Share on Facebook

Main News Page

ਪ੍ਰੋਫ਼ੈਸਰ ਧੂੰਦਾ ਨੇ ਪੁਜਾਰੀਆਂ ਅੱਗੇ ਗੋਡੇ ਟੇਕੇ

ਅੰਮ੍ਰਿਤਸਰ, 25 ਫ਼ਰਵਰੀ (ਚਰਨਜੀਤ ਸਿੰਘ) : ਕਥਾਵਾਚਕ ਪ੍ਰੋਫ਼ੈਸਰ ਸਰਬਜੀਤ ਸਿੰਘ ਧੂੰਦਾ ਨੇ ਪੁਜਾਰੀਵਾਦ ਵਿਰੁਧ ਚਲ ਰਹੇ ਪੰਥਕ ਜੇਹਾਦ ਨੂੰ ਢਾਹ ਲਾਉਂਦਿਆਂ ਅੱਜ, ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬੰਦ ਕਮਰੇ ਵਿਚ ਚਲ ਰਹੀ ਮੀਟਿੰਗ ਦੌਰਾਨ, ‘ਜਥੇਦਾਰਾਂ’ ਅੱਗੇ ਪੇਸ਼ ਹੋ ਕੇ, ਅਪਣਾ ਪੱਖ ਰੱਖ ਕੇ ਪੁਜਾਰੀਆਂ ਅੱਗੇ ਗੋਡੇ ਟੇਕ ਦਿਤੇ। ਪ੍ਰੋਫ਼ੈਸਰ ਧੂੰਦਾ, ਜਥੇਦਾਰਾਂ ਅੱਗੇ ਗੋਡੇ ਟੇਕਣ ਲਈ ਏਨੇ ਕਾਹਲੇ ਸਨ ਕਿ ਉਹ, ‘ਜਥੇਦਾਰਾਂ’ ਦੀ ਮੀਟਿੰਗ ਸ਼ੁਰੂ ਹੋਣ ਤੋਂ ਕਰੀਬ ਡੇਢ ਘੰਟਾ ਪਹਿਲਾਂ ਹੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਪੁੱਜੇ ਸਨ।

ਸ੍ਰੀ ਦਰਬਾਰ ਸਾਹਿਬ ਵਿਖੇ ਹੁੰਦੇ ਕੀਰਤਨ ਬਾਰੇ ਕੀਤੀਆਂ ਟਿਪਣੀਆਂ ਨੂੰ ਆਧਾਰ ਬਣਾ ਕੇ, ‘ਜਥੇਦਾਰਾਂ’ ਅੱਗੇ ਪੇਸ਼ ਹੋਏ ਪ੍ਰੋਫ਼ੈਸਰ ਸਰਬਜੀਤ ਸਿੰਘ ਧੂੰਦਾ ਨੇ ‘ਜਥੇਦਾਰਾਂ’ ਪਾਸੋ ਲਿਖਤੀ ਮੁਆਫ਼ੀ ਮੰਗੀ ਅਤੇ ਅੱਗੇ ਤੋਂ ਅਪਣਾ ਜੀਵਨ ‘ਗੁਰ ਮਰਿਆਦਾ’ ਅਨੁਸਾਰ ਬਤੀਤ ਕਰਨ ਦਾ ਯਕੀਨ ਵੀ ‘ਜਥੇਦਾਰਾਂ’ ਨੂੰ ਦਿਵਾਇਆ। ਬੇਹਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਪ੍ਰੋਫ਼ੈਸਰ ਧੂੰਦਾ ਨਾਲ ਸਿੱਖ ਮਿਸ਼ਨਰੀ ਕਾਲਜ ਦੇ ਟਰਸਟੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਗਿਆਨੀ ਕੇਵਲ ਸਿੰਘ ਵੀ ਹਾਜ਼ਰ ਸਨ। ਅਕਾਲ ਤਖ਼ਤ ਸਾਹਿਬ ਵਿਖੇ ਤਣਾਅਪੂਰਨ ਮਾਹੌਲ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਡੀ. ਸੀ. ਪੀ. ਸ. ਰਣਦੀਪ ਸਿੰਘ ਅਤੇ ਗਲਿਆਰਾ ਚੌਕੀ ਦੇ ਇੰਚਾਰਜ ਮੁਖ਼ਤਿਆਰ ਸਿੰਘ ਦੀ ਅਗਵਾਈ ਹੇਠ, ਸਾਦੇ ਕਪੜਿਆਂ ਵਿਚ ਪੁਲਿਸ ਨੂੰ ਤਾਇਨਾਤ ਕੀਤਾ ਹੋਇਆ ਸੀ ਜਦਕਿ ਸ਼੍ਰੋਮਣੀ ਕਮੇਟੀ ਦੀ ਸੁਰਖਿਆ ਫ਼ੋਰਸ ਵੀ, ਸ. ਪਰਮਜੀਤ ਸਿੰਘ ਦੀ ਅਗਵਾਈ ਹੇਠ, ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਤੈਨਾਤ ਸੀ।

ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ‘ਜਥੇਦਾਰਾਂ’ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਸਵੇਰੇ ਕਰੀਬ 9 ਵਜੇ ਸ਼ੁਰੂ ਹੋਈ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਹੈ¤ਡ ਗੰ੍ਰਥੀ ਗਿਆਨੀ ਪ੍ਰਤਾਪ ਸਿੰਘ ਹਾਜ਼ਰ ਸਨ। ਕਰੀਬ 10 ਵਜੇ ਤੋਂ ਲੈ ਕੇ 11.45 ਵਜੇ ਤਕ ‘ਜਥੇਦਾਰਾਂ’ ਨੂੰ ਸਪਸ਼ਟੀਕਰਨ ਦੇਣ ਅਤੇ ਲਿਖਤੀ ਮੁਆਫ਼ੀ ਮੰਗਣ ਤੋਂ ਬਾਅਦ, ਪ੍ਰੋਫ਼ੈਸਰ ਸਰਬਜੀਤ ਸਿੰਘ ਧੂੰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਉਨ੍ਹਾਂ ਨੇ ਅਪਣਾ ਲਿਖਤੀ ਸਪਸ਼ਟੀਕਰਨ ਦੇ ਦਿਤਾ ਹੈ ਪਰ ਨਾਲ ਹੀ ਉਨ੍ਹਾਂ ਮੁੜ ਦੁਹਰਾਇਆ ਕਿ ਉਨ੍ਹਾਂ ਦੇ ਕਹੇ ਸ਼ਬਦਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਕਾਨ੍ਹਾ ਢੇਸੀਆਂ ਵਿਚ ਵਾਪਰੀ ਘਟਨਾ ਨੂੰ ਆਧਾਰ ਬਣਾ ਕੇ ਕਥਾ ਕੀਤੀ ਸੀ। ਪ੍ਰੋਫ਼ੈਸਰ ਧੁੰਦਾ ਨੇ ਕਿਹਾ ਕਿ ਉਨ੍ਹਾਂ ਅਪਣਾ ਪੱਖ ‘ਜਥੇਦਾਰਾਂ’ ਅੱਗੇ ਰੱਖ ਦਿਤਾ ਹੈ ਤੇ ‘ਜਥੇਦਾਰਾਂ’ ਦਾ ਹਰ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪ੍ਰੋਫ਼ੈਸਰ ਸਰਬਜੀਤ ਸਿੰਘ ਧੁੰਦਾ ਨੇ ਵਿਦੇਸ਼ ਵਿਚ ਗੁਰਮਤਿ ਪ੍ਰਚਾਰ ਦੌਰਾਨ ਕਥਾ ਕਰਦਿਆਂ ਜੋ ਸ਼ਬਦ ਕਹੇ ਸਨ, ਉਸ ਬਾਰੇ ਦੇਸ਼-ਵਿਦੇਸ਼ ਦੀਆਂ ਸਗੰਤਾਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਧੁੰਦਾ ਨੇ ਲਿਖਤੀ ਮੁਆਫ਼ੀ ਮੰਗੀ ਹੈ ਤੇ ‘ਜਥੇਦਾਰਾਂ’ ਨੇ ਇਸ ਸਪਸ਼ਟੀਕਰਨ ਤੋਂ ਬਾਅਦ ਪ੍ਰੋਫ਼ੈਸਰ ਧੁੰਦਾ ਨੂੰ ‘‘ਆਤਮਕ ਸ਼ੁੱਧੀ’’ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਸਰਵਣ ਕਰਨ, ਕੜਾਹ ਪ੍ਰਸ਼ਾਦ ਦੀ ਦੇਗ਼ ਕਰਵਾਉਣ ਅਤੇ ਇਕ ਸਹਿਜ ਪਾਠ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਪ੍ਰੋਫ਼ੈਸਰ ਧੁੰਦਾ ਗੁਰਮਤਿ ਪ੍ਰਚਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਧੁੰਦਾ ਨੇ ਸਪਸ਼ਟ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹਨ।

ਪ੍ਰੋਫ਼ੈਸਰ ਧੁੰਦਾ ਵਲੋਂ ਜਾਪ ਸਾਹਿਬ ਬਾਰੇ ਕੀਤੇ ਗ਼ਲਤ ਪ੍ਰਚਾਰ ਬਾਰੇ ਪੁੱਛੇ ੍ਯਿੲਕ ਸਵਾਲ ਦੇ ਜਵਾਬ ਵਿਚ ਉੁਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਧੁੰਦਾ ਨੇ ਸਾਫ਼ ਕਰ ਦਿਤਾ ਹੈ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਮੈਂ (ਧੁੰਦਾ) ਜਾਪ ਸਾਹਿਬ ਬਾਰੇ ਕੋਈ ਗ਼ਲਤ ਟਿਪਣੀ ਕੀਤੀ ਹੈ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ। ਗਿ: ਗੁਰਬਚਨ ਸਿੰਘ ਨੇ ਮੀਟਿੰਗ ਵਿਚ ਬਾਕੀ ਵਿਚਾਰੇ ਮਸਲਿਆਂ ਬਾਰੇ ਜਾਣਕਾਰੀ ਦੇਂਦਿਆਂ ਦਸਿਆ ਕਿ ਅਕਾਲ ਤਖ਼ਤ ਸਾਹਿਬ ’ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਵਿਸ਼ਵ ਪ੍ਰਸਿੱਧ ਸਿੱਖ ਦੌੜਾਕ ਫ਼ੌਜਾ ਸਿੰਘ ਅਤੇ ਲਿਖਾਰੀ ਸਰੂਪ ਸਿੰਘ ਅਲੱਗ ਨੂੰ ਸਨਮਾਨਤ ਕੀਤੇ ਜਾਣ ਬਾਰੇ ਪੱਤਰਕਾਵਾਂ ਪੁੱਜੀਆਂ ਹਨ, ਇਸ ਲਈ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਪ੍ਰੋਗਰਾਮ ਉਲੀਕਣ ਲਈ ਲਿਖਿਆ ਜਾਵੇਗਾ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਪ੍ਰਚਾਰਕ, ਰਾਗੀ, ਢਾਡੀ ਤੇ ਕਥਾਵਾਚਕ ਤਿਆਰ-ਬਰ-ਤਿਆਰ ਅੰਮ੍ਰਿਤਧਾਰੀ ਜ਼ਰੂਰ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਜਲਾਲਾਬਾਦ ਇਲਾਕੇ ਵਿਚੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਾਠੀ ਸਿੰਘ ਤਿਆਰ-ਬਰ-ਤਿਆਰ ਨਹੀਂ ਹਨ, ਇਸ ਲਈ ਪਾਠੀਆਂ ਦਾ ਅੰਮ੍ਰਿਤਧਾਰੀ ਹੋਣਾ ਬਹੁਤ ਜ਼ਰੂਰੀ ਹੈ। ਨਵੇਂ ਨਾਨਕਸ਼ਾਹੀ ਸਾਲ ਬਾਰੇ ਬੋਲਦਿਆਂ ਮੁੱਖ ਸੇਵਾਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦਿਨ ਨੂੰ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਿਨ 13-14 ਮਾਰਚ ਦੀ ਰਾਤ ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਹਰਿਦੁਆਰ ਦੇ ਗੁਰਦਵਾਰਾ ਗਿਆਨ ਗੋਦੜੀ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਜਾਂਦਾ ਹੈ ਕਿ ਇਕ ਟੀਮ ਹਰਿਦੁਆਰ ਦੇ ਉਸ ਅਸਥਾਨ ਦੀ ਪੜਤਾਲ ਕਰਨ ਲਈ ਛੇਤੀ ਤੋਂ ਛੇਤੀ ਭੇਜੀ ਜਾਵੇ ਤਾਕਿ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਫ਼ਿਲਮੀ ਅਦਾਕਾਰ ਅਮਿਤਾਬ ਬੱਚਨ ਦੀ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਬਾਰੇ ਬੀਬੀ ਜਗਦੀਸ਼ ਕੌਰ ਤੇ ਫ਼ੈਡਰੇਸ਼ਨ ਆਗੂ ਸ. ਕਰਨੈਲ ਸਿੰਘ ਪੀਰ ਮੁਹੰਮਦ ਰਾਹੀਂ ਵਿਦੇਸ਼ ਵਿਚ ਵਸਦੇ ਮਨਜੀਤ ਸਿੰਘ ਸੈਣੀ ਦੇ ਪੁਜੇ ਇਕ ਸੀਲ-ਬੰਦ ਲਿਫ਼ਾਫ਼ੇ ਬਾਰੇ ਉਨ੍ਹਾਂ ਕਿਹਾ ਕਿ ਇਸ ਵਿਚਲੇ ਦਸਤਾਵੇਜ਼ਾਂ ਨੂੰ ਘੋਖ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top