Share on Facebook

Main News Page

ਸਿਰਫ ਸਪਸ਼ਟੀਕਰਣ ਦਿੱਤਾ ਕੋਈ ਮੁਆਫੀ ਨਹੀਂ ਮੰਗੀ: ਪ੍ਰੋ. ਸਰਬਜੀਤ ਸਿੰਘ ਧੂੰਦਾ

* ਬਿਨਾਂ ਸੋਚੇ ਸਮਝੇ ਪ੍ਰੋ: ਧੂੰਦਾ ਨੂੰ ਅਖੌਤੀ ਪ੍ਰਚਾਰਕ ਦੱਸ ਕੇ ਸੰਗਤਾਂ ਨੂੰ ਉਸ ਨੂੰ ਮੂੰਹ ਨਾ ਲਾਉਣ ਦਾ ਆਦੇਸ਼ ਦੇਣ ਵਾਲੇ ਜਥੇਦਾਰ ਖੁਦ ਉਨ੍ਹਾਂ ਦੇ ਪੇਸ਼ ਹੋਣ ’ਤੇ ਹੋਏ ਗਦਗਦ
* ਸਪਸ਼ਟੀਕਰਣ ਤੋਂ ਸੰਤੁਸ਼ਟ ਹੋ ਕੇ ਕੀਤਾ ਮੁਆਫ
* ਅਖੇ ਆਪਣੀ ਆਤਮਾ ਦੀ ਸ਼ੁਧੀ ਲਈ ਆਪਣੇ ਘਰ ਇਕ ਸਹਿਜ ਪਾਠ ਕਰੋ, ਜਿਸ ਉਨ੍ਹਾਂ ਦਾ ਮਨ ਬਣੇ ਇੱਕ ਦਿਨ ਦਰਬਾਰ ਸਾਹਿਬ ਵਿੱਚ ਆ ਕੇ ਕੀਰਤਨ ਸੁਣੋ ਉਪ੍ਰੰਤ ਅਕਾਲ ਤਖ਼ਤ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਓ

ਬਠਿੰਡਾ, 25 ਫਰਵਰੀ (ਕਿਰਪਾਲ ਸਿੰਘ): ਸਿਰਫ ਸਪਸ਼ਟੀਕਰਣ ਦਿੱਤਾ ਕੋਈ ਮੁਆਫੀ ਨਹੀਂ ਮੰਗੀ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੰਜ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਉਪ੍ਰੰਤ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਹੇ। ਚੇਤੇ ਰਹੇ ਕਿ ਪ੍ਰੋ: ਧੂੰਦਾ ਦੇ ਗੁਰਬਾਣੀ ਆਧਾਰਤ ਧੂੰਆਂਧਾਰ ਪ੍ਰਚਾਰ ਤੋਂ ਘਬਰਾਏ ਹੋਏ ਡੇਰੇਦਾਰਾਂ ਨੇ 6 ਮਹੀਨੇ ਪਹਿਲਾਂ 30 ਜੁਲਾਈ 2011 ਨੂੰ ਦਿੱਲੀ ਵਿਖੇ ਪ੍ਰੋ: ਧੂੰਦਾ ਵਲੋਂ ਗੁਰਬਾਣੀ ਦੀ ਕੀਤੀ ਗਈ ਕਥਾ ਦੀ ਸੀਡੀ ਦੀ ਕੁਝ ਸੈਕੰਡਾਂ ਦੀ ਕਲਿਪਿੰਗ ਅਕਾਲ ਤਖ਼ਤ ’ਤੇ ਭੇਜ ਕੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋ ਰਹੇ ਗੁਰਬਾਣੀ ਦੇ ਕੀਰਤਨ ਦੀ ਤੁਲਨਾ ਮੱਸਾ ਰੰਘੜ ਵਲੋਂ ਉਥੇ ਕਰਵਾਏ ਮੁਜਰੇ ਨਾਲ ਕਰਕੇ ਦਰਬਾਰ ਸਾਹਿਬ ਵਿਖੇ ਕੀਤੇ ਜਾ ਰਹੇ ਕੀਰਤਨ ਦੀ ਬੇਅਦਬੀ ਕੀਤੀ ਹੈ। ਪ੍ਰੋ: ਧੂੰਦਾ ਵਲੋਂ ਕੀਤਾ ਜਾ ਰਿਹਾ ਸਰਲ ਤੇ ਸਪਸ਼ਟ ਗੁਰਮਤਿ ਪ੍ਰਚਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਬਾਦਲ ਦਲ ਦੇ ਆਗੂਆਂ ਤੇ ਖੁਦ ਜਥੇਦਾਰਾਂ ਨੂੰ ਵੀ ਸੂਲਾਂ ਵਾਂਗ ਚੁੱਭਦਾ ਹੈ। ਇਸ ਕਾਰਣ ਮੁੱਦਾ ਹੱਥ ਆਇਆ ਵੇਖ ਉਨ੍ਹਾਂ ਬਿਨਾਂ ਸੋਚੇ ਸਮਝੇ 3 ਜਨਵਰੀ 2012 ਨੂੰ ਪ੍ਰੋ: ਧੂੰਦਾ ਨੂੰ ਅਖੌਤੀ ਪ੍ਰਚਾਰਕ ਦੱਸ ਕੇ ਸੰਗਤਾਂ ਨੂੰ ਉਸ ਨੂੰ ਮੂੰਹ ਨਾ ਲਾਉਣ ਦਾ ਆਦੇਸ਼ ਦਿੱਤਾ। ਪ੍ਰੋ: ਧੂੰਦਾ ਉਸ ਸਮੇਂ ਕੈਨੇਡਾ ਵਿੱਚ ਸਨ।

ਜਥੇਦਾਰਾਂ ਦੇ ਇਸ ਗਲਤ ਆਦੇਸ਼ ਦਾ ਉਲਟਾ ਅਸਰ ਹੋਇਆ ਕਿ ਉਥੋਂ ਦੀਆਂ ਸੰਗਤਾਂ ਨੇ ਪ੍ਰੋ: ਧੂੰਦਾ ਨੂੰ ਮੂੰਹ ਨਾ ਲਾਉਣ ਦੀ ਥਾਂ ਉਸ ਨੂੰ ਆਪਣੇ ਦਿਲਾਂ ਵਿੱਚ ਥਾਂ ਦਿੱਤੀ, ਮਹੀਨਾ ਭਰ ਉਥੇ ਵੱਖ ਵੱਖ ਗੁਰਦੁਆਰਿਆਂ ਵਿੱਚ ਚੱਲੇ ਸਮਾਗਮਾਂ ਦੌਰਾਨ ਤਕਰੀਬਨ ਹਰ ਗੁਰਦੁਆਰੇ ਵਿੱਚ ਉਨ੍ਹਾਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਤੇ ਦੀਵਾਨਾਂ ਵਿੱਚ ਸੰਗਤਾਂ ਦੀ ਗਿਣਤੀ ਆਮ ਨਾਲੋਂ ਡੇਢੀ ਤੋਂ ਦੁਗਣੀ ਰਹੀ। ਜਾਗਰੂਕ ਸਿੱਖਾਂ ਵਲੋਂ ਪ੍ਰੋ: ਧੂੰਦਾ ’ਤੇ ਭਾਰੀ ਦਬਾਓ ਪਾਇਆ ਜਾ ਰਿਹਾ ਸੀ ਕਿ ਉਹ ਸਿਆਸਤਦਾਨਾਂ ਵਾਲੋਂ ਨਿਯੁਕਤ ਜਥੇਦਾਰਾਂ ਦੇ ਗਲਤ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਣ ਤੇ ਉਨ੍ਹਾਂ ਅੱਗੇ ਪੇਸ਼ ਨਾ ਹੋਣ। ਜੇ ਕਰ ਸਪਸ਼ਟੀਕਰਣ ਦੇਣ ਜਾਣਾ ਹੀ ਹੈ ਤਾਂ ਘੱਟ ਘੱਟ ਤੋਂ ਉਨ੍ਹਾਂ ਵਲੋਂ ਨਵੇਂ ਸਥਾਪਤ ਕੀਤੇ ਕਾਲ ਕੋਠੜੀ ਨੁਮਾਂ ਸਕੱਤਰੇਤ ਵਿੱਚ ਬਿਲਕੁੱਲ ਨਾ ਜਾਣ ਤੇ ਸਪਸ਼ਟੀਕਰਣ ਅਕਾਲ ਤਖ਼ਤ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਤੇ ਸੰਗਤ ਦੀ ਹਾਜਰੀ ਵਿੱਚ ਹੀ ਦਿਤਾ ਜਾਵੇ। ਇਸ ਕਾਰਣ ਜਥੇਦਾਰਾਂ ਨੂੰ ਭਾਰੀ ਚਿੰਤਾ ਸੀ ਕਿ ਜੇ ਪ੍ਰੋ: ਧੂੰਦਾ ਨੇ ਵੀ ਪ੍ਰੋ: ਦਰਸ਼ਨ ਸਿੰਘ ਦੀ ਤਰ੍ਹਾਂ ਉਨ੍ਹਾਂ ਅੱਗੇ ਗੋਡੇ ਟੇਕਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਦੀ ਅਖੌਤੀ ਸਰਬਉਚਤਾ ਖਤਰੇ ਵਿੱਚ ਪੈ ਜਾਵੇਗੀ। ਪਰ ਜਦੋਂ ਵਿਚੋਲਗਿਰੀ ਕਰਨ ਵਾਲਿਆਂ ਤੇ ਖਾਸ ਕਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੇ ਯਤਨਾਂ ਸਦਕਾ ਪ੍ਰੋ: ਧੂੰਦਾ ਅੱਜ ਕੋਠੜੀਨੁਮਾ ਸਕੱਤਰੇਤ ਵਿੱਚ ਜਥੇਦਾਰਾਂ ਅੱਗੇ ਪੇਸ਼ ਹੋ ਗਏ ਤਾਂ ਉਨ੍ਹਾਂ ਨੂੰ ਅਖੌਤੀ ਪ੍ਰਚਾਰਕ ਦੱਸਣ ਵਾਲੇ ਜਥੇਦਾਰ ਗਦਗਦ ਹੋ ਉਠੇ।

ਪ੍ਰੋ: ਧੂੰਦਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਨਾਂ ਦੀ ਕਥਾ ਵਿੱਚ ਕੁਝ ਅੰਸ਼ ਗਲਤ ਢੰਗ ਨਾਲ ਪੇਸ਼ ਕੀਤੇ ਗਏ ਹਨ ਜਦੋ ਕਿ ਉਨ੍ਹਾਂ ਦਾ ਇਸ਼ਾਰਾ ਦਰਬਾਰ ਸਾਹਿਬ ਜੀ ਵਿੱਚ ਹੋ ਰਹੇ ਕੀਰਤਨ ਵਲ ਨਹੀਂ ਸੀ ਬਲਕਿ ਕਾਨ੍ਹਾਂ ਢੇਸੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਏ ਭੰਗੜੇ ਅਤੇ ਸਾਡੇ ਆਮ ਘਰਾਂ ਵਿੱਚ ਵਿਆਹਾਂ ਸ਼ਾਦੀਆਂ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪੈਣ ਉਪ੍ਰੰਤ ਸ਼ਰਾਬਾਂ ਪੀਣ ਅਤੇ ਭੰਗੜੇ ਪਾਉਣ ਵੱਲ ਸੀ। ਉਨ੍ਹਾਂ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਤੁਸੀ ਦੱਸੋ ਕੀ ਉਥੇ ਇਹ ਕੁਝ ਨਹੀਂ ਹੋ ਰਿਹਾ ਜਿਸ ਦਾ ਮੈਂ ਵਰਨਣ ਕੀਤਾ ਸੀ। ਉਨ੍ਹਾਂ ਮੰਨਿਆ ਕਿ ਜਿਸ ਸਮੇਂ ਸਟੇਜ ’ਤੇ ਕੋਈ ਬੁਲਾਰਾ ਬੋਲਦਾ ਹੈ ਤਾਂ ਕਈ ਵਾਰ ਕਾਹਲੀ ਵਿੱਚ ਬੋਲੇ ਕਿਸੇ ਸ਼ਬਦ ਨੂੰ ਸ੍ਰੋਤੇ ਕੁਝ ਹੋਰ ਭਾਵਨਾਂ ਵਿੱਚ ਸਮਝ ਲੈਂਦੇ ਹਨ। ਜਿਸ ਦੀ ਕਥਾ ਬਾਅਦ ਆਮ ਤੌਰ ’ਤੇ ਮੁਆਫੀ ਮੰਗ ਲਈ ਜਾਂਦੀ ਹੈ। ਪਰ ਉਥੇ ਤਾਂ ਉਹ ਕੁਝ ਵੀ ਨਹੀਂ ਵਾਪਰਿਆ ਤੇ ਸੰਗਤ ਵਿੱਚੋਂ ਜਾਂ ਉਸ ਤੋਂ ਬਾਅਦ ਅੱਜ ਤੱਕ ਮੇਰੇ ਵਲੋਂ ਵਰਤੀ ਗਈ ਸ਼ਬਦਾਵਲੀ ’ਤੇ ਕਿਸੇ ਨੇ ਇਤਰਾਜ ਨਹੀਂ ਕੀਤਾ ਤੇ ਇਹ ਸ਼ਿਕਾਇਤ ਮੰਦਭਾਵਨਾ ਨਾਲ ਕੀਤੀ ਗਈ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਦੇਸ਼ ਜਾਰੀ ਹੋਣ ਉਪ੍ਰੰਤ ਉਹ ਆਪਣੇ ਪ੍ਰੋਗਰਾਮ ਰੱਦ ਕਰਕੇ ਵਾਪਸ ਕਿਉਂ ਨਹੀਂ ਆਏ? ਜਵਾਬ ਵਿੱਚ ਪ੍ਰੋ: ਧੂੰਦਾ ਨੇ ਕਿਹਾ ਕਿ ਤੁਸੀਂ ਨਾ ਤਾਂ ਮੈਨੂੰ ਪੇਸ਼ ਹੋਣ ਦੀ ਕੋਈ ਤਾਰੀਖ ਦਿਤੀ ਸੀ। ਦੂਸਰੀ ਗੱਲ ਹੈ ਕਿ ਤੁਸੀਂ ਸੰਗਤਾਂ ਨੂੰ ਆਦੇਸ਼ ਦਿੱਤਾ ਸੀ ਕਿ ਮੈਨੂੰ ਮੂੰਹ ਨਾ ਲਾਇਆ ਜਾਵੇ। ਪਰ ਸੰਗਤਾਂ ਤਾਂ ਮੈਨੂੰ ਬੇਹੱਦ ਸਨਮਾਨ ਦੇ ਰਹੀਆਂ ਸਨ ਇਸ ਲਈ ਸੰਗਤਾਂ ਤੋਂ ਪੁੱਛੋ ਕਿ ਉਨ੍ਹਾਂ ਤੁਹਾਡਾ ਆਦੇਸ਼ ਕਿਉਂ ਨਹੀਂ ਮੰਨਿਆ? ਇਸ ਉਪ੍ਰੰਤ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦਸਮ ਗ੍ਰੰਥ ਦੀ ਬਾਣੀ ਸਬੰਧੀ ਉਨ੍ਹਾਂ ਦੇ ਕੀ ਖਿਆਲ ਹਨ? ਜਵਾਬ ਵਿੱਚ ਪ੍ਰੋ: ਧੂੰਦਾ ਨੇ ਕਿਹਾ ਜੋ ਸਿੱਖ ਰਹਿਤ ਮਰਿਆਦਾ ਦਾ ਖਿਆਲ ਹੈ ਉਹੀ ਮੇਰਾ ਖਿਆਲ ਹੈ। ਸਪਸ਼ਟੀਕਰਣ ਤੋਂ ਸੰਤੁਸ਼ਟ ਹੋ ਕੇ ਜਥੇਦਾਰਾਂ ਨੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਤੇ ਨਾਲ ਹੀ ਉਨ੍ਹਾਂ ਨੂੰ ਕਿਹਾ ਆਪਣੀ ਆਤਮਾ ਦੀ ਸ਼ੁਧੀ ਲਈ ਆਪਣੇ ਘਰ ਇਕ ਸਹਿਜ ਪਾਠ ਕਰੋ, ਜਿਸ ਦਿਨ ਉਨ੍ਹਾਂ ਦਾ ਮਨ ਬਣੇ ਇੱਕ ਘੰਟਾ ਦਰਬਾਰ ਸਾਹਿਬ ਵਿੱਚ ਆ ਕੇ ਕੀਰਤਨ ਸੁਣੋ ਉਪ੍ਰੰਤ ਅਕਾਲ ਤਖ਼ਤ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਓ।

ਦੂਸਰੇ ਪਾਸੇ ਦਰਬਾਰ ਸਾਹਿਬ ਦੇ ਰਾਗੀ ਜਿਨ੍ਹਾਂ ਨੇ ਕਨੇਡਾ ਦੇ ਕੁਝ ਸ਼ਰਾਰਤੀ ਬੰਦਿਆਂ ਤੋਂ ਬਾਅਦ ਪ੍ਰੋ: ਧੂੰਦਾ ਦੀ ਸ਼ਿਕਾਇਤ ਕੀਤੀ ਸੀ ਉਹ ਬਾਹਰ ਆ ਕੇ ਬੜੇ ਖੁਸ਼ ਵਿਖਾਈ ਦਿੰਦੇ ਸਨ ਤੇ ਬੜੇ ਫਖ਼ਰ ਨਾਲ ਕਹਿ ਰਹੇ ਸਨ ਕਿ ਉਨ੍ਹਾਂ ਨੇ ਧੂੰਦਾ ਨੂੰ ਪੁੱਛਿਆ ਕਿ ਉਹ ਕਾਨ੍ਹਾ ਢੇਸੀਆਂ ਨੂੰ ਦਰਬਾਰ ਸਾਹਿਬ ਦੇ ਕੀਰਤਨ ਨਾਲ ਕਿਉਂ ਤੁਲਨਾ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਅਸੀਂ ਪ੍ਰੋ: ਧੂੰਦਾ ਨੂੰ ਕਿਹਾ ਕਿ ਉਹ ਸਾਡੇ ਪਿੱਛੇ ਬੈਠ ਕੇ ਜਿੰਨੇ ਦਿਨ ਕੀਰਤਨ ਸੁਣਨਗੇ ਉਨਾਂ ਸਮਾਂ ਉਹ ਦਸਮ ਬਾਣੀ ਦਾ ਕੀਰਤਨ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਸਿੰਘ ਸਾਹਿਬਾਨ ਹਾਲੀ ਉਨ੍ਹਾਂ ਦਾ ਹੋਰ ਸਪਸ਼ਟੀਕਰਣ ਲੈ ਰਹੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ 5 ਦਿਨ ਸਾਡੇ ਪਿੱਛੇ ਬੈਠ ਕੇ ਕੀਰਤਨ ਸੁਣਨ ਤੋਂ ਇਲਾਵਾ ਹੋਰ ਤਨਖਾਹ ਲਾਉਣਗੇ।

ਪਰ ਜਥੇਦਾਰ ਵਲੋਂ ਪਤੱਰਕਾਰਾਂ ਨੂੰ ਦਿੱਤੇ ਬਿਆਨ ਤੋਂ ਮਾਲੂਮ ਹੁੰਦਾ ਹੈ ਕਿ ਰਾਗੀ ਝੂਠਾ ਦਾਅਵਾ ਕਰ ਰਹੇ ਹਨ ਤੇ ਪ੍ਰੋ: ਧੂੰਦਾ ਵਲੋਂ ਕੀਤਾ ਗਿਆ ਪ੍ਰਗਟਾਵਾ ਸੱਚਾਈ ਦੇ ਜਿਆਦਾ ਨੇੜੇ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸੱਚ ਜਾਨਣਾ ਚਾਹਿਆ ਤਾਂ ਉਨ੍ਹਾਂ ਦਾ ਮੋਬ: ਬੰਦ ਹੋਣ ਕਰਕੇ ਸੰਪਰਕ ਨਹੀਂ ਹੋ ਸਕਿਆ।

ਪ੍ਰੋ: ਧੂੰਦਾ ਨੇ ਕਿਹਾ ਕਿ ਰਾਗੀ ਗਲਤ ਦਾਅਵਾ ਕਰ ਰਹੇ ਹਨ ਤੇ ਅੰਦਰ ਪੰਜੇ ਹੀ ਜਥੇਦਾਰਾਂ ਨੇ ਉਨ੍ਹਾਂ ਦੇ ਕਥਨ ਨੂੰ ਖਾਸ ਅਹਿਮੀਅਤ ਨਹੀਂ ਦਿੱਤੀ ਤੇ ਸਿਰਫ ਇੱਕ ਘੰਟਾ ਬੈਠ ਕੇ ਕੀਰਤਨ ਸੁਣਨ ਲਈ ਕਿਹਾ ਹੈ ਜਿਥੇ ਮਰਜੀ ਬੈਠ ਕੇ ਸੁਣ ਲਵਾਂ। ਪ੍ਰੋ: ਧੂੰਦਾ ’ਤੇ ਪੁਜਾਰੀਆਂ ਅੱਗੇ ਸਿਰ ਨਿਵਾਉਣ ਅਤੇ ਸਮਝੌਤਾ ਕਰਕੇ ਮੁਆਫੀ ਮੰਗਣ ਦੇ ਲਾਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਕਥਾ ਕਰਨ ਦੇ ਢੰਡ ਵਿੱਚ ਕੋਈ ਤਬਦੀਲੀ ਆਈ ਫਿਰ ਤਾਂ ਉਨ੍ਹਾਂ ਦੇ ਦੋਸ਼ ਸਹੀ ਹੋ ਸਕਦੇ ਹਨ ਪਰ ਜੇ ਮੇਰੇ ਵਲੋਂ ਕੀਤਾ ਜਾ ਰਿਹਾ ਪਹਿਲੀ ਤਰਜ’ਤੇ ਰਿਹਾ ਤਾਂ ਸਮਝੋ ਇਹ ਦੋਸ਼ ਨਿਰਮੂਲ ਹਨ।

ਅੱਜ ਦੇ ਡਰਾਮੇ ਤੋਂ ਇਹ ਗੱਲ ਸਾਹਮਣੇ ਆਈ ਕਿ ਪੁੱਟਿਆ ਪਹਾੜ ਤੇ ਨਿਕਲੀ ਚੂਹੀ ਉਹ ਵੀ ਮਰੀ ਹੋਈ। ਜੇ ਜਥੇਦਾਰ ਉਨ੍ਹਾਂ ਦੇ ਪ੍ਰਚਾਰ ’ਤੇ ਪਾਬੰਦੀ ਲਾਉਣ ਤੋਂ ਪਹਿਲਾਂ ਹੀ ਫੋਨ ਜਾਂ ਇੰਟਰਨੈੱਟ ਰਾਹੀਂ ਸਪਸ਼ਟੀਕਰਣ ਲੈ ਕੇ ਫੈਸਲਾ ਕਰਦੇ ਤਾਂ ਅੱਜ ਵਾਲੀ ਹਾਸੋਹੀਣੀ ਸਥਿਤੀ ਪੈਦਾ ਨਾ ਹੁੰਦੀ। ਜੇ ਸਮੁੱਚੀ ਕਾਰਵਾਈ ਕਾਲ ਕੋਠੜੀ ਵਿੱਚ ਹੋਣ ਦੀ ਬਜ਼ਾਏ ਅਕਾਲ ਤਖ਼ਤ ’ਤੇ ਸਮੁਚੀ ਸੰਗਤ ਦੇ ਸਾਹਮਣੇ ਹੁੰਦੀ ਤਾਂ ਬਾਹਰ ਆ ਕੇ ਕਿਸੇ ਨੂੰ ਝੂਠ ਬੋਲਣ ਦੀ ਲੋੜ ਨਾ ਪੈਂਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top