ਅੰਮ੍ਰਿਤਸਰ
10 ਫਰਵਰੀ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ‘ਤੇ ਪੰਜ ਸਿੰਘ ਸਾਹਿਬ
ਸਾਹਿਬਾਨ ਦੀ ਹੋਣ ਵਾਲੀ 25 ਫਰਵਰੀ ਮੀਟਿੰਗ ਵਿੱਚ ਸੱਚਖੰਡ ਸ੍ਰੀ ਹਰਿਮੰਦਰ
ਸਾਹਿਬ ਦੀ ਮਰਿਆਦਾ ਤੇ ਟਿੱਪਣੀ ਕਰਨ ਅਤੇ ਮੌਜੂਦਾ ਪ੍ਰਬੰਧ ਨੂੰ ਮੱਸੇ ਰੰਘੜ
ਦੁਆਰਾ ਕੀਤੀ ਗਈ ਬੇਅਦਬੀ ਨਾਲ ਜੋੜਣ ਦੇ ਦੋਸ਼ ਵਿਚ ਸ੍ਰੀ ਅਕਾਲ ਤਖਤ ਤੋ ਦੋਸ਼ੀ
ਕਰਾਰ ਦਿੱਤੇ ਗਏ ਦੇਸਾਂ ਵਿਦੇਸ਼ਾਂ ਵਿੱਚ ਸਰਬਜੀਤ ਸਿੰਘ ਧੂੰਦਾਂ ਦੇ ਵੱਲੋਂ
ਸਪੱਸ਼ਟੀਕਰਨ ਦੇਣ ਲਈ ਅਕਾਲ ਤਖਤ ਤੇ ਪੇਸ਼ ਹੋਣ ਦਾ ਸਮਾਚਾਰ ਮਿਲਿਆ ਹੈ ਜਿਸ ਦੀ
ਪੁਸ਼ਟੀ ਜਥੇਦਾਰ ਅਕਾਲ ਤਖਤ ਨੇ ਵੀ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਕਾਲ
ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 25 ਫਰਵਰੀ ਨੂੰ
ਸਵੇਰੇ 11 ਵਜੇ ਹੋਵੇਗੀ ਜਿਸ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ
ਨੰਦਗੜ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ
ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜੂਰ
ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਸ਼੍ਰਾਮਲ ਹੋਣਗੇ।
ਇਸ ਮੀਟਿੰਗ ਵਿੱਚ ਕੁਝ ਪੈਡਿੰਗ ਪਏ ਮਸਲਿਆਂ
ਜਿਹਨਾਂ ਵਿੱਚ ਪ੍ਰਸਿੱਧ ਸਟਾਰ ਤੇ ਬਿੱਗ ਬੀ ਦੇ ਨਾਮ ਨਾਲ ਜਾਣੇ ਜਾਂਦੇ ਸ੍ਰੀ
ਅਮਿਤਾਬ ਬਚਨ ਦੁਆਰਾ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ
ਸਿੱਖ ਵਿਰੋਧੀ ਬਿਆਨ ਦੇਣ ਦਾ ਦੋਸ਼ ਲੱਗਾ ਸੀ ਜਿਸ ਦੇ ਸੰਦਰਭ ਵਿੱਚ ਉਸ ਵੱਲੋਂ
ਸ੍ਰੀ ਅਕਾਲ ਤਖਤ ਨੂੰ ਭੇਜੇ ਗਏ ਸਪੱਸ਼ਟੀਕਰਨ ‘ਤੇ ਵਿਚਾਰ ਚਰਚਾ ਹੋਵੇਗੀ ਅਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਸ੍ਰੋਮਣੀ ਕਮੇਟੀ ਵਿਚਕਾਰ
ਮਰਿਆਦਾ ਨੂੰ ਲੈ ਕੇਂ ਬੀਤੇ ਦਿਨੀ ਹੋਈ ਖੂਨੀ ਝੜਪ ਦਾ ਮਾਮਲਾ ਵੀ ਵਿਚਾਰਿਆ
ਜਾਵੇਗਾ। ਇਹਨਾਂ ਤੋਂ ਇਲਾਵਾ ਹੋਰ ਵੀ ਛਿੱਟਪੁੱਟ ਮਾਮਲੇ ਵਿਚਾਰੇ ਜਾਣ ਦੀ
ਸੰਭਾਵਨਾ ਹੈ।
ਵਰਨਣਯੋਗ
ਹੈ ਕਿ ਕੁਝ ਦਿਨ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ
ਕੇਵਲ ਸਿੰਘ ਪ੍ਰੋ. ਸਰਬਜੀਤ ਸਿੰਘ ਧੂੰਦਾ ਦਾ ਸਪੱਸ਼ਟੀਕਰਨ ਲੈ ਕੇ ਜਥੇਦਾਰ
ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ ਸਨ ਪਰ ਜਥੇਦਾਰ ਨੇ ਤੇਵਰ ਤਿਖੇ
ਕਰਦਿਆ ਜਿਥੇ ਗਿਆਨੀ ਕੇਵਲ ਸਿੰਘ ਨੂੰ ਖਰੀਆ ਖਰੀਆ ਸੁਣਾਈਆ ਸਨ ਉਥੇ
ਸਪੱਸ਼ਟੀਕਰਨ ਇਹ ਕਹਿ ਕੇ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ,
ਕਿ ਸ੍ਰੀ ਅਕਾਲ ਤਖਤ ਤੋਂ ਖੁਦ ਆ ਕੇ ਸਪੱਸ਼ਟੀਕਰਨ ਪੇਸ਼ ਕਰਨ ਦੇ ਆਦੇਸ਼ ਜਾਰੀ
ਹੋਏ ਹਨ। ਕਰੀਬ ਚਾਰ ਦਿਨ ਪਹਿਲਾਂ ਗਿਆਨੀ ਕੇਵਲ ਸਿੰਘ ਨੇ ਮੁੜ ਜਥੇਦਾਰ ਨਾਲ
ਰਾਬਤਾ ਕਾਇਮ ਕੀਤਾ ਤਾਂ ਜਥੇਦਾਰ ਜੀ ਨੇ ਗਿਆਨੀ ਕੇਵਲ ਸਿੰਘ ਨੂੰ ਕਿਹਾ ਕਿ
25 ਫਰਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਜੇਕਰ ਪ੍ਰੋ. ਧੂੰਦਾ
ਪੇਸ਼ ਹੋ ਕੇ ਆਪਣਾ ਸਪੱਸਟੀਕਰਨ ਇੱਕ ਨਿਮਾਣੇ ਸਿੱਖ ਵਜੋਂ ਪੇਸ਼੍ਰ ਹੋ ਕੇ ਦੇਣਾ
ਚਾਹੇ ਤਾਂ ਉਹ ਪੇਸ਼ ਹੋ ਸਕਦਾ ਹੈ।
ਪ੍ਰੋ. ਧੂੰਦਾ ਭਾਂਵੇ ਪੰਥ ਦੇ ਪ੍ਰਸਿੱਧ
ਤੇ ਪ੍ਰਭਾਵਸ਼ਾਲੀ ਪ੍ਰਚਾਰਕ ਹਨ, ਪਰ ਉਹਨਾਂ
ਵੱਲੋਂ ਕੀਤੀ ਗਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੀ ਟਿੱਪਣੀ ਸਿੱਖ
ਸੰਗਤਾਂ ਨੇ ਬਰਦਾਸ਼ਤ ਨਹੀਂ ਕੀਤੀ, ਹੁਣ ਤੱਕ
ਅਨੇਕਾਂ ਚਿੱਠੀਆ ਲੋਕਾਂ ਨੇ ਤਖਤ ਸਾਹਿਬ ਨੂੰ ਲਿਖੀਆ ਹਨ,
ਜਿਹਨਾਂ ਤੇ ਗੌਰ ਕਰਨ ਉਪਰੰਤ ਹੀ ਪ੍ਰੋ. ਧੂੰਦਾ ਨੂੰ ਅਕਾਲ ਤਖਤ ਤੇ ਬੁਲਾਇਆ
ਗਿਆ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਜਦੋਂ
ਰਾਬਤਾ ਕਾਇਮ ਕੀਤਾ, ਤਾਂ ਉਹਨਾਂ ਪ੍ਰੋ.
ਧੂੰਦਾ ਵੱਲੋ ਪੇਸ਼ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ,
ਕਿ ਗਿਆਨੀ ਕੇਵਲ ਸਿੰਘ ਰਾਹੀ ਧੂੰਦੇ ਨੇ ਪੇਸ਼ ਹੋਣ ਦੀ ਇੱਛਾ ਪ੍ਰਗਟ ਕੀਤੀ
ਹੈ।
ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਇੱਕ
ਅਜਿਹਾ ਬਖਸ਼ਿੰਦ ਤਖਤ ਹੈ, ਜਿਥੇ ਕੋਈ
ਗੁਨਾਹਗਾਰ ਜਦੋਂ ਆਪਣੀ ਗਲਤੀ ਕਬੂਲ ਕਰਕੇ ਪੇਸ਼ ਹੁੰਦਾ ਹੈ,
ਅਤੇ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਪਾਲਣਾ ਕਰਦਾ ਹੈ,
ਤਾਂ ਸਤਿਗੁਰੂ ਉਸ ਦੀਆ ਝੋਲੀਆਂ ਜਰੂਰ ਭਰਦੇ ਹਨ। ਉਹਨਾਂ ਕਿਹਾ ਕਿ ਜੇਕਰ ਪ੍ਰੋ.
ਧੂੰਦਾ ਨਿਮਾਣੇ ਸਿੱਖ ਵਾਂਗ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਹੋ
ਕੇ ਆਪਣਾ ਸਪੱਸ਼ਟੀਕਰਨ ਦਿੰਦਾ ਹੈ, ਤਾਂ ਉਸ
ਦਾ ਪੂਰਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।