Share on Facebook

Main News Page

ਗੁਰਮਤਿ ਪ੍ਰਚਾਰ ਨੂੰ ਸੰਗਤ ਨੇ ਸਿਰ ਮੱਥੇ ਮੰਨਿਆ ਹੈ ਯਾ ਪਰਨਾਲਾ ਉੱਥੇ ਦਾ ੳਥੇ ਹੈ?

ਆਪ ਜੀ ਦਾ ਖਾਲਸਾ ਨੀਊਜ਼ ਡਾਟ ਔਰਗ ਕੁਝ ਸਮੇਂ ਤੋਂ ਪੜ੍ਹ ਰਿਹਾ ਹਾਂ। ਕਾਫੀ ਕੁੱਝ ਲੋਕ ਅਕਾਲ ਤੱਖਤ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਕਾਰਜ਼ਕਾਰਾਂ ਦੀ ਮਿੱਟੀ ਪੁੱਟਣ ਚ ਮਸ਼ਰੂਫ ਹਨ। ਜੋ ਲੋਕ ਕੌਮ ਨੂੰ ਖੁਦ ਸੇਧ ਨਹੀਂ ਦੇ ਸਕਦੇ, ਉਹ ਆਪ ਇਹਨਾਂ ਅਹੁਦਿਆਂ ਉਪਰ ਰਹੇ ਹਨ, ਅਤੇ ਜਾਣਦੇ ਹਨ ਕਿ ਉਹ ਆਪ ਇਸ ਸੰਸਥਾ ਨੂੰ ਵਿੱਚੇ ਛੱਡ ਕੇ ਲਾਂਭੇ ਹੋ ਗਏ। ਆਪਣੇ ਵਿਚਾਰਾਂ ਨੂੰ ਹਰ ਇਨਸਾਨ ਠੀਕ ਮੰਨਦਾ ਹੈ।

ਮੇਰੇ ਦੇਖਣ ਚ ਆਉਂਦਾ ਹੈ ਕਿ ਜਦੋਂ ਵੀ ਕੋਈ ਵਿਸ਼ੇਸ ਸਮਾਗਮ ਗੁਰਦੁਆਰੇ ਹੁੰਦਾ ਹੈ, ਤਾਂ ਕੋਈ ਬੁਲਾਰਾ ਬੁਲਾਇਆ ਜਾਂਦਾ ਹੈ, ਅਤੇ ਹਰ ਬੁਲਾਰਾ ਉਹੀ ਗੱਲਾਂ ਬਾਤਾਂ ਪਾਕੇ ਚਲਾ ਜਾਂਦਾ ਹੈ, ਜੋ ਉਸਤੋਂ ਪਹਿਲਾਂ ਆਇਆ ਕਹਿ ਕੇ ਗਿਆ ਸੀ, ਅਤੇ ਸੰਗਤ ਉਸਦੇ ਜਾਂਦਿਆਂ ਸਾਰ ਹੀ ਸੱਭ ਕੁਝ ਵਿੱਸਰ ਜਾਂਦੀ ਹੈ। ਸੰਗਤ ਨੂੰ ਸੰਬੋਧਨ ਹੋਕੇ ਜੋ ਕਿਹਾ ਜਾਂਦਾ ਹੈ, ਉਹ ਕਮੇਟੀਆਂ ਦੇ ਅਹੁਦਿਆਂ ਉੱਤੇ ਲੱਗੇ ਸਿੱਖ ਵੀਰਾਂ ਭੈਣਾਂ ਉਪਰ ਵੀ ਉਨਾਂ ਹੀ ਲਾਗੂ ਹੁੰਦਾ ਹੈ, ਕੀਰਤਨ ਕਰਨ ਵਾਲੇ ਅਤੇ ਗੁਰਦੁਆਰੇ ਗ੍ਰੰਥੀ ਦੀ ਸੇਵਾ ਕਰਨ ਵਾਲੇ ਵੀ, ਉਸ ਵਿਦਵਾਨ ਬੁਲਾਰੇ ਦੀਆਂ ਯਾ ਕਥਾ ਵਾਚਕ ਦੀਆਂ ਵਿਸਥਾਰ ਨਾਲ ਕੀਤੀਆਂ ਗੱਲਾਂ ਸੁਣਦੇ ਹੀ ਹਨ। ਪਰ ਅਫਸੋਸ ਇਹ ਹੈ ਕਿ ਉਹ ਸਾਰੇ ਅੱਸਮਰਥ ਹਨ, ਸਿੱਖੀ ਦੀ ਸੇਧ ਦੇਣ ਲਈ, ਕਿਉਂ ਕਿ ਕੋਈ ਉਹਨਾਂ ਨੂੰ ਆਪਣੇ ਤੋਂ ਸਿਆਣਾ ਹੀ ਨਹੀਂ ਸਮਝਦੇ। ਕਿਉਂ ਕਿ ਉਨਾਂ ਨੇ ਗੁਰਦੁਆਰੇ ਦੀ ਇਮਾਰਤ ਦੀ ਦੇਖ ਰੇਖ ਵੀ ਕਰਨੀ ਹੈ। ਮਿਲੀਅਨ ਡਾਲਰਾਂ ਨਾਲ ਬਣੀਆਂ ਗੁਰਦੁਆਰਿਆਂ ਦੀ ਦੇਖ ਰੇਖ ਲਈ ਕਾਫੀ ਰਕਮ ਦੀ ਜਰੂਰਤ ਹੁੰਦੀ ਹੈ, ਬਾਕੀ ਤੁਸੀਂ ਆਪ ਸਿਆਣੇ ਹੋ ਜੀ।

ਅੱਜ ਦੇ ਦਿਨੀਂ, ਸੱਚੇ ਸਿੱਖ ਨੂੰ ਕਿਸੇ ਵੀ ਕਥਾ ਵਾਚਕ ਦੀ ਜ਼ਰਾ ਵੀ ਲੋੜ ਨਹੀਂ ਹੈ, ਕਿਉਂਕਿ ਉਸ ਪਾਸ ਇਤਨਾ ਵੱਡਾ ਖਜ਼ਾਨਾ ਗੁਰਬਾਣੀ ਦਾ ਹੈ, ਗੁਰਬਾਣੀ ਦੇ ਟੀਕੇ ਹੱਨ, ਡਿਜ਼ਟਿਲ ਮੀਡੀਆ ਹੈ। ਇਸ ਦੀ ਸਹੀ ਪੜਤਾਲ ਖੁਦ ਕਰਕੇ ਆਪਣਾ ਜੀਵਨ ਆਨੰਦਮਈ ਬਣਾ ਸਕਦਾ ਹੈ। ਹੁਣ ਸੁਆਲ ਇਹ ਉਠਦਾ ਹੈ, ਕਿ ਉਹ ਇਹ ਸੱਭ ਆਪੇ ਕਿਉਂ ਨਹੀਂ ਕਰਦਾ। ਸਮਝਣ ਦੀ ਲੋੜ ਹੈ। ਸਮੇਂ ਦੀ ਦੌੜ ਨੇ ਉਸ ਦੀ ਮੱਤ ਉਤੇ ਐਸਾ ਪੜਦਾ ਪਾ ਰੱਖਿਆ ਹੈ, ਕਿ ਉਹ ਦੂਸਰੇ ਦੀ ਗੱਲ ਉਪਰ ਆਪਣਾ ਯਕੀਨ ਨਹੀਂ ਬਣਾਉਂਦਾ। ਲਗਦਾ ਇੰਝ ਹੁੰਦਾ ਹੈ, ਕਿ ਉਹ ਬਸ ਪੈਸੇ ਨਾਲ ਹੀ ਸਾਰਾ ਕੁੱਝ ਪਰਾਪਤ ਕਰਨ ਦੀ ਹੋੜ ਵਿੱਚ ਰਹਿਂਦਾ ਹੈ। ਦੇਖਾ ਦੇਖੀ ਜਿਵੇਂ ਵਿਆਹਾਂ ਸ਼ਾਦੀਆਂ ਤੇ ਹੋ ਰਿਹਾ ਹੈ, ਉਵੇਂ ਹੀ ਉਹ ਸਿੱਖੀ ਨਿਭਾਉਣ ਲਈ ਕਰ ਰਿਹਾ ਹੈ।

ਦਾਸ ਨੇ ਬਹੁਤੀ ਵਾਰ ਕਥਾ ਸੁਣ ਕੇ ਆਏ ਵੀਰ ਭੈਣਾਂ ਕੋਲੋਂ ਪੁੱਛ ਵੇਖਿਆ ਕਿ ਕੀ ਸੁਣਿਆ ਸੀ, ਤਾਂ ਉਤਰ ਮਿਲੇਗਾ ਇਕੱਠ ਬਹੁਤ ਸੀ, ਲੰਗਰ ਬਹੁਤ ਵਧੀਆ ਬਣਿਆ ਸੀ। ਦੁਬਾਰਾ ਪੁੱਛਿਆ ਕਿ ਕਿਸ ਸ਼ਬਦ ਦੀ ਵਿਆਖਿਆ ਹੋਈ ਸੀ, ਤਾਂ ਉਤਰ ਮਿਲੇਗਾ ਭਾਈ ਬਹੁਤ ਵਧੀਆ ਢੰਗ ਨਾਲ ਸਾਖੀ ਦੱਸ ਰਿਹਾ ਸੀ, ਅਤੇ ਸਾਰੇ ਹਾਲ ਵਿੱਚ ਚੁੱਪ ਵਰਤੀ ਹੋਈ ਸੀ। ਦਰਬਾਰ ਹਾਲ ਵਿੱਚ ਬੈਠਣ ਲਈ ਜਗ੍ਹਾ ਨਹੀਂ ਸੀ। ਸੰਗਤ ਡਿਉਡੀ ਵਿੱਚ ਵੀ ਬੈਠੀ ਹੋਈ ਸੀ। ਇਕੱਠ ਤਾਂ ਪ੍ਰਚਾਰ ਕੀਤਿਆਂ ਹੋ ਹੀ ਜਾਂਦਾ ਹੈ, ਸੁਆਲ ਇਹ ਹੈ ਕਿ ਕੀ ਜੋ ਕਥਾ ਵਾਚਕ ਨੇ ਕਿਹਾ, ਜੋ ਕੀਰਤਨ ਕਰਨ ਵਾਲੇ ਨੇ ਸੁਣਾਇਆ, ਜੋ ਬੁਲਾਰੇ ਨੇ ਕਰਨ ਯਾ ਨਾਂਹ ਕਰਨ ਲਈ ਪ੍ਰੇਰਿਆ, ਉਸ ਉਤੇ ਕੋਈ ਅਮਲ ਵੀ ਹੋਇਆ? ਨਹੀਂ। ਹਾਂ ਗੱਲਾਂ ਜਰੂਰ ਹੋਣਗੀਆਂ ਅਗਲੇ ਵਿਸ਼ੇਸ ਦੀਵਾਨਾਂ ਤੱਕ।

ਅੱਗੇ ਤੁਸਾਂ ਦੇਖਣਾ ਹੈ, ਅੱਜ ਦੇ ਯੁਗ ਅੰਦਰ ਕੀ ਵਰਤ ਰਿਹਾ, ਤੇ ਕੀ ਹੋ ਰਿਹਾ, ਅਤੇ ਕਿਵੇਂ ਹੋ ਰਿਹਾ। ਪਿੱਛੇ ਜਿਹੇ ਮੇਰੇ ਨਗਰ ਵਿੱਚ ਵੀ ਇੱਕ ਵਿਦਵਾਨ ਆਕੇ ਗਏ ਹਨ। ਉਹਨਾਂ ਨੇ ਜੋ ਕਿਹਾ ਕੀ ਮੇਰੇ ਨਗਰ ਦੀ ਸੰਗਤ ਨੇ ਸਿਰ ਮੱਥੇ ਮੰਨਿਆ ਹੈ ਯਾ ਪਰਨਾਲਾ ਉੱਥੇ ਦਾ ੳਥੇ ਹੈ। ਸਾਰੀ ਕਥਾ ਯੂ ਟੂਬ ਤੇ ਵੇਖੀ ਜਾ ਸਕਦੀ ਹੈ। ਉਸ ਸਮੇਂ ਦਾਸ ਨੇ ਕੁਝ ਲਾਈਨਾਂ ਲਿਖੀਆਂ ਸਨ ਸਾਂਝੀਆਂ ਕਰਦਾ ਹਾਂ।

ਉੱਠੀ ਸੀ ਅਵਾਜ਼ ਦਿਲ ਵਿੱਚ ਸੰਗਤਾਂ ਦੇ, ਕਿਤੇ ਆਵੇ ਸਰਬਜੀਤ ਸਿੰਘ ਵਿੱਚ ਸੰਗਤਾਂ ਦੇ
ਹੋਕੇ ਇਕੱਤਰ ਕਮੇਟੀ ਲਿਆ ਨੇਕ ਫੈਸਲਾ ਬੁਲਾਉਣ ਦਾ, ਪੁਛਿਆ ਯਾ ਪਰੋਫੈਸਰ ਕੀ ਖਿਆਲ ਕਥਾ ਸੁਣਾਉਣ ਦਾ
ਰਾਜ਼ੀ ਹੋਏ ਝੱਟ ਐਡਮਿੰਟਨ ਵਿੱਚ ਆਉਣ ਲਈ, ਚੁਣਿਆ ਸਿੰਘ ਸਭਾ ਗੁਰੂਘਰ ਕਥਾ ਸੁਣਾਉਣ ਲਈ
ਖਬਰ ਅਖਬਾਰਾਂ ਵਿੱਚ ਛਪੀ ਪੋਸਟਰ ਵੀ ਲੱਗ ਗਏ, ਘਰੋ ਘਰੀਂ ਬੀਬੀਆਂ ਦੇ ਫੋਨ ਵੀ ਬੱਜ ਗਏ
ਪੁਛਣ ਲਗੀਆਂ ਇੱਕ ਦੂਜੀ ਨੂੰ ਇਹ ਕੇਹੜਾ ਬਾਬਾ ਐ, ਮਿਲਿਆ ਜਵਾਬ ਸਾਊ ਜਿਹਾ ਮੁੰਡਾ ਭੇਸ ਬੜਾ ਸਾਦਾ ਐ
ਕਰਦਾ ਐ ਕਥਾ ਸੱਚੀ ਗੁਰਬਾਣੀ ਦੀ, ਦੱਸੇ ਖੁਦ ਪੱੜ੍ਹਕੇ ਕਿੰਝ ਹੈ ਪਛਾਣੀ ਦੀ
ਹੋਈ ਸੰਗਤ ਇਕੱਤਰ ਦੁਬਿਧਾ ਦੂਰ ਕਰਨ ਲਈ, ਮਿਲੇ ਨਾ ਥਾ ਕਿਤੇ ਗੱਡੀ ਖੜੀ ਕਰਨ ਲਈ
ਸੇਵਾਦਾਰਾਂ ਕੀਤਾ ਪ੍ਰਬੰਧ ਸੋਹਣਾ ਗੱਡੀਆਂ ਖੜਾਉਣ ਲਈ, ਬੀਬੀਆਂ ਵੀ ਕੀਤੀ ਸੇਵਾ ਲੰਗਰ ਬਣਾਉਣ ਲਈ
ਸਰਬਜੀਤ ਸਿੰਘ ਧੁੰਦਾ ਜੀ ਹਰ ਰੋਜ਼ ਕਥਾ ਸੁਣਾਈ ਜਾਂਦੇ ਨੇ, ਗੁਰੂਘਰ ਪਾਕੇ ਹਾਜ਼ਰੀ ਨਗਰਵਾਸੀ ਲਾਹਾ ਲਈ ਜਾਂਦੇ ਨੇ
ਮਿਲਿਆ ਨਾ ਵੱਕਤ ਆਕੇ ਹਾਜ਼ਰੀ ਲੁਆਉਣ ਦਾ, ਗੁਰੂ ਪਾਸੋਂ ਲੈਕੇ ਹੁੱਕਮ ਮੁਵੀਆਂ ਬਣਾਉਣ ਦਾ
ਚੁੱਕਿਆ ਹੈ ਜੁਮਾਂ ਫਰੀ ਇੰਟਰਨੈਟ ਤੇ ਦਿਖਾਉਣ ਦਾ, ਸੋਹਣਾ ਹੈ ਇਹ ਢੰਗ ਬਾਣੀ ਸਮਝਾਉਣ ਦਾ

(ਇਕ ਵੀਚਾਰ)
ਗੁੜ ਖਾਣ ਤੋਂ ਪਹਿਲਾਂ ਚੱਖ ਵੇਖੋ, ਗੁਰਬਾਣੀ ਹਿਰਦੇ ਆਪਣੇ ਚ ਰੱਖ ਵੇਖੋ
ਲਿਖਿਆ ਵਸੀਹਤਨਾਮਾ ਰੂਪ ਗੁਰਬਾਣੀ ਦਾ, ਧੱਰਲੈ ਧਿਆਨ ਹੁਣ ਖੱਸਮ ਦੀ ਬਾਣੀ ਦਾ
ਬਣਿਆ ਬਥੇਰਾ ਕੁੱਝ ਵਿੱਚ ਦੁਨੀਆਂ ਦੇ ਆਣਕੇ, ਪਰ ਕਿਉਂ ਨੀ ਬਣਦਾ ਤੂੰ ਬੰਦਾ ਉਹਦਾ ਹੁਕਮ ਪਛਾਣਕੇ

ਦਾਸ: ਰਣਜੀਤ ਸਿੰਘ ਖਹਿਰਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top