ਅੰਮ੍ਰਿਤਸਰ:
ਬੀਤੇ ਕੁੱਝ ਸਮੇਂ ਤੋਂ ਇਸਤਰੀ ਜਾਗ੍ਰਿਤ ਮੰਚ ਵੱਲੋਂ ਪੰਜਾਬ ਦੇ
ਅਖੌਤੀ ਸੱਭਿਆਚਾਰਕ ਗਾਇਕਾਂ ਵੱਲੋਂ ਆਪਣੇ ਗੀਤਾਂ ਅਤੇ ਵੀਡੀਉ ਰਾਹੀਂ ਸਮਾਜ
ਵਿੱਚ ਫੈਲਾਈ ਜਾ ਰਹੀ ਵਿਰੁੱਧ ਇੱਕ ਜੇਹਾਦ ਸ਼ੁਰੂ ਕੀਤਾ ਗਿਆ, ਜਿਸ ਤਹਿਤ ਬੀਤੇ
ਦਸੰਬਰ ਮਹੀਨੇ ਗਾਇਕ ਦਿਲਜੀਤ ਦੇ ਘਰ ਮੂਹਰੇ ਧਰਨਾ ਵੀ ਦਿੱਤਾ ਗਿਆ ਸੀ, ਜਿਸ
ਤੋਂ ਬੁਖਲਾਏ ਇੱਕ ਗਾਇਕ ਨੇ ਇਸਤਰੀ ਜਾਗ੍ਰਿਤ ਮੰਚ ਵਿਰੁੱਧ ਕਾਰਵਾਈ ਕਰਨ ਲਈ
ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ, ਜੋ ਕਿ ਪੰਜਾਬ ਦੇ ਸੱਭਿਆਚਾਰ
ਅਤੇ ਪੰਜਾਬੀ ਆਵਾਮ ਨੂੰ ਸਿੱਧੇ ਰੂਪ ਵਿੱਚ ਚੈਲੰਜ ਕਰਨ ਦੇ ਬਰਾਬਰ ਹੈ ।
ਇਸ ਬਾਰੇ ਗੱਲਬਾਤ ਕਰਦਿਆਂ ਗੁਰੂ ਨਾਨਕ ਮਿਸ਼ਨ ਯੂਥ
ਕਲੱਬ ਦੇ ਨੌਜਵਾਨ ਆਗੂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਪੰਜਾਬੀ ਮੀਡੀਏ
ਵਿੱਚ ਵੱਧ ਰਹੀ ਲੱਚਰਤਾ ਅਤੇ ਅਸ਼ਲੀਲਤਾ ਨੇ ਪੰਜਾਬ ਦੀਆਂ ਧੀਆਂ-ਭੈਣਾਂ ਦਾ
ਜਿਊਣਾ ਦੁਭਰ ਕੀਤਾ ਹੋਇਆ ਹੈ ਅਤੇ ਸੱਭਿਆਚਾਰ ਦੇ ਨਾਮ ਤੇ ‘ਅਸੱਭਿਅਕ ਗਾਇਕੀ’
ਰਾਹੀਂ ਪੰਜਾਬੀ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ । ਵਿਧਾਨ ਸਭਾ ਵਿੱਚ
ਭਾਜਪਾ ਨੇਤਾਵਾਂ ਵੱਲੋਂ ਅਸ਼ਲੀਲ ਫਿਲਮਾਂ ਦੇਖਣ ਦੀ ਖਬਰ ਤੇ ਟਿੱਪਣੀ ਕਰਦਿਆਂ
ਸ. ਪੱਟੀ ਨੇ ਕਿਹਾ ਜੇਕਰ ਦੇਸ਼ ਵਿੱਚ ‘ਡਰਟੀ ਪਿਕਚਰ’ ਅਤੇ ‘ਜਿਸਮ’ ਵਰਗੀਆਂ
ਫਿਲਮਾਂ ਦਾ ਨਿਰਮਾਣ ਹੋਵੇਗਾ ਤੇ ਬਾਅਦ ਵਿੱਚ ਉਸਨੂੰ ਸਨਮਾਨ ਮਿਲਣਗੇ ਤਾਂ ਇਹੋ
ਜਿਹੀਆਂ ਆਚਰਣ ਵਿਹੂਣੀਆਂ ਹਰਕਤਾਂ ਵਿੱਚ ਵਾਧਾ ਜ਼ਰੂਰ ਹੋਵੇਗਾ । ਉਹਨਾਂ
ਪੰਜਾਬ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ
ਕਿ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਅਸ਼ਲੀਲਤਾ ਵਿਰੁੱਧ ਸ਼ੁਰੂ ਕੀਤੇ ਜੇਹਾਦ
ਵਿੱਚ ਹਰ ਤਰ੍ਹਾਂ ਨਾਲ ਸਮਰਥਨ ਦਿੱਤਾ ਜਾਵੇ।