Share on Facebook

Main News Page

ਫਰੀਦਾਬਾਦ ਵਿਖੇ ਨਿਵੇਕਲੇ ਰੂਪ ਵਿੱਚ ਮਨਾਇਆ ਹੋਲਾ ਮਹੱਲਾ

* ਬਾਬੇ ਨਾਨਕ ਨੇ ਸੰਸਾਰ ਨੂੰ ਜਿੰਨ੍ਹਾਂ ਕਰਮਕਾਂਡਾਂ ਤੋਂ ਵਰਜਿਆ ਸੀ ਅੱਜ ਸਿੱਖ ਉਹੀ ਕਰਮਕਾਂਡ ਕਰ ਰਹੇ ਹਨ
* ਹੰਸਾਂ ਨੂੰ ਵੇਖ ਕੇ ਬੱਗਿਆਂ ਨੂੰ ਵੀ ਚਾਅ ਚੜਦਾ ਹੈ ਪਰ ਅੱਜ ਬੱਗਿਆਂ ਨੂੰ ਵੇਖ ਕੇ ਹੰਸਾਂ ਨੇ ਵੀ ਆਪਣਾ ਜੀਵਨ ਤਬਾਹ ਕਰ ਲਿਆ

(11 ਮਾਰਚ 2012; ਸਤਨਾਮ ਕੌਰ ਫਰੀਦਾਬਾਦ)

ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਵੱਲੋਂ ਨਿਵੇਕਲੇ ਰੂਪ ਵਿਚ ਹੋਲਾ ਮਹੱਲਾ ਮਨਾਇਆ ਗਿਆ ਜੋ ਕਿ ਮਿਯੂਨਿਸਪਲ ਆਡੀਟੋਰੀਅਮ ਨੇੜੇ ਦਸ਼ਹਿਰਾ ਗਰਾਉਂਡ ਵਿਖੇ ਮਨਾਇਆ ਜੋ 12 ਘੰਟੇ ਲਗਾਤਾਰ ਚਲਦਾ ਰਿਹਾ। ਇਥੇ ਜ਼ਿਕਰਯੋਗ ਹੈ ਕਿ ਪਿਛਲੇ 15 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਿੱਚ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਸਮਾਗਮ ਦੀ ਅਰੰਭਤਾ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦਿੱਲੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਰਾਹੀਂ ਕੀਤੀ। ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਅਬੋਹਰ ਦੇ ਆਗੂ ਸ. ਦਲੀਪ ਸਿੰਘ ਅਬੋਹਰ ਨੇ ਸ਼ਬਦ ਵਿਚਾਰ ਕਰਦਿਆਂ ਕਿਹਾ ਕਿ ਗੁਰਬਾਣੀ ਅਨੁਸਾਰ ਹੰਸਾਂ ਨੂੰ ਵੇਖ ਕੇ ਬੱਗਿਆਂ ਨੂੰ ਵੀ ਚਾਅ ਚੜਦਾ ਹੈ ਪਰ ਅੱਜ ਇਸ ਤੋਂ ਉਲਟ ਹੋ ਰਿਹਾ ਹੈ ਅੱਜ ਬੱਗਿਆਂ ਨੂੰ ਵੇਖ ਕੇ ਹੰਸਾਂ ਨੇ ਵੀ ਆਪਣਾ ਜੀਵਨ ਤਬਾਹ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨ ਲਿਆ ਹੈ ਪਰ ਗੁਰਬਾਣੀ ਅਨੁਸਾਰ ਜੀਵਨ ਨਹੀਂ ਬਿਤਾਇਆ। ਜਿੰਨ੍ਹਾਂ ਕਰਮਕਾਡਾਂ ਤੋਂ ਬਾਣੀ ਸਾਨੂੰ ਰੋਕਦੀ ਹੈ ਅਸੀਂ ਉਨ੍ਹਾਂ ਕਰਮਕਾਂਡਾ ਨੂੰ ਹੀ ਆਪਣੀ ਜਿੰਦਗੀ ਦਾ ਹਿੱਸਾ ਬਣਾ ਕੇ ਅਪਣਾ ਜੀਵਨ ਖੁਆਰ ਕਰ ਲਿਆ ਹੈ। ਇਸ ਤੋਂ ਉਪਰੰਤ ਵੀਰ ਭੁਪਿੰਦਰ ਸਿੰਘ ਯੂ.ਐਸ.ਏ ਨੇ ਹੋਲੀ ਕੀਨੀ ਸੰਤ ਸੇਵ ਸ਼ਬਦ ਗਾਇਨ ਕਰਦਿਆਂ ਸੰਦੇਸ਼ ਦਿੱਤਾ ਕਿ ਕੱਚੇ ਰੰਗਾਂ ਤੋਂ ਦੂਰ ਰਹਿ ਕੇ ਗੁਰਮਤਿ ਦੇ ਪੱਕੇ ਰੰਗ ਨਾਲ ਹੀ ਸਾਡਾ ਜੀਵਨ ਖੁਸ਼ਹਾਲ ਹੋ ਸਕਦਾ ਹੈ। ਗੁਰਸਿੱਖ ਫੈਮਿਲੀ ਕਲੱਬ ਦੇ ਮੈਂਬਰਾਂ ਵੱਲੋਂ “ਬਲਿਹਾਰੀ ਕੁਦਰਤਿ ਵਸਿਆ” ‘ਤੇ ਅਧਾਰਤ ਨਾਟਕ ਖੇਡਦੇ ਹੋਏ ਇਹ ਸੰਦੇਸ਼ ਦਿੱਤਾ ਕਿ ਜੇਕਰ ਅਸੀਂ ਅੱਜ ਕੁਦਰਤ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਇੰਨ੍ਹਾਂ ਚੀਜਾਂ ਦੀ ਘਾਟ ਕਾਰਣ ਸਾਨੂੰ ਹੀ ਔਂਕੜਾਂ ਝੇਲਣੀਆਂ ਪੈਣੀਆਂ ਹਨ।

ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਬਲਦੇਵ ਸਿੰਘ ਨੇ ਕਿਹਾ ਕਿ ਅਕਾਲਪੁਰਖ ਕੁਦਰਤ ਵਿਚ ਵਸਦਾ ਹੈ ਅੱਜ ਕੁਦਰਤ ਨਾਲ ਖਿਲਵਾੜ ਕਰਣ ਕਰਕੇ ਹੀ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇਕਰ ਅਸੀਂ ਕੁਦਰਤ ਦੀ ਸੰਭਾਲ ਕਰਾਂਗੇ ਤਾਂ ਹੀ ਅਸੀਂ ਸੁਖਾਲਾ ਜੀਵਨ ਜੀ ਸਕਾਂਗੇ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਾਟਕ “ਪੁੱਤਰ ਵੰਡਾਉਣ ਜ਼ਮੀਨਾਂ, ਧੀਆਂ ਦੁਖ ਵੰਡਾਉਂਦੀਆਂ ਏਂ” ਨੇ ਰੌਂਗਟੇ ਖੜੇ ਕਰ ਦਿੱਤੇ। ਇਸ ਨਾਟਕ ਰਾਹੀਂ ਦਸਿਆ ਗਿਆ ਕਿ ਜਿੰਨ੍ਹਾਂ ਕੁੜੀਆਂ ਨੂੰ ਅਸੀਂ ਕੁੱਖ ਵਿਚ ਮਾਰ ਦਿੰਦੇ ਹਾਂ ਉਹ ਕਿਸ ਤਰ੍ਹਾਂ ਹਰ ਖੇਤਰ ਵਿਚ ਮੁੰਡਿਆਂ ਤੋਂ ਅੱਗੇ ਹੋ ਕੇ ਆਪਣੇ ਮਾਂ-ਪਿਉਂ ਦਾ ਨਾਂ ਰੋਸ਼ਨ ਕਰਦੀਆਂ ਹਨ। ਨਾਟਕ ਰਾਹੀਂ ਪਾਖੰਡੀ ਬਾਬੇ ਜੋ ਮੁੰਡੇ ਦੇਣ ਦੇ ਵਰ ਦਿੰਦੇ ਹਨ ਉਨ੍ਹਾਂ ਦਾ ਵੀ ਪਾਜ਼ ਉਘੇੜਿਆ ਗਿਆ ਇਸ ਵੇਲੇ ਹਾਲ ਸੰਗਤਾਂ ਨਾਲ ਖਚਾਖਚ ਭਰਿਆ ਪਿਆ ਸੀ। ਇਸ ਤੋਂ ਬਾਅਦ ਬੀਬੀ ਅਮਨਜੋਤ ਕੌਰ ਨੇ ਕਵਿਤਾ ਰਾਹੀਂ ਸੰਦੇਸ਼ ਦਿੱਤਾ ਕਿ ਬਾਬੇ ਨਾਨਕ ਨੇ ਸੰਸਾਰ ਨੂੰ ਜਿੰਨ੍ਹਾਂ ਕਰਮਕਾਂਡਾਂ ਤੋਂ ਵਰਜਿਆ ਸੀ ਅੱਜ ਉਹੀ ਸਭ ਹੋ ਰਿਹਾ ਹੈ ਜੇ ਕਿਤੇ ਅੱਜ ਬਾਬਾ ਨਾਨਕ ਮੁੜ ਧਰਤੀ ’ਤੇ ਆ ਜਾਣ ਤਾਂ ਉਹ ਵੀ ਇਸ ਵਰਤਾਰੇ ਨੂੰ ਵੇਖ ਕੇ ਹੈਰਾਨੀ ਜਤਾਉਣਗੇ। ਨੌਜਵਾਨ ਪੀੜ੍ਹੀ ਵੱਲੋਂ ਕੇਸਾਂ ਦੀ ਬੇਅਦਬੀ ਕਰਦੇ ਹੋਏ ਅਪਣਾ ਸਰੂਪ ਵਿਗਾੜ ਲੈਣ’ ਨੂੰ ਜਿੱਥੇ ਸਕਿਟ ਰਾਹੀਂ ਪੇਸ਼ ਕੀਤਾ ਉਥੇ ਸਕਿਟ ਨਾਲ ਜੁੜਿਆ ਗੀਤ “ਐਸੇ ਸਾਡੇ ਗੁਰੂਆਂ ਨੇ ਕੌਮ ਬਣਾਈ” ਨੂੰ ਨਿੱਕੇ ਨਿੱਕੇ ਬੱਚਿਆਂ ਨੇ ਖਾਲਸਾਈ ਰੂਪ ਵਿਚ ਪ੍ਰਦਰਸ਼ਤ ਕੀਤਾ ਜਿਸ ਦੀ ਸੰਗਤ ਵੱਲੋਂ ਭਰਪੂਰ ਸ਼ਲਾਘਾ ਹੋਈ ਅਤੇ ਸੰਗਤਾਂ ਦੀ ਮੰਗ ’ਤੇ ਉਸ ਨੂੰ ਸਟੇਜ ਤੋਂ ਦੂਜੀ ਵਾਰ ਵਿਖਾਉਣਾ ਪਿਆ।

ਸ. ਗੁਰਸੇਵਕ ਸਿੰਘ ਮਦਰੱਸਾ ਨੇ ਸਿੱਖੀ ਸਰੂਪ ਅਤੇ ਕੇਸਾਂ ਦੀ ਮਹੱਤਤਾ ਨੂੰ ਵਿਗਿਆਨਕ ਢੰਗ ਨਾਲ ਦੱਸਦਿਆਂ ਕਿਹਾ ਕਿ ਰੱਬ ਵੱਲੋਂ ਬਖਸ਼ੀ ਦਾਤ ਕੇਸ ਸਿਰਫ ਸਿੱਖ ਲਈ ਹੀ ਨਹੀਂ ਹਰ ਮਨੁੱਖ ਲਈ ਜ਼ਰੂਰੀ ਹਨ। ਕੇਸ ਰੱਖਣਾ ਧਰਮ ਦਾ ਅੰਗ ਨਹੀਂ ਸ਼ਰੀਰ ਦਾ ਅੰਗ ਹੈ ਕੇਸਾਂ ਦੀ ਸਾਭ ਕਰਨ ਨਾਲ ਸ਼ਰੀਰਕ ਤੋਰ ਤੇ ਪੂਰਾ ਮਨੁੱਖ ਬਣਿਆ ਜਾਂਦਾਂ ਹੈ। ਸਮਾਗਮ ਵਿਚ ਉਚੇਚੇ ਤੌਰ’ਤੇ ਪੁੱਜੇ ਪ੍ਰੋ. ਕੰਵਲਦੀਪ ਸਿੰਘ ਕੰਵਲ ਨੇ ਅਖੌਤੀ ਜੱਥੇਦਾਰਾਂ ਦੇ ਅਹੁੱਦੇ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਇੰਨ੍ਹਾਂ ਨੂੰ ਧਾਰਮਕ ਵੇਸ਼ਵਾਵਾਂ ਤਾਂ ਆਖ ਦਿੰਦੇ ਹਨ ਪਰ ਇਹ ਉਨ੍ਹਾਂ ਤੋਂ ਵੀ ਗਏ ਗੁਜਰੇ ਹਨ ਕਿਉਂਕਿ ਵੇਸ਼ਵਾਵਾਂ ਤਾਂ ਆਪਣੀ ਮਜ਼ਬੂਰੀ ਅਧੀਨ ਸਿਰਫ ਜਿਸਮ ਦਾ ਸੌਦਾ ਕਰਦੀਆਂ ਹਨ ਪਰ ਉਨ੍ਹਾਂ ਦੀ ਜ਼ਮੀਰ ਜਾਗਦੀ ਹੈ ਪਰ ਇਹ ਅਖੌਤੀ ਜੱਥੇਦਾਰ ਤਾਂ ਆਪਣੀ ਜ਼ਮੀਰ ਦਾ ਵੀ ਸੌਦਾ ਕਰੀ ਬੈਠੇ ਹਨ। ਇਸ ਮੌਕੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ, ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਗੁਰਪ੍ਰੀਤ ਸਿੰਘ ਅਬੋਹਰ, ਫਤਿਹ ਮਲਟੀਮੀਡੀਆ ਦੇ ਸਤਪਾਲ ਸਿੰਘ ਦੁਗਰੀ, ਗੁਰਮਤਿ ਪ੍ਰਚਾਰ ਕੌਂਸਲ ਤੋਂ ਸ. ਜਗਜੀਤ ਸਿੰਘ ਖਾਲਸਾ, ਬੀਬੀ ਗਗਨਜੋਤ ਕੌਰ, ਬੀਬੀ ਕਰਨਜੋਤ ਕੌਰ, ਆਦਿ ਨੇ ਵੀ ਆਪਣੇ ਵਿਚਾਰ ਸੰਗਤਾਂ ਸਾਹਮਣੇ ਰੱਖੇ।

ਖਾਲਸਾ ਨਾਰੀ ਮੰਚ ਫਰੀਦਾਬਾਦ ਤੋਂ ਬੀਬੀ ਗੁਰਮੀਤ ਕੌਰ, ਬੀਬੀ ਸਤਨਾਮ ਕੌਰ, ਅਤੇ ਬੀਬੀ ਗੁਰਦੀਪ ਕੌਰ ਨੇ ਬੱਚਿਆਂ ਦੇ ਪ੍ਰੋਗਰਾਮ ਤਿਆਰ ਕਰਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸ. ਪੂਰਨ ਸਿੰਘ ਦੇਸਲ ਜੋ ਨੂਰਮਹਿਲੀਏ ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਵੀ ਰਹਿ ਚੁੱਕੇ ਹਨ ਨੇ ਸੰਗਤਾਂ ਦੇ ਭਰਵੇਂ ਇਕੱਠ ਵਿਚ ਜਿੱਥੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪਾਖੰਡੀ ਸਾਧ ਦਾ ਸੱਚ ਸੰਗਤਾਂ ਸਾਹਮਣੇ ਰਖਿਆ ਉਥੇ ਆਪਣੀ ਮਧੂਰ ਅਵਾਜ਼ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ’ਤੇ ਲਿਖੀ ਕਵਿਤਾ ਸੰਗਤਾਂ ਵਿਚ ਪੜ੍ਹ ਕੇ ਸੁਣਾਈ। ਫਰੀਦਾਬਾਦ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸਿੰਘ ਸਭਾਵਾਂ ਅਤੇ ਸੰਗਤਾਂ ਵੱਲੋਂ ਜਿੱਥੇ ਪੂਰਨ ਸਿੰਘ ਦੇਸਲ ਨੂੰ ਸਨਮਾਨਤ ਕੀਤਾ ਉਥੇ ਮੌਕੇ ’ਤੇ 40 ਹਜ਼ਾਰ ਤੋਂ ਵੱਧ ਮਾਇਆ ਇਕੱਤਰ ਕਰ ਕੇ ਉਨ੍ਹਾਂ ਦੀ ਆਰਥਕ ਤੌਰ ’ਤੇ ਵੀ ਮਦਦ ਕੀਤੀ। ਇਸ ਮੌਕੇ ਗੁਰਮਤਿ ਕਾਲਜ ਵੱਲੋਂ ਗੁਰਮਤਿ ਸਿਧਾਂਤਾਂ ’ਤੇ ਅਡਿਗ ਰਹਿ ਕੇ ਗੁਰੂ ਘਰ ਦੀ ਸੇਵਾ ਸੰਭਾਲ ਨਿਧੜਕ ਅਤੇ ਸੁਚੱਜੇ ਰੂਪ ਵਿਚ ਕਰਣ ਲਈ ਸ. ਸੁਖਦੇਵ ਸਿੰਘ ਜਨਰਲ ਸਕੱਤਰ ਗੁ.ਸਿੰਘ ਸਭਾ ਜਵਾਹਰ ਕਾਲੌਨੀ ਨੂੰ ਸੰਗਤਾਂ ਦੇ ਭਰਵੇਂ ਇਕੱਠ ਵਿਚ “ਚੰਗੇ ਪ੍ਰਬੰਧਕ” ਦੇ ਐਵਾਰਡ ਨਾਲ ਸਨਮਾਨਤ ਕੀਤਾ।

ਇਸ ਮੌਕੇ ਮਿਸ਼ਨਰੀ ਲਹਿਰ ਦੇ ਮੋਢੀ ਗਿਆਨੀ ਜਗਮੋਹਣ ਸਿੰਘ ਜੀ ਦੀ ਅਣਮੂਲੀ ਸੇਵਾਵਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਲੁਧਿਆਣਾ ਤੋਂ ਉਚੇਚੇ ਤੌਰ ’ਤੇ ਪੁੱਜੇ ਉਨ੍ਹਾਂ ਦੇ ਸਪੁੱਤਰ ਸ. ਗੁਰਸਾਗਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਸੇਵਾ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫ਼ਰੀਦਾਬਾਦ ਅਤੇ ਗੁਰਸਿੱਖ ਫੈਮਿਲੀ ਕਲੱਬ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਫ਼ਰੀਦਾਬਾਦ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿਚ 3000 ਤੋਂ ਵੱਧ ਸੰਗਤ ਹਾਜ਼ਰ ਸੀ। ਇਸ ਮੌਕੇ ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਜਿਸ ਵਿਚ ਬੀਬੀਆਂ ਨੇ ਵੀ ਹਿੱਸਾ ਲਿਆ।

ਇਸ ਸਮਾਗਮ ਵਿਚ ਫਰੀਦਾਬਾਦ ਦੀਆਂ 20 ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਗੁਰਸਿੱਖ ਫੈਮਿਲੀ ਕਲੱਬ ਵੱਲੋਂ ਹਰ ਮਹੀਨੇ ਛੱਪਦੀ ਇਨਾਮੀ ਪ੍ਰਤੀਯੋਗਤਾ “ਕੌਣ ਬਣੇਗਾ ਗੁਰਸਿੱਖ ਪਿਆਰਾ” ਦੇ ਜੇਤੂਆਂ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ। ਇਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਵੱਲੋਂ ਤਿਆਰ ਕੀਤੀ ਫਿਲਮ “ਦੇਖ ਹਮਾਰਾ ਹਾਲ” ਦੀ ਡੀ.ਵੀ.ਡੀ ਦਾ ਵੀ ਸਟਾਲ ਲਗਾਇਆ। ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਵੱਲੋਂ ਪਾਖੰਡੀ ਬਾਬਿਆਂ ਦਾ ਪਾਜ਼ ਉਘੇੜਦੀ ਫਿਲਮ “ਕਹਾਂ ਭੁਲਿਓ ਰੇ” ਨੂੰ ਵੱਡੇ ਪਰਦੇ ’ਤੇ ਵਿਖਾਇਆ ਗਿਆ। ਇਸ ਸਮਾਗਮ ਨੂੰ ਸੁਚੱਜਾ ਰੂਪ ਦੇਣ ਲਈ ਯੰਗ ਸਿੱਖ ਐਸੋਸਿਏਸ਼ਨ ਫ਼ਰੀਦਾਬਾਦ ਦੀ ਟੀਮ ਵੱਲੋਂ ਭਰਪੂਰ ਸਹਿਯੋਗ ਪ੍ਰਾਪਤ ਹੋਇਆ। ਸਮਾਗਮ ਵਿਚ ਹਰਿਆਣਾ, ਪੰਜਾਬ, ਦਿੱਲੀ ਤੋਂ ਉਚੇਚੇ ਤੌਰ’ਤੇ ਸਪੋਕਸਮੈਨ ਦੇ ਪਾਠਕਾਂ ਨੇ ਵੀ ਹਾਜ਼ਰੀਆਂ ਭਰੀਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top