Share on Facebook

Main News Page

ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆਂ ਵਿਸ਼ਵਾਸ਼ ਦਿਵਾਇਆ, ਕਿ ਉਹ ਭਵਿੱਖ ਵਿੱਚ ਕੋਈ ਗਲਤੀ ਨਹੀਂ ਕਰੇਗਾ

ਅੰਮ੍ਰਿਤਸਰ 25 ਫਰਵਰੀ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਤਰਾਜਯੋਗ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾ ਵਾਚਕ ਤੇ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਨ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਗਲਤੀ ਸਵੀਕਾਰ ਕਰਕੇ ਮੁਆਫੀ ਮੰਗ ਲੈਣ ਉਪਰੰਤ ਸਿੰਘ ਸਾਹਿਬਾਨ ਨੇ ਉਸ ਨੂੰ ਆਮ ਮੁਆਫੀ ਦਿੰਦਿਆ ਉਸ ਦੀ ਆਤਮਕ ਸ਼ੁੱਧੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਨ ਕਰਨ ਤੇ ਆਪਣੇ ਘਰ ਇੱਕ ਸਹਿਜ ਪਾਠ ਕਰਾ ਕੇ ਸ੍ਰੀ ਅਕਾਲ ਤਖਤ ਤੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼ ਦਿੱਤੇ ਹਨ।

ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੇ ਕਰੜੇ ਸੁਰੱਖਿਆ ਪ੍ਰਬੰਧਾਂ ਦੀ ਛੱਤਰੀ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ ਪ੍ਰੋ. ਸਰਬਜੀਤ ਸਿੰਘ ਧੂੰਦਾ ਆਪਣੇ ਤੇ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਦੇਣ ਲਈ ਵਿੱਚ ਸ੍ਰੀ ਅਕਾਲ ਤਖਤ ਤੇ ਸਵੇਰੇ ਕਰੀਬ ਅੱਠ ਵਜੇ ਹੀ ਸਾਥੀਆ ਸਮੇਤ ਪੁੱਜ ਗਏ ਸਨ ਜਦ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਆਪਣੇ ਨਿਰਦਾਰਤ ਸਮੇਂ 9 ਵਜੇ ਤੋਂ ਲੇਟ ਸ਼ੁਰੂ ਹੋਈ। ਪ੍ਰੋ. ਧੂੰਦਾ ਨੂੰ ਸ੍ਰੀ ਅਕਾਲ ਤਖਤ ਤੇ ਲਿਆਉਣ ਲਈ ਵਿਸ਼ੇਸ਼ ਵਿਚੋਲੇ ਦੀ ਭੂਮਿਕਾ ਨਿਭਾਉਵਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪਹਿਲਾਂ ਦਸ ਮਿੰਟ ਸਿੰਘ ਸਾਹਿਬਾਨ ਨਾਲ ਗੁਪਤ ਮੀਟਿੰਗ ਕੀਤੀ ਤੇ ਉਪਰੰਤ ਆਪਣੇ ਤਿੰਨ ਚਾਰ ਸਾਥੀਆ ਨਾਲ ਪੰਜ ਸਿੰਘ ਸਾਹਿਬਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਦੇ ਸਨਮੁੱਖ ਪ੍ਰੋ. ਧੂੰਦਾ ਸਕੱਤਰੇਤ ਦੇ ਬੰਦ ਕਮਰੇ ਵਿੱਚ ਪੇਸ਼ ਹੋਏ। ਆਪਣਾ ਸਪੱਸ਼ਟੀਕਰਨ ਸੋਂਪਣ ਉਪਰੰਤ ਸਿੰਘ ਸਾਹਿਬਾਨ ਨਾਲ ਹੋਏ ਵਾਰਤਾਲਾਪ ਦੌਰਾਨ ਪ੍ਰੋ. ਧੂੰਦਾ ਨੇ ਕਿਹਾ ਕਿ ਉਸ ਨੇ ਜਿਹੜੀਆ ਵੀ ਟਿੱਪਣੀਆ ਕੀਤੀਆ ਹਨ ਉਹ ਕਾਹਨਾਂ ਢੇਸੀਆ ਦੀ ਗੱਦੀ ਬਾਰੇ ਕੀਤੀਆ ਸਨ। ਜਦੋਂ ਉਸ ਨੂੰ ਕੋਲ ਬੈਠੇ ਸ਼ਕਾਇਤ ਕਰਤਾ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ, ਭਾਈ ਜਗਦੀਸ਼ ਸਿੰਘ ਕੋਮਲ ਤੇ ਭਾਈ ਤਾਰਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਸ ਦੀਆ ਟਿੱਪਣੀਆ ਕਾਹਨਾਂ ਢੇਸੀਆ ਬਾਰੇ ਨਹੀਂ, ਸਗੋਂ ਸ੍ਰੀ ਹਰਮਿੰਦਰ ਸਾਹਿਬ ਬਾਰੇ ਸਨ ਤਾਂ ਪ੍ਰੋ. ਧੂੰਦਾਂ ਨੇ ਤੁਰੰਤ ਇੱਕ ਸੌਂ ਡਿਗਰੀ ਦਾ ਮੋੜ ਕੱਟਦਿਆ ਆਪਣੀ ਗਲਤੀ ਸਵੀਕਾਰ ਕਰਦਿਆ ਮੁਆਫੀ ਮੰਗ ਲਈ ਤੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਉਹ ਅਜਿਹੀ ਗਲਤੀ ਨਹੀਂ ਕਰੇਗਾ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪ੍ਰੋ.ਸਰਬਜੀਤ ਸਿੰਘ ਧੂੰਦਾਂ ਤੇ ਦੋਸ਼ ਸੀ ਕਿ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਂਦੇ ਕੀਰਤਨ ਅਤੇ ਮਰਿਆਦਾ ‘ਤੇ ਇਤਰਾਜ਼ਯੋਗ ਟਿੱਪਣੀਆ ਕੀਤੀਆ ਸਨ ਜਿਹਨਾਂ ਨੂੰ ਕੋਈ ਨਾਨਕ ਨਾਮ ਲੇਵਾ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਦੱਸਿਆ ਕਿ ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿੱਚ ਕੋਈ ਗਲਤੀ ਨਹੀਂ ਕਰੇਗਾ ਅਤੇ ਦਸਮ ਗ੍ਰੰਥ ਦੀ ਬਾਣੀ ਜਾਪ ਸਾਹਿਬ ਬਾਰੇ ਵੀ ਕੋਈ ਟਿੱਪਣੀ ਨਹੀਂ ਕਰੇਗਾ ਸਗੋਂ ਇਸ ਦੀ ਵੀ ਕਥਾ ਕਰਕੇ ਸੰਗਤਾਂ ਵਿੱਚ ਵਿਚਰੇਗਾ।

ਉਹਨਾਂ ਦੱਸਿਆ ਕਿ ਪੰਜ ਸਾਹਿਬਾਨ ਨੇ ਉਸ ਦੀ ਲਿਖਤੀ ਮੁਆਫੀ ਨੂੰ ਕਬੂਲ ਕਰਦਿਆਂ ਉਸ ਨੂੰ ਆਤਮਿਕ ਸ਼ੁੱਧੀ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਸੁਨਣ ਅਤੇ ਆਪਣੇ ਘਰ ਇੱਕ ਸਹਿਜ ਪਾਠ ਕਰਾਉਣ ਦੀ ਸੇਵਾ ਲਗਾਈ ਹੈ। ਕੀਤਰਨ ਸੁਨਣ ਅਤੇ ਸਹਿਜ ਪਾਠ ਕਰਾਉਣ ਦੀ ਲੱਗੀ ਸੇਵਾ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਪ੍ਰੋ. ਧੂੰਦੇ ਨੂੰ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਖਿਮਾ ਯਾਚਨਾ ਲਈ ਕੜਾਹ ਪ੍ਰਸਾਦ ਦੀ ਦੇਗ ਕਰਾ ਕੇ ਅਰਦਾਸ ਕਰਾਉਣ ਦੇ ਵੀ ਜਥੇਦਾਰ ਜੀ ਨੇ ਆਦੇਸ਼ ਦਿੱਤੇ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਤੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਦੇਸਾਂ ਵਿਦੇਸ਼ਾਂ ਦੀਆ ਸੰਗਤਾਂ ਪ੍ਰੋ. ਧੂੰਦੇ ਨੂੰ ਉਨਾ ਚਿਰ ਤੱਕ ਕੋਈ ਸਹਿਯੋਗ ਨਾ ਦੇਣ ਜਿੰਨਾ ਚਿਰ ਤੱਕ ਉਹ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਆਪਣਾ ਸਪੱਸ਼ਟੀਕਰਨ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਹੋ ਕੇ ਨਹੀਂ ਦੇ ਦਿੰਦਾ।

ਉਹਨਾਂ ਕਿਹਾ ਕਿ ਧੁੰਦੇ ਵੱਲੋਂ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਉਪਰੰਤ ਸੰਗਤਾਂ ਨੂੰ ਸਹਿਯੋਗ ਨਾ ਦੇਣ ਦੇ ਆਦੇਸ਼ ਖਤਮ ਹੋ ਗਏ ਹਨ ਅਤੇ ਸੰਗਤਾਂ ਉਸ ਨਾਲ ਆਮ ਵਾਂਗ ਵਿਚਰ ਸਕਦੀਆ ਹਨ। ਉਹਨਾਂ ਦੱਸਿਆ ਕਿ ਪ੍ਰੋ. ਧੂੰਦੇ ਨੇ ਸ਼ਕਾਇਤ ਕਰਤਾ ਰਾਗੀਆਂ ਕੋਲੋ ਵੀ ਮੁਆਫੀ ਮੰਗ ਲਈ ਹੈ, ਅਤੇ ਉਹਨਾਂ ਨੂੰ ਵੀ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਦੂਸਰੇ ਪਾਸੇ ਪ੍ਰੋ. ਧੂੰਦੇ ਨੇ ਮੁਆਫੀ ਦੀ ਮੱਦ ਤਸਲੀਮ ਕਰਦਿਆ ਕਿਹਾ ਕਿ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਬਾਰੇ ਕਦੇ ਵੀ ਟਿੱਪਣੀ ਨਹੀਂ ਕੀਤੀ, ਸਗੋਂ ਉਹਨਾਂ ਦੀ ਟਿੱਪਣੀ ਤਾਂ ਕਾਹਨਾਂ ਸੰਗ ਢੇਸੀਆ ਦੇ ਇੱਕ ਡੇਰੇ ਬਾਬਤ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਸਪੱਸ਼ਟੀਕਰਨ ਵਿੱਚ ਵੀ ਇਹੀ ਸਪੱਸ਼ਟ ਕੀਤਾ ਹੈ। ਉਸ ਨੇ ਕਿਹਾ ਕਿ ਉਹ ਪੂਰੀ ਤਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿਤ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਦਿਲ ਜਾਨ ਤੋ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬ ਦੇ ਫੈਸਲੇ ਤੋ ਉਹਨਾਂ ਦੀ ਪੂਰੀ ਤਸੱਲੀ ਹੈ ਅਤੇ ਉਹ ਪੂਰੀ ਤਰਾ ਖੁਸ਼ ਹਨ ਕਿਉਕਿ ਸਿੰਘ ਸਾਹਿਬਾਨ ਨੇ ਉਸ ਨਾਲ ਇਨਸਾਫ ਕੀਤਾ ਹੈ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਪ੍ਰਸਿੱਧ ਬਜੁਰਗ ਦੌੜਾਕ ਸ੍ਰ. ਫੌਜਾ ਸਿੰਘ ਤੇ ਬਾਣੀ, ਬਾਣੇ ਨੂੰ ਸਮੱਰਪਿੱਤ ਅਤੇ ਸਿੱਖ ਇਤਿਹਾਸਕਾਰ ਨੂੰ ਗਿਆਨੀ ਸਰੂਪ ਸਿੰਘ ਅਲੱਗ ਦੁਆਰਾ ਪੰਥ ਲਈ ਕੀਤੀਆ ਘਾਲਣਾ ਨੂੰ ਮੱਦੇ ਨਜ਼ਰ ਰੱਖਦਿਆ ਦੋਹਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਲਈ ਸਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਇਸ ਸਨਮਾਨ ਸਮਾਰੋਹ ਲਈ ਯੋਗ ਉਪਰਾਲੇ ਕਰੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਹੁਤ ਸਾਰੀਆ ਸ਼ਕਾਇਤਾਂ ਪੁੱਜੀਆ ਹਨ ਕਿ ਕਈ ਗੁਰੂਦੁਆਰਿਆ ਦੀਆ ਪ੍ਰਬੰਧਕ ਕਮੇਟੀ ਅੰਮ੍ਰਿਤਧਾਰੀ ਨਹੀਂ ਹਨ ਅਤੇ ਕਈ ਜਗਾ ਤੇ ਤਾਂ ਰਾਗੀ,ਢਾਡੀ, ਪਾਠੀ, ਕਥਾ ਵਾਚਕ ਆਦਿ ਵੀ ਅੰਮ੍ਰਿਤਧਾਰੀ ਨਹੀਂ ਹਨ। ਉਹਨਾਂ ਕਿਹਾ ਕਿ ਮੀਟਿੰਗ ਵਿੱਚ ਗੁਰੂਦੁਆਰਿਆ ਵਿੱਚ ਰਾਗੀਆ, ਢਾਡੀਆ, ਕਥਾ ਵਾਚਕਾਂ ਤੇ ਪਾਠੀਆ ਦੇ ਅੰਮ੍ਰਿਤਧਾਰੀ ਹੋਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਆਦੇਸਾਂ ਦੀ ਸਖਤੀ ਨਾਲ ਪਾਲਣਾ ਕਰਦਿਆ ਭਵਿੱਖ ਵਿੱਚ ਕਿਸੇ ਵੀ ਪਾਠੀ ਨੂੰ ਅੰਮ੍ਰਿਤਧਾਰੀ ਹੋਣ ਦੇ ਬਗੈਰ ਗੁਰੂਦੁਆਰਿਆ ਵਿੱਚ ਪਾਠ ਕਰਨ ਦੀ ਇਜਾਜਤ ਨਾ ਦਿੱਤੀ ਜਾਵੇ।

ਗੁਰਮਤਿ ਗਿਆਨ ਦੇਣ ਵਾਲੇ ਮਿਸ਼ਨਰੀ ਕਾਲਜਾਂ ਤੇ ਸਕੂਲਾਂ ਵਿੱਚ ਇਕਸਾਰਤਾ ਪੈਦਾ ਕਰਨ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹਨਾਂ ਸੰਸਥਾਵਾਂ ਦੀ ਇੱਕ ਮੀਟਿੰਗ ਛੇ ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਰੱਖੀ ਗਈ ਹੈ ਅਤੇ ਸਮੂਹ ਸੰਸਥਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਲਿਟਰੇਚਰ ਤੇ ਸਲੇਬਸ ਤੇ ਹੋਰ ਲੋੜੀਦਾ ਰਿਕਾਕਡ ਲੈ ਕੇ ਸਮੇਂ ਸਿਰ ਪਹੁੰਚਣ। ਉਹਨਾਂ ਦੱਸਿਆ ਕਿ ਸਿੱਖ ਫੈਡਰੇਸ਼ਨ ਦੇ ਮੁੱਖੀ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਪੀੜਤ ਬੀਬੀ ਜਗਦੀਸ਼ ਕੌਰ ਨੇ ਉਹਨਾਂ ਨੂੰ ਇੱਕ ਬੰਦ ਲਿਫਾਫੇ ਵਿੱਚ ਕੁਝ ਦਸਤਾਵੇਜ ਦਿੱਤੇ ਹਨ ਜਿਹਨਾਂ ਤੇ ਬਾਅਦ ਵਿੱਚ ਵਿਚਾਰ ਕਰਨ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਜਦ ਕਿ ਬੀਬੀ ਜਗਦੀਸ਼ ਕੌਰ ਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਉਹਨਾਂ ਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿਖੇ 1984 ਵਿੱਚ ਕੰਮ ਕਰਦੇ ਮਨਜੀਤ ਸਿੰਘ ਸੈਣੀ ਦੀ ਦੁਆਰਾ ਭੇਜਿਆ ਲਿਫਾਫਾ ਸਿੰਘ ਸਾਹਿਬਾਨ ਨੂੰ ਦਿੱਤਾ ਹੈ ਜਿਸ ਵਿੱਚ ਉਸ ਨੇ ਆਪਣਾ ਅੱਖ ਡਿੱਠਾ ਹਾਲ ਦੱਸਿਆ ਹੈ। ਉਹਨਾਂ ਕਿਹਾ ਕਿ ਅਮਤਾਬ ਬਚਨ ਵੱਲੋਂ ਸਿੱਖ ਪੰਥ ਦੇ ਖਿਲਾਫ ਉਸ ਵੇਲੇ ਕੀਤੀਆ ਗਈਆ ਟਿੱਪਣੀਆ ਦਾ ਵੇਰਵਾ ਇਸ ਲਿਫਾਫੇ ਵਿੱਚ ਬੰਦ ਹੈ ਅਤੇ ਉਹ ਜਥੇਦਾਰ ਅਕਾਲ ਤਖਤ ਤੋਂ ਮੰਗ ਕਰਦੇ ਹਨ ਕਿ ਅਮਤਾਬ ਬਚਨ ਦਾ ਮੁਆਫੀ ਵਾਲੀ ਆਈ ਦਰਖਾਸਤ ਰੱਦ ਕੀਤੀ ਜਾਵੇ।

ਇਸ ਤੋਂ ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਮੁੱਖੀ ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਸਕੱਤਰ ਜਨਰਲ, ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ, ਬਲਜੀਤ ਸਿੰਘ ਪ੍ਰੈਸ ਸਕੱਤਰ, ਜਗਜੀਤ ਸਿੰਘ ਖਾਲਸਾ ਆਦਿ ਨੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਹੋ ਕੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਮਿਸ਼ਨਰੀ ਕਾਲਜ ਵੱਖ ਵੱਖ ਸਿਲੇਬਸ ਪੜਾ ਕੇ ਦੁਬਿੱਧਾ ਪੈਦਾ ਕਰ ਰਹੇ ਹਨ ਅਤੇ ਉਹਨਾਂ ਦਾ ਸਾਰਿਆ ਦਾ ਸਿਲੇਬਸ ਇੱਕ ਕੀਤਾ ਜਾਵੇ ਅਤੇ ਇਕਸਾਰਤਾ ਲਿਆਉਣ ਲਈ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਜਾਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top