Share on Facebook

Main News Page

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਬੀਬੀਆਂ ਤੇ ਪੰਜਾਬ ਪੁਲਿਸ ਵੱਲੋ ਢਾਹੇ ਤਸ਼ੱਦਦ ਨੂੰ ਉਜਾਗਰ ਕੀਤਾ

ਚੰਡੀਗੜ, 22 ਅਪ੍ਰੈਲ (ਗੁਰਪ੍ਰੀਤ ਮਹਿਕ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਪੁਲਿਸ ਵੱਲੋ ਪਿਛਲੇ ਸਮੇਂ ਵਿਚ ਪੰਜਾਬ ਪੁਲਿਸ ਵਲੋਂ ਬੀਬੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਢਾਹੇ ਤਸ਼ੱਦਦ ਦੀਆਂ ਘਟਨਾਵਾਂ ਨੂੰ ਉਜਾਗਰ ਕੀਤਾ ਹੈ।

 

ਜਥੇਬੰਦੀ ਅਨੁਸਾਰ ਸਰਕਾਰੀ ਦਹਿਸ਼ਤ ਦੇ ਨੰਗੇ ਨਾਚ ਦੀ ਇਕ ਕਹਾਣੀ ਜੋ ਸੁਣਦਿਆਂ ਹੀ ਮਨੁੱਖਤਾ ਨੂੰ ਕੰਬਣੀਆਂ ਛੇੜ ਦਿੰਦੀ ਹੈ, ਉਹ ਇਸ ਤਰ੍ਹਾਂ ਹੈ ਕਿ 7 ਅਕਤੂਬਰ 1991 ਦੀ ਸ਼ਾਮ ਨੂੰ ਪਿੰਡ ਕਿੱਲੀ ਬੋਦਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਰਿਵਾਰ ਜਿਸ ਵਿੱਚ 90 ਸਾਲਾ ਇਕਬਾਲ ਕੌਰ, ਉਸ ਦਾ ਪੁੱਤਰ ਅਜੀਤ ਸਿੰਘ ਖੇਤੀਬਾੜੀ ਇੰਸਪੈਕਟਰ ਉਮਰ 50 ਸਾਲ, ਅਜੀਤ ਸਿੰਘ ਦੀ ਪਤਨੀ ਲਖਵਿੰਦਰ ਕੌਰ ਉਮਰ 45 ਸਾਲ, ਨੂੰਹ ਮਨਜੀਤ ਕੌਰ ਉਮਰ 26 ਸਾਲ, ਮਨਜੀਤ ਕੌਰ ਦੇ ਦੋ ਬੱਚੇ ਨਰਿੰਦਰ ਕੌਰ ਉਮਰ 3 ਸਾਲ ਤੇ ਰਵਿੰਦਰ ਪਾਲ ਸਿੰਘ ਉਮਰ ਡੇਢ ਸਾਲ, ਅਜੀਤ ਸਿੰਘ ਦੇ ਭਰਾ ਦਲਬੀਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਉਮਰ 40 ਸਾਲ, ਦਲਬੀਰ ਸਿੰਘ ਦੇ ਲੜਕੇ ਸੁਖਵਿੰਦਰ ਸਿੰਘ ਉਮਰ 21 ਸਾਲ ਅਤੇ ਰਾਜਵਿੰਦਰ ਸਿੰਘ ਉਮਰ 15 ਸਾਲ ਘਰ ਵਿੱਚ ਮੌਜੂਦ ਸਨ। ਇਹਨਾ ਦਾ ਕਸੂਰ ਇਹ ਸੀ ਕਿ ਸ਼ੱਕੀ ਵਿਅਕਤੀਆਂ ਨੇ ਇਹਨਾਂ ਦੇ ਘਰ ਖਾਣਾ ਖਾਧਾ ਸੀ। ਕੁਝ ਘੰਟੇ ਬਾਅਦ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਤੇ ਡੀ.ਐਸ.ਪੀ. ਦੀ ਅਗਵਾਈ ਵਿੱਚ ਪੁਲਿਸ ਫੋਰਸ ਨੇ ਅਭਾਗੇ ਪਰਿਵਾਰ ਦੇ ਘਰ ਨੂੰ ਆ ਘੇਰਾ ਪਾਇਆ। ਸਾਰੇ ਪਰਿਵਾਰ ਨੂੰ ਅਲਫ ਨੰਗਿਆਂ ਕਰਕੇ ਵਿਹੜੇ ਵਿੱਚ ਇੱਕ ਰੁੱਖ ਨਾਲ ਸੰਗਲਾਂ ਨਾਲ ਬੰਨ੍ਹ ਕੇ ਨੂੜ ਦਿੱਤਾ।

ਸੰਸਾਰ ਦੇ ਸਭ ਤੋਂ ਘਿਨਾਉਂਣੇ ਅਣਮਨੁੱਖੀ ਕਾਰੇ ਨੂੰ ਸਿਰੇ ਚਾੜਦਿਆਂ ਪੁਲਿਸ ਵੱਲੋਂ ਰਸੋਈ ਵਿੱਚੋਂ ਕੱਦੂਕੱਸ਼ ਲੈ ਕੇ ਵਹਿਸ਼ੀ ਤਰੀਕੇ ਨਾਲ ਸਾਰੇ ਪਰਿਵਾਰ ਦਾ ਵਾਰੀ-ਵਾਰੀ ਲੱਤਾਂ ਬਾਹਾਂ ਤੋਂ ਮਾਸ ਖੁਰਚਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀਆਂ ਦਿਲ ਵਿੰਨ੍ਹਦੀਆਂ ਚੀਕਾਂ ਅਸਮਾਨ ਨੂੰ ਕੰਬਣੀਆਂ ਛੇੜ ਰਹੀਆਂ ਸਨ। ਦਰਿੰਦਿਆਂ ਨੇ ਔਰਤਾ ਨੂੰ ਵੀ ਨਾ ਬਖਸ਼ਿਆ। ਜ਼ੁਲਮ ਦੀ ਇੱਥੇ ਹੀ ਬਸ ਨਾ ਹੋਈ ਘਰ ਵਿੱਚ ਪਿਆ ਡੀਜ਼ਲ ਪਤੀਲਿਆਂ ਵਿੱਚ ਪਾ ਕੇ ਰਸੋਈ ਅੰਦਰ ਗਰਮ ਕੀਤਾ ਗਿਆ। ਪਿੰਡ ਦੇ ਵਿੱਚ ਪਏ ਲੁੱਕ ਦੇ ਡਰੰਮ ਵਿੱਚੋਂ ਲੁੱਕ ਲਿਆਂਦੀ ਗਈ। ਡੀਜ਼ਲ ਤੇ ਲੁੱਕ ਗਰਮ-ਗਰਮ ਉਹਨਾਂ ਦੇ ਛਿੱਲੇ ਹੋਏ ਸਰੀਰਾਂ ‘ਤੇ ਪਾਈ ਜਾਣ ਲੱਗੀ। ਅਖੀਰ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ। ਇਸ ਗੋਲੀਬਾਰੀ ਸਮੇਂ ਡੇਢ ਸਾਲ ਦਾ ਰਵਿੰਦਰਪਾਲ ਸਿੰਘ ਮਾਸੂਮ ਬੱਚਾ ਆਪਣੀ ਮਾਂ ਮਨਜੀਤ ਕੌਰ ਦੇ ਨਾਲ ਚੱਬੜ ਕੇ ਰੋ ਰਿਹਾ ਸੀ। ਉਸਦੇ ਵੀ ਇਕ ਗੋਲੀ ਮੱਥੇ ਲਾਗਿਉ ਘਿਸਰ ਕੇ ਲੰਘ ਗਈ ਅਤੇ ਉਹ ਵੀ ਜਖਮੀ ਹੋ ਕੇ ਡਿੱਗ ਪਿਆ ਸੀ। ਅਖਰਿ ਡੀ.ਐ¤ਸ.ਪੀ. ਨੇ ਹੁਕਮ ਚਾੜਿਆ ਕਿ ਲਾਸ਼ਾ ਵੈਨ ਵਿੱਚ ਸੁੱਟੀਆਂ ਜਾਣ। ਮਨਜੀਤ ਕੌਰ ਦੀ ਤਿੰਨ ਸਾਲ ਦੀ ਲੜਕੀ ਇਸ ਕਾਰਨ ਬਚ ਗਈ ਸੀ ਕਿ ਇਕ ਹੋਮਗਾਰਡ ਜਵਾਨ ਨੇ ਉਸਨੂੰ ਲੁਕਾ ਲਿਆ ਸੀ ਤੇ ਆਪਣੀ ਪਤਨੀ ਦੇ ਲਿਆ ਹਵਾਲੇ ਕੀਤਾ। ਕੁਝ ਦਿਨਾ ਬਾਅਦ ਇਸ ਬੱਚੀ ਨੂੰ ਪਰਿਵਾਰ ਦੇ ਬਾਕੀ ਮੈਂਬਰ ਜੋ ਬਾਹਰ ਹੋਣ ਕਾਰਨ ਬਚ ਗਏ ਸਨ, ਦੇ ਹਵਾਲੇ ਕਰ ਦਿੱਤਾ। ਇਸ ਵਹਿਸ਼ੀ ਕਾਰੇ ਨੂੰ ਪੁਲਿਸ ਮੁਕਾਬਲੇ ਦਾ ਨਾਮ ਦੇਣ ਲਈ ਸਾਰੇ ਘਰ ਦੀਆਂ ਕੰਧਾਂ ਗੋਲੀਆਂ ਨਾਲ ਛੱਲਣੀ-ਛੱਲਣੀ ਕਰ ਦਿੱਤੀਆਂ ਗਈਆਂ। ਘਰ ਦੀ ਛੱਤ ‘ਤੇ ਗ੍ਰਨੇਡ ਸੁੱਟ ਕੇ ਮਘੋਰੇ ਕੀਤੇ ਗਏ। ਕਹਾਣੀ ਇਹ ਘੜ ਦਿੱਤੀ ਗਈ ਕਿ ਪਰਿਵਾਰ ਦੇ ਮੈਂਬਰ ਕ੍ਰਾਸ-ਫਾਈਰਿੰਗ ਵਿੱਚ ਮਾਰੇ ਗਏ ਹਨ।

ਬੀਬੀ ਸੁਰਿੰਦਰ ਕੌਰ ਜੋ ਤਰਨ ਤਾਰਨ ਵਿੱਚ ਜੰਡਿਆਲਾ ਰੋਡ ਉਪਰ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਸੀ ਉਸਦਾ ਪਤੀ ਸਾਬਕਾ ਫੌਜੀ ਸੀ ਜੋ ਬੈਂਕ ਵਿੱਚ ਨੌਕਰੀ ਕਰਦਾ ਸੀ। ਸੁਰਿੰਦਰ ਕੌਰ ਤੇ ਪੁਲਿਸ ਦਾ ਦੋਸ਼ ਸੀ ਕਿ ਇਸ ਨੇ ਖਾੜਕੂਆਂ ਨੂੰ ਪਨਾਹ ਦਿੱਤੀ ਹੈ। ਬੀਬੀ ਕੁਲਬੀਰ ਕੌਰ ਧਾਮੀ ਦੇ ਸਾਹਮਣੇ ਉਸਨੂੰ ਤਰਨ ਤਾਰਨ ਸੀ.ਆਈ.ਏ. ਸਟਾਫ ਵਿੱਚ ਬੁਰੀ ਤਰ੍ਹਾਂ ਡਾਂਗਾ ਨਾਲ ਕੁੱਟਿਆ ਜਾਂਦਾ ਰਿਹਾ ਘੋਟਣੇ ਲਾਏ ਜਾਂਦੇ ਰਹੇ। ਬੀਬੀ ਸੁਰਿੰਦਰ ਕੌਰ ਨੂੰ ਬੇਪਤ ਕਰਨ ਵਾਲਿਆ ਵਿੱਚ ਐੱਸ.ਪੀ. ਅਪਰੇਸ਼ਨ, ਡੀ.ਐੱਸ.ਪੀ., ਇੰਸਪੈਕਟਰ ਸ਼ਾਮਿਲ ਸਨ। ਬੀਬੀ ਸੁਰਿੰਦਰ ਕੌਰ ਨੂੰ ਸੀ.ਆਈ.ਏ. ਸਟਾਫ ਤਰਨ ਤਾਰਨ ਵਿੱਚ ਰੋਂਦੀ ਕਰਲਾਉਂਦੀ ਨੂੰ ਬੀਬੀ ਕੁਲਬੀਰ ਕੌਰ ਧਾਮੀ ਦੇ ਸਾਹਮਣੇ ਖੜਿਆ ਗਿਆ। ਉਹ ਆਪਣੇ ਪੁੱਤਰ ਦੀ ਸਾਂਭ-ਸੰਭਾਲ ਦਾ ਵਾਸਤਾ ਬੀਬੀ ਧਾਮੀ ਨੂੰ ਪਾ ਰਹੀ ਸੀ। ਬੀਬੀ ਸੁਰਿੰਦਰ ਕੌਰ ਬਾਰੇ ਪੁਲਿਸ ਸਿਪਾਹੀ ਨੇ ਦੱਸਿਆ ਕਿ ਉਸਨੂੰ ਜੀਊਂਦੀ ਨੂੰ ਹਰੀਕੇ ਨਹਿਰ ਵਿੱਚ ਰੋੜ ਦਿੱਤਾ ਗਿਆ ਅਤੇ ਉਹ ਵਿਚਾਰੀ ਵਾਹਿਗੁਰੂ ਦਾ ਜਾਪ ਕਰਦੀ ਭਾਣਾ ਮੰਨ ਰਹੀ ਸੀ। ਬੀਬੀ ਸੁਰਿੰਦਰ ਕੌਰ ਦੀ ਬਾਅਦ ਵਿੱਚ ਕੋਈ ਵੀ ਉ¤ਘ-ਸੁੱਘ ਨਹੀਂ ਨਿਕਲੀ। ਉਸਦੇ ਪਤੀ ਨੂੰ ਵੀ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

ਬੀਬੀ ਕੁਲਬੀਰ ਕੌਰ ਸਪੁੱਤਰੀ ਜਸਬੀਰ ਸਿੰਘ ਵਾਸੀ ਖਾਨਪੁਰ ਜੋ ਭਾਈ ਜੋਗਾ ਸਿੰਘ ਨਾਲ ਵਿਆਹੀ ਸੀ। 1993 ਵਿੱਚ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ। ਅੰਨੇ ਤਸ਼ਦਦ ਤੋਂ ਬਾਅਦ ਦੋਵੇਂ ਪੁਲਿਸ ਵੱਲੋਂ ਕਤਲ ਕਰ ਦਿੱਤੇ ਗਏ। ਬੀਬੀ ਗੁਰਪ੍ਰੀਤ ਕੌਰ ਵਸਨੀਕ ਸਫੀਪੁਰ ਨੂੰ ਭਾਈ ਕੰਵਰ ਸਿੰਘ ਧਾਮੀ ਦੇ ਸਾਹਮਣੇ ਭਿੱਖੀਵਿੰਡ ਪੁਲਿਸ ਨੇ ਥਾਣੇ ਦੀ ਕਾਲ ਕੋਠੜੀ ਵਿੱਚੋਂ ਖੜਿਆ ਜਿਸ ਦਾ ਅੱਜ ਤੱਕ ਕੋਈ ਪਤਾ ਸੁਰ ਨਾ ਲਗਿਆ। 25 ਜਨਵਰੀ 1993 ਨੂੰ ਸ੍ਰ. ਕੁਲਵੰਤ ਸਿੰਘ ਐਡਵੋਕੇਟ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਤੇ 2 ਸਾਲਾ ਬੱਚੀ ਕਰਨਬੀਰ ਕੌਰ ਨਾਲ ਰੋਪੜ ਪੁਲੀਸ ਸਟੇਸ਼ਨ ਵਿਚ ਕਿਸੇ ਪੁਲੀਸ ਵਧੀਕੀ ਦੇ ਸਬੰਧ ਵਿੱਚ ਗਏ। ਉਹਨਾਂ ਨੂੰ ਪਤਨੀ ਤੇ ਬੱਚੇ ਸਮੇਤ ਲਾਪਤਾ ਕਰ ਦਿੱਤਾ ਗਿਆ। 40 ਸਾਲਾ ਬੀਬੀ ਰਣਜੀਤ ਕੌਰ ਇੰਡੀਅਨ ਏਅਰ ਲਾਈਨਜ਼ ਦੇ ਮੁਲਾਜ਼ਮ ਅਮਰ ਸਿੰਘ ਨਾਲ ਵਿਆਹੀ ਹੋਈ ਸੀ ਤੇ ਰੋਪੜ ਜ਼ਿਲ੍ਹੇ ਦੇ ਪਿੰਡ ਘੜੂਆ ਪਤੀ ਡੱਗੋ ਵਿਖੇ ਰਹਿ ਰਹੀ ਸੀ। ਉਨ੍ਹਾਂ ਦੇ ਤਿੰਨ ਬੱਚੇ ਸਨ। ਉਸ ਦਾ ਪਤੀ ਦਿੱਲੀ ਵਿਖੇ ਵਸੰਤ ਵਿਹਾਰ ਵਿਖੇ ਇੰਡੀਅਨ ਏਅਰ ਲਾਈਨਜ਼ ਕਲੋਨੀ ਵਿੱਚ ਰਹਿੰਦਾ ਸੀ। ਉਸਦੇ ਪਤੀ ਨੂੰ 1992 ਵਿੱਚ ਦਿੱਲੀ ਪੁਲਿਸ ਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਤੇ ਬਾਅਦ ਵਿੱਚ ਜ਼ੇਲ੍ਹ ਭੇਜ ਦਿੱਤਾ। 22 ਜੂਨ 1992 ਨੂੰ ਹੁਸ਼ਿਆਰਪੁਰਦੇ ਐਸ.ਐਸ.ਪੀ. ਨੇ ਬੀਬੀ ਰਣਜੀਤ ਕੌਰ ਦੇ ਘਰ ਰੇਡ ਕੀਤਾ ਤੇ ਹਿਰਾਸਤ ਵਿੱਚ ਲੈ ਲਿਆ। ਬੀਬੀ ਰਣਜੀਤ ਕੌਰ ਦੀ ਬੇਟੀ ਨੇ ਬੀਬੀ ਰਣਜੀਤ ਕੌਰ ਦੇ ਨਾਲ ਜਾਣਦੀ ਜਿੱਦ ਕੀਤੀ ਪੁਲਿਸ ਨੇ ਧੱਕਾ ਮਾਰ ਕੇ ਪਰੇ ਸੁੱਟ ਦਿੱਤਾ। ਅਜਤੱਕ ਬੀਬੀ ਰਣਜੀਤ ਕੌਰ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਪਰਿਵਾਰਕ ਮੈਂਬਰਾਂ ਨੇ ਕਾਫੀ ਭੱਜ ਦੋੜ ਕੀਤੀ ਪਰ ਸਭ ਕੋਸ਼ਿਸ਼ਾਂ ਅਸਫਲ ਰਹੀਆਂ। ਬੀਬੀ ਅਮਨਦੀਪ ਕੌਰ ਸਪੁੱਤਰੀ ਜਸਵੰਤ ਸਿੰਘ ਸਾਬਕਾ ਪੁਲਿਸ ਮੁਲਾਜਮ ਵਾਸੀ ਪਿੰਡ ਕੋਠੇ ਪਿਪਲੀ ਜੋ ਕੈਨੇਡਾ ਵਾਸੀ ਜਸਵਿੰਦਰ ਸਿੰਘ ਸਰ੍ਹਾਂ ਨਾਲ 24 ਅਕਤੂਬਰ 1991 ਨੂੰ ਵਿਆਹੀ ਸੀ। ਬੀਬੀ ਅਮਨਦੀਪ ਕੌਰ, ਭਾਈ ਹਰਪਿੰਦਰ ਸਿੰਘ ਗੋਲਡੀ ਖਾੜਕੂ ਦੀ ਭੈਣ ਸੀ। ਉਹ ਬੀਬੀ ਕਮਲਦੀਪ ਕੌਰ ਦੀ ਵੀ ਭੈਣ ਸੀ। ਬੀਬੀ ਕਮਲਦੀਪ ਕੌਰ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹੈ।

ਅਮਨਦੀਪ ਕੌਰ ਦਾ ਪਤੀ ਜਸੋਵਾਲ (ਲੁਧਿਆਣਾ) ਦਾ ਵਸਨੀਕ ਸੀ। ਜਦੋਂ ਪਰਿਵਾਰਕ ਮੈਂਬਰਾਂ ਨਾਲ ਵਿਆਹ ਦੀ ਰਜਿਸਟਰੇਸ਼ਨ ਕਰਾਉਣ ਤੋਂ ਬਾਅਦ ਬਾਹਰ ਨਿਕਲੇ ਤਾਂ ਰਾਮਪੁਰਾ ਫੂਲ ਦੇ ਐਸ.ਐਚ.ਓ. ਨੇ ਅਮਨਦੀਪ ਕੌਰ ਉਸ ਦੇ ਪਤੀ ਤੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਸਟੇਸ਼ਨ ਵਿੱਚ ਐਸ.ਐਸ.ਪੀ., ਐਸ.ਪੀ., ਡੀ.ਐਸ.ਪੀ. ਤੇ ਹੋਰ ਅਧਿਕਾਰੀ ਹਾਜ਼ਰ ਸਨ। ਪੁਲਿਸ ਵੱਲੋਂ ਦੋਹਾਂ ਪਤੀ ਤੇ ਪਿਤਾ ਨੂੰ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ। ਦੋਵਾਂ ਉਪਰ ਬੁਰੀ ਤਰ੍ਹਾਂ ਤਸ਼ਦਦ ਢਾਹਿਆ ਗਿਆ। ਐਸ.ਐਸ.ਪੀ. ਨੇ ਅਮਨਦੀਪ ਕੌਰ ਦੀ ਮਾਤਾ ਤੇ ਛੋਟੀ ਭੈਣ ਨੂੰ ਥਾਣੇ ਲਿਆਉਣ ਤੇ ਘਰ ਨੂੰ ਅੱਗ ਲਾਉਣ ਦਾ ਹੁਕਮ ਚਾੜ ਦਿੱਤੇ। 27 ਅਕਤੂਬਰ 1991 ਨੂੰ ਅਮਨਦੀਪ ਕੌਰ ਦੀ ਮਾਤਾ ਸੁਰਜੀਤ ਕੌਰ ਨੂੰ ਰਾਮਪੁਰਾ ਪੁਲਿਸ ਥਾਣੇ ਲਿਆਂਦਾ ਗਿਆ, ਉਨ੍ਹਾ ਦਾ ਘਰ ਲੁਟਪੁੱਟ ਲਿਆ ਗਿਆ। ਅਮਨਦੀਪ ਕੌਰ ਦੇ ਪਿਤਾ ਨੇ ਡੀ.ਜੀ.ਪੀ. ਨੂੰ ਦਖਲ ਦੇਣ ਦੀ ਬੇਨਤੀ ਕੀਤੀ ਪਰ ਡੀ.ਜੀ.ਪੀ. ਨੇ ਕਿਹਾ ਕਿ ਕਾਹਲੋਂ ਕਿਸੇ ਦੀ ਨਹੀਂ ਸੁਣ ਰਿਹਾ। ਅਮਨਦੀਪ ਕੌਰ, ਉਸ ਦੇ ਮਾਤਾ-ਪਿਤਾ ਤੇ ਤਸ਼ਦਦ ਢਾਹਿਆ ਗਿਆ 12 ਦਿਨ ਸਰਦੂਲਗੜ ਥਾਣੇ ਰਖਿਆ ਗਿਆ। ਅਮਨਦੀਪ ਦੇ ਪਤੀ ਨੂੰ ਇੰਡੀਆਂ ਛੱਡ ਜਾਣ ਦੇ ਪੁਲਿਸ ਵੱਲੋਂ ਹੁਕਮ ਦਿੱਤੇ ਗਏ। ਬਾਅਦ ਵਿੱਚ ਬੋਹਾ ਥਾਣੇ ਸੀ.ਆਈ.ਏ. ਬਠਿੰਡਾ ਵਿਖੇ ਤਸ਼ਦਦ ਢਾਹਿਆ ਗਿਆ। 21 ਦਿਨ ਦੀ ਗੈਰਕਾਨੂੰਨੀ ਹਿਰਾਸਤ ਤੋਂ ਬਾਅਦ ਅਮਨਦੀਪ ਕੌਰ ਤੇ ਉਸਦੀ ਮਾਤਾ ਨੂੰ ਰਿਹਾ ਕੀਤਾ ਗਿਆ। ਪਿਤਾ ਉਪਰ 30 ਨਵੰਬਰ 1991 ਨੂੰ ਝੂਠਾ ਕੇਸ ਦਰਜ਼ ਕਰ ਦਿੱਤਾ ਗਿਆ। 21 ਜਨਵਰੀ 1992 ਤੱਕ ਅਮਨਦੀਪ ਕੌਰ ਨੇ ਲੁੱਕ ਛਿਪ ਕੇ ਗੁਜਾਰਾ ਕੀਤਾ। ਪੁਲਿਸ ਵੱਲੋਂ ਉਸਨੂੰ ਘਰ ਆ ਕੇ ਰਹਿਣ ਲਈ ਕਿਹਾ ਤੇ ਲੁਟੀ ਪੁਟੀ ਜਾਇਦਾਦ ਵਾਪਿਸ ਕਰਨ ਦਾ ਯਕੀਨ ਦਵਾਇਆ ਗਿਆ। ਅਮਨਦੀਪ ਕੌਰ ਘਰ ਵਾਪਸ ਆ ਗਈ। ਉਸੇ ਸ਼ਾਮ 7:30 ਵਜ਼ੇ ਜਦੋਂ ਅਮਨਦੀਪ ਕੌਰ ਦੀ ਮਾਤਾ ਬਾਹਰ ਗਈ ਸੀ ਤਾਂ ਐਸ.ਐਸ.ਪੀ. ਦੇ ਦੋ ਗੰਨਮੈਨਾਂ ਜਿੰਨ੍ਹਾਂ ਮੂੰਹ ਢੱਕੇ ਸਨ ਉਸ ਨੂੰ 21 ਜਨਵਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿੱਚ 25 ਜੂਨ 1992 ਨੂੰ ਹਰਪਿੰਦਰ ਸਿੰਘ ਗੋਲਡੀ ਵੀ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।

ਸਲਵਿੰਦਰ ਕੌਰ ਉਮਰ 13 ਸਾਲ, ਸਰਬਜੀਤ ਕੌਰ ਉਮਰ 14 ਸਾਲ ਬਟਾਲਾ ਦੇ ਪਿੰਡ ਭਾਮ ਦੇ ਚੌਂਕੀ ਇੰਚਾਰਜ ਵੱਲੋਂ 1989 ਵਿੱਚ ਅਗਵਾ ਕਰ ਲਈਆਂ ਗਈਆਂ ਉਨ੍ਹਾਂ ਬੱਚੀਆਂ ਦੀ ਪਤ ਲੁੱਟਣ ਤੋਂ ਬਾਅਦ ਮਾਰ ਦਿੱਤਾ ਗਿਆ। ਹਰਗੋਬਿੰਦਪੁਰ ਦੇ ਪੁਲਿਸ ਥਾਣਾ ਦੇ ਇੰਚਾਰਜ ਵੱਲੋਂ ਇਸ ਸੰਬੰਧੀ ਇੰਨਕਾਰ ਕੀਤਾ ਗਿਆ ਅਗਵਾ ਤੋਂ ਚਾਰ ਦਿਨਾਂ ਬਾਅਦ ਦੋਵਾਂ ਦੀਆਂ ਮਿਰਤਕ ਦੇਹਾਂ ਨਹਿਰ ਦੇ ਕੰਡਿਉਂ ਮਿਲੀਆਂ। ਇੱਕ ਪੁਲਿਸ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਛੇਤੀ ਬਾਅਦ ਜਮਾਨਤ ਤੇ ਰਿਹਾ ਹੋ ਕੇ ਆ ਗਿਆ ਕਿਉਂਕਿ ਪੁਲਿਸ ਨੇ ਸਮੇਂ ਸਿਰ ਚਾਰਜਸ਼ੀਟ ਪੇਸ਼ ਨਾ ਕੀਤੀ।

22 ਅਕਤੂਬਰ 1992 ਐਸ.ਐਸ.ਪੀ. ਦੇ ਹੁਕਮਾਂ ਤੇ ਸ੍ਰ ਜਗਜੀਤ ਸਿੰਘ ਦੇ ਚੰਡੀਗੜ ਘਰ ਵਿੱਚ ਛਾਪਾ ਮਾਰਿਆ ਗਿਆ। ਪੁਲਿਸ ਨੇ ਜਗਜੀਤ ਸਿੰਘ ਦੇ ਘਰ ਨਾਂ ਮਿਲਣ ਕਰਕੇ ਉਸਦੀ ਪਤਨੀ ਰੇਸ਼ਮ ਕੌਰ ਤੇ ਬੱਚੇ ਸਿਮਰਨਜੀਤ ਸਿੰਘ (8 ਮਹੀਨੇ) ਨੂੰ ਹਿਰਾਸਤ ਵਿੱਚ ਲੈ ਲਿਆ। ਬੀਬੀ ਰੇਸ਼ਮ ਕੌਰ ਕੋਲੋਂ ਜਗਜੀਤ ਸਿੰਘ ਬਾਰੇ ਪੁੱਛ ਗਿੱਛ ਕੀਤੀ ਗਈ। ਪਰ ਉਸਨੂੰ ਕੁਝ ਪਤਾ ਨਾਂ ਹੋਣ ਕਰਕੇ ਉਹ ਕੁਝ ਨਾ ਦਸ ਸਕੀ। ਬੱਚੇ ਨੂੰ ਬਰਫ ਤੇ ਲਿਟਾ ਦਿੱਤਾ ਗਿਆ ਬੱਚੇ ਦੀ ਮੌਤ ਹੋ ਗਈ। ਬਾਅਦ ਵਿੱਚ ਰੇਸ਼ਮ ਕੌਰ ਨੂੰ ਮਾਰ ਦਿੱਤਾ ਗਿਆ।

ਜੁਲਾਈ 1991 ਵਿੱਚ ਸੁਮੈਧ ਸੈਣੀ ਐਸ.ਐਸ.ਪੀ. ਉਪਰ ਖਾੜਕੂਆਂ ਦੁਆਰਾ ਹਮਲਾ ਕੀਤਾ ਗਿਆ, ਸੁਮੈਧ ਸੈਣੀ ਨੂੰ ਜਖਮੀ ਹੋਣ ਕਰਕੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੂੰ ਸ਼ੱਕ ਸੀ ਕਿ ਇਹ ਹਮਲਾ ਖਾੜਕੂ ਬਲਵਿੰਦਰ ਸਿੰਘ ਜਟਾਣਾ ਵੱਲੋਂ ਕੀਤਾ ਗਿਆ ਹੈ। ਅਜੀਤ ਸਿੰਘ ਪੂਹਲਾ ਨੇ ਸੈਣੀ ਦੀਆਂ ਹਦਾਇਤਾਂ ਤੇ ਪੁਲਿਸ ਦੀ ਮਦਦ ਨਾਲ 30 ਅਗਸਤ 1991 ਨੂੰ ਭਾਈ ਜਟਾਣਾ ਦੇ ਪਰਿਵਾਰ ਤੇ ਧਾਵਾ ਬੋਲ ਦਿੱਤਾ, ਭਾਈ ਜਟਾਣਾ ਦੀ ਦਾਦੀ ਦਵਾਰਕੀ ਕੌਰ (80) ਚਾਚੀ ਜਸਮੇਰ ਕੌਰ (40), ਭੈਣ ਮਨਪ੍ਰੀਤ ਕੌਰ (13) ਤੇ ਭਤੀਜਾ ਸਿਮਰਨਜੀਤ ਸਿੰਘ (5) ਸੁੱਤੇ ਮਾਰੇ ਗਏ। ਨਾ ਬੱਚੇ ਬਖਸ਼ੇ ਗਏ ਨਾ ਨਿਰਦੋਸ਼ ਬੀਬੀਆਂ ਨੂੰ ਬਖਸ਼ਿਆ ਗਿਆ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਭਾਈ ਧਰਮਬੀਰ ਸਿੰਘ ਕੰਮੋਕੇ ਦੀ ਭਰਜਾਈ ਕਮਲਜੀਤ ਕੌਰ ਨੂੰ 20 ਫਰਵਰੀ 1992 ਨੂੰ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ। ਬੀਬੀ ਕਮਲਜੀਤ ਕੌਰ ਦੇ ਪਤੀ ਸਰਜੀਤ ਸਿੰਘ ਦੀ ਭਾਲ ਵਿੱਚ ਪੁਲਿਸ ਨੇ ਧਾਵਾ ਬੋਲਿਆ, ਸਰਜੀਤ ਸਿੰਘ ਨਾ ਮਿਲਣ ਤੇ ਬੀਬੀ ਕਮਲਜੀਤ ਕੌਰ ਨੂੰ ਸਰਕਾਰੀ ਅੱਤਵਾਦ ਨੇ ਨਿਸ਼ਾਨਾ ਬਣਾ ਧਰਿਆ।

13 ਦਸੰਬਰ 1992 ਨੂੰ ਐਸ.ਐਚ.ਓ. ਸਰਹਾਲੀ ਨੇ ਬਾਬਾ ਹਰਦਿਆਲ ਸਿੰਘ ਦੇ ਡੇਰੇ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪੁਤਰੀ ਬਲਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ। ਸੰਗਤਾਂ ਨੇ ਦੋਵਾਂ ਦੀ ਭਾਲ ਵਿੱਚ ਬੜੀ ਭੱਜ ਦੌੜ ਕੀਤੀ ਪਰ ਖਜਲ ਖੁਆਰੀ ਤੋਂ ਬਿਨ੍ਹਾਂ ਕੁਝ ਪਲੇ ਨਾ ਲਿਆ। ਕੁਝ ਦਿਨ ਬਾਅਦ ਅਖਬਾਰਾਂ ਵਿੱਚ ਖਬਰ ਆਈ ਕਿ ਬਾਬਾ ਹਰਦਿਆਲ ਸਿੰਘ ਫਰਾਰ ਹੋ ਗਏ ਹਨ। ਅੱਜ ਤੱਕ ਵੀ ਦੋਵਾਂ ਦਾ ਕੋਈ ਪਤਾ ਨਹੀਂ ਲੱਗਾ। ਬੀਬੀ ਬਲਬੀਰ ਕੌਰ (60) ਮਾਤਾ ਭਾਈ ਕਾਰਜ ਸਿੰਘ ਥਾਂਦੇ ਦੇ ਘਰ 24 ਫਰਵਰੀ 1987 ਨੂੰ ਅੰਮ੍ਰਿਤਸਰ ਥਾਣਾ ਸਦਰ ਦੀ ਪੁਲਿਸ ਨੇ ਰੇਡ ਕੀਤਾ। ਪੁਲਿਸ ਨੇ ਕਾਰਜ ਸਿੰਘ ਥਾਂਦੇ ਬਾਰੇ ਗਾਲੀ ਗਲੋਚ ਕਰਕੇ ਪੁੱਛਣਾ ਸ਼ੁਰੂ ਕੀਤਾ। ਬੀਬੀ ਬਲਬੀਰ ਕੌਰ ਨੇ ਪੁਲਿਸ ਦੇ ਇਸ ਵਰਤਾਰੇ ਦਾ ਵਿਰੋਧ ਕੀਤਾ। ਪਰਿਵਾਰਕ ਮੈਬਰਾਂ ਸਾਹਮਣੇ ਬੀਬੀ ਬਲਬੀਰ ਕੌਰ ਨੂੰ ਗੋਲੀ ਮਾਰ ਦਿੱਤੀ ਗਈ। ਬਾਅਦ ਵਿੱਚ ਬੀਬੀ ਦਾ ਪਤੀ ਮੱਖਣ ਸਿੰਘ ਵੀ ਚਲਾਣਾ ਕਰ ਗਿਆ। ਜਸਵਿੰਦਰ ਕੌਰ (22), ਤਰਲੋਕ ਸਿੰਘ ਭਰਾ (26) ਨੌਂਕਰ ਕੁਲਵੰਤ ਸਿੰਘ ਕਾਰੀ ਵਾਸੀ ਜੀਰਾ ਵਿੱਚ ਪੈਂਦੇ ਸੋਢੀ ਵਾਲਾ ਤੋਂ ਗ੍ਰਿਫਤਾਰ ਕੀਤੇ ਗਏ। ਡੀ.ਐ¤ਸ.ਪੀ. , ਇੰਸਪੈਕਟਰ ਤੇ ਹੋਰ ਪੁਲਿਸ ਵਾਲਿਆਂ ਦੁਆਰਾ ਤਸ਼ਦਦ ਢਾਹੁਣ ਤੋਂ ਬਾਅਦ ਉਨ੍ਹਾਂ ਨੂੰ ਸੋਢੀ ਵਾਲਾ ਪਿੰਡ ਵਿੱਚ 19 ਮਾਰਚ 1991 ਨੂੰ 3:00 ਵਜ਼ੇ ਫਾਰਮ ਹਾਊਸ ਤੇ ਲਿਆਂਦਾ ਗਿਆ। ਪੁਲਿਸ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਤਾ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰ ਸਨ ਤੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਸੀ।

ਤੇਜ ਕੌਰ ਪੁੱਤਰੀ ਕਾਕੀ, ਵਾਸੀ ਲਹਿਰਾ ਬੇਗਾ, ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ, ਸ੍ਰ ਹਰਨੇਕ ਸਿੰਘ ਦੀ ਪਤਨੀ ਸੀ। ਉਸ ਦੇ ਤਿੰਨ ਬੱਚੇ ਸਨ। ਉਸ ਦਾ ਦੋਸ਼ ਸੀ ਕਿ ਉਸਦਾ ਪੁੱਤਰ ਸਿਕੰਦਰ ਸਿੰਘ ਖਾੜਕੂਆਂ ਦਾ ਸਮਰਥਕ ਸੀ। ਬਲਿਆਂ ਵਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ 9 ਫਰਵਰੀ 1991 ਨੂੰ ਬੀਬੀ ਤੇਜ ਕੌਰ ਨੂੰ ਅਗਵਾ ਕੀਤਾ ਸੀ, ਅੱਜਤੱਕ ਉਸ ਦਾ ਕੋਈ ਥਹੁਪਤਾ ਨਹੀਂ ਲੱਗਾ। ਵਿਚਾਰੀ ਤੇਜ ਕੌਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੀ ਸੀ।

ਸਰਕਾਰੀ ਅੱਤਵਾਦ ਦਾ ਸ਼ਿਕਾਰ 15 ਸਾਲਾ ਹਰਪ੍ਰੀਤ ਕੌਰ ਸੁਲਤਾਨ ਵਿੰਡ ਦੇ ਸਰਕਾਰੀ ਮੁਲਾਜਮ ਸ੍ਰ: ਅਜੀਤ ਸਿੰਘ ਦੀ ਬੇਟੀ ਸੀ। ਸਾਇਕਲ ਤੇ ਜਾ ਰਹੀ ਹਰਪ੍ਰੀਤ ਕੌਰ ਨੂੰ ਨਾਕੇ ਤੇ ਪੁਲਿਸ ਨੇ ਰੋਕ ਲਿਆ ਤੇ ਹਿਰਾਸਤ ਵਿੱਚ ਲੈ ਲਿਆ। ਤਲਾਸ਼ੀ ਲੈਂਦੇ ਸਮੇਂ ਸ਼ਹੀਦ ਨੌਜਵਾਨਾਂ ਦੇ ਭੋਗ ਦੀਆਂ ਅਖਬਾਰਾ ਦੀਆਂ ਕਟਿੰਗਾਂ ਹੀ ਉਸ ਦੀ ਜਾਨ ਦੀ ਦੁਸ਼ਮਣ ਬਣ ਗਈਆਂ। ਬਜੁਰਗ ਮਾਪਿਆਂ ਤੇ ਇਕਲੋਤੀ ਭੈਣ ਨਿਰਮਲਜੀਤ ਕੌਰ ਨੇ ਬੜੀ ਭੱਜਨੱਠ ਕੀਤੀ। ਪਰ ਜਾਲਮਾਂ ਦੇ ਕੋਲੋਂ ਰਾਹਤ ਦੀ ਕਿਵੇਂ ਆਸ ਕੀਤੀ ਜਾ ਸਕਦੀ ਸੀ। ਆਖੀਰ 28 ਜੂਨ 1992 ਅਖਬਾਰੀ ਖਬਰਾਂ ਸਿਰੇ ਦਾ ਝੂਠ ਬੋਲਿਆ ਕਿ ਸੁਲਤਾਨਵਿੰਡ ਪਿੰਡ ਦੀ ਲੜਕੀ ਤਿੰਨਂ ਹੋਰ ਨੌਜਵਾਨਾਂ ਨਾਲ ਮੁਕਾਬਲੇ ਵਿਚ ਮਾਰੀ ਗਈ ਹੈ। ਹਰਪ੍ਰੀਤ ਕੌਰ ਦੀ ਲਾਸ਼ ਦਾ ਅਣਪਛਾਤੀ ਕਹਿ ਕੇ ਦਰਗਿਆਨਾ ਮੰਦਰ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ।

ਸਾਲ 1991 ਵਿੱਚ ਬੀਬੀ ਮਹਿੰਦਰ ਕੌਰ ਪੰਜਵੜ ਮਾਤਾ ਭਾਈ ਪ੍ਰਮਜੀਤ ਸਿੰਘ ਪੰਜਵੜ ਨੂੰ ਝਬਾਲ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਕਈ ਦਿਨ ਤਸ਼ਦਦ ਢਾਹਿਆ ਪਰ ਅੱਜ ਤੱਕ ਕੋਈ ਵੀ ਥਹੁਪਤਾ ਨਹੀਂ ਲੱਗਾ। ਬੀਬੀ ਗੁਰਮੇਜ ਕੌਰ ਮਾਣੋਚਾਹਲ ਨੂੰ ਤਰਨ ਤਾਰਨ ਪੁਲਿਸ ਨੇ ਅੰਮ੍ਰਿਤਸਰ ਤੋਂ ਪੁਲਿਸ ਹਿਰਾਸਤ ਵਿੱਚ ਲਿਆ। ਬੀਬੀ ਗੁਰਮੇਜ ਕੌਰ ਬਾਬਾ ਗੁਰਬਚਨ ਸਿੰਘ ਮਾਣੋਚਾਹਲ ਪੰਥਕ ਕਮੇਟੀ ਮੁਖੀ ਦੇ ਮਾਤਾ ਜੀ ਸਨ,ਬਸ ਇਹੋ ਕਸ਼ੂਰ ਸੀ ਉਹਨਾਂ ਦਾ। ਇਸ ਘਟਨਾ ਦੇ ਦੋਸ਼ੀ ਸਨ ਸਾਬਕਾ ਐਸ.ਐਸ.ਪੀ. ਤਰਨ ਤਾਰਨ, ਐਸ.ਪੀ. ਅਪਰੇਸ਼ਨ, ਡੀ.ਐਸ.ਪੀ.ਡੀ. । ਬੀਬੀ ਗੁਰਮੇਜ ਕੌਰ ਤੇ ਸੀ.ਆਈ.ਏ.ਸਟਾਫ ਵਿਚ ਬੁਰੀ ਤਰਾਂ ਤਸ਼ੱਸਦ ਢਾਇਆ ਗਿਆ। ਬੀਬੀ ਗੁਰਮੇਜ ਕੌਰ ਨੂੰ ਕਟੜਾ ਸ਼ੇਰ ਸਿੰਘ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਦੇ ਘਰੋ 15 ਸਤੰਬਰ 1992 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵਰਣਨ ਯੋਗ ਹੈ ਕਿ ਬੀਬੀ ਗੁਰਮੇਜ ਕੌਰ ਦੇ ਦੋ ਪੁੱਤਰ ਗੁਰਬਚਨ ਸਿੰਘ ਤੇ ਨਿਰਵੈਲ ਸਿੰਘ ਪੁਲਿਸ ਦੁਆਰਾ ਸ਼ਹੀਦ ਕੀਤੇ ਜਾ ਚੁੱਕੇ ਸਨ। ਬੀਬੀ ਗੁਰਮੇਜ ਕੌਰ ਨੂੰ ਆਖਰੀਵਾਰ 16 ਮਾਰਚ1993 ਨੂੰ ਬੀਬੀ ਚਰਨ ਕੌਰ ਤੇ ਬੀਬੀ ਸਵਰਨ ਕੌਰ ਵੱਲੋ ਵੈਰੋਵਾਲ ਪੁਲਿਸ ਥਾਣੇ ਵਿੱਚ ਵੇਖਿਆ ਗਿਆ। ਬੀਬੀ ਗੁਰਮੇਜ ਕੌਰ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਹਰੀਕੇ ਵਿਖੇ ਰੋੜ ਦਿੱਤੀ ਗਈ। ਬੀਬੀ ਗੁਰਮੇਜ ਕੌਰ ਦੇ ਸਪੁੱਤਰ ਤਰਲੋਚਨ ਸਿੰਘ ਉ¤ਪਰ ਵੀ ਬੁਰੀ ਤਰਾਂ ਤਸ਼ੱਸਦ ਢਾਇਆ ਗਿਆ। ਜਾਲਮਾ ਨੇ ਸਿਰੇ ਦੀ ਬੇਸ਼ਰਮੀ ਦਿਖਾਉਦਿਆ ਬਾਬਾ ਗੁਰਬਚਨ ਸਿੰਘ ਮਾਣੋਚਾਹਲ ਦੀ 28 ਫਰਵਰੀ 1993 ਨੂੰ ਸ਼ਹਾਦਤ ਤੋਂ ਬਾਅਦ ਸ਼ਹੀਦ ਕਰ ਦਿੱਤਾ। ਤਰਨ ਤਾਰਨ ਦੇ ਐਸ.ਐਸ.ਪੀ. ਨੇ ਐਲਾਨ ਕੀਤਾ ਸੀ ਕਿ ਖਾੜਕੂਆਂ ਦੇ ਸਾਰੇ ਪਰਿਵਾਰ ਖਤਮ ਕਰਨੇ ਹਨ। ਇਸੇ ਨੀਤੀ ਤਹਿਤ ਆਤਮਾ ਸਿੰਘ ਪਿਤਾ ਗੁਰਬਚਨ ਸਿੰਘ ਮਾਣੋਚਾਹਲ ਅਤੇ ਉਹਨਾਂ ਦੇ ਭਰਾ ਤੇ ਰਿਸ਼ਤੇਦਾਰ ਨਿਰਵੈਲ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਰੂੜ ਸਿੰਘ, ਬਲਵਿੰਦਰ ਸਿੰਘ, ਦਿਆਲ ਸਿੰਘ ਚੋਹਲਾ, ਨਿਰਮਲ ਸਿੰਘ, ਤਰਲੋਕ ਸਿੰਘ ਸਮੇਤ 10 ਜੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਮਾਰਿਆ।

ਬੀਬੀ ਸੁਖਵੰਤ ਕੌਰ ਮਾਤਾ ਬਲਵਿੰਦਰ ਸਿੰਘ ਗੱਗੋਬੂਹਾ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਕੇ.ਪੀ.ਐਸ ਦੇ ਹਿਟਸੂਕਐਡ ਨੇ 17 ਮਈ 1993 ਨੂੰ ਪੂਰਬੀ ਕੱਲਕਤਾ ਵਿੱਚ ਰਣਜੀਤ ਸਿੰਘ ਤੇ ਉਸਦੀ ਪਤਨੀ ਰਾਣੋ ਨੂੰ ਸੁੱਤੇ ਪਿਆਂ ਨੂੰ ਮਾਰ ਕੇ ਬੰਗਾਲ ਦੀ ਸਰਕਾਰ ਨੂੰ ਹੈਰਾਨ ਕਰ ਦਿੱਤਾ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਪਰ ਆਖੀਰ ਤਗੜੇ ਦਾ ਸੱਤੀਂ ਵੀਂਹ ਸੌ ਹੋ ਨਿਬੜਿਆ। 10 ਅਗਸਤ 1992 ਨੂੰ ਬੀਬੀ ਹਰਜਿੰਦਰ ਕੌਰ ਤੇ ਉਸ ਦੇ ਪਤੀ ਮਲਕੀਤ ਸਿੰਘ ਨੂੰ ਮਾਰ ਦਿੱਤਾ। 22 ਮਈ 1992 ਨੂੰ ਰਣਜੀਤ ਕੌਰ ਪਤਨੀ ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਨੇੜੇ ਨਕਲੀ ਮੁਕਾਬਲੇ ਵਿੱਚ ਮਾਰ ਦਿੱਤਾ। ਬੀਬੀ ਹਰਪਾਲ ਕੌਰ ਵਾਸੀ ਧੂਲਕਾ ਨੂੰ ਅਤੇ ਬੀਬੀ ਅਚਿੰਤ ਕੌਰ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਦੇ ਸੰਸਕਾਰ 25.01.1992 ਤੇ 30.09.1992 ਨੂੰ ਦੁਰਗਿਆਨਾ ਮੰਦਰ ਦੀ ਸ਼ਮਸ਼ਾਨਘਾਟ ਵਿੱਚ ਕਰ ਦਿੱਤੇ ਗਏ।

ਗੁਰਮੇਜ ਕੌਰ ਪਤਨੀ ਦਰਬਾਰਾ ਸਿੰਘ ਵਾਸੀ ਲਾਟੀਆਂ, ਭੁਲੱਥ (ਕਪੂਰਥਲਾ) ਨੂੰ ਪਰਿਵਾਰ ਦੇ 6 ਜੀਆਂ ਸਮੇਤ ਇੱਕ ਲਾਈਨ ਵਿੱਚ ਖੜੇ ਕਰਕੇ ਕਪੂਰਥਲਾ ਪੁਲਿਸ ਨੇ 9 ਜੁਲਾਈ 1990 ਨੂੰ ਮਾਰਿਆ। ਗੁਰਮੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਬੁੱਢਾਥੇਹ ਕਪੂਰਥਲਾ ਨੂੰ ਭਿੱਖੀਵਿੰਡ ਪੁਲਿਸ ਨੇ 03.08.1993 ਨੂੰ ਲਾਪਤਾ ਕੀਤਾ।

ਮਨਜੀਤ ਕੌਰ, ਕੁਲਜੀਤ ਕੌਰ ਵਾਸੀ ਫੈਜਲਾਬਾਦ ਗੁਰਦਾਸਪੁਰ ਨੂੰ ਪ੍ਰੀਵਾਰ ਦੇ ਹੋਰਨਾਂ ਜੀਆਂ ਸਮੇਤ ਵੈਰੋਵਾਲ ਪੁਲਿਸ ਨੇ ਦਸੰਬਰ 1986 ਵਿੱਚ ਝੂਠੇ ਮੁਕਾਬਲੇ ਵਿੱਚ ਮਾਰਿਆ। ਬੀਬੀ ਨਰਿੰਦਰ ਕੌਰ ਸੁਪਤਨੀ ਸੀਤਲ ਸਿੰਘ ਮੱਤੇਵਾਲ ਨੂੰ 01 ਜਨਵਰੀ 1993 ਨੂੰ ਤੜਕੇ 4 ਵਜ਼ੇ ਪਿੰਡ ਮੱਤੇਵਾਲ ਤੋਂ ਘਰੋਂ ਪੁਲਿਸ ਨੇ ਚੁੱਕਿਆ ਪਰ ਅੱਜ਼ ਤੱਕ ਕੋਈ ਪਤਾ ਨਹੀਂ ਲੱਗਾ।

ਜਥੇਬੰਦੀ ਅਨੁਸਾਰ ਪੰਜਾਬ ਅੰਦਰ ਅਣਪਛਾਤੀਆਂ ਲਾਸ਼ਾਂ ਦੇ ਸੰਸਕਾਰ ਸਮੇਂ ਕਾਨੂੰਨੀ ਤੌਰ ਤੇ ਉਨ੍ਹਾ ਦੇ ਪੋਸਟਮਾਰਟਮ ਜ਼ਰੂਰੀ ਸਨ ਅਤੇ ਉਨਾਂ ਦੀਆਂ ਨਿਸ਼ਾਨੀਆਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਸੀ ਪਰ ਪੁਲਿਸ ਨੇ ਬੇਅੰਤ ਸਿੰਘ ਮੁੱਖ ਮੰਤਰੀ ਦੇ 1 ਸਾਲ ਰਾਜ ਦੌਰਾਨ 300 ਲਾਸ਼ਾਂ ਦੇ ਸੰਸਕਾਰ ਦੁਰਗਿਆਨਾ ਮੰਦਰ ਦੀ ਸ਼ਮਸ਼ਾਨਘਾਟ ਵਿੱਚ ਕੀਤੇ, 41 ਵਿਅਕਤੀਆਂ ਦੀ ਮੌਤ ਦਾ ਕਾਰਨ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਹੋਏ ਪੋਸਟਮਾਰਟਮ ਸਮੇਂ ਗੋਲੀਆਂ ਦੇ ਜਖਮਾਂ ਜਾਂ ਪੁਲਿਸ ਮੁਕਾਬਲਾ ਦੱਸਿਆ ਗਿਆ। 259 ਲੋਕਾਂ ਦੀ ਮੌਤ ਦਾ ਕੋਈ ਕਾਰਨ ਰਿਕਾਰਡ ਨਹੀਂ ਹੈ। ਜੰਗਲ ਦੇ ਇਸ ਰਾਜ ਵਿੱਚ ਬੀਬੀਆਂ ਉ¤ਪਰ ਜੁਲਮ ਦਾ ਕੁਹਾੜਾ ਸਰਕਾਰੀ ਅੱਤਵਾਦ ਦੀ ਘਿਨਾਉਣੀ ਤਸਵੀਰ ਪੇਸ਼ ਕਰਦਾ ਹੈ। ਸਮੁੱਚੇ ਪੰਜਾਬ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਬੀਬੀਆਂ ਕੋਲੋਂ ਵੀ ਜੀਊਣ ਦਾ ਹੱਕ ਖੋਹਿਆ ਗਿਆ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਮਾਨਵਤਾ ਦੇ ਭਲੇ ਵਿੱਚ ਪੰਜਾਬ ਅੰਦਰ ਨਿਰਦੋਸ਼ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ, ਬੱਚਿਆਂ ਦੇ ਕਤਲੇਆਮ ਦੀ ਪੜਤਾਲ 1978 ਤੋਂ 1995 ਤੱਕ ਕਰਾਉਣ ਦੇ ਹੁਕਮ ਦੇ ਕੇ ਕਾਨੂੰਨ ਦੇ ਰਾਜ ਦੀ ਬਹਾਲੀ ਕੀਤੀ ਜਾਵੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top