Share on Facebook

Main News Page

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਅੰਮ੍ਰਿਤ ਛਕੋ, ਸਿੰਘ ਸਜੋ” ਮਾਰਚ ਸ਼ੁਰੂ ਕਰਨ ਦੀ ਲੋੜ: ਗਿਆਨੀ ਜਾਚਕ

ਬਠਿੰਡਾ, 9 ਅਪ੍ਰੈਲ (ਕਿਰਪਾਲ ਸਿੰਘ): ਗਿਆਨੀ ਜਗਤਾਰ ਸਿੰਘ ਜਾਚਕ, ਸਾਬਕਾ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਆਨਰੇਰੀ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਨੇ ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਲਿਖਿਆ ਹੈ ਕਿ ਆਪ ਭਲੀਭਾਂਤ ਜਾਣਦੇ ਹੋ ਕਿ ਕੌਮੀ ਨਾਇਕ ਤੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕੌਮੀ ਅਜ਼ਾਦੀ ਦੀ ਲੜਾਈ ਲੜਦਿਆਂ ਭਾਰਤੀ ਨਿਜ਼ਾਮ ਦੀ ਬੇਇਨਸਾਫ਼ੀ ਵਿਰੁੱਧ ਵਿਖਾਈ ਅਣਖ ਭਰਪੂਰ ਦ੍ਰਿੜਤਾ, ਸ਼ਹੀਦੀ ਚਾਅ ਤੇ ਲਲਕਾਰ ਨੇ ਕੇਵਲ ਪੰਜਾਬ ਵਿੱਚ ਹੀ ਨਹੀਂ, ਸਗੋਂ ਸੰਸਾਰ ਭਰ ਦੇ ਸਿੱਖ ਭਾਈਚਾਰੇ ਅੰਦਰ ਸਿੱਖੀ ਸਿਦਕ ਭਰੋਸੇ ਨੂੰ ਇੱਕ ਨਵਾਂ ਹੁਲਾਰਾ ਦਿੱਤਾ ਹੈ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮੇਂ 1984 ਵਿੱਚ ਜਿਵੇਂ ਸਿੱਖੀ ’ਚ ਉਭਾਰ ਆਇਆ ਸੀ, ਤਿਵੇਂ ਹੀ ਸਿੱਖ ਨੌਜਵਾਨੀ ਅੰਦਰ ਹੁਣ ਸਿੱਖੀ ਜਜ਼ਬਾਤਾਂ ਨੇ ਮੁੜ ਅੰਗੜਾਈ ਲਈ ਹੈ। ਇੱਕ ਨਵੀਂ ਜਾਗਰੂਕਤਾ ਪੈਦਾ ਹੋਈ ਹੈ। ਗਿਆਨੀ ਜਾਚਕ ਜੀ ਨੇ ਲਿਖਿਆ ਹੈ ਕਿ ਭਾਈ ਰਾਜੋਆਣਾ ਵਲੋਂ ਸਿੱਖ ਨੌਜਵਾਨਾਂ ਨੂੰ ਵੈਸਾਖੀ ਮੌਕੇ ਘਰ ਵਾਪਸੀ ਦੀ ਕੀਤੀ ਗਈ ਅਪੀਲ ਨੇ ਹੋਰ ਵੀ ਸੋਨੇ ’ਤੇ ਸੁਹਾਗੇ ਵਾਲਾ ਕੰਮ ਕਰਨਾ ਹੈ ਜਿਸ ਨੂੰ ਹੁਣ ਸੰਭਾਲਣ ਦੀ ਲੋੜ ਹੈ।

ਗਿਆਨੀ ਜਾਚਕ ਜੀ ਨੇ ਲਿਖਿਆ ਹੈ ਕਿ ਇਸ ਮੌਕੇ ਨੂੰ ਸੰਭਾਲਦਿਆਂ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਨੂੰ ਤਿੰਨ ਹਿੱਸਿਆਂ (ਮਾਝਾ, ਮਾਲਵਾ ਤੇ ਦੁਆਬਾ) ਵਿੱਚ ਵੰਡ ਕੇ 12 ਅਪ੍ਰੈਲ ਨੂੰ ਵੱਖ ਵੱਖ ਜ਼ਿਲਿਆਂ ਤੋਂ ਤਿੰਨੇ ਖ਼ਾਲਸਈ ਤਖ਼ਤਾਂ ਵੱਲ “ਅੰਮ੍ਰਿਤ ਛਕੋ, ਸਿੰਘ ਸਜੋ ਮਾਰਚ” ਸ਼ੁਰੂ ਕੀਤੇ ਜਾਣ ਤਾਂ ਜਜ਼ਬਾਤੀ ਹੋਏ ਸਿੱਖ ਨੌਜਵਾਨਾਂ ਨੂੰ ਮੁੜ ਸਿੱਖੀ ਸਰੂਪ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਵਿੱਚ ਸਾਰੀਆਂ ਸਿੱਖ ਸੰਪਰਦਾਵਾਂ, ਸਿੱਖ ਮਿਸ਼ਨਰੀ ਕਾਲਜਾਂ ਤੇ ਹੋਰ ਪੰਥਕ ਜਥੇਬੰਦੀਆਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਇਸ ਤਰੀਕੇ ਸਿੱਖ ਰਹਿਤ ਮਰਯਾਦਾ ਵਿੱਚ ਵੀ ਇੱਕਸੁਰਤਾ ਪੈਦਾ ਹੋਵੇਗੀ।

ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਤੇ ਭਾਈ ਰਾਜੋਆਣਾ ਦੀ ਇੱਛਾ ਨੂੰ ਅਧਾਰ ਬਣਾ ਕੇ ਜੇ ਅਜਿਹਾ ਹੰਭਲਾ ਮਾਰਿਆ ਜਾਵੇ ਤਾਂ ਸਾਨੂੰ ਬਹੁਤ ਲਾਭ ਹੋ ਸਕਦਾ ਹੈ। ਨਸ਼ਿਆ ਵਿੱਚ ਗਰਕ ਰਹੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਗਿਆਨੀ ਜਾਚਕ ਜੀ ਨੇ ਆਸ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬ ਇਸ ਮੌਕੇ ਨੂੰ ਅਵੱਸ਼ ਸੰਭਾਲਣਗੇ ਤੇ ਸ਼੍ਰੋਮਣੀ ਕਮੇਟੀ ਰਾਹੀਂ ਕੋਈ ਅਜਿਹਾ ਉਪਰਾਲਾ ਜਰੂਰ ਕਰਨਗੇ। ਅੰਮ੍ਰਿਤ ਅਭਲਾਖੀਆਂ ਨੂੰ ਕਕਾਰ ਸ਼੍ਰੋਮਣੀ ਕਮੇਟੀ ਵੱਲੋਂ ਮਿਲਣੇ ਚਾਹੀਦੇ ਹਨ ਅਤੇ ਵੈਸਾਖੀ ਦੇ ਦਿਹਾੜੇ ਐਸੇ ਵਡਭਾਗੀ ਸਿੰਘ ਸਿੰਘਣੀਆਂ ਨੂੰ ਤਖ਼ਤ ਸਾਹਿਬਾਨਾਂ ਤੋਂ ਸਨਮਾਨਤ ਵੀ ਕੀਤਾ ਜਾਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top