ਬਠਿੰਡਾ,
26 ਮਾਰਚ (ਕਿਰਪਾਲ ਸਿੰਘ): ਪੰਜਾਬ ਦੇ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ’ਚ ਮੌਤ
ਦੀ ਸਜਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਰੱਦ ਕਰਕੇ ਉਨ੍ਹਾਂ ਦੀ ਰਿਹਾਈ ਕਰਵਾਉਣ ਅਤੇ
ਸਿੱਖਾਂ ਨਾਲ ਕੀਤੇ ਜਾ ਰਹੇ ਧੱਕੇ ਦੇ ਖਿਲਾਫ ਅੱਜ ਇਥੇ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ
ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪ੍ਰਮਿੰਦਰ ਸਿੰਘ ਬਾਲਿਆਂਵਾਲੀ, ਪੰਚ ਪ੍ਰਧਾਨੀ ਦੇ
ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਅਤੇ ਸੰਤ ਸਮਾਜ ਦੇ ਬਾਬਾ ਮਨਮੋਹਨ ਸਿੰਘ ਦੀ ਅਗਵਾਈ ਹੇਠ
ਗੁਰਦੁਆਰਾ ਹਾਜੀਰਤਨ ਤੋਂ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਕਿਲਾ ਮੁਬਾਰਕ ਤੱਕ ਹੱਥਾਂ
ਵਿੱਚ ਕੇਸਰੀ ਝੰਡੇ ਅਤੇ ਮਾਟੋ ਫੜ ਕੇ ਇਨਸਾਫ ਮਾਰਚ ਕੱਢਿਆ ਗਿਆ।
ਇਸ ਸਮੇ ਬਲਵਿੰਦਰ ਸਿੰਘ ਭਗਤਾ ਭਾਈ ਦੇ ਧਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ
ਗਾਈਆਂ। ਬਾਬਾ ਹਰਦੀਪ ਸਿੰਗ ਨੇ ਕਿਹਾ ਜੇ ਸਰਕਾਰ ਅਤੇ ਅਦਾਲਤਾਂ ਨੇ ਸਿੱਖਾਂ ਦੇ ਕਾਤਲਾਂ ਨੂੰ
ਸਜਾਵਾਂ ਦੇ ਕੇ ਸਿੱਖਾਂ ਨਾਲ ਇਨਸਾਫ ਕੀਤਾ ਹੁੰਦਾ ਤਾਂ ਭਾਈ ਦਿਲਾਵਰ ਸਿੰਘ ਅਤੇ ਭਾਈ ਰਾਜੋਆਣਾ
ਕਦੀ ਵੀ ਬੇਅੰਤ ਸਿੰਘ ਦਾ ਕਤਲ ਨਾ ਕਰਦੇ। ਕਿਉਂਕਿ ਉਨ੍ਹਾਂ ਦੀ ਬੇਅੰਤ ਸਿੰਘ ਨਾਲ ਕੋਈ ਵੀ ਜਾਤੀ
ਦੁਸ਼ਮਣੀ ਨਹੀਂ ਸੀ ਬਲਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਹੋ ਰਹੇ ਸਰਕਾਰੀ ਤਸ਼ਦਦ ਨੂੰ ਠੱਲ ਪਾਉਣ ਲਈ
ਹੀ ਬੇਅੰਤ ਸਿੰਘ ਦਾ ਕਤਲ ਕੀਤਾ ਸੀ ਜਿਸ ਦਾ ਇਕਬਾਲੀਆ ਬਿਆਨ ਉਨ੍ਹਾਂ ਅਦਾਲਤਾਂ ਵਿੱਚ ਵੀ ਦਿੱਤਾ
ਹੈ। ਉਨ੍ਹਾਂ ਕਿਹਾ ਸਿੱਖਾਂ ਨੂੰ ਹੁਣ ਤੱਕ ਅਦਾਲਤਾਂ ਵਿੱਚ ਇਨਸਾਫ ਨਾ ਮਿਲਣ ਕਰਕੇ ਹੀ ਉਨ੍ਹਾਂ
ਨੇ ਕੋਈ ਵਕੀਲ ਅਤੇ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਕਾਰਣ ਸਿੱਖ ਭਾਵਨਾਵਾਂ ਭਾਈ ਰਾਜੋਆਣਾ
ਨਾਲ ਪੂਰੀ ਤਰ੍ਹਾਂ ਜੁੜ ਚੱਕੀਆਂ ਹਨ ਤੇ ਪਾਰਟੀ ਸਿਆਸਤ ਤੋਂ ਉਪਰ ਉਠ ਕੇ ਸਮੁਚੇ ਸਿੱਖ ਆਪ ਮੁਹਾਰੇ
ਉਠ ਕੇ ਸੜਕਾਂ ’ਤੇ ਆ ਰਹੇ ਹਨ। ਸਿੱਖ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਫਾਂਸੀ ਨਹੀਂ ਦੇਣ
ਦੇਣਗੇ। ਬਾਬਾ ਮਨਮੋਹਨ ਸਿੰਘ ਨੇ ਕਿਹਾ ਸਮੁੱਚੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਚਾਹੀਦਾ ਹੈ ਕਿ ਉਹ ਸਿਰਫ ਅੱਖਾਂ ਪੂੰਝਣ ਤੱਕ ਸੀਮਤ ਨਾ ਰਹਿਣ
ਬਲਕਿ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ।
ਪ੍ਰਮਿੰਦਰ ਸਿੰਘ ਬਾਲਿਆਂਵਾਲੀ ਨੇ ਸਮੁੱਚੇ ਸਿਖਾਂ ਨੂੰ ਸੱਦਾ ਦਿੱਤਾ ਕਿ
28 ਮਾਰਚ ਨੂੰ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਕਾਰੋਬਾਰ ਅਤੇ ਆਵਾਜਾਈ ਬੰਦ ਰੱਖੀ
ਜਾਵੇ। ਉਨ੍ਹਾਂ ਕਿਹਾ 29 ਮਾਰਚ ਨੂੰ ਪੰਜਾਬ ਦੇ ਤਿੰਨਾ ਤਖਤਾਂ ਤੋਂ ਸਮੁਚੀਆਂ ਸਿੱਖ ਜਥੇਬੰਦੀਆਂ
ਵਲੋਂ ਗੁਰਦੁਆਰਾ ਦੂਖ ਨਿਵਾਰਣ ਪਟਿਆਲਾ ਤੱਕ ਤਿੰਨ ਵਿਸ਼ਾਲ ਮਾਰਚ ਕੀਤੇ ਜਾਣਗੇ, 29 ਮਾਰਚ ਦੀ ਸ਼ਾਮ
ਤੋਂ 31 ਮਾਰਚ ਤੱਕ ਕੇਂਦਰੀ ਜੇਲ੍ਹ ਪਟਿਆਲਾ ਜਿੱਥੇ ਭਾਈ ਰਾਜੋਆਣ ਨਜ਼ਰਬੰਦ ਹਨ, ਅੱਗੇ ਧਰਨਾ ਦਿੱਤਾ
ਜਾਵੇਗਾ।
ਹੋਰਨਾਂ ਤੋਂ ਇਲਾਵਾ ਪੰਚ ਪ੍ਰਧਾਨੀ ਵਰਕਿੰਗ ਕਮੇਟੀ ਮੈਂਬਰ ਭਾਈ ਰੇਸ਼ਮ
ਸਿੰਘ, ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼, ਸ਼੍ਰੋਮਣੀ ਅਕਾਲੀ ਦਲ
ਬਠਿੰਡਾ ਯੂਥ ਦਲ ਦੇ ਜਿਲ੍ਹਾ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ, ਊਜਲ ਸਿੰਘ ਮੰਡੀ ਕਲਾਂ,
ਪ੍ਰਿੰਸੀਪਲ ਰਣਜੀਤ ਸਿੰਘ, ਸੂਬਦਾਰ ਬਲਦੇਵ ਸਿੰਘ, ਹਰਫੂਲ ਸਿੰਘ, ਮਹਿੰਦਰ ਸਿੰਘ ਖ਼ਾਲਸਾ, ਕੜਾਕਾ
ਸਿੰਘ, ਗੁਰਚਰਨ ਸਿੰਘ, ਆਦਿ ਸਨ।