Share on Facebook

Main News Page

ਇੰਗਲੈਂਡ ਦੀ ਸੰਸਦ ਵਿਚ ਭਾਈ ਰਾਜੋਆਣਾ, ਹਵਾਰਾ ਤੇ ਪ੍ਰੋ. ਭੁੱਲਰ ਦੀਆਂ ਸਜ਼ਾਵਾਂ ਵਿਰੁਧ ਪਟੀਸ਼ਨਾਂ ਦਾਇਰ

ਲੰਡਨ, 9 ਅਪ੍ਰੈਲ (ਸਰਬਜੀਤ ਸਿੰਘ ਬਨੂੜ) : ਹਿੰਦੋਸਤਾਨ ਸਰਕਾਰ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਾਉਣ ਦੇ ਵਿਰੋਧ ਅਤੇ ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਵਿਰੁਧ ਇੰਗਲੈਂਡ ਦੀ ਸੰਸਦ ਵਿਚ ਅਵਾਜ਼ ਬੁਲੰਦ ਕਰਵਾਉਣ ਲਈ ਸਰਕਾਰ ਅਧੀਨ ਦੋ ਆਨਲਾਈਨ ਅਪੀਲਾਂ ਪਾਈਆਂ ਗਈਆਂ ਹਨ। ਇਨ੍ਹਾਂ ਉਤੇ ਦਸਤਖ਼ਤ ਕਰਾਉਣ ਲਈ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਹਿੰਦੋਸਤਾਨ ਸਰਕਾਰ ਵਲੋਂ ਅੱਗੇ ਪਾਉਣ ਕਾਰਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੀ.ਬੀ.ਆਈ. ਵਲੋਂ ਸੁਪਰੀਮ ਕੋਰਟ ਵਿਚ ਫਾਂਸੀ ਲਾਉਣ ਦੀ ਕੀਤੀ ਅਪੀਲ ਤੋਂ ਬਾਅਦ ਸਿੱਖਾਂ ਵਿਚ ਹਿੰਦੋਸਤਾਨ ਵਿਰੁਧ ਕਾਫ਼ੀ ਰੋਸ ਤੇ ਗੁੱਸਾ ਹੈ। ਇੰਗਲੈਂਡ ਵਾਸੀ ਸ. ਸਰਬਜੀਤ ਸਿੰਘ ਵਲੋਂ ਹਿੰਦੋਸਤਾਨ ਵਿਚ ਸਿੱਖਾਂ ਨਾਲ ਹੋ ਰਹੇ ਧੱਕੇ ਅਤੇ ਅਦਾਲਤਾਂ ਵਲੋਂ ਸਿੱਖਾਂ ’ਤੇ ਹੋਏ ਜ਼ੁਲਮਾਂ ਤੇ ਜ਼ਾਲਮਾਂ ਵਿਰੁਧ ਕੋਈ ਕਾਰਵਾਈ ਨਾ ਹੋਣ ਕਾਰਨ ਇੰਗਲੈਂਡ ਦੀ ਸੰਸਦ ਵਿਚ ਸਿੱਖਾਂ ਦੇ ਹੱਕ ’ਚ ਬਹਿਸ ਕਰਵਾਉਣ ਲਈ ਸਰਕਾਰ ਦੇ ‘ਵਿਦੇਸ਼ੀ’ ਅਤੇ ਕਾਮਨਵੈਲਥ ਮਹਿਕਮੇ ਵਿਚ’ਦੋ ਪਟੀਸ਼ਨਾਂ ਪਾਈਆਂ ਗਈਆਂ ਹਨ ਅਤੇ ਇਸ ’ਤੇ ਕਿਸੇ ਵੀ ਧਰਮ ਦਾ ਇੰਗਲੈਂਡ ਦਾ ਪੱਕਾ ਵਸਨੀਕ ਦਸਤਖ਼ਤ ਕਰ ਸਕਦਾ ਹੈ। ਜੇ ਇਨ੍ਹਾਂ ਪਟੀਸ਼ਨ ’ਤੇ ਇਕ ਲੱਖ ਦਸਤਖ਼ਤ ਹੋ ਜਾਣਗੇ ਤਾਂ ਇਹ ਪਟੀਸ਼ਨਾਂ ਇੰਗਲੈਂਡ ਦੀ ਸੰਸਦ ਵਿਚ ਬਹਿਸ ਲਈ ਅੰਦਰ ਜਾ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵਾਲੀ ਪਟੀਸ਼ਨ 19 ਮਾਰਚ ਨੂੰ ਆਨਲਾਈਨ ਹੋਈ ਹੈ। ਇਸ ਉਤੇ ਹੁਣ ਤਕ ਦਸ ਹਜ਼ਾਰ ਤੋਂ ਉਪਰ ਦਸਤਖ਼ਤ ਹੋਏ ਹਨ ਅਤੇ ਭਾਈ ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਰਾਜਸੀ ਕੈਦੀਆਂ ਨੂੰ ਛੁਡਵਾਉਣ ਅਤੇ ਹਿੰਦੋਸਤਾਨ ਸਰਕਾਰ ’ਤੇ ਵਿਦੇਸ਼ਾਂ ਵਿਚ ਬਹਿ ਕੇ ਦਬਾਅ ਪਾਉਣ ਵਾਲੀ ਪਟੀਸ਼ਨ ਜੋ ਹਿੰਦੋਸਤਾਨ ਸਰਕਾਰ ਨੂੰ ਸਿੱਖਾਂ ਨੂੰ ਫਾਂਸੀ ਟੰਗਣ ਤੋਂ ਵਰਜਣ ਵਾਲੀ ਪਟੀਸ਼ਨ 4 ਅਪ੍ਰੈਲ ਨੂੰ ਆਨਲਾਈਨ ਹੋਈ ਹੈ, ’ਤੇ ਹੁਣ ਤਕ 70 ਤੋਂ ਵੱਧ ਦਸਤਖ਼ਤ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਦੋਵੇਂ ਪਟੀਸ਼ਨਾਂ ’ਤੇ ਦਸਤਖ਼ਤ ਕਰਵਾਉਣ ਲਈ ਨੌਜਵਾਨਾਂ ਵਲੋਂ ਵੱਡੀ ਪੱਧਰ ’ਤੇ ਕੰਪਿਊਂਟਰ ਲੈ ਕੇ ਸਥਾਨਕ ਗੁਰਦਵਾਰਿਆਂ ਵਿਚ ਦਸਤਖ਼ਤ ਲਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੇ ਸਮੁੱਚੇ ਇੰਗਲੈਂਡ ਵਿਚੋਂ ਇਕ-ਇਕ ਲੱਖ ਦਸਤਖ਼ਤ ਹੋ ਜਾਂਦੇ ਹਨ ਤਾਂ ਇਹ ਪਟੀਸ਼ਨਾਂ ਬਹਿਸ ਲਈ ਇੰਗਲੈਂਡ ਦੀ ਸੰਸਦ ਵਿਚ ਜਾਣਗੀਆਂ ਅਤੇ ਇਨ੍ਹਾਂ ਪਟੀਸ਼ਨਾਂ ’ਤੇ ਬਹਿਸ ਹੋਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top