Share on Facebook

Main News Page

ਕੇ. ਪੀ. ਐਸ. ਗਿੱਲ ਵਰਗਿਆਂ ਦੇ ਪ੍ਰਛਾਵੇਂ ਤੋਂ ਪੰਜਾਬ ਨੂੰ ਦੂਰ ਰੱਖੋ...

ਕੀ ਬਾਦਲ ਸਰਕਾਰ ਸਿੱਖ ਜਜ਼ਬਾਤਾਂ ਦੇ ਜਾਗਣ, ਕੌਮੀ ਭਾਵਨਾਵਾਂ ਦੇ ਭੜਕਣ ਨੂੰ ਸਰਕਾਰੀ ਤਸ਼ੱਦਦ ਦੇ ਕੁਹਾੜੇ ਨਾਲ ਕਤਲ ਕਰਨ ਦੇ ਮਨਸੂਬੇ ਬਣਾ ਚੁੱਕੀ ਹੈ? ਇਹ ਸੁਆਲ ਬਾਦਲ ਸਰਕਾਰ ਵੱਲੋਂ ਸਰਕਾਰ ਦੇ ਗਠਨ ਦੇ ਪਹਿਲੇ ਘੰਟੇ ’ਚ ਹੀ ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਬਦਨਾਮ ਰਹੇ ਪੁਲਿਸ ਅਫ਼ਸਰ ਨੂੰ ਪੰਜਾਬ ਪੁਲਿਸ ਦਾ ਮੁਖੀ ਥਾਪਣ ਅਤੇ ਹੁਣ ਉਸ ਮੁਖੀ ਵੱਲੋਂ ਪੰਜਾਬ ’ਚ ਸਰਕਾਰੀ ਤਸ਼ੱਦਦ ਦਾ ਦਮਨ-ਚੱਕਰ ਚਲਾਉਣ ਵਾਲੇ ਸਾਬਕਾ ਪੁਲਿਸ ਮੁਖੀ ਨੂੰ, ਉਸ ਸਮੇਂ, ਜਦੋਂ ਪੰਜਾਬ ’ਚ ਸਿੱਖੀ ਜਜ਼ਬਾਤਾਂ ਦਾ ਹੜ੍ਹ ਵੱਗ ਰਿਹਾ ਹੈ, ਅਤੇ ਉਸ ਹੜ੍ਹ ਦੇ ਸ਼ੂਕਦੇ ਵੇਗ ਨੂੰ ਠੱਲਣ ਲਈ ਪੰਜਾਬ ਪੁਲਿਸ ਇੱਕ ਸਿੱਖ ਨੌਜਵਾਨ ਦੀ ਬਲੀ ਵੀ ਲੈ ਚੁੱਕੀ ਹੈ, ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ’ਚ ਬੁਲਾ ਕੇ, ਉਸਦੀ ਆਓ ਭਗਤ ਕਰਨੀ ਅਤੇ ਵਿਚਾਰ-ਵਟਾਂਦਰਾ ਕਰਨਾ, ਪੰਜਾਬ ਸਰਕਾਰ ਦੀ ਸਿੱਖਾਂ ਪ੍ਰਤੀ ਨੀਅਤ ਅਤੇ ਨੀਤੀ ਤੇ ਸ਼ੰਕੇ ਪੈਦਾ ਕਰਦਾ ਹੈ।

ਅਸੀਂ ਸਮਝਦੇ ਹਾਂ ਕਿ ਸਿੱਖਾਂ ਨੂੰ ਇੱਕ ਪਾਸੇ ਭਾਰਤੀ ਸਰਕਾਰ ਤੇ ਕਾਨੂੰਨ ‘ਇਨਸਾਫ’ ਦੇਣ ਤੋਂ ਅਸਮਰੱਥ ਹਨ ਅਤੇ ਉਲਟਾ ਵਿਤਕਰਾ ਤੇ ਬੇ ਇਨਸਾਫ਼ੀ ਹੋ ਰਹੀ ਹੈ, ਉਥੇ ਪੰਜਾਬ ’ਚ ਉਨ੍ਹਾਂ ਪੁਲਿਸ ਅਫਸਰਾਂ ਨੂੰ ਜਿਹੜੇ ਪੰਜਾਬ ਦੇ ਕਾਲੇ ਦੌਰ ’ਚ ਸਰਕਾਰੀ ਤਸ਼ੱਦਦ ’ਚ ਮੋਹਰੀ ਰਹੇ, ਉਨ੍ਹਾਂ ਨੂੰ ਪੰਜਾਬ ਤੇ ਥੋਪਣਾ ਸਿੱਖਾਂ ਦੇ ਅੱਲ੍ਹੇ ਜਖ਼ਮਾਂ 'ਤੇ ਜਿਹੜੇ ਸਮੇਂ ਦੀਆਂ ਸਰਕਾਰਾਂ ਨੇ ਪਹਿਲਾ ਉਸ ਅਜ਼ਾਦੀ ਤੋਂ ਤੁਰੰਤ ਬਾਅਦ, ਜਿਸ ਅਜ਼ਾਦੀ ਲਈ ਸਿੱਖਾਂ ਨੇ 90% ਕੁਰਬਾਨੀਆਂ ਕੀਤੀਆਂ ਹਨ, ਸਿੱਖਾਂ ਨੂੰ ‘ਜਰਾਇਮ ਪੇਸ਼ਾ ਕੌਮ’ ਕਰਾਰ ਦੇ ਕੇ, ਪੰਜਾਬੀ ਮਾਂ ਬੋਲੀ ਤੇ ਅਧਾਰਿਤ ਸੂਬਾ ਮੰਗਣ ਤੇ ਪਹਿਲਾ ਸਰਕਾਰੀ ਜ਼ਬਰ ਦਾ ਸ਼ਿਕਾਰ ਬਣਾ ਕੇ, ਫਿਰ ਲੰਗੜਾ ਸੂਬਾ ਹੱਥ ਫੜ੍ਹਾ ਕੇ, ਸਿੱਖਾਂ ਨਾਲ ਦੇਸ਼ ’ਚ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕਰਕੇ ਅਤੇ ਬਰਾਬਰੀ ਦਾ ਹੱਕ ਮੰਗਣ ਤੇ ਪੂਰੇ ਪੰਜਾਬ ਨੂੰ ਦੋ ਦਹਾਕੇ ਨੌਜਵਾਨ ਦੇ ਬਲਦੇ ਸਿਵਿਆ ਦਾ ਸੂਬਾ ਬਣਾ ਕੇ, ਸਿੱਖਾਂ ਦੇ ਜਾਨ ਤੋਂ ਪਿਆਰੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ ਅਤੇ ਸਿੱਖਾਂ ਦੀ ਅਜ਼ਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ, ਟੈਂਕਾਂ ਨਾਲ ਢਹਿ-ਢੇਰੀ ਕਰਕੇ ਅਤੇ ਫਿਰ ਦੇਸ਼ ਦੀ ਰਾਜਧਾਨੀ ਸਮੇਤ ਵੱਖ-ਵੱਖ ਸ਼ਹਿਰਾਂ ’ਚ ਸਿੱਖਾਂ ਦਾ ਸ਼ਰੇਆਮ ਭਿਆਨਕ ਕਤਲੇਆਮ ਕਰਕੇ, ਜਿਹੜੇ ਜਖ਼ਮ ਦਿੱਤੇ ਹਨ, ਉਹ ਨਾਸੂਰ ਬਣਕੇ ਕੌਮ ਨੂੰ ਹਰ ਵੇਲੇ ਪੀੜ੍ਹਾਂ ਦਿੰਦੇ ਹਨ, ਉਨ੍ਹਾਂ ਜਖ਼ਮਾਂ ਤੇ ਅਜਿਹੀਆਂ ਕਾਰਵਾਈਆਂ ਲੂਣ ਛਿੜਕਣਾ ਹਨ।

ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਪ੍ਰੰਤੂ ਉਹ ਦੁਨੀਆ 'ਤੇ ਹੁੰਦੇ ਹਰ ਜ਼ੋਰ-ਜਬਰ ਤੇ ਜ਼ੁਲਮ ਦੇ ਖ਼ਾਤਮੇ ਲਈ ਡੱਟਣਾ ਵੀ ਆਪਣਾ ਧਰਮ ਸਮਝਦੀ ਹੈ, ਉਸਦੀ ਇਸ ਭਾਵਨਾ ਨੂੰ ਅਤੇ ਸਿੱਖੀ ਦੇ ਇਸ ਮੁੱਢਲੇ ਸਿਧਾਂਤ ਨੂੰ ਦੁਨੀਆ ਦੀ ਕੋਈ ਵੀ ਸ਼ਕਤੀ ਖ਼ਤਮ ਨਹੀਂ ਕਰ ਸਕਦੀ। ਸਰਕਾਰਾਂ ਨੂੰ ਸਿੱਖਾਂ ’ਚ ਦਹਿਸ਼ਤ ਪੈਦਾ ਕਰਨ ਦੀ ਥਾਂ, ਉਨ੍ਹਾਂ ਨੂੰ ਇਨਸਾਫ਼ ਦੇਣ ਦੇ ਰਾਹ ਤੁਰਣਾ ਚਾਹੀਦਾ ਹੈ। ਸਿੱਖਾਂ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ ਜ਼ਾਲਮ ਆਏ ਤੇ ਤੁਰ ਗਏ, ਪ੍ਰੰਤੂ ਸਿੱਖੀ ਦਾ ਬੂਟਾ, ਸ਼ਹਾਦਤਾਂ ਦੀ ਮਹਿਕ ਬਿਖੇਰਦਾ, ਦਿਨੋ-ਦਿਨ ਵੱਧਦਾ-ਫੁੱਲਦਾ ਰਿਹਾ ਹੈ ਅਤੇ ਰਹੇਗਾ। ਅਸੀਂ ਵਾਰ-ਵਾਰ ਲਿਖਿਆ ਹੈ ਕਿ ਧੱਕੇਸ਼ਾਹੀ ਤੇ ਬੇਇਨਸਾਫ਼ੀ ਨਾਲ, ਕਿਸੇ ਨੂੰ ਅਤੇ ਖ਼ਾਸ ਕਰਕੇ ਸਿੱਖਾਂ ਵਰਗੀ ਬਹਾਦਰ ਤੇ ਅਣਖ਼ੀ ਕੌਮ ਨੂੰ ਦਬਾਇਆ ਨਹੀਂ ਜਾ ਸਕਦਾ। ਇਨਸਾਫ਼ ਤੇ ਬਰਾਬਰਤਾ ਦਾ ਹੱਕ ਦੇ ਕੇ, ਜ਼ਰੂਰ ਉਸਦਾ ਦਿਲ ਜਿੱਤਿਆ ਜਾ ਸਕਦਾ ਹੈ। ਸਿੱਖ ਦੁਸ਼ਮਣ ਤਾਕਤਾਂ ਭਾਵੇਂ ਸਿੱਖੀ ਦੀ ਨਿਆਰੀ ਹੋਂਦ ਨੂੰ ਇਸਦੇ ਜਨਮ ਤੋਂ ਹੀ ਖ਼ਤਮ ਕਰਨ ਦੇ ਮਨਸੂਬਿਆਂ ’ਚ ਲੱਗੀਆਂ ਹੋਈਆਂ ਹਨ, ਸਿਰਫ਼ ਸਮੇਂ-ਸਮੇਂ ਤੇ ਚਿਹਰੇ ਤੇ ਪੈਂਤੜੇ ਹੀ ਬਦਲੇ ਹਨ।

ਅੱਜ ਸਿੱਖੀ ਤੇ ਬਾਹਰਲੇ ਘੱਟ ਤੇ ਅੰਦਰੂਨੀ ਹਮਲੇ ਵਧੇਰੇ ਤੇਜ਼ ਕੀਤੇ ਹੋਏ ਹਨ ਜਿਸ ਕਾਰਣ, ਕੌਮ ਦੀ ਬਾਗਡੋਰ ਤੱਕ ਸਿੱਖੀ ਸੋਚ ਦੇ ਦੁਸ਼ਮਣ ਆਗੂਆਂ ਦੇ ਹੱਥਾਂ ’ਚ ਚਲੀ ਗਈ ਹੈ, ਪ੍ਰੰਤੂ ‘ਪ੍ਰਮਾਤਮ ਕੀ ਮੌਜ’ ਉਪਜੇ ਖਾਲਸੇ ’ਚੋਂ ਪੰਥਕ ਜਜ਼ਬਾ ਅਤੇ ਕੁਰਬਾਨੀ ਦੀ ਭਾਵਨਾ ਖ਼ਤਮ ਨਹੀਂ ਹੋਈ, ਜਿਸਦਾ ਸਬੂਤ ਸਮੁੱਚੀ ਦੁਨੀਆ ਨੇ ਪਛਲੇ 20 ਦਿਨਾਂ ’ਚ ਭਲੀ-ਭਾਂਤ ਦੇਖ ਲਿਆ ਹੈ। ਜੇ ਸਿੱਖ ਦੁਸ਼ਮਣ ਤਾਕਤਾਂ ਸਰਕਾਰੀ ਤਸ਼ੱਦਦ ਦੇ ਕੁਹਾੜੇ ਨੂੰ ਫਿਰ ਤੋਂ ਤੇਜ਼ ਕਰਨ ਦੇ ਮਨਸੂਬੇ ਘੜ੍ਹ ਕੇ, ਸਿੱਖ ਮਨਾਂ ’ਚ ਦਹਿਸ਼ਤ ਪੈਦਾ ਕਰਨ ਦੀ ਸੋਚ ਨਾਲ ਕੋਈ ਖ਼ਤਰਨਾਕ ਸਾਜ਼ਿਸ਼ ਘੜ ਰਹੀਆਂ ਹਨ, ਤਾਂ ਉਨ੍ਹਾਂ ਨੂੰ ਆਪਣੀ ਕਾਲੀ, ਕੋਝੀ ਸਾਜ਼ਿਸ ਤੋਂ ਬਾਜ਼ ਆ ਜਾਣਾ ਚਾਹੀਦਾ ਹੈ। ਪੰਜਾਬ ਦੇ ਅਮਨ-ਚੈਨ ਦਾ ਅੱਜ ਹਰ ਕੋਈ ਮੁਦਈ ਹੈ ਅਤੇ ਜੇ ਸਰਕਾਰ ਨੇ ਇਸ ਅਮਨ-ਚੈਨ ਨੂੰ ਖ਼ੁਦ ਲਾਂਬੂ ਲਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਖ਼ੁਦ ਹਨੇਰੀ ’ਚ ਉਡਦੇ ਕੱਖਾਂ-ਕਾਨਿਆਂ ਵਾਂਗੂੰ ਉੱਡ ਜਾਵੇਗੀ। ਕੇ. ਪੀ. ਐਸ. ਗਿੱਲ ਵਰਗਿਆਂ ਦੇ ਪ੍ਰਛਾਵੇਂ ਤੇ ਮਾਰੂ ਸੋਚ ਤੋਂ ਪੰਜਾਬ ਨੂੰ ਦੂਰ ਰੱਖਣਾ ਹੀ, ਸਰਕਾਰ ਦੇ ਭਲੇ ’ਚ ਹੋਵੇਗਾ। ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਉਹ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਤੋਂ ਗੁਰੇਜ਼ ਕਰੇ, ਕਈ ਵਾਰ ਚੀਸ ਐਨੀ ਭਿਆਨਕ ਹੋ ਜਾਂਦੀ ਹੈ, ਕਿ ਉਸਨੂੰ ਬਰਦਾਸ਼ਤ ਕਰਨਾ ਵੱਸ ਤੋਂ ਬਾਹਰ ਹੋ ਜਾਂਦਾ ਹੈ, ਇਸ ਕੁਦਰਤੀ ਵਰਤਾਰੇ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ।

ਲੇਖਕ - ਜਸਪਾਲ ਸਿੰਘ ਹੇਰਾਂ
ਸੰਪਾਦਕ - ਪਹਿਰੇਦਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top