Share on Facebook

Main News Page

ਸਾਰੀ ਉਮਰ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਢਾਡੀ ਬਲਵੀਰ ਸਿੰਘ ਬੀਹਲਾ ਇਲਾਜ ਖੁਣੋਂ ਆਖਰੀ ਸਾਹਾਂ ’ਤੇ

"ਰੁਕ ਜੂ ਕਲਮ ਬੀਹਲੇ ਵਾਲਿਆਂ, ਸਦਾ ਹੱਥ ਚਲਦੇ ਨਾ ਰਹਿਣਗੇ।
ਜਿੰਦੜੀ ਨਿਮਾਣੀ ਜੰਮ ਚੰਦਰੇ, ਹੱਡ ਕੜਕਾਕੇ ਕੱਢ ਲੈਣਗੇ।
"

* ਸ਼੍ਰੋਮਣੀ ਕਮੇਟੀ, ਸਿੱਖ ਸੰਤਾਂ ਤੇ ਆਗੂਆਂ ਦੇ ਅਣਦੇਖੀ ਕਾਰਨ ਢਾਡੀ ਦੀ ਧੀ ਸਟੇਜਾਂ ’ਤੇ ਨੱਚ ਕੇ ਕਰਵਾ ਰਹੀ ਹੈ ਇਲਾਜ

ਬਰਨਾਲਾ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਢਾਡੀ ਬਲਵੀਰ ਸਿੰਘ ਬੀਹਲਾ, ਸਾਰੀ ਉਮਰ ਸਿੱਖੀ ਦਾ ਧਰਮ ਪਚਾਰ ਕਰਨ ਤੋਂ ਬਾਅਦ ਅੱਜ ਆਰ੍ਯਥਿਕ ਤੰਗੀ ਕਾਰਨ ਇਲਾਜ ਕਰਵਾੳਣ ਤੋਂ ਅਸਮਰੱਥ ਹੋਇਆ ਮੰਜੇ ’ਤੇ ਪਿਆ ਜਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਹੈ, ਪਰ ਅਰਬਾਂ ਖਰਬਾਂ ਦੇ ਬਜਟ ਵਾਲੀ, ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋਮਣੀ ਕਮੇਟੀ ਕੋਲ ਸਾਇਦ ਇਸ ਗਰੀਬ ਸਿੱਖ ਲਈ ਏਨੇ ਪੈਸ਼ੇ ਵੀ ਨਹੀਂ ਹਨ ਕਿ ਸਾਰੀ ਉਮਰ ਗੁਰਬਾਣੀ ਅਤੇ ਗੁਰਇਤਿਹਾਸ ਦੇ ਲੇਖ ਲਾਉਣ ਵਾਲੇ ਇਸ ਪ੍ਰਸਿੱਧ ਢਾਡੀ ਹੋਏ ਕੈਂਸਰ ਦਾ ਇਲਾਜ ਕਰਵਾਇਆ ਜਾ ਸਕੇ।

‘‘ਰੁਕ ਜੂ ਕਲਮ ਬੀਹਲੇ ਵਾਲਿਆਂ, ਸਦਾ ਹੱਥ ਚਲਦੇ ਨਾ ਰਹਿਣਗੇ। ਜਿੰਦੜੀ ਨਿਮਾਣੀ ਜੰਮ ਚੰਦਰੇ, ਹੱਡ ਕੜਕਾਕੇ ਕੱਢ ਲੈਣਗੇ’’। ਪ੍ਰਸਿੱਧ ਢਾਡੀ ਬਲਵੀਰ ਸਿੰਘ ਬੀਹਲਾ ਦੀ ਇਹ ਸ਼ਾਹਕਾਰ ਰਚਨਾ ਨੂੰ ਹਰੇਕ ਢਾਡੀ ਜਥੇ ਨੇ ਕਦੇ ਨਾ ਕਦੇ ਜਰੂਰ ਗਾਇਆ ਹੋਵੇਗਾ, ਪਰ ਇਸ ਰਚਨਾ ਦੀ ਸਚਾਈ ਮੁਤਾਬਿਕ ਇਹਨਾਂ ਸਤਰਾਂ ਦੇ ਰਚੇਤਾ ਢਾਡੀ ਬਲਵੀਰ ਸਿੰਘ ਬੀਹਲਾ ਦੀ ਕਲਮ ਅੱਜ ਰੁਕ ਗਈ ਹੈ ਅਤੇ ਹੱਥਾਂ ਦੇ ਨਾਲ ਨਾਲ ਉਸਦੀ ਜੁਬਾਨ ਅਤੇ ਕੰਨ ਵੀ ਕੰਮ ਕਰਨੋਂ ਜਵਾਬ ਦੇ ਗਏ ਹਨ।

ਕੈਂਸਰ ਦੀ ਨਾ ਮੁਰਾਦ ਬਿਮਾਰੀ ਦੀ ਮਾਰ ਹੇਠ ਆਇਆ ਢਾਡੀ ਬਲਵੀਰ ਸਿੰਘ ਬੀਹਲਾ ਇਸ ਵੇਲੇ ਸਿਵਲ ਹਸਪਤਾਲ ਬਰਨਾਲਾ ਵਿੱਚ ਪਿਆ ਜਿੰਦਗੀ ਦੇ ਆਖਰੀ ਪਲਾਂ ਨੂੰ ਉਡੀਕ ਰਿਹਾ ਹੈ, ਪਰ ਸਦਕੇ ਜਾਈਏ ਸਿੱਖਾਂ ਦੀ ਸਿਰਮੌਰ ਸੰਸਥਾ ਅਖਵਾਉਂਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਸਨੇ ਸਾਰੀ ਉਪਰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਇਸ ਢਾਡੀ ਦੀ ਸਾਰ ਤੱਕ ਨਹੀਂ ਲਈ। ਇਹ ਵੱਖਰੀ ਗੱਲ ਹੈ ਕਿ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਧਰਮ ਪ੍ਰਚਾਰ ਦੇ ਨਾਂ ਹੇਠ ਲੱਖਾਂ ਰੁਪਏ ਦਾ ਪੈਟਰੋਲ ਹਰ ਮਹੀਨੇ ਫੂਕ ਰਿਹਾ ਹੈ। ਸਿਵਲ ਹਸਪਤਾਲ ਬਰਨਾਲਾ ਦੇ ਇੱਕ ਨੰਬਰ ਵਾਰਡ ਵਿੱਚ ਬੇਸੁਧ ਪਏ ਢਾਡੀ ਬੀਹਲਾ ਦੇ ਸਿਰਹਾਣੇ ਬੈਠੀ ਉਸਦੀ ਪਤਨੀ ਇੰਦਰਜੀਤ ਕੌਰ ਨੇ ‘ਪਹਿਰੇਦਾਰ’ ਨੂੰ ਦੱਸਿਆ ਕਿ ਸਾਰੀ ਉਮਰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਉਸਦਾ ਪਤੀ ਕੁਝ ਸਮਾਂ ਪਹਿਲਾਂ ਕੈਂਸਰ ਦੀ ਨਾ ਮੁਰਾਦ ਬਿਮਾਰੀ ਦਾ ਸਿਕਾਰ ਹੋ ਗਿਆ।

ਉਹਨਾਂ ਦਾ ਪਰਵਾਰ ਬਹੁਤ ਹੀ ਗਰੀਬੀ ਵਿੱਚ ਗੁਜਰ ਬਸਰ ਕਰ ਰਿਹਾ ਹੈ, ਕਿਉਂਕਿ ਉਹਨਾਂ ਦਾ ਇੱਕ ਲੜਕਾ ਗੂੰਗਾ ਅਤੇ ਬਹਿਰਾ ਹੈ। ਇਥੋਂ ਤੱਕ ਕਿ ਉਹਨਾਂ ਦੀ ਇੱਕ ਲੜਕੀ ਕਿਸੇ ਆਰਕੈਸਟਰਾ ਗਰੁੱਪ ਵਿੱਚ ਸਟੇਜਾਂ ’ਤੇ ਨੱਚਕੇ ਆਪਣੇ ਪਿਤਾ ਦਾ ਇਲਾਜ ਕਰਵਾ ਰਹੀ ਹੈ। ਉਹਨਾਂ ਨੇ ਢਾਡੀ ਬਲਵੀਰ ਸਿੰਘ ਦਾ ਇਲਾਜ ਕਰਵਾਉਣ ਲਈ ਸ੍ਰੋਮਣੀ ਕਮੇਟੀ ਕੋਲ ਵੀ ਗੁਹਾਰ ਕੀਤੀ, ਪਰ ਉਹਨਾਂ ਦੀ ਫਰਿਆਦ ਕਿਸੇ ਨੇ ਨਹੀਂ ਸੁਣੀ। ਮੀਡੀਏ ਵਿੱਚ ਢਾਡੀ ਬੀਹਲਾ ਦੀ ਇਸ ਬਿਮਾਰੀ ਬਾਰੇ ਲੱਗੀਆਂ ਕੁਝ ਖਬਰਾਂ ਤੋਂ ਬਾਅਦ ਬਹੁਤ ਸਾਰੇ ਦਾਨੀ ਸੱਜਣਾਂ ਨੇ ਉਹਨਾਂ ਦੀ ਆਰਥਿਕ ਮੱਦਦ ਕੀਤੀ, ਜਿਸ ਕਾਰਨ ਉਹ ਆਪਣੇ ਬਿਮਾਰ ਪਤੀ ਦਾ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ, ਜ¦ਧਰ ਦੇ ਅਮਰ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਉਂਦੇ ਰਹੇ ਹਨ। ਇਸੇ ਦੌਰਾਨ ਸਰਮੋ ਸਰਮੀ ਸ਼ੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਚੈਕ ਦੇਣ ਦੀ ਕੋਸ਼ਿਸ ਵੀ ਕੀਤੀ, ਪਰ ਅਸੀਂ ਚੈਕ ਦੇਣ ਆਏ ਸ੍ਰੋਮਣੀ ਕਮੇਟੀ ਦੇ ਨੁਮਾਇੰਦੇ ਨੂੰ ਕਿਹਾ ਕਿ ‘ਕੀ ਸਾਰੀ ਉਮਰ ਸਿੱਖੀ ਦੇ ਪ੍ਰਚਾਰ ਲਈ ਲਗਾਉਣ ਵਾਲੇ ਦੀ ਕੀਮਤ ਸਿਰਫ ਪੰਜਾਹ ਹਜ਼ਾਰ ਰੁਪਏ ਹੀ ਹਨ, ਜਦਕਿ ਡੀ. ਐਮ. ਸੀ. ਹਸਪਤਾਲ ’ਚ ਇੱਕ ਦਿਨ ਦੇ ਇਲਾਜ ਦਾ ਖਰਚਾ ਵੀ ਪੰਜਾਹ ਹਜਾਰ ਤੋਂ ਵੱਧ ਹੋ ਰਿਹਾ ਹੈ’। ਇੰਦਰਜੀਤ ਕੌਰ ਨੇ ਰੋਸ ਭਰੇ ਮਨ ਨਾਲ ਦੱਸਿਆ ਕਿ ਅਸੀਂ ਸ੍ਰੋਮਣੀ ਕਮੇਟੀ ਵੱਲੋਂ ਭੇਜਿਆ ਪੰਜਾਹ ਹਜ਼ਾਰ ਦਾ ਚੈਕ ਲੈਣ ਤੋਂ ਇਨਕਾਰ ਕਰਦਿਆਂ ਉਹਨਾਂ ਨੂੰ ਵਾਪਸ ਭੇਜ ਦਿੱਤਾ। ਹੁਣ ਪਰਵਾਰ ਕੋਲ ਪੈਸੇ ਨਾ ਹੋਣ ਕਾਰਨ ਉਹ ਬਲਵੀਰ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਆਏ ਹਨ, ਪਰ ਇਥੋਂ ਵੀ ਡਾਕਟਰਾਂ ਇਲਾਜ ਲਈ ਬਲਵੀਰ ਸਿੰਘ ਨੂੰ ਪੀ. ਜੀ. ਆਈ. ਚੰਡੀਗੜ ਰੈਫਰ ਕਰ ਦਿੱਤਾ ਹੈ। ਇੰਦਰਜੀਤ ਕੌਰ ਨੇ ਆਰ੍ਯਥਿਕ ਮੱਦਦ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਹੈ ਕਿ ਹੁਣ ਫੇਰ ਉਹਨਾਂ ਦੀ ਮਾਲੀ ਮੱਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪਤੀ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ ਲਿਜਾ ਸਕੇ।

ਜਿਕਰਯੋਗ ਹੈ ਕਿ ਢਾਡੀ ਬਲਵੀਰ ਸਿੰਘ ਬੀਹਲਾ ਨੇ ਜਿਥੇ ਲੰਮਾਂ ਸਮਾਂ ਸ੍ਰੋਮਣੀ ਕਮੇਟੀ ਦੀ ਨੌਕਰੀ ਕਰਦਿਆਂ ਧਰਮ ਪ੍ਰਚਾਰ ਕੀਤਾ ਹੈ, ਉਥੇ ਢਾਡੀ ਬੀਹਲਾ ਨੇ ਸਿੱਖ ਧਰਮ ਨਾਲ ਸਬੰਧਿਤ 150 ਦੇ ਕਰੀਬ ਪ੍ਰਸੰਗ ਲਿਖੇ ਹਨ ਅਤੇ ਉਸਦੀਆਂ 45 ਕੈਸਿਟਾਂ ਮਾਰਕੀਟ ਵਿੱਚ ਆ ਚੁਕੀਆਂ ਹਨ। ‘‘ਸਿੱਖਾਂ ਦੇ ਸਿਰਾਂ ਦੇ ਮੁੱਲ, ਝੁਲਾ’ਤਾ ਝੰਡਾ ਕੇਸਰੀ, ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ, ਵਿਧੀ ਚੰਦ ਦੇ ਘੋੜੇ, ਪੱਤਾ ਪੱਤਾ ਵੈਰੀ ਸਿੰਘਾਂ ਦਾ, ਮਹਾਰਾਣੀ ਜਿੰਦ ਕੌਰ, ਕਰਤਾਰ ਸਿੰਘ ਸਰਾਭਾ, ਰਵਿਦਾਸ ਭਗਤ, ਪੰਜ ਪਿਆਰੇ, ਸ਼ਹੀਦੀ ਪੰਜਵੇਂ ਪਾਤਸ਼ਾਹ ਦੀ’’ ਬਲਵੀਰ ਸਿੰਘ ਢਾਡੀ ਦੀ ਪਸਿੱਧ ਰਚਨਾਵਾਂ ਹਨ। ਅੱਜ ਢਾਡੀ ਬੀਹਲਾ ਨੂੰ ਰਾਗੀ ਕੁਲਵੰਤ ਸਿੰਘ ਰੌਤਾ ਅਤੇ ਢਾਡੀ ਭੁਪਿੰਦਰ ਸਿੰਘ ਭੋਡੀਪੁਰਾ ਨੇ ਆਪਣੇ ਖੂਨ ਦੀ ਇੱਕ ਇੱਕ ਬੋਤਲ ਦਾਨ ਦਿੱਤੀ ਅਤੇ ਪਿੰਡ ਰੌਤਾ, ਹਾਕਮ ਸਿੰਘ ਵਾਲਾ ਅਤੇ ਗੁਰਮਤਿ ਧਰਮ ਪ੍ਰਚਾਰ ਕਮੇਟੀ ਭੋਡੀਪੁਰਾ ਦੇ ਸਹਿਯੋਗ ਨਾਲ ਇੱਕਤਰ ਕੀਤੇ 7 ਹਜ਼ਾਰ ਰੁਪਏ ਵੀ ਆਰਥਿਕ ਮੱਦਦ ਦੇ ਤੌਰ ’ਤੇ ਦਿੱਤੇ ਹਨ। ਇਹਨਾਂ ਨੇ ਹੋਰ ਢਾਡੀ ਅਤੇ ਰਾਗੀ ਜਥਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਢਾਡੀ ਬਲਵੀਰ ਸਿੰਘ ਬੀਹਲਾ ਦੇ ਇਲਾਜ ਲਈ ਹਰ ਸੰਭਵ ਮੱਦਦ ਕੀਤੀ ਜਾਵੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top