Share on Facebook

Main News Page

ਸੌਦਾ ਸਾਧ ਦੇ ਕੇਸ ਦਾ ਫੈਸਲਾ ਹੁਣ 17 ਮਾਰਚ ਨੂੰ

* ਦੁੱਖ ਦੀ ਗੱਲ ਹੈ ਕਿ ਸਿੱਖ ਹਿੱਤਾਂ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਚੰਦ ਵੋਟਾਂ ਲਈ ਸਮੁੱਚੀ ਕੌਮ ਦੀਆਂ ਭਾਵਨਾਵਾਂ ਠੇਸ ਪਹੁੰਚਾਉਣ ਤੋਂ ਬਾਜ਼ ਨਹੀਂ ਆਇਆ
* ਲੋਕ ਤਾਂ ਅਕਾਲੀ ਦਲ ਬਾਦਲ ਨੂੰ ਦੋਸ਼ੀ ਮੰਨ ਹੀ ਚੁੱਕੇ ਹਨ ਪਰ ਜੇ ਬਾਦਲ ਦਲ ਵੀ ਪੜਤਾਲ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਸ ਨੂੰ ਕੋਈ ਹੱਕ ਨਹੀਂ ਰਹੇਗਾ ਕਿ ਉਹ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਸਿੱਖਾਂ ਨਾਲ ਵਾਰ ਵਾਰ ਧੋਖਾ ਕਰਨ ਦਾ ਦੋਸ਼ ਲਾਏ

ਬਠਿੰਡਾ, 18 ਫਰਵਰੀ (ਕਿਰਪਾਲ ਸਿੰਘ): ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਵਲੋਂ ਮਿਤੀ 20-5-2007 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਖੇ ਧਾਰਾ 295ਏ/153ਏ/298 ਆਈਪੀਸੀ ਅਧੀਨ ਦਰਜ ਕਰਵਾਈ ਗਈ ਐੱਫਆਈਆਰ ਨੰ: 262 ਦਾ ਅੱਜ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਸੀ। 21 ਜਨਵਰੀ 2011 ਇਸ ਕੇਸ ਦੇ ਪੜਤਾਲੀਆ ਅਫਸਰ ਸਬ ਇੰਸਪੈਕਟਰ ਸੀਆਈਏ ਸਟਾਫ ਬਠਿੰਡਾ ਵਲੋਂ ਕੇਸ ਵਾਪਸ ਲੈਣ ਲਈ ਚੀਫ ਜੁਡੀਸ਼ਲ ਮੈਜਿਸਟ੍ਰੇਟ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ ਰੀਪੋਰਟ ਤੇ 4 ਫਰਵਰੀ ਨੂੰ ਰਜਿੰਦਰ ਸਿੰਘ ਦੀ ਗਵਾਹੀ ਅਤੇ 11 ਫਰਵਰੀ ਨੂੰ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਉਪ੍ਰੰਤ ਸੀਜੇਐੱਮ ਨੇ ਫੈਸਲਾ ਸੁਣਾਉਣ ਦੀ ਮਿਤੀ 18 ਫਰਵਰੀ ਨੀਯਤ ਕਰ ਦਿੱਤੀ ਸੀ। ਪਰ ਅੱਜ ਮਾਨਯੋਗ ਜੱਜ ਦੇ ਛੁੱਟੀ ਤੇ ਹੋਣ ਕਰਕੇ ਫੈਸਲੇ ਦੀ ਅਗਲੀ ਤਰੀਕ 17 ਮਾਰਚ ਪਾ ਦਿੱਤੀ ਗਈ ਹੈ।

ਇਹ ਦੱਸਣਯੋਗ ਹੈ ਕਿ ਸਮਝਿਆ ਜਾ ਰਿਹਾ ਹੈ ਕਿ 30 ਜਨਵਰੀ ਨੂੰ ਵਿਧਾਨ ਸਭਾ ਦੀ ਪੈਣ ਵਾਲੀਆਂ ਵੋਟਾਂ ਵਿੱਚ ਸੌਦਾ ਸਾਧ ਦੇ ਪ੍ਰੇਮੀਆਂ ਦੀਆਂ ਵੋਟਾਂ ਅਕਾਲੀ ਦਲ ਬਾਦਲ ਨੂੰ ਪਾਉਣ ਦੇ ਹੋਏ ਸਮਝੌਤੇ ਅਧੀਨ ਸੌਦਾ ਸਾਧ ਵਿਰੁੱਧ ਚੱਲ ਰਹੇ ਇਸ ਕੇਸ ਨੂੰ ਵਾਪਸ ਲੈਣ ਦੀ ਸ਼ਰਤ ਰੱਖੀ ਗਈ ਸੀ। ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਪੁਲਿਸ ਵਲੋਂ ਰਜਿੰਦਰ ਸਿੰਘ ਸਿੱਧੂ ਦਾ ਇੱਕ ਹਲਫੀਆ ਬਿਆਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ: ਸਿੱਧੂ ਇਹ ਕੇਸ ਵਾਪਸ ਲੈਣਾ ਚਾਹੁੰਦਾ ਹੈ। ਬਣਾਈ ਗਈ ਸਕੀਮ ਅਧੀਨ ਇਸ ਕੇਸ ਦੀ ਪਹਿਲਾਂ ਤੋਂ ਨੀਯਤ ਤਰੀਖ 28 ਜਨਵਰੀ ਨੂੰ ਸ: ਸਿੱਧੂ ਨੇ ਹਲਫੀਆ ਬਿਆਨ ਦੇ ਸਹੀ ਹੋਣ ਸਬੰਧੀ ਆਪਣਾ ਬਿਆਨ ਦਰਜ ਕਰਵਾਉਣਾ ਸੀ ਪਰ ਬਹਾਨੇ ਨਾਲ ਉਹ ਉਸ ਦਿਨ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਇਆ ਜਿਸ ਕਾਰਣ ਇਸ ਸਬੰਧੀ ਅਗਲੀ ਤਰੀਕ 4 ਫਰਵਰੀ ਪਾ ਦਿੱਤੀ ਗਈ। 4 ਫਰਵਰੀ ਨੂੰ ਰਜਿੰਦਰ ਸਿੰਘ ਅਦਾਲਤ ਵਿੱਚ ਸਾਫ ਤੌਰ ਤੇ ਮੁੱਕਰ ਗਿਆ ਕਿ ਪੁਲਿਸ ਵਲੋਂ ਪੇਸ਼ ਕੀਤਾ ਗਿਆ ਹਲਫੀਆ ਬਿਆਨ ਉਸ ਵਲੋਂ ਨਹੀਂ ਦਿੱਤਾ ਗਿਆ ਤੇ ਨਾ ਹੀ ਉਸ ਨੇ ਇਸ ਹਲਫੀਆ ਬਿਆਨ ਤੇ ਦਸਖਤ ਹੀ ਕੀਤੇ ਹਨ। 11 ਫਰਵਰੀ ਨੂੰ ਦੋਵਾਂ ਧਿਰਾਂ ਦੇ ਵਕੀਲਾਂ ਦੀ ਹੋਈ ਜੋਰਦਾਰ ਬਹਿਸ ਉਪ੍ਰੰਤ ਮਾਨਯੋਗ ਜੱਜ ਸਾਹਿਬ ਨੇ ਫੈਸਲੇ ਸੁਣਾਉਣ ਲਈ ਅੱਜ ਦੀ ਤਰੀਕ ਪਾ ਦਿੱਤੀ ਸੀ। ਪਰ ਅੱਜ ਜੱਜ ਸਾਹਿਬ ਦੇ ਛੁੱਟੀ ਤੇ ਚਲੇ ਜਾਣ ਕਰਕੇ ਫੈਸਲੇ ਦੀ ਅਗਲੀ ਤਰੀਖ ਬੜੀ ਲੰਬੀ 17 ਮਾਰਚ ਪਾ ਦਿੱਤੀ ਗਈ ਹੈ।

ਸਿੱਖਾਂ ਦਾ ਇਹ ਆਮ ਇਤਰਾਜ ਰਹਿੰਦਾ ਹੈ ਕਿ ਦੇਸ਼ ਵਿੱਚ ਘੱਟ ਗਿਣਤੀ ਹੋਣ ਕਰਕੇ ਸਿੱਖਾਂ ਨਾਲ ਸਰਕਾਰ, ਪ੍ਰਸ਼ਾਸਨ ਤੇ ਇੱਥੋਂ ਤੱਕ ਕਿ ਅਦਾਲਤਾਂ ਵੀ ਇਨਸਾਫ ਨਹੀਂ ਕਰਦੀਆਂ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਹਿੱਤਾਂ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਚੰਦ ਵੋਟਾਂ ਲਈ ਸਮੁੱਚੀ ਕੌਮ ਦੀਆਂ ਭਾਵਨਾਵਾਂ ਠੇਸ ਪਹੁੰਚਾਉਣ ਤੋਂ ਬਾਜ਼ ਨਹੀਂ ਆਇਆ ਤੇ ਉਸ ਨੇ ਆਪਣੇ ਸਥਾਨਕ ਆਗੂ ਰਜਿੰਦਰ ਸਿੰਘ ਸਿੱਧੂ ਜਿਸ ਨੇ 2007 ਵਿੱਚ ਕੌਮ ਦੀਆਂ ਭਾਵਨਾਵਾਂ ਦੇ ਅਨੂਕੂਲ ਸੌਦਾ ਸਾਧ ਵਿਰੁਧ ਕੇਸ ਦਰਜ ਕਰਵਾਇਆ ਸੀ ਉਸ ਵਲੋਂ ਖੁਦ ਹੀ ਕੇਸ ਵਾਪਸ ਲੈਣ ਦਾ ਦਾਅਵਾ ਵਿਖਾ ਦਿੱਤਾ ਗਿਆ। ਪਰ ਰਜਿੰਦਰ ਸਿੰਘ ਸਿੱਧੂ ਵਲੋਂ ਇਸ ਹਲਫੀਆ ਬਿਆਨ ਨਾਲੋਂ ਨਾਤਾ ਤੋੜ ਲੈਣ ਪਿੱਛੋਂ ਲੋਕਾਂ ਦੀ ਉਤਸੁਕਤਾ ਬਣੀ ਹੈ ਕਿ ਆਖਰ ਇਹ ਜਾਲ੍ਹੀ ਹਲਫੀਆ ਬਿਆਨ ਕਿਸ ਧਿਰ ਵਲੋਂ ਦਿੱਤਾ ਗਿਆ ਹੈ। ਅੰਦਰਲੀਆਂ ਰੀਪੋਰਟਾਂ ਤੋਂ ਜੋ ਕੁਝ ਸਾਹਮਣੇ ਆਇਆ ਹੈ ਉਸ ਅਨੁਸਾਰ 20 ਜਨਵਰੀ ਨੂੰ ਸ: ਬਾਦਲ ਦੀ ਰਿਹਾਇਸ਼ ਵਿਖੇ ਹੋਈ ਮੀਟਿੰਗ ਵਿੱਚ ਉਨ੍ਹਾਂ ਦੇ ਕਹਿਣ ਤੇ ਬਠਿੰਡਾ ਸ਼ਹਿਰੀ ਹਲਕੇ ਦੇ ਅਕਾਲੀ ਉਮੀਦਵਾਰ ਸ਼੍ਰੀ ਸਰੂਪ ਚੰਦ ਸਿੰਗਲਾ ਨੂੰ ਇਹ ਕੰਮ ਸੌਪਿਆਂ ਗਿਆ ਸੀ।

ਸ਼੍ਰੀ ਸਿੰਗਲਾ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਰਾਹੀਂ ਇਹ ਜਾਲ੍ਹੀ ਹਲਫੀਆ ਬਿਆਨ ਤਿਆਰ ਕਰਵਾ ਕੇ ਪੁਲਿਸ ਰਾਹੀਂ ਅਦਾਲਤ ਵਿੱਚ ਪੇਸ਼ ਕਰਵਾ ਦਿੱਤਾ ਪਰ ਸ: ਸਿੱਧੂ ਵਲੋਂ ਇਸ ਤੋਂ ਮੁੱਕਰ ਜਾਣ ਕਰਕੇ ਸਾਰੀ ਤਾਣੀ ਉਲਝ ਗਈ ਹੈ। ਹੁਣ ਕਿਉਂਕਿ ਲੋਕਾਂ ਦੀ ਜ਼ਬਾਨ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਪਰ ਇਹ ਕੇਸ, ਅਦਾਲਤ ਨੂੰ ਧੋਖਾ ਦੇ ਕੇ ਵਾਪਸ ਲੈਣ ਦੇ ਦੋਸ਼ ਲੱਗ ਚੁੱਕੇ ਹਨ ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਫਰਜ ਬਣਦਾ ਹੈ ਕਿ ਇਸ ਹਲਫੀਆ ਬਿਆਨ ਦੀ ਡੂੰਘਾਈ ਤੱਕ ਪੜਤਾਲ ਕਰਵਾ ਕੇ ਸਚਾਈ ਸਭ ਦੇ ਸਾਹਮਣੇ ਲਿਆਵੇ ਕਿ ਜ਼ਾਲ੍ਹੀ ਹਲਫੀਆ ਬਿਆਨ ਤਿਆਰ ਕਿਸ ਦੀਆਂ ਹਦਾਇਤਾਂ ਤੇ ਕਿਸ ਨੇ ਤਿਆਰ ਕਰਵਾਇਆ ਸੀ। ਤੇ ਜ਼ਾਲ੍ਹਸਾਜੀ ਕਰਨ ਵਾਲੇ ਵਿਰੁਧ ਸਖਤ ਕਾਰਵਾਈ ਵੀ ਕੀਤੀ ਜਾਵੇ। ਲੋਕ ਤਾਂ ਅਕਾਲੀ ਦਲ ਬਾਦਲ ਨੂੰ ਦੋਸ਼ੀ ਮੰਨ ਹੀ ਚੁੱਕੇ ਹਨ ਪਰ ਜੇ ਬਾਦਲ ਦਲ ਵੀ ਪੜਤਾਲ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਸ ਨੂੰ ਕੋਈ ਹੱਕ ਨਹੀਂ ਰਹੇਗਾ ਕਿ ਉਹ ਕੇਂਦਰ ਦੀ ਕਾਂਗਰਸ ਨੂੰ ਸਿੱਖਾਂ ਨਾਲ ਵਾਰ ਵਾਰ ਧੋਖਾ ਕਰਨ ਦਾ ਦੋਸ਼ ਲਾਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top