Share on Facebook

Main News Page

ਹੁਣ ਵਾਰੀ ਡਾ. ਦਿਲਗੀਰ ਦੀ?

ਪਿਛਲੇ ਲੰਮੇ ਤੋਂ ਸਿੱਖ ਪੰਥ ਦੇ ਕੇਂਦਰ ਤੇ ਕਾਬਜ਼ ਭ੍ਰਿਸ਼ਟ ਹਾਕਮ ਪੁਜਾਰੀ ਗਠਜੋੜ ਨੇ ਗੁਰਮਤਿ ਵਿਰੋਧੀ ਸੰਪਰਦਾਈ (ਪੁਜਾਰੀਵਾਦੀ) ਮਾਨਤਾਵਾਂ ਰਾਹੀਂ, ਆਮ ਲੋਕਾਈ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਉਸ ਦੀ ਸਰਬਪੱਖੀ ਲੁੱਟ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇਨ੍ਹਾਂ ਸੰਪਰਦਾਈ ਧਿਰਾਂ ਪਿੱਛੇ ਉਹ ਤਾਕਤਾਂ ਵੀ ਸਰਗਰਮ ਹਨ, ਜਿਨ੍ਹਾਂ ਨੂੰ ਗੁਰਮਤਿ (ਪੁਜਾਰੀਵਾਦ ਦਾ ਖੰਡਨ ਕਰਦਾ) ਮਾਨਵਵਾਦੀ ਫਲਸਫਾ ਅਪਣੇ ਲਈ ਇਕ ਖਤਰਾ ਜਾਪਦਾ ਹੈ। ਐਸੀ ਤਾਕਤਾਂ ਨੇ ਹਮੇਸ਼ਾਂ ਤੋਂ ਐਸੇ ਜਤਨ ਕੀਤੇ ਹਨ ਕਿ ਸਿੱਖ ਸਮਾਜ ਨੂੰ ਗੁਰਮਤਿ ਦੇ ਅਮਲੀ ਜੀਵਨ ਤੋਂ ਦੂਰ ਕਰਕੇ ਕਰਮਕਾਂਡਾਂ ਅਤੇ ਅੰਧਵਿਸ਼ਵਾਸਾਂ ਵਿਚ ਫਸਾ ਕੇ, ਸਿੱਖ ਮੱਤ ਨੂੰ ਬ੍ਰਾਹਮਣਵਾਦੀ ਬੋਹੜ ਦੀ ਇੱਕ ਸ਼ਾਖ ਦਾ ਰੂਪ ਦਿਤਾ ਜਾ ਸਕੇ। ਇਸ ਮਕਸਦ ਦੀ ਪ੍ਰਾਪਤੀ ਲਈ ਇਨ੍ਹਾਂ ਤਾਕਤਾਂ ਵਲੋਂ ਹਰ ਸੰਭਵ ਢੰਗ ਵਰਤਿਆ ਗਿਆ।

ਮਿਸਾਲ ਲਈ ਜਨਮਸਾਖੀਆਂ, ਗੁਰਬਿਲਾਸ, ਦਸਮ ਗ੍ਰੰਥ ਆਦਿ ਰਾਹੀਂ ਨਾਨਕ ਸਰੂਪਾਂ ਦੇ ਜੀਵਨ ਨੂੰ ਬ੍ਰਾਹਮਣੀ ਰੰਗ ਵਿਚ ਰਚੇ ਦਰਸਾਇਆ ਗਿਆ। ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਦਾ ਪ੍ਰਚਲਣ ਕੀਤਾ ਗਿਆ। ਗੁਰਬਾਣੀ ਵਿਚਾਰ ਦੀ ਪ੍ਰਵਿਰਤੀ ਨੂੰ ਘਟਾ ਕੇ ਅਖੰਡ ਪਾਠਾਂ ਆਦਿ ਦੇ ਰੂਪ ਵਿਚ ਇਸ ਦੀ ਕਰਮਕਾਂਡੀ ਵਰਤੋਂ ਅਤੇ ਤੋਤਾਰਟਨੀ ਨੂੰ ਬੜ੍ਹਾਵਾ ਦਿਤਾ ਗਿਆ। ਸਿੱਖ ਸਮਾਜ ਵਿਚੋਂ ਗਿਆਨ ਦੀ ਰੁਚੀ ਘਟਾ ਕੇ ਸ਼ਰਧਾ ਨੂੰ ਬੜ੍ਹਾਵਾ ਦਿਤਾ ਗਿਆ। ਆਦਿਕ ਆਦਿਕ

ਜਦੋਂ ਕਿਸੇ ਸੁਚੇਤ ਪੰਥਦਰਦੀ ਪ੍ਰਚਾਰਕ ਨੇ ਇਸ ਸਾਜ਼ਸ਼ ਨੂੰ ਨੰਗਾ ਕਰਦੇ ਹੋਏ ਸੱਚ ਸਾਹਮਣੇ ਲਿਆਉਣ ਦਾ ਜਤਨ ਕੀਤਾ ਤਾਂ ਇਸ ਨਾਪਾਕ ਗਠਜੋੜ ਨੇ ਉਸ ਨੂੰ ਰੋਕਣ ਲਈ ਹਰ ਹਰਬਾ ਵਰਤਿਆ। ਸਿੰਘ ਸਭਾ ਲਹਿਰ ਇਨ੍ਹਾਂ ਤਾਕਤਾਂ ਲਈ ਇਕ ਵੱਡਾ ਖਤਰਾ ਬਣ ਰਹੀ ਸੀ, ਸੋ ਇਸ ਦੇ ਮੁੱਖ ਮੋਢੀਆਂ (ਪ੍ਰੋ. ਗੁਰਮੁੱਖ ਸਿੰਘ ਜੀ ਅਤੇ ਗਿਆਨੀ ਦਿਤ ਸਿੰਘ ਜੀ) ਨੂੰ ਇਸ ਜੁੰਡਲੀ ਨੇ ਅਕਾਲ ਤਖਤ ਦੇ ਨਾਮ ਦੀ (ਦੁਰ) ਵਰਤੋਂ ਕਰਕੇ ਬੇਅਸਰ ਕਰਨ ਦੇ ਜਤਨ ਕੀਤੇ।

ਮੌਜੂਦਾ ਦੌਰ ਵਿਚ ਇਸ ਬੇਈਮਾਨ ਗਠਜੋੜ ਦਾ ਪਹਿਲਾ ਸ਼ਿਕਾਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਹੋਏ। ਇਸ ਉਪਰੰਤ ਇਹ ਪੁਜਾਰੀਵਾਦੀ ਕੁਹਾੜਾ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਵਰਤਿਆ ਗਿਆ। ਇਸੇ ਦੌਰ ਵਿਚ ਖਰਾ ਸੱਚ ਸਾਹਮਣੇ ਲਿਆਉਣ ਵਾਲੇ ਕੁਝ ਸੱਜਣ ਵਿਦਵਾਨ (ਮਿਸਾਲ ਲਈ ਗਿਆਨੀ ਗੁਰਦਿਤ ਸਿੰਘ ਜੀ) ਇਸ ਗਠਜੋੜ ਦੀ ਅਕਾਲ ਤਖਤੀ ਘੁਰਕੀ ਤੋਂ ਸਹਿਮ ਗਏ ਅਤੇ ਇਨ੍ਹਾਂ ਦੀ ਈਨ ਮੰਨਣ ਲਈ ਤਿਆਰ ਹੋ ਗਏ।

ਪਿਛਲੇ ਸਮੇਂ ਵਿਚ ਪ੍ਰੋ. ਧੂੰਦਾ ਇਕ ਪ੍ਰਭਾਵਸ਼ਾਲੀ ਪ੍ਰਚਾਰਕ ਵਜੋਂ ਸਾਹਮਣੇ ਆਏ ਸਨ। ਕਰਮਕਾਂਡਾਂ ਅਤੇ ਗਲਤ ਮਾਨਤਾਵਾਂ ਬਾਰੇ ਕਾਫੀ ਹੱਦ ਤੱਕ, ਇਕ ਵਧੀਆ ਅਤੇ ਆਕਰਸ਼ਕ ਢੰਗ ਨਾਲ ਕੀਤੇ ਜਾ ਰਹੇ, ਸੱਚ ਦੇ ਪ੍ਰਚਾਰ ਕਾਰਨ ਪ੍ਰੋ. ਧੂੰਦਾ ਇਨ੍ਹਾਂ ਤਾਕਤਾਂ ਨੂੰ ਖਤਰਾ ਜਾਪਣ ਲੱਗ ਪਏ। ਸੋ ਇਨ੍ਹਾਂ ਨੇ ਧੂੰਦਾ ਜੀ ਖਿਲਾਫ ਅਪਣੇ ਜ਼ਹਿਰ ਦਾ ਪ੍ਰਗਟਾਵਾ ਕਰਦੇ ਹੋਏ, ਆਪਣੀ ਕਚਿਹਰੀ ਵਿਚ ਪੇਸ਼ ਹੋਣ ਦਾ ਆਦੇਸ਼ ਜਾਰੀ ਕਰ ਦਿਤਾ। ਪੁਜਾਰੀਆਂ ਦੀ ਇਸ ਘੁਰਕੀ ਨੇ ਧੂੰਦਾ ਜੀ ਨੂੰ ਲੜਖੜਾ ਦਿ,ਤਾ ਅਤੇ ਉਨ੍ਹਾਂ ਨੇ ਕਮਜ਼ੋਰੀ ਵਿਖਾਉਂਦੇ ਹੋਏ ਪੁਜਾਰੀਆਂ ਦੀ ਕਚਿਹਰੀ ਵਿਚ ਪੇਸ਼ ਹੋਣ ਦਾ ਮਨ ਬਣਾ ਲਿਆ ਹੈ।

ਗਿਆਨੀ ਗੁਰਦਿਤ ਸਿੰਘ ਵਾਂਗੂ ਪ੍ਰੋ. ਧੂੰਦਾ ਦੀ ਕਮਜ਼ੋਰੀ ਨੇ ਪੁਜਾਰੀਆਂ ਦੇ ਢਹਿੰਦੀ ਕਲਾ ਵਿਚ ਜਾ ਰਹੇ ਹੌਂਸਲਿਆਂ ਨੂੰ ਥੋੜਾ ਸਹਾਰਾ ਦਿਤਾ। ਆਪਣੇ ਇਸ ਰੁਤਬੇ ਨੂੰ ਦਰਸਾਉਣ ਲਈ ਉਨ੍ਹਾਂ ਨੇ ਸੁਚੇਤ ਪੰਥ ਵਿਚ ਅਪਣਾ ਨਵਾਂ ਸ਼ਿਕਾਰ ਲੱਭਣਾ ਸ਼ੁਰੂ ਕਰ ਦਿਤਾ। ਆਪਣੇ ਨਵੇਂ ਸ਼ਿਕਾਰ ਵਜੋਂ ਉਨ੍ਹਾਂ ਨੇ ਹੁਣ ਡਾ. ਦਿਲਗੀਰ ਨੂੰ ਚੁਣਿਆ ਲਗਦਾ ਹੈ। ਸ਼੍ਰੋਮਣੀ ਕਮੇਟੀ ਦੇ ਗੁਲਾਮ ਜ਼ਮੀਰ ਪ੍ਰਧਾਨ ਅਵਤਾਰ ਸਿੰਘ ਦਾ ਆਇਆ ਤਾਜ਼ਾ ਬਿਆਨ ਇਹੀ ਇਸ਼ਾਰਾ ਕਰ ਰਿਹਾ ਹੈ। ਬਹਾਨਾ ਬਣਾਇਆ ਜਾ ਰਿਹਾ ਹੈ, ਡਾ. ਦਿਲਗੀਰ ਵਲੋਂ ਅਪਣੀ ਸਿੱਖ ਇਤਿਹਾਸ ਸੰਬੰਧੀ ਲਿਖੀ ਪੁਸਤਕ ਵਿਚ ਪ੍ਰਕਾਸ਼ ਸਿੰਘ ਬਾਦਲ (ਜੋ ਇਨ੍ਹਾਂ ਸਭ ਦਾ ਆਕਾ ਹੈ) ਨੂੰ ਬ੍ਰਾਹਮਣੀ ਸੰਸਥਾ ਆਰ ਐਸ ਐਸ ਦਾ ਏਜੰਟ ਦੱਸਣ ਸੰਬੰਧੀ ਹਵਾਲੇ ਨੂੰ। ਪਿਛਲੇ 2 ਦਹਾਕਿਆਂ ਦੌਰਾਨ ਜੇ ਬਾਦਲ ਅਤੇ ਉਨ੍ਹਾਂ ਦੀ ਪਰਛਾਈ ਹੇਠ ਚਲ ਰਹੀ ਸ਼੍ਰੋਮਣੀ ਕਮੇਟੀ ਦੇ ਕਾਲੇ ਕਾਰਨਾਮਿਆਂ ਦੀ ਪੜਚੋਲ ਉਪਰੰਤ ਉਨ੍ਹਾਂ ਨੂੰ ਆਰ ਐਸ ਐਸ ਦਾ ਏਜੰਟ ਸਾਬਤ ਕਰਨ ਲਈ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਪੈਂਦੀ। ਇਤਨੇ ਸਪਸ਼ਟ ਸੱਚ ਨੂੰ ਸਿਰਫ ਚਾਪਲੂਸ ਅਤੇ ਗੁਲਾਮ ਜ਼ਹਿਨੀਅਤ ਵਾਲੇ ਇੰਸਾਨ ਹੀ ਝੂਠਲਾ ਸਕਦੇ ਹਨ। ਅਵਤਾਰ ਸਿੰਘ ਮੱਕੜ ਨੇ ਅਪਣੇ ਤਾਜ਼ਾ ਬਿਆਨ ਵਿਚ ਡਾ. ਦਿਲਗੀਰ ਵਿਰੁਧ ਕਾਰਵਾਈ ਕਰਨ ਦੀ ਗੱਲ ਕਰਕੇ ਇਸ਼ਾਰਾ ਕਰ ਦਿਤਾ ਹੈ ਕਿ ਉਹ ਅਕਾਲ ਤਖਤ ਦੇ ਨਾਂ ਤੇ ਇਸ ਕਾਲੇ ਗਠਜੋੜ ਦਾ ਨਵਾਂ ਨਿਸ਼ਾਨਾ ਬਨਣ ਵਾਲੇ ਹਨ।

ਅਜੌਕੇ ਸਮੇਂ ਵਿਚ ਪ੍ਰੋ. ਧੂੰਦਾ ਦੀ ਕਮਜ਼ੋਰੀ ਨੇ ਸੁਚੇਤ ਪੰਥ ਦੀ ਸ਼ਾਖ ਨੂੰ ਜੋ ਨੁਕਸਾਨ ਪਹੂੰਚਾਇਆ ਹੈ, ਉਸ ਦੀ ਬਹੁਤ ਹੱਦ ਤੱਕ ਭਰਪਾਈ ਇਕ ਨੌਜਵਾਣ ਪੰਥਦਰਦੀ ਪ੍ਰੌ. ਕੰਵਲਦੀਪ ਸਿੰਘ ਕੰਵਲ ਨੇ ਕਰ ਦਿਤੀ ਹੈ। ਇਸ ਉਤਸਾਹੀ ਨੌਜਵਾਣ ਨੇ ਇਹਨਾਂ ਪੁਜਾਰੀਆਂ ਨੂੰ ਜਨਤਕ ਤੌਰ ਤੇ ਖੁੱਲਾ ਚੈਲੰਜ ਕਰ ਕੇ ਇਨ੍ਹਾਂ ਨੂੰ ਆਪਣੀ ਔਕਾਤ ਪਛਾਨਣ ਲਈ ਸ਼ੀਸ਼ਾ ਵਿਖਾ ਦਿਤਾ ਹੈ। ਇਸ ਨੌਜਵਾਣ ਵੀਰ ਦੀ ਇਹ ਲਲਕਾਰ ਕਾਬਿਲੇ ਤਾਰੀਫ ਹੈ। ਇਸ ਘਟਨਾਕ੍ਰਮ ਨੇ ਇਹ ਤੱਥ ਹੋਰ ਵੀ ਮਜ਼ਬੂਤ ਢੰਗ ਨਾਲ ਸਥਾਪਿਤ ਕਰ ਦਿਤਾ ਹੈ ਕਿ ਪ੍ਰਚਾਰ ਤੋਂ ਹੀ ਆਪਣੀ ਜੀਵਿਕਾ ਚਲਾਉਣ ਵਾਲੇ ਪ੍ਰਚਾਰਕਾਂ ਲਈ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਬਹੁਤ ਕਠਿਨ ਹੈ, ਇਸ ਲਈ ਨਿਸ਼ਕਾਮ ਪ੍ਰਚਾਰ ਤੰਤਰ ਦੀ ਲੋੜ ਬਹੁਤ ਵੱਧ ਗਈ ਹੈ।

ਜਿਥੋਂ ਤੱਕ ਡਾ. ਦਿਲਗੀਰ ਦੀ ਗੱਲ ਹੈ, ਉਹ ਸਿੱਖ ਕੌਮ ਵਿਚ ਕਿਸੇ ਪਛਾਣ ਦੇ ਮੁਥਾਜ਼ ਨਹੀਂ ਹਨ। ਖਾਸਕਰ ਪ੍ਰਮਾਣਿਕ ਸਿੱਖ ਇਤਿਹਾਸ ਸਾਹਮਣੇ ਲਿਆਉਣ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਵੱਡਮੁੱਲਾ ਹੈ। ਇਹ ਵੀ ਇਕ ਦਿਲਚਸਪ ਤੱਥ ਹੈ ਕਿ ਅਕਾਲ ਤਖਤ ਦੇ ਨਾਮ ਤੇ ਮੌਜੂਦਾ ਸਮੇਂ ਵਿਚ ਚਲ ਰਹੀ ਕਚਿਹਰੀ ਰੂਪੀ ਵਿਵਸਥਾ ਨੂੰ ਨੰਗਾ ਕਰਕੇ, ਸੱਚ ਸਾਹਮਣੇ ਲਿਆਉਣ ਦਾ ਜਤਨ ਕਰਨ ਵਾਲੇ ਮੁੱਢਲੇ ਲੇਖਕਾਂ ਵਿਚੋਂ ਦਿਲਗੀਰ ਜੀ ਇਕ ਹਨ। ਇਸ ਸੰਬੰਧੀ ਉਨ੍ਹਾਂ ਦੀ ਪੁਸਤਕ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਉਨ੍ਹਾਂ ਵਲੋਂ ਇਨ੍ਹਾਂ ਪੁਜਾਰੀਆਂ ਦਾ ਪਾਜ ਨੰਗਾ ਕਰਦੇ ਹੋਏ ਇਨ੍ਹਾਂ ਨੂੰ ਵੇਸਵਾਵਾਂ ਕਹਿਣ ਦੀ ਦਲੇਰੀ ਵੀ ਕੀਤੀ ਹੈ।

ਐਸੇ ਹਾਲਾਤ ਵਿਚ ਇਹ ਪੂਰੀ ਆਸ ਹੈ ਕਿ ਜੇ ਛੇਕ-ਵਿਵਸਥਾ ਦਾ ਕੁਹਾੜਾ ਇਨ੍ਹਾਂ ਵਿਰੁਧ ਵਰਤਣ ਦਾ ਜਤਨ ਹੁੰਦਾ ਹੈ ਤਾਂ ਇਹ ਗੁਰਮਤਿ ਗਿਆਨ ਪ੍ਰਤੀ ਦ੍ਰਿੜਤਾ ਦੇ ਹਥਿਆਰ ਨਾਲ ਇਸ ਪੁਜਾਰੀ ਕੁਹਾੜੇ ਨੂੰ ਚੂਰ ਚੂਰ ਕਰ ਦੇਣਗੇ। ਪ੍ਰੋ. ਧੂੰਦਾ ਵਰਗੀ ਕਮਜ਼ੋਰੀ ਦਿਖਾਉਣ ਦੀ ਥਾਂ ਉਹ ਇਸ ਮੰਦੇ ਸਿਸਟਮ ਨੂੰ ਰੱਦ ਕਰਨ ਦਾ ਜਨਤਕ ਐਲਾਣ ਕਰਕੇ ਪੁਨਜਾਗਰਨ ਲਹਿਰ ਨੂੰ ਵੱਡੀ ਹੱਲਾਸ਼ੇਰੀ ਦੇਣ ਦਾ ਕਾਰਨ ਬੰਣਨਗੇ।

ਸ਼ੁਚੇਤ ਪੰਥ ਲਈ ਇਕ ਵਾਰ ਫੇਰ ਸਿਰ-ਜੋੜ ਕੇ ਬੈਠਣ ਦਾ ਮੌਕਾ ਵੀ ਹੈ (ਜੋ ਵਾਰ ਵਾਰ ਖੂੰਝ੍ਹਾ ਦਿਤਾ ਜਾਂਦਾ ਹੈ)। ਸੁਚੇਤ ਪੰਥ ਨੂੰ ਮਿਲ ਬੈਠ ਕੇ ਗੰਭੀਰਤਾ ਨਾਲ ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਇਕ ਇਕ ਕਰਕੇ ਇਸ ਗਠਜੋੜ ਦਾ ਸ਼ਿਕਾਰ ਬਣੀ ਜਾਣਾ ਹੈ ਜਾਂ ਫੇਰ ਕੋਈ ਸਾਂਝਾ ਉਪਰਾਲਾ ਕਰਕੇ ਇਸ ਸਿਸਟਮ ਦੀ ਹੋਂਦ ਨੂੰ ਨਕਾਰ ਕੇ ਗੁਰਮਤਿ ਇਨਕਲਾਬ ਦੇ ਸਫਰ ਵਿਚ ਇਕ ਨਵਾਂ ਦੌਰ ਸ਼ੁਰੂ ਕਰਨਾ ਚਾਹੀਦਾ ਹੈ। ਸਾਡਾ ਨਿਮਾਣਾ ਅਤੇ ਨਿਸ਼ਕਾਮ ਸੁਝਾਅ ਹੈ ਕਿ ਇਸ ਸਮੇਂ ਸੁਚੇਤ ਪੰਥ ਨੂੰ ਇਕ ਸਾਂਝਾ ਇਕੱਠ ਬੁਲਾ ਕੇ ਇਕ ਅਵਾਜ਼ ਨਾਲ ਇਸ ਪੁਜਾਰੀਵਾਦੀ ਵਿਵਸਥਾ ਨੂੰ ਰੱਦ ਕਰਨ ਦਾ ਐਲਾਣ ਕਰ ਦੇਣਾ ਚਾਹੀਦਾ ਹੈ। ਨਾਲ ਹੀ ਇਸ ਇਕੱਠ ਵਿਚ ਕੁਝ ਠੋਸ ਇਨਕਲਾਬੀ ਕਦਮਾਂ ਦੀ ਸ਼ੁਰੂਆਤ ਦਾ ਐਲਾਣ ਵੀ ਕਰ ਦੇਣਾ ਚਾਹੀਦਾ ਹੈ ਅਤੇ ਉਸ ਦਿਸ਼ਾ ਵਿਚ ਮਜ਼ਬੂਤ ਅਤੇ ਯੋਜਨਾਬੱਧ ਉਪਰਾਲਿਆਂ ਦੀ ਨੀਂਹ ਇਸ ਇਕੱਠ ਵਿਚ ਰੱਖ ਦੇਣੀ ਚਾਹੀਦੀ ਹੈ।

ਸਾਨੂੰ ਪੂਰਾ ਵਿਸ਼ਵਾਸ ਹੈ ਕਿ ਡਾ. ਦਿਲਗੀਰ ਇਸ ਨਾਪਾਕ ਗਠਜੋੜ ਦੇ ਇਸ ਹਮਲੇ (ਜੇ ਹੁੰਦਾ ਹੈ ਤਾਂ) ਦਾ ਜਵਾਬ ਵੱਡੀ ਦ੍ਰਿੜਤਾ ਨਾਲ ਦੇਣਗੇ। ਪਰਿਵਾਰ ਐਸੀ ਪਹੁੰਚ ਵਿਚ ਉਨ੍ਹਾਂ ਨਾਲ ਖੜਾ ਹੈ। ਸਾਨੂੰ ਇਹ ਵੀ ਆਸ ਹੈ ਕਿ ਸੁਚੇਤ ਪੰਥ ਐਸੀ ਸਥਿਤੀ ਮੌਕਾ ਨਹੀਂ ਖੂੰਝਾਏਗ,ਾ ਅਤੇ ਇਕ ਸਾਂਝਾ ਉਪਰਾਲਾ ਕਰਕੇ ਇਸ ਭ੍ਰਿਸ਼ਟ ਵਿਵਸਥਾ ਨੂੰ ਰੱਦ ਕਰਨ ਦਾ ਐਲਾਣ ਕਰਦੇ ਹੋਏ, ਲੋੜੀਂਦੇ ਠੋਸ ਫੈਸਲੇ ਕਰਨ ਦੀ ਦਿਸ਼ਾ ਵਿਚ ਕਦਮ ਅੱਗੇ ਵਧਾਏਗਾ।

ਇਸ ਵਿਵਸਥਾ ਖਿਲਾਫ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਹਿਮਾਇਤ ਵਿਚ ਹੋਈ ਅਕਤੂਬਰ 2003 ਦੀ ਮੋਹਾਲੀ ਕੰਨਵੈਨਸ਼ਨ ਤੋਂ ਆਈ ਇਸ ਖੜੌਤ ਨੂੰ, ਡਾ. ਦਿਲਗੀਰ ਦੀ ਹਿਮਾਇਤ ਵਿਚ ਇਕੱਠ ਕਰਕੇ ਵਾਪਿਸ ਗਤੀ ਵਿਚ ਲਿਆਇਆ ਜਾ ਸਕਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
10-02-12


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top