ਇਸ ਸਦੀ 'ਚ ਜਿੱਥੇ ਦੁਨੀਆਂ ਅਗਾਂਹ ਵੱਧ ਰਹੀ ਹੈ, ਉਥੇ
ਗੁਰੂ ਸਾਹਿਬਾਂ ਵਲੋਂ ਸਖ਼ਤ ਮਿਹਨਤ ਨਾਲ ਐਸਾ ਮਹਾਨ ਗ੍ਰੰਥ ਤਿਆਰ ਕੀਤਾ ਜਿਸ
ਨੂੰ ਪੜ੍ਹਨ, ਵੀਚਾਰਨ ਅਤੇ ਜੀਵਨ 'ਚ ਢਾਲਣ ਨਾਲ ਕੋਈ ਵੀ ਇਨਸਾਨ ਬਣ ਸਕਦਾ
ਹੈ। ਪਰ ਬਦਕਿਸਮਤੀ, ਕਿ ਅੱਜ ਜਿਨ੍ਹਾਂ ਦੇ ਹੱਥ ਇਹ ਗ੍ਰੰਥ ਹੈ, ਜਿਨ੍ਹਾਂ ਨੇ
ਇਸ ਮਹਾਨ ਗ੍ਰੰਥ ਨੂੰ ਗੁਰੂ ਮੰਨਿਆ, ਉਨ੍ਹਾਂ ਨੇ ਇਸ ਗਿਆਨ ਦੇ ਭੰਡਾਰ ਗੁਰੂ
ਦੀ ਗੱਲ ਨਹੀਂ ਮੰਨੀ। ਉਨ੍ਹਾਂ ਨੇ ਇਸ ਗਿਆਨ ਨੂੰ ਪੜ੍ਹਨ ਜਾਂ ਮੂਰਤੀ ਵਾਂਗ
ਪੂਜਣ ਤੱਕ ਜਾਂ ਸਿਰਫ ਭਾਂਤ ਭਾਂਤ ਦੇ ਪਾਠ ਕਰਨ ਨੂੰ ਹੀ ਵਰਤਿਆ। ਇਹ ਸਭ
ਕੁੱਝ ਸਿੱਖਾਂ ਦੇ ਅੰਦਰ ਪੜ੍ਹਨ, ਵੀਚਾਰਨ ਅਤੇ ਜੀਵਨ 'ਚ ਨਾ ਢਾਲਣ ਕਰਕੇ
ਹੋਇਆ। ਬੋਦੀ ਵਾਲੇ ਬ੍ਰਾਹਮਣ ਨੇ ਪੱਗ ਬੰਨ੍ਹ ਲਈ ਅਤੇ ਸਾਰੇ ਤਰ੍ਹਾਂ ਦੇ
ਕਰਮਕਾਂਡ ਇਸ ਨਿਰਮਲ ਪੰਥ 'ਚ ਵਾੜ ਦਿੱਤੇ, ਪੰਡਿਤਾਂ ਦੀ ਜਗ੍ਹਾ ਅਨਪੜ ਭਾਈਆਂ
ਨੇ ਲੈ ਲਈ, ਜਿਨ੍ਹਾਂ ਨੇ ਗੁਰਬਾਣੀ ਤੋਂ ਕੋਰੇ ਸਿੱਖਾਂ ਨੂੰ ਬੁੱਧੂ ਬਣਾਇਆ।
ਇਸ ਅਨਪੜਤਾ ਦਾ ਫਾਇਦਾ ਚਾਲਾਕ ਸਾਧ ਬਾਬਿਆਂ ਨੇ ਲਿਆ, ਅਤੇ ਗੁਰਮਤਿ ਤੋਂ ਕੋਰੇ
ਸਿੱਖਾਂ ਨੂੰ ਲੁੱਟਿਆ ਅਤੇ ਹਰ ਤਰ੍ਹਾਂ ਦੇ ਵਹਿਮ ਭਰਮ, ਥਿੱਤਾਂ, ਸ਼ਗਨ ਅਪਸਗਨ,
ਮਾਲਾਵਾਂ ਫੇਰਨੀਆਂ, ਚਾਲੀਹੇ ਕੱਟਣੇ, ਪਾਠਾਂ ਦੀਆਂ ਲੜੀਆਂ, ਧਾਗੇ ਤਵੀਤ,
ਬੁੱਤ ਪੂਜਾ, ਸ਼ਖਸੀ ਪੂਜਾ, ਵੀਚਾਰ ਤੋਂ ਹਟਾ ਕੇ ਘੰਟਿਆਂ ਬੱਧੀ ਵਾਹਿਗੁਰੂ
ਸ਼ਬਦ ਦਾ ਰਟਨ, ਚਿੱਟੇ, ਨੀਲੇ, ਚੋਲਿਆਂ, ਪੁਠੀਆਂ ਮੱਤਾਂ, ਗੱਲ ਕੀ ਹਰ ਤਰ੍ਹਾਂ
ਦੇ ਗੁਰਮਤਿ ਤੋਂ ਉਲਟ ਕੰਮ ਸ਼ੁਰੂ ਕਰਕੇ, ਸਿੱਖਾਂ ਨੂੰ ਨਪੁੰਸਕ ਬਣਾ ਦਿੱਤਾ।
ਅੱਗੇ ਹੀ ਕਈ ਤਰ੍ਹਾਂ ਦੇ ਪਾਠਾਂ ਦਾ ਬੋਝ ਸਿੱਖਾਂ ਦੇ ਸਿਰ ਮੱੜਿਆ ਜਾ ਚੁਕਾ
ਹੈ, ਜਿਸ ਤਰ੍ਹਾਂ ਅਖੰਡ ਪਾਠ, ਸੰਪਟ ਪਾਠ, ਅਤੇ ਕਈ ਹੋਰ... ਹੁਣ ਇੱਕ ਨਵਾਂ
ਪਖੰਡ ਆ ਗਿਆ ਹੈ, ਸ੍ਰੀ ਮੋਨ ਵਰਤ ਅਖੰਡ ਪਾਠ ਸਾਹਿਬ। ਜਿਸ ਸਮਾਗਮ ਵਿੱਚ
ਪਖੰਡ ਅਤੇ ਕਰਮਕਾਂਡਾਂ ਦੇ ਮਾਹਿਰ ਅਤੇ ਉਨ੍ਹਾਂ ਦੇ ਸਰਪ੍ਰਸਤ ਪਹੁੰਚ ਰਹੇ ਹਨ।
ਜ਼ਰਾ ਦੇਖੋ ਤਾਂ ਇਨ੍ਹਾਂ ਦਾ ਪੋਸਟਰ ਕੋਈ ਬਚਿਆ ਹੈ, ਸਾਰੇ ਮਸੰਦ, ਪਖੰਡੀ ਸਾਧ,
ਦੁਰਮਤਿ ਪ੍ਰਚਾਰਕ, ਲਾਸ਼ਾਂ ਦੇ ਪ੍ਰਧਾਨ ਅਤੇ ਲਾਸ਼ਾਂ ਦਾ ਕਾਫਿਲਾ, ਗਲ ਕੀ
ਇਹ
ਮਹਾਂਕੁੰਭ ਹੈ ਲਾਸ਼ਾਂ ਦਾ।