
ਚੰਡੀਗੜ੍ਹ,
11 ਫਰਵਰੀ (ਗੁਰਪ੍ਰੀਤ ਮਹਿਕ) - ਭਾਵੇਂ ਕਿ ਅੱਜ ਸੰਤ ਸਮਾਜ ਦੇ ਮੌਜੂਦਾ
ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਦੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਘਿਓ
ਖਿਚੜੀ ਦੀਆਂ ਖ਼ਬਰਾਂ ਆ ਰਹੀਆਂ ਹਨ, ਪਰ ਬਾਬਾ ਧੁੰਮਾ ਜੇ ਅੱਜ ਪੰਜਾਬ ਦੇ
ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ
ਨੇੜ੍ਹੇ ਹਨ ਤਾਂ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਕਿਸੇ ਸਮੇਂ
ਇਹ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਅਤੇ ਕਈ ਵਿਵਾਦਾਂ ਵਿਚ ਘਿਰੇ ਰਹੇ ਕੇ
ਪੀ ਐਸ ਗਿੱਲ ਦੇ ਵੀ ਨੇੜ੍ਹੇ ਰਹੇ ਹਨ। ਇਸ ਗੱਲ ਦਾ ਪਤਾ ਗਿੱਲ ਦੀ ਬਾਬਾ
ਹਰਨਾਮ ਸਿੰਘ ਧੁੰਮਾ ਨਾਲ 14 ਅਕਤੂਬਰ, 1992 ਨੂੰ ਇੱਕ ਗੁਪਤ ਮੀਟਿੰਗ ਤੋਂ
ਚੱਲਦਾ ਹੈ।
ਇਸ ਘਟਨਾ ਦਾ ਖੁਲਾਸਾ ਉੱਘੇ ਸਿੱਖ ਵਿਦਵਾਨ
ਡਾ: ਹਰਜਿੰਦਰ ਦਿਲਗੀਰ ਨੇ ਆਪਣੀ ਅੰਗਰੇਜੀ ਵਿਚ ਲਿਖੀ ਪੁਸਤਕ 'ਹਾਈਜੈਕਿੰਗ
ਆਫ ਸਿੱਖ ਪੰਥ' (ਸਿੱਖ ਪੰਥ ਅਗਵਾ) ਵਿਚ ਕੀਤਾ ਹੈ। ਪੁਸਤਕ ਅਨੁਸਾਰ
ਕੇ ਪੀ ਐਸ ਗਿੱਲ ਨੇ ਉਕਤ ਦਿਨ ਚੌਕ ਮਹਿਤਾ ਡੇਰੇ ਗਏ ਅਤੇ ਉਨ੍ਹਾਂ ਬਾਬਾ
ਠਾਕਰ ਸਿੰਘ, ਮੋਹਕਮ ਸਿੰਘ ਅਤੇ ਹਰਨਾਮ ਸਿੰਘ ਧੁੰਮਾ ਆਦਿ ਨਾਲ ਗੁਪਤ ਮੀਟਿੰਗ
ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸ਼ਾਮ ਦੇ ਕਾਲਜ ਦੇ ਇਕ ਲੈਕਚਰਾਰ
ਸਰੂਪ ਸਿੰਘ ਜੋ ਕਿ ਕੇ ਪੀ ਐਸ ਗਿੱਲ ਦੇ ਨਜ਼ਦੀਕੀ ਮਿੱਤਰਾਂ ਵਿਚ ਸਨ, ਵੱਲੋਂ
ਗਿੱਲ ਅਤੇ ਚੌਕ ਮਹਿਤਾ ਡੇਰੇ ਨਾਲ ਜੁੜੇ ਵਿਅਕਤੀਆਂ ਦੀ 'ਮਿੱਤਰਤਾ' ਕਰਵਾਈ
ਗਈ ਸੀ। ਪੁਸਤਕ ਅਨੁਸਾਰ ਇਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਦੀ ਗਿੱਲ
ਨਾਲ ਮਿੱਤਰਤਾ ਹੋ ਗਈ, ਅਤੇ ਇਸ ਰਾਹੀਂ ਉਸ ਨੇ ਭਾਰਤ ਦੀਆਂ ਖੁਫੀਆ ਏਜੰਸੀਆਂ
ਨਾਲ ਸਾਂਝ ਵੀ ਪਾ ਪਈ ਅਤੇ ਭਾਰਤੀ ਖੁਫੀਆ ਏਜੰਸੀਆਂ ਨੇ ਬਾਬਾ
ਹਰਨਾਮ ਸਿੰਘ ਧੁੰਮਾ, ਜੋ
ਕਿ ਉਸ ਸਮੇਂ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਸਨ,
ਨੂੰ ਭਾਰਤ ਲੈ ਕੇ ਆਂਦਾ ਗਿਆ।
2 ਜਨਵਰੀ 2005 ਵਿਚ ਧੁੰਮਾ ਨੂੰ ਜਥੇ
ਭਿੰਡਰਾ ਦਾ ਮੁੱਖੀ ਕੇਂਦਰੀ ਏਜੰਸੀਆਂ ਦੇ ਏਜੰਟ ਜਸਵੀਰ ਸਿੰਘ ਰੋਡੇ ਰਾਹੀਂ
ਥਾਪ ਦਿੱਤਾ ਗਿਆ। ਚੌਕ ਮਹਿਤਾ ਵਿਖੇ ਬਾਬਾ ਧੁੰਮਾ ਦੀ ਤਾਜਪੋਸ਼ੀ ਮੌਕੇ ਬਾਬਾ
ਸਰਬਜੋਤ ਸਿੰਘ ਬੇਦੀ ਉਸ ਸਮੇਂ ਦੇ ਸੰਤ ਸਮਾਜ ਦੇ ਮੁੱਖੀ, ਸ਼੍ਰੋਮਣੀ ਅਕਾਲੀ
ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ, ਸੁੱਚਾ
ਸਿੰਘ ਛੋਟੇਪੁਰ, ਡਾ: ਜਗਜੀਤ ਸਿੰਘ ਚੌਹਾਨ, ਹਰਚਰਨ ਸਿੰਘ ਧਾਮੀ, ਪ੍ਰਧਾਨ ਦਲ
ਖਾਲਸਾ, ਭਾਈ ਰਣਜੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਕਰਨੈਲ
ਸਿੰਘ ਪੰਜੋਲੀ ਅਤੇ ਵੱਸਣ ਸਿੰਘ ਜਫਰਵਾਲ ਵੀ ਹਾਜਰ ਸਨ। ਜਿਕਰਯੋਗ ਹੈ ਕਿ ਕੁਝ
ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਉਨ੍ਹਾਂ ਆਪਣੀ ਜਿੰਦਗੀ ਵਿਚ
ਬਾਬਾ ਧੁੰਮਾ ਦੀ ਤਾਜਪੋਸ਼ੀ ਸਮਾਗਮ ਵਿਚ ਭਾਗ ਲੈ ਕੇ ਆਪਣੀ ਜਿੰਦਗੀ ਦੀ ਵੱਡੀ
ਗਲਤੀ ਕੀਤੀ ਸੀ।
ਉਨ੍ਹਾਂ ਕਿਹਾ ਕਿ, ਭਾਵੇਂ ਕਿ ਉਨ੍ਹਾਂ ਇਕ
ਬਹੁਤ ਜਰੂਰੀ ਸਮਾਗਮ ਵਿਚ ਵਿਦੇਸ਼ ਜਾਣਾ ਸੀ, ਪਰ ਉਹ ਸਮਾਗਮ ਛੱਡ ਕੇ ਧੁੰਮਾ
ਦੇ ਤਾਜਪੋਸ਼ੀ ਸਮਾਗਮ ਵਿਚ ਗਏ ਸਨ। ਪੁਸਤਕ ਅਨੁਸਾਰ ਜਿਸ ਦਿਨ ਬਾਬਾ ਧੁੰਮਾ ਦੀ
ਤਾਜਪੋਸ਼ੀ ਹੋਈ ਸੀ ਉਸ ਦਿਨ ਗਿਆਨੀ ਕਰਤਾਰ ਸਿੰਘ ਦੇ ਭਤੀਜੇ ਰਾਮ ਸਿੰਘ ਜਿਨ੍ਹਾਂ
ਆਪਣੇ ਆਪ ਨੂੰ ਭਿੰਡਰਾਂ ਮਹਿਤਾ ਜਥੇ ਦਾ ਮੁੱਖੀ ਐਲਾਨਿਆ ਸੀ। ਰਾਮ ਸਿੰਘ
ਪਹਿਲਾਂ ਦਰਬਾਰ ਸਾਹਿਬ ਵਿਚ ਗ੍ਰੰਥੀ ਤੈਨਾਤ ਸਨ, ਪਰ ਉਨ੍ਹਾਂ ਉਸ ਸਮੇਂ
ਅਸਤੀਫਾ ਦੇ ਦਿੱਤਾ ਜਦੋਂ ਉਨ੍ਹਾਂ ਦਾ ਜੀਂਦ ਵਿਖੇ ਤਬਾਦਲਾ ਕੀਤਾ ਗਿਆ। ਪੰਜੇ
ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਬਾਦਲ ਦਲ
ਦੇ ਦੂਜੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦੀ ਤਾਜਪੋਸ਼ੀ ਵਿਚ ਭਾਗ ਲਿਆ ਜੋਕਿ
ਗੁਰਦਵਾਰਾ ਗੁਰਸ਼ਾਵਾਦ, ਸੰਗਰਾਏ ਨੇੜੇ ਬਟਾਲਾ ਵਿਖੇ ਕੀਤੀ ਗਈ ਸੀ। ਬਾਬਾ
ਧੁੰਮਾ ਨੇ ਜਥੇ ਦੇ ਮੁੱਖੀ ਹੋਣ ਨਾਤੇ ਪਹਿਲਾਂ ਆਪਣੇ ਆਪ ਨੂੰ ਬਾਦਲ ਵਿਰੋਧੀ
ਰੂਪ ਵਿਖ ਪੇਸ਼ ਕੀਤਾ ਅਤੇ ਉਸ ਦੇ ਗਰਮ ਖਿਆਲੀ ਅਕਾਲੀ ਨਾਲ ਸੰਬੰਧ ਸਥਾਪਿਤ ਹੋ
ਗਏ, ਪਰ ਛੇਤੀ ਹੀ ਖੁਫੀਆਂ ਏਜੰਸੀਆਂ ਦੀ ਹਦਾਇਤ ਤੇ ਉਸ ਨੇ ਆਪਣਾ ਉਸ ਨੇ ਆਪਣਾ
ਰਸਤਾ ਬਦਲਣਾ ਸ਼ੁਰੂ ਕੀਤਾ। ਕੇਵਲ 13 ਮਹੀਨੇ ਅੰਦਰ ਉਸ ਨੇ ਗੁਪਤ ਤੌਰ 'ਤੇ
ਬਾਦਲ ਨਾਲ ਹੱਥ ਮਿਲਾਇਆ। ਜਿਸ ਦਾ ਸਭ ਤੋਂ ਪਹਿਲੀ ਵਾਰ ਖੁਲਾਸਾ ਉਸ ਸਮੇਂ
ਹੋਇਆ ਜਦੋਂ 26 ਫਰਵਰੀ 2006 ਨੂੰ ਉਸ ਵਿਰਸਾ ਸੰਭਾਲ ਸੰਮੇਲਣ ਕਰਵਾਇਆ। ਇਹ
ਸਮਾਗਮ ਰਵੀ ਇੰਦਰ ਸਿੰਘ, ਸੁਰਜੀਤ ਬਰਨਾਲਾ ਦੇ ਸਮਰਥਕਾਂ, ਪਰਮਜੀਤ ਸਿੰਘ ਸਰਨਾ,
ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਹੋਰ ਬਾਦਲ ਵਿਰੋਧੀ ਅਕਾਲੀ ਧੜ੍ਹਿਆਂ ਵੱਲੋਂ
ਕਰਵਾਇਆ ਗਿਆ। ਸਮਾਗਮ ਦੌਰਾਨ ਬਾਦਲ ਵਿਰੁੱਧ ਕੁਝ ਨਾ ਬੋਲਿਆ ਗਿਆ।
ਅਸਲ ਵਿਚ ਆਯੋਜਕਾਂ ਨੂੰ ਇਸ ਗੱਲ ਦਾ ਪਤਾ
ਨਹੀਂ ਸੀ ਕਿ ਬਾਬਾ ਧੁੰਮਾ ਦੇ ਬਾਦਲ ਨਾਲ ਗੁਪਤ ਸਾਂਝ ਪੈ ਚੁੱਕੀ ਹੈ। ਸਮਾਗਮ
ਜਦੋਂ ਚੱਲ ਰਿਹਾ ਸੀ ਤਾਂ ਰਵੀ ਇੰਦਰ ਸਿੰਘ ਅਤੇ ਸੁਰਜੀਤ ਬਰਨਾਲਾ ਗਰੁੱਪ ਨੂੰ
ਸਾਜਿਸ਼ ਮਹਿਸੂਸ ਹੋਈ ਅਤੇ ਉਹ ਬਿਨ੍ਹਾਂ ਕਿਸੇ ਮਤਾ ਪਾਸ ਕੀਤੇ ਸਟੇਜ ਛੱਡ ਕੇ
ਚਲੇ ਗਏ। ਬਾਦਲ ਅਤੇ ਬਾਬਾ ਧੁੰਮਾ ਵਿਚਕਾਰ ਖੁਲ੍ਹੇ ਰੂਪ ਵਿਚ ਏਕਤਾ ਅਗਸਤ
2011 ਵਿਚ ਐਲਾਨੀ ਗਈ ਜਦੋਂ ਦੋਵਾਂ ਵੱਲੋਂ ਸਾਂਝੇ ਤੌਰ 'ਤੇ ਸ਼੍ਰੋਮਣੀ ਕਮੇਟੀ
ਚੋਣਾਂ ਲੜ੍ਹੀਆਂ ਗਈਆਂ।