ਜੀ ਦੇ ਸਰਬ ਵਿਆਪਕ ਰੱਬ ਜੀ ਨੂੰ ਅਪਣੇ ਜਨਵਰੀ 2011 ਦੇ ਲੇਖ (ਸਬ ਵਿਚ ਰੱਬ ਦਿੱਸਦਾ ਹੈ ਯਾਰੋ ਮੈਂ ਕੀ ਕਰਾਂ) ਵਿਚ ਕਲਮ ਬੰਦ ਕੀਤਾ ਸੀ, ਆਪਣੀ ਤੁਛ ਬੁਧ ਮੁਤਾਬਿਕ ਪ੍ਰੋ. ਧੂੰਦਾ ਜੀ ਨੂੰ ਆਪਣੇ ਇਸ ਲੇਖ ਵਿਚ ਵਿਚਾਰੇ ਉਸ ਬਿਬੇਕ ਬੁਧ ਦੇ ਧਾਰਨੀ ਸਮਝਦਾਂ ਹਾਂ, ਜੋ ਬਿਨ ਜਾਨ ਪਦਾਰਥਾਂ ਤੇ ਵਿਕਾਰੀਆਂ ਦੇ ਅੰਦਰ ਵੱਸਦੀ ਰੱਬ ਜੀ ਦੀ ਸੱਤਿਆ (ਹੋਂਦ) ਤੋਂ ਗੁਰਬਾਣੀ ਦੀ ਰੌਸ਼ਨੀ ਤੋਂ ਜਾਣੂ ਹਨ।

ਸਾਰੇ ਸਿੱਖਾਂ ਲਈ ਅਤੇ ਪ੍ਰੋ. ਧੂੰਦਾ ਜੀ ਨੂੰ ਜਿਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ਗੁਰੂ ਕਾ ਦਰਬਾਰ ਹੈ ਸੁਭਾਵਿਕ ਹੀ ਦਰਬਾਰ ਸਾਹਿਬ ਹੈ। ਕਾਨ੍ਹਾ ਢੇਸੀਆਂ (ਸ਼ਾਇਦ ਕਿਸੇ ਜਗ੍ਹਾ ਦਾ ਨਾਂ ਹੈ) ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੁਨਿਆਵੀ ਵਿਕਾਰੀ (ਲੱਚਰ) ਗੀਤ ਤੇ ਨਾਚ ਹੋਏ ਸੀ। ਇਕ ਗੁਰਮੁਖਿ ਲਈ ਇਹ ਸ਼ਰਮਨਾਕ ਤੇ ਡੁੱਬ ਕੇ ਮਰਣ ਵਾਲੀ ਘਟਨਾ ਸੀ, ਕਈਆਂ ਨੇ ਇਸ ਘਟਨਾ ਵਿਚ ਸ਼ਿਰਕਤ ਕੀਤੀ ਹੋਣੀ ਹੈ ਤੇ ਸੁਣਿਆ ਵੀ ਹੋਣਾ ਪਰ ਦੁੱਖ ਸਿਰਫ ਪ੍ਰੋ. ਧੂੰਦਾ ਜੀ ਦੀ ਜਿਊਂਦੀ ਜ਼ਮੀਰ ਨੂੰ ਹੀ ਲੱਗਾ, ਮੈਂ ੳਨ੍ਹਾਂ ਦੇ ਇਸ ਪ੍ਰੋਗਰਾਮ ਦੀ ਅਸਲੀ ਵੀਡੀੳ ਫਿਲਮ ਇੰਨਰਨੈਟ ਦੇਖੀ ਤੇ ਸੁਣੀ ਜਿਸ ਵਿਚ ਇਹ ਕਿਹਾ ਹੈ ਕਿ ਅੱਜ ਵੀ ਦਰਬਾਰ ਸਾਹਿਬ ਵਿਚ ਇਹ ਕੰਮ ਹੋ ਰਹੇ ਹਨ।

ਅਖੌਤੀ ਜਥੇਦਾਰਾਂ ਦੇ ਨਾਦਰਸ਼ਾਹੀ ਬੋਲ (ਕਿ ਦਰਬਾਰ ਸਾਹਿਬ ਬਾਰੇ ਭਦੀ ਸ਼ਬਦਵਾਲੀ ਅਖੌਤੀ ਪ੍ਰਚਾਰਕ ਸਰਬਜੀਤ ਸਿੰਘ ) ਜੋ ਉਨ੍ਹਾਂ ਨੇ ਪ੍ਰੈਸ ਕੰਨਫਰੈਂਸ ਬੁਲਾ ਕੇ 3-4 ਜਨਵਰੀ 2012 ਨੂੰ ਅਖੌਤੀ ਅਕਾਲ ਤਖ਼ਤ ਦੇ ਹੁਕਮਨਾਮੇ ਵਜੋਂ ਸੁਨਾਇਆ ਗਿਆ, ਕਿ ਸਾਡੇ ਵਾਸਤੇ ਸਿਰਫ਼ ਸੋਨੇ ਦੀ ਛੱਤ ਤੇ ਦੀਵਾਰਾਂ ਨਾਲ ਸੰਵਾਰੀ, ਪਾਣੀ ਦੇ ਸਰੋਵਰ ਵਿਚ ਇਕ ਖ਼ੂਬਸੂਰਤ ਇਮਾਰਤ ਹੀ ਦਰਬਾਰ ਸਾਹਿਬ ਹੈ, ਭਾਵੇਂ ਓਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼-ਮਾਨ ਨਾ ਹੋਣ? ਕਦਾਚਿਤ ਨਹੀਂ, ਹਾਂ ਦਰਬਾਰ ਦੀ ਇਮਾਰਤ ਤਾਂ ਕਹੀ ਜਾ ਸਕਦੀ ਹੈ, ਪਰ ਦਰਬਾਰ ਸਾਹਿਬ ਨਹੀਂ ਜਿਥੇ ਸਾਹਿਬ ਮੌਜੂਦ ਹੀ ਨਹੀਂ, ਇਸੇ ਗੱਲ ਨੂੰ ਪ੍ਰੋ. ਧੂੰਦਾ ਜੀ ਨੇ ਉਜਾਗਰ ਕੀਤਾ ਹੈ। ਮੱਸਾ ਰੰਗੜ ਜਿਸ ਜਗ੍ਹਾ ਤੇ ਸ਼ਰਾਬ ਤੇ ਨਾਚ ਦੀਆਂ ਮਹਿਫ਼ਲਾਂ ਲਗਾਉਦਾਂ ਸੀ ਉਸ ਸਮੇਂ ਸਾਡਾ ਗੁਰੂ (ਗ੍ਰੰਥ) ਸਾਹਿਬ ਜੀ ਮੌਜੂਦ ਹੀ ਨਹੀਂ ਸਨ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਸਾਡੇ ਗੁਰੂ (ਸਾਹਿਬ) ਜੀ ਦੀ ਇਮਾਰਤ ਜਿਥੇ ਗੁਰੂ (ਸਾਹਿਬ) ਜੀ ਦਾ ਦਰਬਾਰ ਸੱਜਦਾ ਸੀ, ਵਿਕਾਰੀਆਂ ਨੇ ਕਬਜ਼ਾ ਕਰ ਲੀਤਾ ਸੀ, ਸੁੱਖਾ ਸਿੰਘ ਜੀ ਤੇ ਮਹਿਤਾਬ ਸਿੰਘ ਜੀ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਵਿਕਾਰੀਆਂ ਨੂੰ ਭਾਜੜਾਂ ਪਾਈਆਂ ਸਨ ਅਤੇ ਗੁਰੂ ਸਤਿਕਾਰ ਬਹਾਲ ਕੀਤਾ ਸੀ।

ਉਪ੍ਰੋਕਤ ਲਿਖੇ ਮੇਰੇ ਵੀਚਾਰ ਹੀ ਤਾਂ ਪ੍ਰੋ. ਧੂੰਦਾ ਜੀ ਨੇ ਆਪਣੀ ਸੌਖੀ ਤੇ ਪਭਾਵਸ਼ਾਲੀ ਵੀਚਾਰ ਸੰਗਤਾਂ ਦੇ ਸਨਮੁੱਖ ਜੁਲਾਈ 2010 ਸ਼ਾਹਦਰੇ ਇਕ ਗੁਰੂ ਦਰਬਾਰ ਵਿਚ ਹਾਜ਼ਰੀ ਭਰਦਿਆਂ ਰੱਖੇ ਸਨ। ਪ੍ਰੋ. ਧੂੰਦਾ ਜੀ ਨੇ ਇਕ ਖ਼ਿਆਲੀ ਚਿੱਤਰ ਉਲੀਕ ਦਿਆਂ ਮੱਸਾ ਰੰਘੜ ਅਤੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਿਚ ਉਨ੍ਹਾਂ ਦੇ ਮਰਣ ਤੋਂ ਬਆਦ ਗੱਲਬਾਤ ਨਾਲ ਪੇਸ਼ ਕੀਤਾ । ਇਸ ਗੱਲਬਾਤ ਵਿੱਚ ਮੱਸਾ ਰੰਘੜ ਸੁਵਾਲੀਆ ਤੌਰ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਇਹ ਕਹਿੰਦਆਂ ਦਰਸਾਇਆ, ਕਿ ਤੁਸੀਂ ਮੇਰਾ ਸਿਰ ਇਸ ਕਰਕੇ ਵੱਢਿਆ ਕਿਉਕਿ ਮੈ ਆਪ ਜੀ ਦੇ ਗੁਰੂ (ਸਾਹਿਬ) ਜੀ ਦੀ ਇਮਾਰਤ ਵਿਚ ਸ਼ਰਾਬ ਦਾ ਸੇਵਨ ਕੀਤਾ ਤੇ ਨਾਚ ਕਰਵਾਇਆ, ਜਿੱਥੇ ਤੁਹਾਡੇ ਗੁਰੂ (ਸਾਹਿਬ) ਜੀ ਮੌਜੂਦ ਨਹੀਂ ਸਨ, ਪਰ ਅੱਜ ਕੱਲ ਆਪ ਜੀ ਦੇ ਗੁਰੂ ਸਾਹਿਬ ਜੀ ਦੇ ਸਜੇ ਦਰਬਾਰ ਵਿਚ ਨਾਚ ਹੋ ਰਹੇ ਹਨ। ਇਨ੍ਹਾਂ ਨੱਚਣ ਅਤੇ ਨਚਾਣ ਵਾਲਿਆਂ ਦੀ ਜੁਰਅਤ ਬਾਰੇ ਆਪ ਜੀ ਦਾ ਕੀ ਵੀਚਾਰ ਹੈ? ਸੌਖੇ ਅਤੇ ਦਲੀਲ ਦੀ ਕਸਵਟੀ ਤੇ ਪੂਰੀਆਂ ਉਤਰਦੀਆਂ ਪ੍ਰੋ. ਧੂੰਦਾ ਜੀ ਦੀ ਵੀਚਾਰ ਸੰਗਤਾਂ ਨੂੰ ਤੇ ਸਮਝ ਆ ਗਈ ਪਰ ਪੁਜਾਰੀਆਂ ਦੇ ਗਲੇ ਥੱਲਿੳ ਨਾ ਉਤਰੀ।

ਕਟੋਰੇ ਨੂੰ ਗੰਦ ਵਿਚੋਂ ਕੱਢਣ ਵਾਸਤੇ ਗੰਦ ਵਿੱਚ ਹੱਥ ਪਉਣਾ ਹੀ ਪੈਂਦਾ ਹੈ, ਜਾਂ ਕਿਸੀ ਜੁਗਤੀ ਨਾਲ ਆਪ ਨਾ ਵੜ ਕੇ ਕੱਢਿਆ ਜਾ ਸਕਦਾ ਹੈ। ਅੱਜ ਤੱਕ ਅਸੀਂ ਸਿੱਖੀ ਸਿਧਾਤਾਂ ਦੇ ਨਿਰਮਲ ਕਟੋਰੇ ਨੂੰ ਪੁਜਾਰੀਆਂ ਦੇ ਗੰਦ ਵਿਚੋਂ ਜੁਗਤਾਂ ਰਾਹੀਂ ਹੀ ਕੱਢਣ ਦੇ ਪਰਿਆਸ ਕਰਦੇ ਆਏ ਹਾਂ, ਉਗਲਾਂ ਤੇ ਗਿਣੇ ਜਾਣ ਵਾਲੇ ਅੱਜ ਦੇ ਜਿਊਂਦੀ ਜ਼ਮੀਰ ਦੇ ਮਾਲਕ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੋ. ਇੰਦਰ ਸਿੰਘ ਘੱਗਾ ਵਰਗੇ ਪੁਜਾਰੀਆਂ ਨੂੰ ਭਾਜੜਾਂ ਪਾਣ ਦੇ ਇਤਿਹਾਸ ਰੱਚ ਰਹੇ ਹਨ। ਅੱਜ ਇਸੇ ਕਤਾਰ ਵਿਚ ਪ੍ਰੋ. ਧੂੰਦਾ ਜੀ ਖੜੇ ਹਨ, ਅੱਜ ਤੱਕ ਉਪਰਲੀਆਂ ਸ਼ਖਸ਼ੀਅਤਾਂ ਦੇ ਮਾਲਕਾਂ ਨੇ ਅਖੌਤੀ ਅਕਾਲ ਤਖ਼ਤ ਦੇ ਪੁਜਾਰੀਆਂ ਅਗੇ ਪੇਸ਼ੀ ਨਹੀਂ ਭੁਗਤੀ।

ਪ੍ਰੋ. ਸਰਬਜੀਤ ਸਿੰਘ ਧੂੰਦਾ ਜੀਓ! 6 ਫਰਵਰੀ ਸੋਪਕਸਮੈਨ ਦੀ ਖ਼ਬਰ ਅਨੁਸਾਰ ਜੇ ਆਪ ਪੇਸ਼ੀ ਤੇ ਜਾ ਰਹੇ ਹੋ, ਤਾਂ ਆਪ ਜੀ ਦਲੇਰੀ ਤੇ ਲੋਜ਼ਿਕ ਨਾਲ ਗੁਰੂ ਦਰਬਾਰਾਂ ਵਿਚ ਸੁਣਾਉਦੇਂ ਹੋਏ ਵਿਚਾਰਾਂ ਦੀ ਝਲਕ ਆੳਣੀ ਚਾਹੀਦੀ ਹੈ, ਪੇਸ਼ੀ ਪ੍ਰਥਾਇ ਮੈਂ ਆਪਣੇ ਵੀਚਾਰ ਲਿਖ ਰਿਹਾਂ ਹਾਂ:

  1. ਪੇਸ਼ੀ ਸਮੇਂ ਅਪਣਾ ਨਾਮ ਸਰਬਜੀਤ ਸਿੰਘ ਧੂੰਦਾ ਦੱਸ ਕੇ ਪੁਜਾਰੀਆਂ ਕੋਲੋਂ ਆਪਣੀ ਪੇਸ਼ੀ ਦਾ ਕਾਰਣ ਪੁੱਛਣਾ ਹੈ।

  2. ਆਪ ਜੀ ਨੇ ਸ਼ਕਾਇਤ ਕਰਤਾ ਦੀ, ਸ਼ਕਾਇਤ ਦੀ ਅਸਲੀ ਸ਼ਕਾਇਤ ਦੀ ਕਾਪੀ ਤੇ ੳਸ ਨਾਲ ਜੁੜੇ ਦਸਤਾਵੇਜ਼ ਦੀ ਮੰਗ ਕਰਣੀ ਹੈ।

  3. ਆਪ ਜੀ ਨੇ ਪੁੱਛਣਾ, ਮੇਰਾ ਪੱਖ ਸੁਨਣ ਤੋਂ ਬਿਨ੍ਹਾਂ ਹੀ ਉਨ੍ਹਾਂ ਪੰਜ ਪੁਜਾਰੀਆਂ ਦੀ ਕੀ ਮਜ਼ਬੂਰੀ ਸੀ, ਕਿ ਪ੍ਰੈੱਸ ਕਾਨਫਰੈਂਸ ਬੁਲਾ ਕੇ ਸਾਰੀ ਦੁਨੀਆਂ ਵਿਚ ਮੈਨੂੰ ਕਸੂਰਵਾਰ ਗਰਦਾਨਿਆ ਗਿਆ।

  4. ਪੇਸ਼ੀ ਤੋਂ ਬਾਅਦ ਆਪ ਜੀ ਅਤੇ ਪੁਜਾਰੀਆਂ ਵਿਚ ਸਾਰੀ ਵਾਰਤਾਲਾਪ ਪ੍ਰੈਸ ਕਾਨਫਰੈਂਸ ਬੁਲਾ ਕੇ ਹੋਣੀ ਚਾਹੀਦੀ ਹੈ।

  5. ਪੰਜਾਂ ਪੁਜਾਰੀਆਂ ਦੀ ਬੰਦ ਕਮਰੇ ਵਿਚ ਲਗੀ ਕਚਹਿਰੀ ਦਾ ਪੂਰਾ ਨਕਸ਼ਾ ਸਿੱਖ ਸੰਗਤਾਂ ਨੂੰ ਦੱਸਣ ਦੀ ਕ੍ਰਿਪਾਲਤਾ ਕਰਨੀ, ਅਤੇ ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਕੌਣ ਹਾਜਰੀ ਤੇ ਸੀ।

ਸ਼ਬਦ ਵਿਚਾਰ ਨਾਲ ਜੁੜੀ ਸੁਰਤ ਦੇ ਚਰਣਾਂ ਦੀ ਧੂੜ
ਪ੍ਰਭਜੀਤ ਸਿੰਘ ਧਵਨ
ਦੁਬਈ (ਯੂ.ਏ.ਈ)
ਮੋ. 00971-50-8954294


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top